ਹਲਦੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Turmeric ( ਟਰਮਅਰਿਕ ) ਹਲਦੀ : ਇਹ ਬਿਲਕੁਲ ਪੀਲੇ ਰੰਗ ਦੀ ਹੁੰਦੀ ਹੈ ਜੋ ਹਰ ਪ੍ਰਕਾਰ ਦੇ ਖਾਣੇ ਲਈ ਵਰਤੀ ਜਾਂਦੀ ਹੈ । ਇਸ ਦਾ ਸਧਾਰਨ ਸੁਆਦ ਹੁੰਦਾ ਹੈ । ਭਾਰਤ ਵਿੱਚ ਬਹੁਤੀ ਉਗਾਈ ਜਾਂਦੀ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਹਲਦੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਲਦੀ . ਦੇਖੋ , ਹਰਦੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਲਦੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਲਦੀ : ਇਹ ਅਦਰਕ ਦੀ ਤਰ੍ਹਾਂ ਜ਼ਮੀਨ ਵਿਚ ਹੋਣ ਵਾਲੀ ਕੰਦ ਹੈ , ਜਿਸ ਦਾ ਰੰਗ ਪੀਲਾ ਹੁੰਦਾ ਹੈ । ਇਹ ਦਾਲ– ਤਰਕਾਰੀ ਨੂੰ ਪੀਲਾ ਰੰਗ ਦੇਣ ਲਈ ਵਰਤੀ ਜਾਂਦੀ ਹੈ ।

                  ਇਸਦਾ ਬਨਸਪਤੀ– ਵਿਗਿਆਨਕ ਨਾਂ ਕੁਰਕੁਮਾ ਲੌਂਗਾ ਜਾਂ ਡੋਮੈਸਟਿਕਾ ਹੈ । ਇਹ ਲਗਭਗ 0.6 ਤੋਂ 0.9 ਮੀ. ਉੱਚੀ ਬਹੁਵਰਸ਼ੀ ਬੂਟੀ ਹੈ ਜਿਸਦਾ ਤਣਾ ਛੋਟਾ ਹੁੰਦਾ ਹੈ ਅਤੇ ਇਸ ਉੱਤੇ ਗੁੱਛੇਦਾਰ ਪੱਤੇ ਲੱਗੇ ਹੁੰਦੇ ਹਨ । ਇਸ ਦੇ ਰ੍ਹਾਈਜ਼ੋਮ ਛੋਟੇ , ਭਰਵੇਂ ਅਤੇ ਵਪਾਰਕ ਤੌਰ ਤੇ ਬਣਾਈ ਜਾਂਦੀ ਹਲਦੀ ਦੇ ਕੰਮ ਆਉਂਦੇ ਹਨ । ਇਸ ਬੂਟੀ ਦਾ ਜਮਾਂਦਰੂ ਘਰ ਦੱਖਣੀ ਏਸ਼ੀਆ ( ਸ਼ਾਇਦ ਭਾਰਤ ) ਹੈ ਅਤੇ ਸਾਰੀ ਦੁਨੀਆਂ ਦੇ ਗਰਮ ਹਿੱਸਿਆ ਵਿਚ ਉਗਾਈ ਜਾਂਦੀ ਹੈ । ਇਹ ਮਸਾਲੇ ਵਜੋਂ ਭਾਰਤ , ਚੀਨ ਅਤੇ ਈਸਟ ਇੰਡੀਜ਼ ਵਿਚ ਉਗਾਈ ਜਾਂਦੀ ਹੈ । ਭਾਰਤ ਵਿਚ ਇਸ ਦੀ ਕਾਸ਼ਤ ਲਗਭਗ ਸਾਰੇ ਹੀ ਸੂਬਿਆਂ ਵਿਚ ਹੁੰਦੀ ਹੈ ਪਰ ਖ਼ਾਸ ਕਰਕੇ ਮਦਰਾਸ , ਬੰਗਾਲ ਅਤੇ ਬੰਬਈ ਵਿਚ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ।

