ਹਵਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਵਾ (ਨਾਂ,ਇ) ਪੌਣ; ਵਾਯੂ; ਪੁਲਾੜ ਅੰਦਰ ਮੌਜੂਦ ਪਰ ਅਦਰਿਸ਼ਟ ਪੰਜ ਤੱਤਾਂ ਵਿੱਚੋਂ ਇੱਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10864, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹਵਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਵਾ [ਨਾਂਇ] ਵਾਯੂ, ਪੌਣ; ਹਊਮੈ, ਹੰਕਾਰ , ਖ਼ੁਦੀ; ਭੂਤ , ਪ੍ਰੇਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10852, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਵਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਵਾ ਅ਼ ਸੰਗ੍ਯਾ—ਪਵਨ. ਵਾਯੁ। ੨ ਇੱਛਾ । ੩ ਹਿਰਸ. ਤ੍ਰਿਨਾ। ੪ ਅ਼ ਹ਼ੱਵਾ. Eve. ਦੇਖੋ, ਆਦਮ ੨.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10659, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਵਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਹਵਾ (ਸੰ.। ਫ਼ਾਰਸੀ) ੧. ਪੌਣ।
੨. ਲਾਲਚ , ਤ੍ਰਿਸ਼ਨਾ। ਯਥਾ-‘ਸਬ ਰੋਜ ਗਸਤਮ ਦਰ ਹਵਾ’ ਰਾਤ ਦਿਨ ਲਾਲਚ ਵਿਚ ਫਿਰਿਆ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਹਵਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਹਵਾ : ਹਵਾ, ਧਰਤੀ ਦੁਆਲੇ ਗੈਸਾਂ ਦਾ ਬਣਿਆ ਇਕ ਗਿਲਾਫ਼ ਹੈ। ਇਹ ਗੈਸਾਂ ਦਾ ਮਿਸ਼ਰਨ ਹੈ ਜਿਸ ਵਿਚ ਵਧੇਰੇ ਮਾਤਰਾ ਨਾਈਟ੍ਰੋਜਨ ਅਤੇ ਆਕਸੀਜਨ ਦੀ ਹੁੰਦੀ ਹੈ। ਅਠਾਰ੍ਹਵੀਂ ਸਦੀ ਦੇ ਅੰਤਮ ਪੜਾਅ ਤੀਕ ਹਵਾ ਸ਼ਬਦ ਦੀ ਵਰਤੋਂ ਕਈ ਸਧਾਰਨ ਗੈਸਾਂ ਲਈ ਕੀਤੀ ਜਾਂਦੀ ਸੀ। ਉਦਾਹਰਨ ਵਜੋਂ ਨਾਈਟ੍ਰੋਜਨ ਨੂੰ ਫ਼ਲੋਜਿਸਟੀਕੇਟਿਡ ਹਵਾ ਆਕਸੀਜਨ ਨੂੰ ਡੀਫ਼ਲੋਜਿਸਟੀਕੇਟਿਡ ਹਵਾ, ਹਾਈਡ੍ਰੋਜਨ ਨੂੰ ਜਲਣਸ਼ੀਲ ਹਵਾ ਅਤੇ ਕਾਰਬਨ ਡਾਈਆਕਸਾਈਡ ਨੂੰ ਯੋਗਿਕੀਕ੍ਰਿਤ ਹਵਾ ਕਿਹਾ ਜਾਂਦਾ ਸੀ। ਅਜ ਕੱਲ੍ਹ ਹਵਾ ਸ਼ਬਦ ਕੇਵਲ ਅਜਿਹੇ ਪਦਾਰਥਾਂ ਦੇ ਮਿਸ਼ਰਨ ਲਈ ਵਰਤਿਆ ਜਾਂਦਾ ਹੈ ਜਿਹੜੇ ਸਾਡੇ ਵਾਯੂਮੰਡਲ ਦੇ ਗੈਸੀ ਅੰਸ਼ ਬਣਾਉਂਦੇ ਹਨ।
ਹਵਾ ਦੀ ਰਚਨਾ ਸਥਿਰ ਨਹੀਂ ਹੈ। ਮੁੱਖ ਪਰਿਵਰਤਨਸ਼ੀਲ ਅੰਸ਼ ਪਾਣੀ ਅਤੇ ਕਾਰਬਨ ਡਾਈਆਕਸਾਈਡ ਹਨ। ਜੇ ਕਈ ਥਾਵਾਂ ਤੋਂ ਹਵਾ ਦੇ ਅਜਿਹੇ ਨਮੂਨੇ ਲਏ ਜਾਣ ਜਿਨ੍ਹਾਂ ਵਿਚੋਂ ਪਾਣੀ ਅਤੇ ਕਾਰਬਨ–ਡਾਈਆਕਸਾਈਡ ਕੱਢੀ ਹੋਵੇ ਤਾਂ ਬਾਕੀ ਦੀ ਰਚਨਾ ਲਗਭਗ ਇਕੋ ਜਿਹੀ ਹੀ ਹੋਵੇਗੀ। ਵਾਯੂਮੰਡਲ ਵਿਚ ਅਜਿਹੀਆਂ ਗੈਸਾਂ, ਜਿਹੜੀਆਂ ਲਗਭਗ ਸਥਿਰ ਅਨੁਪਾਤ ਵਿਚ ਰਹਿੰਦੀਆਂ ਹਨ, ਦੀ ਮਾਤਰਾ (ਆਇਤਨ ਅਨੁਸਾਰ ਪ੍ਰਤਿਸ਼ਤ) ਹੇਠ ਲਿਖੇ ਅਨੁਸਾਰ ਹੈ:–––––
ਨਾਈਟ੍ਰੋਜਨ (N2 ) ––78.084
ਆਕਸੀਜਨ (O2) –––20.946
ਆਰਗਾੱਨ (Ar)––– 0.934
ਨੀਆੱਨ (Ne) ––0.0018
ਹੀਲੀਅਤ (He) –––0.000524
ਮੀਥੇਨ (CH4 )–––0.0002
ਕ੍ਰਿਪਟਾੱਨ (Kr)––0.000114
ਹਾਈਡ੍ਰੋਜਨ (H2)–––0.00005
ਨਾਈਟ੍ਰਸ ਆਕਸਾਈਡ (N2O )–––0.00005
ਜ਼ੀਨਾੱਨ (Xe) –––0.0000087
ਇਸ ਤੋਂ ਸਪਸ਼ਟ ਹੈ ਕਿ ਵਾਯੂਮੰਡਲ ਵਿਚ ਨਾਈਟ੍ਰੋਜਨ, ਆਕਸੀਜਨ ਅਤੇ ਆਰਗਾੱਨ 99.964% ਹਨ। ਵਾਯੂਮੰਡਲੀ ਹਰਕਤਾ ਅਤੇ ਗੈਸਾਂ ਦੇ ਮਿਸ਼ਰਨ ਨਾਲ ਹਵਾ ਦੀ ਬਣਤਰ ਵਿਚ ਇਕਸਾਰਤਾ ਰਹਿੰਦੀ ਹੈ। ਪ੍ਰੰਤੂ 90 ਕਿ. ਮੀ. ਤੋਂ ਜ਼ਿਆਦਾ ਉਚਾਈ ਤੇ ਮਿਸ਼ਰਨ ਨਾਲੋਂ ਗੈਸਾਂ ਦਾ ਪ੍ਰਸਾਰ ਵਧ ਜਾਂਦਾ ਹੈ ਅਤੇ ਉਚਾਈ ਦੇ ਵਾਧੇ ਨਾਲ ਹਲਕੀਆਂ ਗੈਸਾਂ ਪ੍ਰਮੁੱਖ ਰੂਪ ਧਾਰਨ ਕਰ ਲੈਂਦੀਆਂ ਹਨ।
ਪਰਿਵਰਤਨਸ਼ੀਲ ਗੈਸਾਂ ਵਿਚੋਂ ਪਾਣੀ ਦੇ ਵਾਸ਼ਪ ਓਜ਼ੋਨ, ਕਾਰਬਨ ਡਾਈਆਕਸਾਈਡ, ਸਲਫ਼ਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਪ੍ਰਮੁੱਖ ਹਨ। ਹਵਾ ਵਿਚ ਇਨ੍ਹਾਂ ਦੀ ਮਾਤਰਾ (ਪ੍ਰਤਿਸ਼ਤ ਆਇਤਨ ਅਨੁਸਾਰ) ਹੇਠ ਲਿਖੇ ਅਨੁਸਾਰ ਹੈ :––––
ਪਾਣੀ ਦੇ ਵਾਸ਼ਪ (H2O)–– 0 ਤੋਂ 7
ਕਾਰਬਨ ਡਾਈਆਕਸਾਈਡ (CO2 ) ––0.01 ਤੋਂ 0.1
ਓਜ਼ੋਨ (O3) –– 0 ਤੋਂ 0.01
ਸਲਫ਼ਰ ਡਾਇਆਕਸਾਈਡ (SO2 ) –– 0 ਤੋਂ 0.0001
ਨਾਈਟ੍ਰੋਜਨ ਡਾਈਆਕਸਾਈਡ (NO2) –0 ਤੋਂ 0.000002
ਭਾਵੇਂ ਇਹ ਪਦਾਰਥ ਹਵਾ ਵਿਚ ਬਹੁਤ ਥੋੜ੍ਹੀ ਮਾਤਰਾ ਵਿਚ ਹੁੰਦੇ ਹਨ ਫਿਰ ਵੀ ਧਰਤੀ ਉੱਤੇ ਜੀਵਨ ਲਈ ਬਹੁਤ ਜ਼ਰੂਰੀ ਹਨ। ਪਾਣੀ ਦੇ ਵਾਸ਼ਪ ਸਭ ਕਿਸਮ ਦੇ ਤਲਛੱਟਾਂ ਲਈ ਸ੍ਰੋਤ ਹਨ ਅਤੇ ਇਸ ਤੋਂ ਇਲਾਵਾ ਇਨਫ਼੍ਰਾਰੈੱਡ ਵਿਕੀਰਨ ਲਈ ਮਹੱਤਵਪੂਰਨ ਸੋਖਕ ਅਤੇ ਉਤਸਰਜਕ ਦਾ ਕੰਮ ਵੀ ਕਰਦੇ ਹਨ। ਇਸੇ ਤਰ੍ਹਾਂ ਕਾਰਬਨ ਡਾਈਆਕਸਾਈਡ ਗੈਸ ਦੀ ਪ੍ਰਕਾਸ਼ ਸੰਸ਼ਲੇਸ਼ਣ ਤੋਂ ਇਲਾਵਾ ਇਨਫ਼੍ਰਾਰੈੱਡ ਵਿਕੀਰਨ ਲਈ ਪ੍ਰਸਿੱਧ ਸੋਖਕ ਅਤੇ ਉਤਸਰਜਕ ਦਾ ਕੰਮ ਕਰਦੀ ਹੈ। ਓਜ਼ੋਨ, ਜਿਹੜੀ ਕਿ ਧਰਤੀ ਦੀ ਸਤ੍ਹਾ ਤੋਂ ਉੱਪਰ ਕੋਈ 10 ਤੋਂ 50 ਕਿ. ਮੀ. ਦੇ ਖੇਤਰ ਤਕ ਹੁੰਦੀ ਹੈ, ਸੂਰਜ ਤੋਂ ਆਉਣ ਵਾਲੇ ਪਾਰਵੈਂਗਣੀ (ਅਲਟ੍ਰਾ–ਵਾਇਲਿਟ) ਵਿਕੀਰਨ ਨੂੰ ਸੋਖਦੀ ਹੈ ਅਤੇ ਧਰਤੀ ਨੂੰ ਅਜਿਹੀਆਂ ਸਭ ਕਿਸਮ ਦੀਆਂ ਵਿਕੀਰਨਾਂ ਜਿਨ੍ਹਾਂ ਦੀ ਤਰੰਗ–ਲੰਬਾਈ 3.000 ਐਂਗਸਟ੍ਰਮ ਤੋਂ ਘੱਟ ਹੁੰਦੀ ਹੈ, ਤੋਂ ਬਚਾਉਂਦੀ ਹੈ।
