ਹਵਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਵਾ ( ਨਾਂ , ਇ ) ਪੌਣ; ਵਾਯੂ; ਪੁਲਾੜ ਅੰਦਰ ਮੌਜੂਦ ਪਰ ਅਦਰਿਸ਼ਟ ਪੰਜ ਤੱਤਾਂ ਵਿੱਚੋਂ ਇੱਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3669, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਵਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਵਾ [ ਨਾਂਇ ] ਵਾਯੂ , ਪੌਣ; ਹਊਮੈ , ਹੰਕਾਰ , ਖ਼ੁਦੀ; ਭੂਤ , ਪ੍ਰੇਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3654, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਵਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਵਾ ( ਸੰ. । ਫ਼ਾਰਸੀ ) ੧. ਪੌਣ ।

੨. ਲਾਲਚ , ਤ੍ਰਿਸ਼ਨਾ । ਯਥਾ-‘ ਸਬ ਰੋਜ ਗਸਤਮ ਦਰ ਹਵਾ’ ਰਾਤ ਦਿਨ ਲਾਲਚ ਵਿਚ ਫਿਰਿਆ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹਵਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਵਾ : ਹਵਾ , ਧਰਤੀ ਦੁਆਲੇ ਗੈਸਾਂ ਦਾ ਬਣਿਆ ਇਕ ਗਿਲਾਫ਼ ਹੈ । ਇਹ ਗੈਸਾਂ ਦਾ ਮਿਸ਼ਰਨ ਹੈ ਜਿਸ ਵਿਚ ਵਧੇਰੇ ਮਾਤਰਾ ਨਾਈਟ੍ਰੋਜਨ ਅਤੇ ਆਕਸੀਜਨ ਦੀ ਹੁੰਦੀ ਹੈ । ਅਠਾਰ੍ਹਵੀਂ ਸਦੀ ਦੇ ਅੰਤਮ ਪੜਾਅ ਤੀਕ ਹਵਾ ਸ਼ਬਦ ਦੀ ਵਰਤੋਂ ਕਈ ਸਧਾਰਨ ਗੈਸਾਂ ਲਈ ਕੀਤੀ ਜਾਂਦੀ ਸੀ । ਉਦਾਹਰਨ ਵਜੋਂ ਨਾਈਟ੍ਰੋਜਨ ਨੂੰ ਫ਼ਲੋਜਿਸਟੀਕੇਟਿਡ ਹਵਾ ਆਕਸੀਜਨ ਨੂੰ ਡੀਫ਼ਲੋਜਿਸਟੀਕੇਟਿਡ ਹਵਾ , ਹਾਈਡ੍ਰੋਜਨ ਨੂੰ ਜਲਣਸ਼ੀਲ ਹਵਾ ਅਤੇ ਕਾਰਬਨ ਡਾਈਆਕਸਾਈਡ ਨੂੰ ਯੋਗਿਕੀਕ੍ਰਿਤ ਹਵਾ ਕਿਹਾ ਜਾਂਦਾ ਸੀ । ਅਜ ਕੱਲ੍ਹ ਹਵਾ ਸ਼ਬਦ ਕੇਵਲ ਅਜਿਹੇ ਪਦਾਰਥਾਂ ਦੇ ਮਿਸ਼ਰਨ ਲਈ ਵਰਤਿਆ ਜਾਂਦਾ ਹੈ ਜਿਹੜੇ ਸਾਡੇ ਵਾਯੂਮੰਡਲ ਦੇ ਗੈਸੀ ਅੰਸ਼ ਬਣਾਉਂਦੇ ਹਨ ।