                  ਬਹੁਤ ਸਮਾਂ ਪਹਿਲਾਂ ਤੋਂ ਹੀ ਹਲਦੀ ਆਯੁਰਵੈਦਿਕ ਅਤੇ ਯੂਨਾਨੀ ਵੈਦਾਂ ਦੁਆਰਾ ਪੇਟ ਦੇ ਨੁਕਸਾਂ ਅਤੇ ਖੂਨ ਸਾਫ਼ ਕਰਨ ਦੇ ਕੰਮ ਲਈ ਵਰਤੀ ਜਾਂਦੀ ਰਹੀ ਹੈ । ਇਹ ਬਲਵਰਧਕ ਵੀ ਹੈ । ਇਹ ਬਿਮਾਰੀਆਂ ਦੇ ਨਿਸ਼ਚਿਤ ਸਮੇਂ ਨੂੰ ਤੋੜਨ ਅਤੇ ਬਦਲ ਦੇ ਤੌਰ ਤੇ ਵੀ ਵਰਤੀ ਜਾਂਦੀ ਹੈ । ਜੇਕਰ ਇਹ ਗਰਮ ਦੁੱਧ ਨਾਲ ਮਿਲਾ ਕੇ ਲਈ ਜਾਵੇ ਤਾਂ ਜ਼ੁਕਾਮ ਨੂੰ ਫਾਇਦਾ ਪਹੁੰਚਾਂਦੀ ਹੈ । ਇਸਦੇ ਰ੍ਹਾਈਜ਼ੋਮ ਤੋਂ ਕੱਢਿਆ ਰਸ ਅਤੇ ਪੌਦਿਆਂ ਤੋਂ ਬਣਾਇਟਾ ਕਾੜ੍ਹਾ ਤੇ ਲੇਟੀ ਕੋੜ੍ਹ , ਸੱਪ ਦੇ ਕੱਟਣ ਅਤੇ ਗਰਭ ਵੇਲੇ ਆਉਂਦੀਆਂ ਉਲਟੀਆਂ ਅਤੇ ਜਿਗਰ ਦੇ ਰੋਗਾਂ ਲਈ ਲਾਹੇਵੰਦ ਸਿੱਧ ਹੁੰਦਾ ਹੈ । ਕੁਝ ਵਿਗਿਆਨੀਆਂ ਨੇ ਇਸ ਦੀ ਵਰਤੋਂ ਦਸਤਾਂ , ਬੁਖ਼ਾਰ ਅਤੇ ਜਲੋਧਰ ਵਿਚ ਕਰਨ ਦੀ ਸਿਫ਼ਾਰਸ਼ ਕੀਤੀ ਹੈ । ਭਾਰਤ ਵਿਚ ਇਸ ਦੀ ਵਰਤੋਂ ਅੱਖਾਂ ਦੇ ਰੋਗਾਂ ਵਿਚ ਵੀ ਕੀਤੀ ਜਾਂਦੀ ਹੈ । ਰ੍ਹਾਈਜ਼ੋਮ ਤੋਂ ਕਾੜਾ ਤਿਆਰ ਕਰਕੇ ਉਸ ਵਿਚ ਇਕ ਸੂਤੀ ਕਪੜਾ ਭਿਉਂ ਕੇ ਉਸ ਦਾ ਸੇਕ ਅੱਖਾਂ ਤੇ ਕੀਤਾ ਜਾਂਦਾ ਹੈ ਤੇ ਅੱਖਾਂ ਵਿਚੋਂ ਨਿਕਲਦਾ ਪਾਣੀ ਸਾਫ਼ ਕੀਤਾ ਜਾਂਦਾ ਹੈ । ਹਿੰਦੂ ਲੋਕ ਕੇਸਰ ਦੀ ਕਾਂ ਹਲਦੀ ਦਾ ਗਾੜ੍ਹਾ ਲੇਪ ਸ਼ੁਭ ਅਵਸਰਾਂ ਤੇ ਕਰਦੇ ਹਨ । ਕੱਚੇ ਕੋਲੇ ਉੱਪਰ ਹਲਦੀ ਧੂੜ ਕੇ ਪੈਦਾ ਹੋਇਆ ਧੂੰਆਂ ਅਠਹੇ ਦੇ ਕੱਟਣ ਨਾਲ ਹੁੰਦੀ ਪੀੜ ਤੋਂ ਰਾਹਤ ਪਹੁੰਚਾਉਂਦਾ ਹੈ ।