ਫ਼ਾੱਸਿਲ ਬਾਲਣਾਂ ਜਿਵੇਂ ਕੋਲਾ ਅਤੇ ਤੇਲ ਦੇ ਵਧੇਰੇ ਜਲਣ ਕਾਰਨ 20ਵੀਂ ਸਦੀ ਦੇ ਪਹਿਲੇ ਅੱਧ ਤਕ ਹਵਾ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ 12% ਵਧ ਗਈ ਸੀ। ਇਸ ਦੇ ਸਿੱਟੇ ਵਜੋਂ ਉਸ ਸਮੇਂ ਦੌਰਾਨ ਧਰਤੀ ਦੇ ਔਸਤਨ ਤਾਪਮਾਨ ਵਿਚ 1.1° ਸੈਂ. ਦਾ ਵਾਧਾ ਹੋ ਗਿਆ ਸੀ। ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਸਾਰੇ ਫ਼ਾੱਸਿਲ ਬਾਲਣ ਲਗਭਗ 1000 ਸਾਲ ਵਿਚ ਖ਼ਪਤ ਹੋ ਜਾਣਗੇ।ਅਨੁਮਾਨ ਹੈ ਕਿ ਇਸ ਨਾਲ ਧਰਤੀ ਦਾ ਤਾਪਮਾਨ 7° ਤੋਂ 14° ਸੈਂ. ਤਕ ਵਧ ਜਾਵੇਗਾ ਅਤੇ ਸਿੱਟੇ ਵਜੋਂ ਇਸ ਸਮੇਂ ਦੇ ਅੰਤ ਤਕ ਧਰਤੀ ਦਾ ਜਲਵਾਯੂ ਤਪਤਖੰਡੀ ਅਤੇ ਅਰਧ–ਤਪਤਖੰਡੀ ਹੋ ਜਾਵੇਗਾ।
ਹਵਾ ਦੀ ਘਣਤਾ ਵਿਚ ਕਾਫ਼ੀ ਤਬਦੀਲੀ ਆ ਸਕਦੀ ਹੈ। ਇਹ ਵਾਯੂਮੰਡਲੀ ਦਬਾਉ ਦੇ ਘਟਣ ਨਾਲ, ਤਾਪਮਾਨ ਦੇ ਵਧਣ ਨਾਲ ਅਤੇ ਨਮੀ ਵਧਣ ਨਾਲ ਘੱਟ ਜਾਂਦੀ ਹੈ। ਘੱਟ ਘਣਤਾ ਵਾਲੀ ਹਵਾ ਵਿਚ ਜਹਾਜ਼ਾਂ ਦੇ ਉੱਪਰ ਉੱਡਣ ਦੀ ਸਮਰਥਾ ਘੱਟ ਜਾਂਦੀ ਹੈ, ਇਸ ਲਈ ਜਹਾਜ਼ ਵਿਚ ਵੱਧ ਤੋਂ ਵੱਧ ਭਾਰ ਚੁੱਕਣ ਸਮੇਂ ਘਣਤਾ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।
ਹ. ਪੁ. ––––ਐਨ. ਬ੍ਰਿ. 1 : 418; ਐਨ. ਬ੍ਰਿ. ਮਾ. 1 : 162.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8570, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-15, ਹਵਾਲੇ/ਟਿੱਪਣੀਆਂ: no
ਹਵਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਵਾ, (ਅਰਬੀ) / ਇਸਤਰੀ ਲਿੰਗ : ੧. ਪੌਣ, ਵਾਯੂ, ਪੰਜਾਂ ਤੱਤਾਂ ਵਿਚੋਂ ਇੱਕ ਪਰਸਿੱਧ ਤੱਤ, ਪੁਲਾੜ ਅੰਦਰ ਮੌਜੂਦ ਉਹ ਅਦ੍ਰਿਸ਼ਟ ਪਦਾਰਥ ਜਿਸ ਦੇ ਹਿਲਣ ਜੁਲਣ ਨਾਲ ਦਰਖ਼ਤ ਹਿਲਦੇ ਜੁਲਦੇ ਪਰਤੀਤ ਹੁੰਦੇ ਹਨ; ੧. ਵਾਯੂ ਮੰਡਲ; ੨. ਹੰਕਾਰ, ਹੈਂਕੜ; ੩. ਭੂਤ, ਪਰੇਤ; ਸਾਇਆ
–ਹਵਾ ਹਾਰਾ, (ਸਿਹਤ ਵਿਗਿਆਨ) / ਖੁ : ਐਸੀ ਥਾਂ ਜਿਥੇ ਖੁਲ੍ਹੀ ਹਵਾ ਲੱਗਦੀ ਹੋਵੇ
–ਹਵਾ ਹੋ ਜਾਣਾ, ਮੁਹਾਵਰਾ : ੧. ਅਦ੍ਰਿਸ਼ਟ ਹੋ ਜਾਣਾ, ਉਡ ਜਾਣਾ; ੨. ਹਵਾ ਵਾਙੂੰ ਤੇਜ਼ ਭਜ ਜਾਣਾ
–ਹਵਾ ਹੋਣਾ, ਮੁਹਾਵਰਾ : ਉਡਾਰੂ ਹੋਣਾ, ਤੇਜ਼ ਰਫ਼ਤਾਰ ਹੋਣਾ
–ਹਵਾ ਕਢਣਾ, ਮੁਹਾਵਰਾ : ਸੂਹ ਦੇਣਾ, ਹੈਂਕੜ ਮੱਠੀ ਕਰਨਾ
–ਹਵਾ ਕੁ, ਵਿਸ਼ੇਸ਼ਣ :ਜਰਾ ਕੁ, ਰੀਣ ਕੁ
–ਹਵਾ ਖਾਣਾ, ਮੁਹਾਵਰਾ : ਸੈਰ ਕਰਨਾ, ਖੁਲ੍ਹੀ ਹਵਾ ਵਿੱਚ ਫਿਰਨਾ ਤੁਰਨਾ, ਸੈਰ ਕਰਨਾ
–ਹਵਾ ਖੋਰੀ ਕਰਨਾ, ਮੁਹਾਵਰਾ : ਖੁਲ੍ਹੀ ਹਵਾ ਵਿੱਚ ਫਿਰਨਾ ਤੁਰਨਾ
–ਹਵਾ ਚੱਕੀ, ਇਸਤਰੀ ਲਿੰਗ : ਹਵਾ ਦੇ ਜ਼ੋਰ ਨਾਲ ਚੱਲਣ ਵਾਲੀ ਚੱਕੀ
–ਹਵਾ ਚੱਲਣਾ, ਮੁਹਾਵਰਾ : ਪਰਚਾਰ ਹੋਣਾ
–ਹਵਾ ਝੁਲਣਾ, ਮੁਹਾਵਰਾ : ਲੋਕਾਂ ਦਾ ਕਿਸੇ ਨਵੇਂ ਖਿਆਲ ਨੂੰ ਪਕੜ ਲੈਣਾ, ਸਮਾਜ ਵਿੱਚ ਕਿਸੇ ਨਵੇਂ ਫੈਸ਼ਨ ਦਾ ਚੱਲ ਪੈਣਾ
–ਹਵਾ ਦਬਣਾ, ਮੁਹਾਵਰਾ : ਹਵਾ ਘਟਣਾ
–ਹਵਾ ਦਬਾਉ, (ਪਦਾਰਥ ਵਿਗਿਆਨ) / ਪੁਲਿੰਗ : ਭਾਰ ਜੋ ਧਰਤੀ ਜਾਂ ਕਿਸੇ ਹੋਰ ਚੀਜ਼ ਦੇ ਇਕਾਈ ਤਲ ਉਤੇ ਹਵਾਈ ਮੰਡਲ ਦਾ ਪੈਂਦਾ ਹੈ। ਇਹ ਇੱਕ ਵਰਗ ਇੰਚ ਉਤੇ ੨੮ ਪੌਂਡ ਹੁੰਦਾ ਹੈ
