ਹੜਤਾਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੜਤਾਲ 1 [ਨਾਂਇ] ਕਿਸੇ ਮੰਗ ਦੀ ਅਪੂਰਤੀ ਕਾਰਨ ਰੋਸ ਵਜੋਂ ਮੁਲਾਜ਼ਮਾਂ ਆਦਿ ਦਾ ਕੰਮ ਨਾ ਕਰਨ ਦਾ ਭਾਵ 2 [ਨਾਂਇ] ਇੱਕ ਆਯੁਰਵੈਦਿਕ ਦਵਾਈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੜਤਾਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੜਤਾਲ. ਦੇਖੋ, ਹਟਤਾਲ। ੨ ਦੇਖੋ, ਹਰਤਾਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2228, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹੜਤਾਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Strike_ਹੜਤਾਲ: ਬਾਂਕੇ ਲਾਲ ਬਨਾਮ ਉੱਤਰ ਪ੍ਰਦੇਸ਼ ਰਾਜ (ਏ ਆਈ ਆਰ 1959 ਇਲਾਹ. 614) ਅਨੁਸਾਰ ਹੜਤਾਲ ਬਣਾਉਟੀ ਕਿਸਮ ਦਾ ਲਫ਼ਜ਼ ਹੈ ਅਤੇ ਕਿਸੇ ਕਾਨੂੰਨੀ ਪਰਿਭਾਸ਼ਾ ਜਾਂ ਵਰਣਨ ਵਿਚ ਨਹੀਂ ਆਉਂਦਾ। ਇਹ ਉਨ੍ਹਾਂ ਵਿਅਕਤੀਆਂ ਵਿਚਕਾਰ, ਜੋ ਕਿਸੇ ਖ਼ਾਸ ਨਿਯੋਜਕ ਲਈ ਕੰਮ ਕਰ ਰਹੇ ਹੋਣ , ਦਾ ਆਪਸੀ ਕਰਾਰ ਹੁੰਦਾ ਹੈ ਕਿ ਅੱਗੇ ਤੋਂ ਉਸ ਨਿਯੋਜਕ ਲਈ ਕੰਮ ਨ ਕੀਤਾ ਜਾਵੇ। ਜੇ ਕੋਈ ਕਰਮਚਾਰੀ ਕਿਸੇ ਹੋਰ ਕਰਮਚਾਰੀ ਨਾਲ ਹਮਦਰਦੀ ਜ਼ਾਹਰ ਕਰਨ ਲਈ ਹੜਤਾਲ ਕਰ ਵੀ ਦਿੰਦਾ ਹੈ ਤਾਂ ਉਹ ਕਿਸੇ ਅਫ਼ਸਰ ਦੇ ਆਚਰਣ ਦੇ ਵਿਰੁਧ ਰਸਮੀ ਰੋਸ ਪ੍ਰਗਟ ਕਰਨ ਤੋਂ ਵੱਧ ਕੁਝ ਵੀ ਨਹੀਂ। ਅਜਿਹਾ ਰੋਸ ਗੰਭੀਰ ਰੂਪ ਵੀ ਧਾਰਨ ਕਰ ਸਕਦਾ ਹੈ ਅਤੇ ਭਾਵੇਂ ਉਹ ਕਿਸੇ ਕਰਮਚਾਰੀ ਨਾਲ ਹਮਦਰਦੀ ਜ਼ਾਹਰ ਕਰਨ ਲਈ ਹੁੰਦਾ ਹੈ, ਤਦ ਵੀ ਜਦੋਂ ਇਕੱਠੇ ਹੋਕੇ ਕਿਸੇ ਅਫ਼ਸਰ ਦੇ ਆਚਰਣ ਦੇ ਵਿਰੁਧ ਨਾਰਾਜ਼ਗੀ ਪ੍ਰਗਟ ਕੀਤੀ ਜਾਂਦੀ ਹੈ ਤਾਂ ਉਸ ਦਾ ਆਸ਼ਾ ਉਸ ਅਫ਼ਸਰ ਦੇ ਆਚਰਣ ਦੀ ਅਪਰਵਾਨਗੀ ਪ੍ਰਗਟ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਹ ਹੜਤਾਲ ਸ਼ਬਦ ਦੇ ਅਰਥਾਂ ਅੰਦਰ ਆਵੇਗੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2183, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਹੜਤਾਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਹੜਤਾਲ : ਹੜਤਾਲ ਦੇ ਸ਼ਾਬਦਕ ਅਰਥ ਹਨ ਹੱਟੀਆ ਨੂੰ ਤਾਲੇ ਲਾਉਣਾ (ਹੜ–ਹੱਟ+ਤਾਲ–ਤਾਲਾ) ਤਾਲਾਬੰਦੀ ਦਾ ਰਿਵਾਜ ਅਤੇ ਇਸਦਾ ਇਤਿਹਾਸ ਢੇਰ ਪੁਰਾਣਾ ਜਾਪਦਾ ਹੈ ਜਿਸ ਕਰਕੇ ਇਸ ਦੇ ਆਰੰਭ ਦਾ ਕਾਲ ਨਿਸ਼ਚਿਤ ਕਰਨਾ ਮੁਸ਼ਕਲ ਜਾਪਦਾ ਹੈ। ਮੁੱਢ ਵਿਚ ਇਹ ਪ੍ਰਥਾ ਸੋਗ ਪ੍ਰਗਟਾਉਣ ਜਾਂ ਕਿਸੇ ਜ਼ਾਲਮ ਅਫਸਰ ਦੇ ਜ਼ੁਲਮ ਵਿਰੁੱਧ ਰੋਸ ਪ੍ਰਗਟ ਕਰਨ ਲਈ ਚਲਾਈ ਗਈ ਸੀ। ਜਿਸ ਵਿਚ ਸਾਰੇ ਸ਼ਹਿਰ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਸਨ। ਜਿਉਂ ਜਿਉਂ ਸਮਾਜ ਵਿਕਾਸ ਦੇ ਨਾਲ ਨਾਲ ਉਦਯੋਗਕ ਖੇਤਰ ਵਿਚ ਉੱਨਤੀ ਹੋਈ ਤਿਉਂ ਤਿਉਂ ਇਹ ਹੜਤਾਲ ਹੋਰ ਹੋਰ ਰੂਪ ਧਾਰਨ ਕਰ ਗਈ ਹੈ। ਉਦਯੋਗਕ ਵਿਵਿਦ ਅਧਿਨਿਯਮ (94) ਵਿਚ ਹੜਤਾਲ ਦੀ ਪਰਿਭਾਸ਼ਾ ਮਿਥਦੇ ਹੋਏ ਕਾਰੀਗਰਾਂ ਦੁਆਰਾ (ਜਿੰਨ੍ਹਾਂ ਦੀ ਨਿਯੁਕਤੀ ਕੰਮ ਕਰਨ ਲਈ ਹੋਈ ਹੈ) ਸਮੂਹਕ ਰੂਪ ਵਿਚ ਕੰਮ ਬੰਦ ਕਰਨ ਜਾਂ ਕੰਮ ਕਰਨ ਤੋਂ ਇਨਕਾਰ ਕਰਨ ਦੀ ਕਾਰਵਾਈ ਨੂੰ ਹੜਤਾਲ ਕਹਿੰਦੇ ਹਨ। ਸਮੂਹਕ ਰੂਪ ਵਿਚ ਕੰਮ ਤੋਂ ਗੈਰ ਹਾਜ਼ਰ ਰਹਿਣ ਜਾਂ ਕੰਮ ਨਾ ਕਰਨ ਨੂੰ ਵੀ ਹੜਤਾਲ ਹੀ ਆਖਿਆ ਜਾਣ ਲੱਗ ਪਿਆ।