                  ਹਲਦੀ ਦਾ ਕੱਚਾ ਪਦਾਰਥ ਕੁਰਕੁਮਿਨ ਫ਼ਾਰਮੂਲਾ ( C 21 H 20 O 6 ) ਹੈ । ਇਸ ਦੀ ਮਾਤਰਾ ਹਲਦੀ ਵਿਚ ਲਗਭਗ 0.3 ਪ੍ਰਤਿਸ਼ਤ ਹੁੰਦੀ ਹੈ ।

                  ਹਲਦੀ ਦਾ ਔਸ਼ਧੀ ਦੇ ਤੌਰ ਤੇ ਅਸਰ – – – ਹਲਦੀ ਦੇ ਅਸਰ ਦਾ ਅਧਿਐਨ , ਬੈਕਟੀਰੀਆ , ਮਿਹਦਾ– ਆਂਦਰ ਅਤੇ ਦਿਲ ਤੇ ਕੀਤਾ ਗਿਆ ਹੈ ।

                  ਬੈਕਟੀਰੀਆ ਤੇ ਅਸਰ – – – ਭਾਫ਼ ਕਿਰਿਆ ਰਾਹੀਂ ਤਿਆਰ ਕੀਤੇ ਹਲਦੀ ਦੇ ਤੇਲ ਦਾ ਅਸਰ ਸਟੈਫ਼ਿਲੋਕਾੱਕਸ ਐਲਬਸ ਅਤੇ ਔਰੀਅਸ ( Staphylococcus albus and aureus ) ਅਤੇ ਬੈਸਿਲਸ ਟਾਈਫ਼ੋਸਸ ( Bacillus typhosus ) ਤੇ ਪਰਖਿਆ ਗਿਆ । 1 : 5000 ਤਕ ਦੇ ਗਾੜ੍ਹੇਪਨ ਵਿਚ ਸਟੈਫ਼ਿਲੋਕਾੱਕਸ ਦਾ ਵਾਧਾ ਰੁੱਕ ਜਾਂਦਾ ਹੈ ਜਦੋਂ ਕਿ ਬੈਸਿਲਸ ਟਾਈਫ਼ੋਸਸ ਦਾ ਵਾਧਾ 1 : 1000 ਤੱਕ ਦੇ ਗਾੜ੍ਹੇਪਨ ਤੇ ਵੀ ਨਹੀਂ ਰੁਕਦਾ । ਇਸ ਦੇ ਖ਼ਾਸ ਤੇਲ ਤੋਂ ਤੇਜ਼ ਸਗੁੰਧੀ ਆਉਂਦੀ ਹੈ ਅਤੇ ਜੇਕਰ ਇਹ ਚਮੜੀ ਤੇ ਲਾਇਆ ਜਾਵੇ ਤਾਂ ਇਸ ਨਾਲ ਖੁਰਕ ਪੈਦਾ ਹੁੰਦਾ ਹੈ । ਜੇਕਰ ਇਸ ਨੂੰ ਬਲਗ਼ਮ ਝਿੱਲੀ ਤੇ ਲਾਇਆ ਜਾਵੇ ਤਾਂ ਇਸ ਨਾਲ ਲਹੂ– ਵਹਿਣੀਆਂ ਤੰਗ ਹੋ ਜਾਂਦੀਆਂ ਹਨ ।

                  ਮਿਹਦਾ– ਆਂਦਰ ਤੇ ਅਸਰ – – – ਜੇਕਰ ਹਲਦੀ ਮੂੰਹ ਰਾਹੀਂ ਲਈ ਜਾਏ ਤਾਂ ਇਸ ਨਾਲ ਸਲਾਈਵਾ ਜ਼ਿਆਦਾ ਆਉਣ ਲੱਗ ਜਾਂਦਾ ਹੈ । ਇਸ ਨਾਲ ਭੁੱਖ ਲਗਦੀ , ਪੇਟ ਠੀਕ ਰਹਿੰਦਾ ਤੇ ਬਲ ਵਧਦਾ ਹੈ । ਜੇਕਰ ਇਯ ਨੂੰ 5 ਤੋਂ 10 ਮਿਨਿਮ ( ਇਕ ਮਿਨਿਮ – – – 1/60 ਡ੍ਰਾਮ ) ਪਾਣੀ ਵਿਚ ਮਿਲਾ ਲਿਆ ਜਾਏ ਤਾਂ ਇਸ ਨਾਲ ਨਿੱਘ ਅਤੇ ਮਿਹਦੇ ਵਿਚ ਆਰਾਮ ਮਹਿਸੂਸ ਹੁੰਦਾ ਹੈ । ਇਸ ਤਰ੍ਹਾਂ ਇਹ ਭੁੱਖ ਵਧਾਉਣ , ਪੇਟ ਦੇ ਨੁਕਸ ਠੀਕ ਕਰਨ ਅਤੇ ਬਲ– ਵਰਧਕ ਦੇ ਤੌਰ ਤੇ ਕੰਮ ਕਰਦੀ ਹੈ । ਪ੍ਰਯੋਗ ਦੁਆਰਾ ਇਹ ਵੀ ਵੇਖਿਆ ਗਿਆ ਹੈ ਕਿ ਇਸ ਨਾਲ ਮਿਹਦੇ ਵਿਚ ਤੇਜ਼ਾਬਾਂ ਦਾ ਰਿਸਾਅ ਘਟ ਜਾਂਦਾ ਹੈ ।