–ਹਵਾ ਦਾ ਦਬਾਉ, (ਪਦਾਰਥ ਵਿਗਿਆਨ) / ਪੁਲਿੰਗ : ਹਵਾ ਮੰਡਲ ਦਾ ਧਰਤੀ ਦੇ ਰਕਬੇ ਦੀ ਇੱਕ ਇਕਾਈ ਤੇ ਜਿੰਨਾ ਭਾਰ ਹੁੰਦਾ ਹੈ ਉਸ ਨੂੰ ਹਵਾ ਦਾ ਦਬਾਉ ਕਹਿੰਦੇ ਹਨ। ਇਹ ਆਮ ਤੌਰ ਤੇ ਇੰਚਾਂ ਵਿੱਚ ਦਰਸਾਇਆ ਜਾਂਦਾ ਹੈ
–ਹਵਾਦਾਰ, ਸਿਹਤ ਵਿਗਿਆਨ / ਵਿਸ਼ੇਸ਼ਣ : ਹਵਾ ਦੇ ਅੰਦਰ ਆਉਣ ਜਾਣ ਲਈ ਖੁੱਲ੍ਹਾ
–ਹਵਾਦਾਰੀ, ਪਦਾਰਥ ਵਿਗਿਆਨ / ਇਸਤਰੀ ਲਿੰਗ : ਹਵਾ ਦੇ ਆਉਣ ਜਾਣ ਲਈ ਖੁਲ੍ਹਾ ਹੋਣ ਦਾ ਭਾਵ
–ਹਵਾ ਦੇਣਾ, ਸਿਹਤ ਵਿਗਿਆਨ / ਮੁਹਾਵਰਾ : ੧. ਹਵਾ ਲਵਾਉਣਾ, ਹਵਾ ਵਿੱਚ ਰੱਖਣਾ, ਕਾਰਬਾਨਕ ਐਸਡ ਗੈਸ ਭਰਨਾ; ੨. ਧੁਮਾਉਣਾ, ਮਸ਼ਹੂਰ ਕਰਨਾ, ਪਰਚਾਰਨਾ
–ਹਵਾ ਨਾ ਕੱਢਣਾ, ਮੁਹਾਵਰਾ : ਪਰਗਟ ਨਾ ਕਰਨਾ, ਨਾ ਧੁਮਾਉਣਾ, ਭੇਤ ਨਾ ਦੱਸਣਾ
–ਹਵਾ ਨਾ ਨਿਕਲਣਾ, ਮੁਹਾਵਰਾ : ਭੇਤ ਨਾ ਖੁਲ੍ਹਣਾ
–ਹਵਾ ਨਿਕਲ ਜਾਣਾ, ਮੁਹਾਵਰਾ : ੧. ਪਰਗਟ ਹੋਣਾ; ੨. ਮਰ ਜਾਣਾ, ਫੂਕ ਨਿਕਲ ਜਾਣਾ
–ਹਵਾ ਨਿਕਲਣਾ, ਮੁਹਾਵਰਾ : ੧. ਗੱਲ ਬਾਹਰ ਆਉਣਾ; ੨. ਕਿਸੇ ਮੇਰੂ ਜਾਂ ਛੇਕ ਰਾਹੀਂ ਹਵਾ ਬਾਹਰ ਆਉਣਾ, ਫਕ ਨਿਕਲਣਾ; ਪੱਦ ਨਿਕਲਣਾ
–ਹਵਾ ਨੂੰ ਗੰਢਾਂ ਦੇਣਾ, ਮੁਹਾਵਰਾ : ਅਸੰਭਵ ਕੰਮ ਕਰਨਾ
–ਹਵਾ ਨੂੰ ਤਲਵਾਰਾਂ ਮਾਰਨਾ, ਮੁਹਾਵਰਾ : ਫਜ਼ੂਲ ਜਾਂ ਬੇਮਤਲਬ ਲੜੀ ਜਾਣਾ, ਲੜਨ ਦੇ ਆਦੀ ਹੋਣਾ, ਥੋੜੀ ਗੱਲੇ ਲੜਾਈ ਬਣਾ ਲੈਣ ਵਾਲੇ ਹੋਣਾ
–ਹਵਾ ਪ੍ਰਬੰਧ ,ਸਿਹਤ ਵਿਗਿਆਨ / ਪੁਲਿੰਗ : ਕਿਸੇ ਕਮਰੇ ਵਿੱਚ ਕਾਫੀ ਹਵਾ ਆਉਣ ਜਾਣ ਨੂੰ ਰੱਖੀਆਂ ਖਿੜਕੀਆਂ ਰੋਸ਼ਨਦਾਨ ਆਦਿ;
–ਹਵਾ ਪ੍ਰਬੰਧ ਸਾਧਨ, ਪੁਲਿੰਗ : ਕਮਰੇ ਦੀਆਂ ਬਾਰੀਆਂ ਰੌਸ਼ਨਦਾਨ ਆਦਿ