                  ਹਵਾ ਦੀ ਰਚਨਾ ਸਥਿਰ ਨਹੀਂ ਹੈ । ਮੁੱਖ ਪਰਿਵਰਤਨਸ਼ੀਲ ਅੰਸ਼ ਪਾਣੀ ਅਤੇ ਕਾਰਬਨ ਡਾਈਆਕਸਾਈਡ ਹਨ । ਜੇ ਕਈ ਥਾਵਾਂ ਤੋਂ ਹਵਾ ਦੇ ਅਜਿਹੇ ਨਮੂਨੇ ਲਏ ਜਾਣ ਜਿਨ੍ਹਾਂ ਵਿਚੋਂ ਪਾਣੀ ਅਤੇ ਕਾਰਬਨ– ਡਾਈਆਕਸਾਈਡ ਕੱਢੀ ਹੋਵੇ ਤਾਂ ਬਾਕੀ ਦੀ ਰਚਨਾ ਲਗਭਗ ਇਕੋ ਜਿਹੀ ਹੀ ਹੋਵੇਗੀ । ਵਾਯੂਮੰਡਲ ਵਿਚ ਅਜਿਹੀਆਂ ਗੈਸਾਂ , ਜਿਹੜੀਆਂ ਲਗਭਗ ਸਥਿਰ ਅਨੁਪਾਤ ਵਿਚ ਰਹਿੰਦੀਆਂ ਹਨ , ਦੀ ਮਾਤਰਾ ( ਆਇਤਨ ਅਨੁਸਾਰ ਪ੍ਰਤਿਸ਼ਤ ) ਹੇਠ ਲਿਖੇ ਅਨੁਸਾਰ ਹੈ : – – – – –

                  ਨਾਈਟ੍ਰੋਜਨ ( N 2 ) – – 78.084

                      ਆਕਸੀਜਨ ( O 2 ) – – – 20.946

                      ਆਰਗਾੱਨ ( Ar ) – – – 0.934

                      ਨੀਆੱਨ ( Ne ) – – 0.0018

                      ਹੀਲੀਅਤ ( He ) – – – 0.000524

                      ਮੀਥੇਨ ( CH 4 ) – – – 0.0002

                      ਕ੍ਰਿਪਟਾੱਨ ( Kr ) – – 0.000114

                      ਹਾਈਡ੍ਰੋਜਨ ( H 2 ) – – – 0.00005

                      ਨਾਈਟ੍ਰਸ ਆਕਸਾਈਡ ( N 2 O ) – – – 0.00005

                      ਜ਼ੀਨਾੱਨ ( Xe ) – – – 0.0000087

                      ਇਸ ਤੋਂ ਸਪਸ਼ਟ ਹੈ ਕਿ ਵਾਯੂਮੰਡਲ ਵਿਚ ਨਾਈਟ੍ਰੋਜਨ , ਆਕਸੀਜਨ ਅਤੇ ਆਰਗਾੱਨ 99.964% ਹਨ । ਵਾਯੂਮੰਡਲੀ ਹਰਕਤਾ ਅਤੇ ਗੈਸਾਂ ਦੇ ਮਿਸ਼ਰਨ ਨਾਲ ਹਵਾ ਦੀ ਬਣਤਰ ਵਿਚ ਇਕਸਾਰਤਾ ਰਹਿੰਦੀ ਹੈ । ਪ੍ਰੰਤੂ 90 ਕਿ. ਮੀ. ਤੋਂ ਜ਼ਿਆਦਾ ਉਚਾਈ ਤੇ ਮਿਸ਼ਰਨ ਨਾਲੋਂ ਗੈਸਾਂ ਦਾ ਪ੍ਰਸਾਰ ਵਧ ਜਾਂਦਾ ਹੈ ਅਤੇ ਉਚਾਈ ਦੇ ਵਾਧੇ ਨਾਲ ਹਲਕੀਆਂ ਗੈਸਾਂ ਪ੍ਰਮੁੱਖ ਰੂਪ ਧਾਰਨ ਕਰ ਲੈਂਦੀਆਂ ਹਨ ।