                  ਦਿਲ ਤੇ ਅਸਰ – – – – ਬਿੱਲੀਆਂ ਉੱਤੇ ਪ੍ਰਯੋਗ ਕਰਕੇ ਵੇਖਿਆ ਗਿਆ ਹੈ ਕਿ ਛੋਟੀਆਂ ਖ਼ੁਰਾਕਾਂ ਨਾਲ ਗ੍ਰਾਹਕ ਕੋਸ਼ ( ਆੱਰੀਕਲ ) ਉਤੇਜਿਤ ਅਤੇ ਖੇਪਕ ਕੋਸ਼ ( ਵੈਂਟ੍ਰੀਕਲ ) ਫੈਲਦਾ ਹੈ । ਵੱਧ ਖ਼ੁਰਾਕ ਦੇਣ ਨਾਲ ਗਾਹਕ ਕੋਸ਼ ਅਤੇ ਖੇਪਕ ਕੋਸ਼ ਦੋਹਾਂ ਦਾ ਸੁੰਗੜਾਅ ਘਟਦਾ ਹੈ । ਇਸ ਨਾਲ ਸਾਹ ਕਿਰਿਆ ਵਿਚ ਤੇਜ਼ੀ ਆਉਂਦੀ ਹੈ ।

                  ਇਸ ਤੋਂ ਇਲਾਵਾ ਹਲਦੀ ਸੋਜਸ਼ ਅਤੇ ਪੀੜ ਵਾਲੀਆਂ ਥਾਵਾਂ ਤੇ ਪੁਲਟਸ ਬਣਾਕੇ ਵੀ ਵਰਤੀ ਜਾਂਦੀ ਹੈ । ਇਹ ਸਾਰੇ ਅਸਰ ਇਸ ਵਿਚ ਮੌਜੂਦ ਖ਼ਾਸ ਤੇਲ ਅਤੇ ਉਸ ਦੁਆਰਾ ਪੈਦਾ ਕੀਤੀ ਉਤੇਜਨਾ ਕਾਰਨ ਹੁੰਦੇ ਹਨ ।

                  ਹ. ਪੁ. – – – ਚੋ. ਡ੍ਰ. ਇੰ : 325; ਮ. ਕੋ : 235.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-15, ਹਵਾਲੇ/ਟਿੱਪਣੀਆਂ: no

ਹਲਦੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਲਦੀ : ਇਹ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿਚ ਬਲੀਆ ਜ਼ਿਲ੍ਹ ਦਾ ਇਕ ਕਸਬਾ ਹੈ , ਜੋ ਘਾਗਰਾ ਦਰਿਆ ਦੇ ਸੱਜੇ ਕਿਨਾਰੇ ਉੱਤੇ ਵਾਕਿਆ ਹੈ । ਇਥੇ ਗੋਰਖਪੁਰ ਦੇ ਜੰਗਲਾਂ ਤੋਂ ਆਈ ਇਮਾਰਤੀ ਲਕੜੀ ਕਦਾ ਕਾਫ਼ੀ ਵਪਾਰ ਹੁੰਦਾ ਹੈ ।

                  25° 40’ ਉ. ਵਿਥ. ; 84° 15’ ਪੂ. ਲੰਬ.

                  ਹ. ਪੁ. – – – ਇੰ. ਪੁ. ਗ. ਇੰਡ. 13 : 10.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-15, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.