–ਹਵਾ ਪਿਆਜ਼ੀ, ਵਿਸ਼ੇਸ਼ਣ / ਪੁਲਿੰਗ : ਨੀਮ, ਮਧਮ, ਹਲਕਾ ਗੁਲਾਬੀ ਰੰਗ
–ਹਵਾ ਪੈਣਾ, ਮੁਹਾਵਰਾ : ਹਵਾ ਲੱਗਣਾ, ਹਵਾ ਦਾ ਝੋਲਾ ਆਉਣਾ, ਹਵਾ ਦਾ ਬੁਰਾ ਅਸਰ ਹੋਣਾ (ਦੁਖਦੀਆਂ ਅੱਖਾਂ ਤੇ)
–ਹਵਾ ਫੱਕਣਾ, ਮੁਹਾਵਰਾ : ੧. ਸੈਰ ਕਰਨਾ, ਹਵਾਖੋਰੀ ਕਰਨਾ, ਖੁਲ੍ਹੀ ਹਵਾ ਵਿੱਚ ਫਿਰਨਾ ਤੁਰਨਾ; ੨. ਵਿਹਲੇ ਫਿਰਨਾ, ਅਵਾਰਾਗਰਦੀ ਤੇ ਰਹਿਣਾ, ਬੇਕਾਰ ਹੋਣਾ
–ਹਵਾ ਫਿਰਨਾ, ਮੁਹਾਵਰਾ : ਸੁਕਣਾ (ਕਪੜਾ), ਆਠਰਨਾ (ਥਾਂ)
–ਹਵਾ ਫਿਰਾਉਣਾ, ਮੁਹਾਵਰਾ : ਸੁਕਾਉਣਾ
–ਹਵਾ ਫੂਕਣਾ, ਮੁਹਾਵਰਾ : ਚੁਕਣਾ ਦੇਣਾ, ਕੋਈ ਖਿਆਲ ਦਿਲ ਵਿੱਚ ਬਿਠਾ ਦੇਣਾ
–ਹਵਾ ਬਝਣਾ, ਮੁਹਾਵਰਾ : ੧. ਮੁਆਫਕ ਵਾਯੂ ਮੰਡਲ ਬਣਨਾ; ੨. ਲੋਕਾਂ ਵਿੱਚ ਕਿਸੇ ਵਿਅਕਤੀ ਜਾਂ ਗੱਲ ਸਬੰਧੀ ਕੋਈ ਖਿਆਲ ਬਣ ਜਾਣਾ
–ਹਵਾ ਬਦਲੀ, ਸਿਹਤ ਵਿਗਿਆਨ / ਇਸਤਰੀ ਲਿੰਗ : ਆਬੋ ਹਵਾ ਦੀ ਤਬਦੀਲੀ ਲਈ ਇਕ ਥਾਂ ਤੋਂ ਦੂਜੀ ਥਾਂ ਚਲੇ ਜਾਣ ਦੀ ਕਿਰਿਆ
–ਹਵਾ ਬਧਣਾ, ਪੁਆਧੀ / ਮੁਹਾਵਰਾ : ਹੰਕਾਰ ਹੋਣਾ, ਆਕੜ ਪੈਣਾ ਹੋਣਾ
–ਹਵਾ ਬੰਨ੍ਹਣਾ, ਮੁਹਾਵਰਾ : ਮੁਆਫਕ ਵਾਯੂ-ਮੰਡਲ ਬਣਾਉਣਾ, ਮਸ਼ਹੂਰੀ ਬਣਾਉਣਾ
–ਹਵਾਬਾਜ਼, ਪੁਲਿੰਗ : ਉਡਾਰੂ, ਪਾਈਲਾਟ
–ਹਵਾਬਾਜ਼ੀ, ਇਸਤਰੀ ਲਿੰਗ : ਉਡਾਣ ਵਿਗਿਆਨ, ਹਵਾਈ ਜਹਾਜ਼ਾਂ ਸਬੰਧੀ ਵਿਦਿਆ, ਹਵਾਈ ਜਹਾਜ਼ ਉਡਾਉਣ ਦਾ ਕੰਮ
–ਹਵਾ ਭੱਖਕ, ਖੇਤੀਬਾੜੀ / ਵਿਸ਼ੇਸ਼ਣ / ਪੁਲਿੰਗ : ਐਸੇ (ਜੀਵ) ਜੋ ਹਵਾ ਜਾਂ ਆਕਸੀਜਨ ਵਾਲੀ ਹਵਾ ਵਿਚ ਹੀ ਜੀਊ ਸਕਦੇ ਜਾਂ ਕੋਈ ਕਿਰਿਆ ਕਰ ਸਕਦੇ ਹੋਣ, ਜਿਨ੍ਹਾਂ ਜੀਵਾਂ ਦਾ ਗੁਜ਼ਾਰਾ ਨਿਰਾ ਹਵਾ ਤੇ ਹੀ ਹੋਵੇ