                  ਪਰਿਵਰਤਨਸ਼ੀਲ ਗੈਸਾਂ ਵਿਚੋਂ ਪਾਣੀ ਦੇ ਵਾਸ਼ਪ ਓਜ਼ੋਨ , ਕਾਰਬਨ ਡਾਈਆਕਸਾਈਡ , ਸਲਫ਼ਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਪ੍ਰਮੁੱਖ ਹਨ । ਹਵਾ ਵਿਚ ਇਨ੍ਹਾਂ ਦੀ ਮਾਤਰਾ ( ਪ੍ਰਤਿਸ਼ਤ ਆਇਤਨ ਅਨੁਸਾਰ ) ਹੇਠ ਲਿਖੇ ਅਨੁਸਾਰ ਹੈ : – – – –

                  ਪਾਣੀ ਦੇ ਵਾਸ਼ਪ ( H 2 O ) – – 0 ਤੋਂ 7

                  ਕਾਰਬਨ ਡਾਈਆਕਸਾਈਡ ( CO ) – – 0.01 ਤੋਂ 0.1

                  ਓਜ਼ੋਨ ( O 3 ) – – 0 ਤੋਂ 0.01

                  ਸਲਫ਼ਰ ਡਾਇਆਕਸਾਈਡ ( SO 2 ) – – 0 ਤੋਂ 0.0001

                  ਨਾਈਟ੍ਰੋਜਨ ਡਾਈਆਕਸਾਈਡ ( NO2 ) – 0 ਤੋਂ 0.000002

                  ਭਾਵੇਂ ਇਹ ਪਦਾਰਥ ਹਵਾ ਵਿਚ ਬਹੁਤ ਥੋੜ੍ਹੀ ਮਾਤਰਾ ਵਿਚ ਹੁੰਦੇ ਹਨ ਫਿਰ ਵੀ ਧਰਤੀ ਉੱਤੇ ਜੀਵਨ ਲਈ ਬਹੁਤ ਜ਼ਰੂਰੀ ਹਨ । ਪਾਣੀ ਦੇ ਵਾਸ਼ਪ ਸਭ ਕਿਸਮ ਦੇ ਤਲਛੱਟਾਂ ਲਈ ਸ੍ਰੋਤ ਹਨ ਅਤੇ ਇਸ ਤੋਂ ਇਲਾਵਾ ਇਨਫ਼੍ਰਾਰੈੱਡ ਵਿਕੀਰਨ ਲਈ ਮਹੱਤਵਪੂਰਨ ਸੋਖਕ ਅਤੇ ਉਤਸਰਜਕ ਦਾ ਕੰਮ ਵੀ ਕਰਦੇ ਹਨ । ਇਸੇ ਤਰ੍ਹਾਂ ਕਾਰਬਨ ਡਾਈਆਕਸਾਈਡ ਗੈਸ ਦੀ ਪ੍ਰਕਾਸ਼ ਸੰਸ਼ਲੇਸ਼ਣ ਤੋਂ ਇਲਾਵਾ ਇਨਫ਼੍ਰਾਰੈੱਡ ਵਿਕੀਰਨ ਲਈ ਪ੍ਰਸਿੱਧ ਸੋਖਕ ਅਤੇ ਉਤਸਰਜਕ ਦਾ ਕੰਮ ਕਰਦੀ ਹੈ । ਓਜ਼ੋਨ , ਜਿਹੜੀ ਕਿ ਧਰਤੀ ਦੀ ਸਤ੍ਹਾ ਤੋਂ ਉੱਪਰ ਕੋਈ 10 ਤੋਂ 50 ਕਿ. ਮੀ. ਦੇ ਖੇਤਰ ਤਕ ਹੁੰਦੀ ਹੈ , ਸੂਰਜ ਤੋਂ ਆਉਣ ਵਾਲੇ ਪਾਰਵੈਂਗਣੀ ( ਅਲਟ੍ਰਾ– ਵਾਇਲਿਟ ) ਵਿਕੀਰਨ ਨੂੰ ਸੋਖਦੀ ਹੈ ਅਤੇ ਧਰਤੀ ਨੂੰ ਅਜਿਹੀਆਂ ਸਭ ਕਿਸਮ ਦੀਆਂ ਵਿਕੀਰਨਾਂ ਜਿਨ੍ਹਾਂ ਦੀ ਤਰੰਗ– ਲੰਬਾਈ 3.000 ਐਂਗਸਟ੍ਰਮ ਤੋਂ ਘੱਟ ਹੁੰਦੀ ਹੈ , ਤੋਂ ਬਚਾਉਂਦੀ ਹੈ ।