–ਹਵਾ ਭਖਣਾ, ਮੁਹਾਵਰਾ : ਹਵਾ ਖਾਣਾ, ਖੁਲ੍ਹੀ ਹਵਾ ਵਿਚ ਫਿਰਨਾ ਤੁਰਨਾ, ਸੈਰ ਕਰਨਾ
–ਹਵਾ ਭਰ, ਵਿਸ਼ੇਸ਼ਣ : ਜ਼ਰਾ ਕੁ, ਰਤਾ ਕੁ, ਮਾਮੂਲੀ ਜੇਹਾ
–ਹਵਾ ਲੱਗ ਜਾਣਾ, ਮੁਹਾਵਰਾ : ੧. ਨਜ਼ਲਾ ਹੋ ਜਾਣਾ ਠੰਡ ਖਾ ਜਾਣਾ, ਹਵਾ ਲੱਗ ਕੇ ਸਰੀਰ ਵਿੱਚ ਕੋਈ ਨੁਕਸ ਪੈ ਜਾਣਾ; ੨. ਅਸਰ ਹੋ ਜਾਣਾ, ਸਮਾਜ ਦਾ ਕੋਈ ਨਵੀਂ ਰੁਚੀ ਲੈਣਾ, ਨਵੇਂ ਜ਼ਮਾਨੇ ਦਾ ਅਸਰ ਕਬੂਲ ਲੈਣਾ, ਫੈਸ਼ਨਾਂ ਵਿੱਚ ਪੈਰ ਧਰਨ ਲੱਗ ਪੈਣਾ
–ਹਵਾ ਲੱਗਣਾ, ਮੁਹਾਵਰਾ : ੧. ਹਵਾ ਆਉਣਾ ਜਾਂ ਪਹੁੰਚਣਾ; ੨. ਠੰਡ ਖਾਣਾ, ਜ਼ੁਕਾਮ ਹੋਣਾ, ਸਰਦ ਗਰਮ ਹੋਣਾ, ਗਰਮ ਸਰੀਰ ਨੂੰ ਅਚਾਣਕ ਠੰਡੀ ਹਵਾ ਪੈ ਕੇ ਕੋਈ ਤਕਲੀਫ਼ ਹੋ ਜਾਣਾ; ੩. ਜ਼ਮਾਨੇ ਦਾ ਅਸਰ ਹੋਣਾ
–ਹਵਾ ਲਵਾਉਣਾ, ਕਿਰਿਆ ਸਕਰਮਕ : ੧. ਖੁਲ੍ਹੀ ਹਵਾ ਵਿੱਚ ਰੱਖਣਾ, ਹਵਾ ਲੱਗਣ ਦੇਣਾ; ੨. ਸੁਕਣੇ ਪਾਉਣਾ; ੩. ਪਰਗਟ ਕਰਨਾ, ਦੱਸਣਾ, ਭੇਤ ਦੇਣਾ, ਮਸ਼ਹੂਰ ਕਰਨਾ
–ਹਵਾ ਵਗਣਾ, ਮੁਹਾਵਰਾ : ੧. ਹਵਾ ਚਲਣਾ; ੨. ਨਵਾਂ ਫੈਸ਼ਨ ਚੱਲਣਾ, ਰਵਾਜ ਤੋਂ ਉਲਟ ਚਾਲਾ ਵਰਤਣਾ
–ਹਵਾ ਵੱਲ ਨਾ ਤੱਕ ਸਕਣਾ, ਮੁਹਾਵਰਾ : ਨੁਕਸਾਨ ਪੁਚਾਉਣ ਦੀ ਜੁਰਤ ਨਾ ਕਰ ਸਕਣਾ, ਕੁਝ ਨਾ ਵਿਗਾੜ ਸਕਣਾ
–ਹਵਾ ਵਿੱਚ ਆਉਣਾ, ਮੁਹਾਵਰਾ : ੧. ਤਕੱਬਰੀ ਕਰਨਾ, ਆਕੜ ਦੱਸਣਾ; ੨. ਜੋਸ਼ ਵਿੱਚ ਆਉਣਾ
–ਹਵਾ ਵਿੱਚ ਫਿਰਨਾ, ਮੁਹਾਵਰਾ : ਆਕੜ ਨਾਲ ਤੁਰਨਾ, ਘਮੁੰਡੀ ਹੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2956, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-20-11-57-21, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First