                  ਫ਼ਾੱਸਿਲ ਬਾਲਣਾਂ ਜਿਵੇਂ ਕੋਲਾ ਅਤੇ ਤੇਲ ਦੇ ਵਧੇਰੇ ਜਲਣ ਕਾਰਨ 20ਵੀਂ ਸਦੀ ਦੇ ਪਹਿਲੇ ਅੱਧ ਤਕ ਹਵਾ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ 12% ਵਧ ਗਈ ਸੀ । ਇਸ ਦੇ ਸਿੱਟੇ ਵਜੋਂ ਉਸ ਸਮੇਂ ਦੌਰਾਨ ਧਰਤੀ ਦੇ ਔਸਤਨ ਤਾਪਮਾਨ ਵਿਚ 1.1° ਸੈਂ. ਦਾ ਵਾਧਾ ਹੋ ਗਿਆ ਸੀ । ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਸਾਰੇ ਫ਼ਾੱਸਿਲ ਬਾਲਣ ਲਗਭਗ 1000 ਸਾਲ ਵਿਚ ਖ਼ਪਤ ਹੋ ਜਾਣਗੇ । ਅਨੁਮਾਨ ਹੈ ਕਿ ਇਸ ਨਾਲ ਧਰਤੀ ਦਾ ਤਾਪਮਾਨ 7° ਤੋਂ 14° ਸੈਂ. ਤਕ ਵਧ ਜਾਵੇਗਾ ਅਤੇ ਸਿੱਟੇ ਵਜੋਂ ਇਸ ਸਮੇਂ ਦੇ ਅੰਤ ਤਕ ਧਰਤੀ ਦਾ ਜਲਵਾਯੂ ਤਪਤਖੰਡੀ ਅਤੇ ਅਰਧ– ਤਪਤਖੰਡੀ ਹੋ ਜਾਵੇਗਾ ।

                  ਹਵਾ ਦੀ ਘਣਤਾ ਵਿਚ ਕਾਫ਼ੀ ਤਬਦੀਲੀ ਆ ਸਕਦੀ ਹੈ । ਇਹ ਵਾਯੂਮੰਡਲੀ ਦਬਾਉ ਦੇ ਘਟਣ ਨਾਲ , ਤਾਪਮਾਨ ਦੇ ਵਧਣ ਨਾਲ ਅਤੇ ਨਮੀ ਵਧਣ ਨਾਲ ਘੱਟ ਜਾਂਦੀ ਹੈ । ਘੱਟ ਘਣਤਾ ਵਾਲੀ ਹਵਾ ਵਿਚ ਜਹਾਜ਼ਾਂ ਦੇ ਉੱਪਰ ਉੱਡਣ ਦੀ ਸਮਰਥਾ ਘੱਟ ਜਾਂਦੀ ਹੈ , ਇਸ ਲਈ ਜਹਾਜ਼ ਵਿਚ ਵੱਧ ਤੋਂ ਵੱਧ ਭਾਰ ਚੁੱਕਣ ਸਮੇਂ ਘਣਤਾ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ।

                  . ਪੁ. – – – – ਐਨ. ਬ੍ਰਿ. 1 : 418; ਐਨ. ਬ੍ਰਿ. ਮਾ. 1 : 162 .


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-15, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.