ਹੜਤਾਲਾਂ ਆਮ ਤੌਰ ਤੇ ਕਰਮਚਾਰੀਆਂ, ਅਧਿਕਾਰੀਆਂ, ਮਿੱਲ ਮਜ਼ਦੂਰਾਂ ਜਾਂ ਹੋਰ ਖੇਤਰਾਂ ਦੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ, ਜਿਵੇਂ ਮਹਿੰਗਾਈ ਭੱਤਾ, ਮਜ਼ਦੂਰੀ, ਬੋਨਸ, ਮੁਅੱਤਲੀ, ਛੁੱਟੀ, ਕੰਮ ਦੇ ਘੰਟੇ, ਟਰੇਡ ਯੂਨੀਅਨ ਸੰਗਠਨ ਦੀ ਮਾਨਤਾ ਆਦਿ ਲਈ ਕੀਤੀਆ ਜਾਂਦੀਆਂ ਹਨ। ਕਾਮਿਆਂ ਵਿਚ ਫੈਲਿਆ ਅਸੰਤੋਸ਼ ਹੀ ਆਮ ਕਰਕੇ ਹੜਤਾਲਾਂ ਦਾ ਕਾਰਨ ਹੁੰਦਾ ਹੈ।
ਇੰਗਲੈਂਡ ਵਿਚ ਮਜ਼ਦੂਰ ਸੰਘਾਂ ਦੇ ਵਿਕਾਸ ਦੇ ਨਾਲ ਨਾਲ ਮਜ਼ਦੂਰਾਂ ਵਿਚ ਉਦਯੋਗਕ ਉਮੰਗ, (ਉਦਯੋਗਾਂ ਵਿਚ ਸਥਾਨ ਬਣਾਉਣ ਦੀ ਭਾਵਨਾ) ਅਤੇ ਰਾਜਨੀਤਕ ਵਿਚਾਰਾਂ ਵਿਚ ਰੁਚੀ ਰੱਖਣ ਦੀ ਭਾਵਨਾ ਵੀ ਵਿਕਸਿਤ ਹੋਈ ਪਰ ਸੰਯੁਕਤ ਪੂੰਜੀਵਾਦੀ ਪ੍ਰਣਾਲੀ ਦੇ ਵਿਕਾਸ ਨੇ ਮਜ਼ਦੂਰਾਂ ਵਿਚ ਅਸੰਤੋਸ਼ ਦੀ ਤ੍ਰਿਪਤੀ ਕੀਤੀ। ਇਸ ਪ੍ਰਣਾਲੀ ਨਾਲ ਪੂੰਜੀ ਦੇ ਨਿਰਯੰਤਰ (ਮਿਲਾਕੀਤ) ਵਿਚ ਭਿੰਨਤਾ ਤਾਂ ਹੋਈ ਪਰ ਦੂਸਰੀ ਤਰਫ਼ ਮਾਲਕਾਂ ਤੇ ਮਜ਼ਦੂਰਾਂ ਦੇ ਵਿਅਕਤੀਗਤੀ ਸਬੰਧ ਵੀ ਵਿਗੜਦੇ ਗਏ। ਫਲਸਰੂਪ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਮਜ਼ਦੂਰੀ, ਬੋਨਸ, ਮਹਿੰਗਾਈ ਆਦਿ ਦੇ ਪ੍ਰਸ਼ਨ ਹੜਤਾਲਾਂ ਦਾ ਮੁੱਖ ਕਾਰਨ ਬਣੇ।
ਵਰਤਮਾਨ ਕਾਲ ਵਿਚ ਹੜਤਾਲਾਂ ਦੁਆਰਾ ਉਤਪਾਦਨ ਦੀ ਹਾਨੀ ਨੂੰ ਰੋਕਣ ਲਈ ਸਾਮੂਹਕ ਸੌਦੇਬਾਜ਼ੀ ਦਾ ਸਿਧਾਂਤ ਅਪਣਾਇਆ ਜਾ ਰਿਹਾ ਹੈ। ਅੰਤਰ–ਰਾਸ਼ਟਰੀ ਕੰਮ ਸੰਗਠਨ ਦੀ ਰਪੋਰਟ ਅਨੁਸਾਰ ਅਮਰੀਕਾ ਵਿਚ ਗ਼ੈਰ–ਜ਼ਰਾਇਤ ਉਦਯੋਗਾਂ ਵਿਚ ਇਕ ਤਿਹਾਈ ਕਾਮਿਆਂ ਦੀ ਕੰਮ ਦੀ ਦਸ਼ਾ ‘ਸਮੂਹਕ ਸੌਦੇਬਾਜ਼ੀਆਂ’ ਦੁਆਰਾ ਨਿਸਚਿਤ ਹੋਣ ਲੱਗੀ ਹੈ। ਸਵਿਟਜ਼ਰਲੈਂਡ ਵਿਚ ਲੱਗਭੱਗ ਅੱਧੇ ਉਦਯੋਗਕ ਮਜ਼ਦੂਰ, ਆਸਟਰੇਲੀਆ, ਬੈਲਜੀਅਮ, ਜਰਮਨ ਗਣਰਾਜ, ਸਕੰਡਨੇਵੀਆ ਦੇਸ਼ਾਂ ਅਤੇ ਬਰਤਾਨੀਆ ਦੇ ਬਹੁਤ ਸਾਰੇ ਉਦਯੋਗਕ ਮਜ਼ਦੂਰ ਸਮੂਹਕ ਕਰਾਰਾਂ ਦੇ ਅੰਤਰਗਤ ਆ ਗਏ ਹਨ। ਸੋਵੀਅਤ ਸੰਘ ਅਤੇ ਪੂਰਬੀ ਯੂਰਪ ਦੇ ਪਰਜਾਤੰਤਰ ਰਾਜਾਂ ਵਿਚ ਹਰੇਕ ਉਦਯੋਗਕ ਸੰਸਥਾ ਵਿਚ ਅਜੇਹੇ ਸਮੂਹਿਕ ਸੌਦੇ ਪਾਏ ਜਾਂਦੇ ਹਨ।
ਭਾਰਤ ਵਿਚ ਹੜਤਾਲਾਂ ਦਾ ਇਤਿਹਾਸ––– ਪਹਿਲੇ ਮਹਾਂਯੁੱਧ ਤੋਂ ਪਹਿਲਾਂ ਭਾਰਤੀ ਮਜ਼ਦੂਰ ਆਪਣੀਆਂ ਮੰਗਾਂ ਮਨਾਉਣ ਲਈ ਸਿੱਧੇ ਰੂਪ ਵਿਚ ਹੜਤਾਲ ਦੀ ਵਰਤੋਂ ਨਹੀਂ ਕਰਦੇ ਸਨ। ਜਿਸ ਦਾ ਮੂਲ ਕਾਰਨ ਉਨ੍ਹਾਂ ਦੀ ਅਨਪੜ੍ਹਤਾ, ਜੀਵਨ ਪ੍ਰਤੀ ਉਦਾਸੀਨਤਾ ਅਤੇ ਉਨ੍ਹਾਂ ਵਿਚ ਸੰਗਠਨ ਅਤੇ ਲੀਡਰਸ਼ਿਪ ਦੀ ਅਣਹੋਂਦ ਸੀ। ਪਰ ਇਸ ਪਿੱਛੋਂ ਲੋਕ–ਤੰਤਰਿਕ ਵਿਚਾਰਾਂ, ਸੋਵੀਅਤ ਕ੍ਰਾਂਤੀ, ਸਮਾਨਤਾ ਤੇ ਭਾਈਚਾਰੇ ਦੀ ਭਾਵਨਾ, ਸੁਤੰਤਰਤਾ ਸਿਧਾਂਤ ਲਹਿਰ ਅਤੇ ਅੰਤਰ ਰਾਸ਼ਟਰੀ ਮਜ਼ਦੂਰ ਸੰਗਠਨ ਨੇ ਭਾਰਤੀ ਮਜ਼ਦੂਰਾਂ ਵਿਚ ਵੀ ਜਾਗਰਤੀ ਲਿਆਂਦੀ ਜਿਸ ਨਾਲ ਭਾਰਤੀ ਮਜ਼ਦੂਰਾਂ ਨੇ ਵੀ ਸਾਮਰਾਜਵਾਦੀ ਸ਼ਾਸਨ ਵਿਰੁੱਧ, ਕੰਮ ਦੀਆਂ ਹਾਲਤਾਂ, ਕੰਮ ਦੇ ਘੰਟੇ, ਛੁੱਟੀ ਅਤੇ ਨਿਸ਼ਕਾਸ਼ਨ ਆਦਿ ਦੇ ਪ੍ਰਸ਼ਨ ਲੈ ਕੇ ਹੜਤਾਲਾਂ ਕੀਤੀਆਂ।
ਭਾਰਤ ਵਿਚ ਸਭ ਤੋਂ ਪਹਿਲੀ ਹੜਤਾਲ ਬੰਬਈ ਦੀ ਟੈਕਸਟਾਈਲ ਮਿਲ ਵਿਚ ਸੰਨ 1874 ਵਿਚ ਹੋਈ। ਤਿੰਨ ਸਾਲ ਬਾਅਦ ਇੰਪਰੈਸ ਮਿਲਜ਼ ਨਾਗਪੁਰ ਦੇ ਕਾਮਿਆਂ ਨੇ ਮਜ਼ਦੂਰੀ ਵਧਾਣ ਲਈ ਹੜਤਾਲ ਕੀਤੀ। 1860 ਤੋਂ 1882 ਤੱਕ ਬੰਬਈ ਅਤੇ ਮਦਰਾਸ ਵਿਚ ਤਕਰੀਬਨ 25 ਵਾਰੀ ਹੜਤਾਲ ਹੋਈ। ਉਦਯੋਗਾਂ ਦੀ ਗਿਣਤੀ ਵੱਧਣ ਦੇ ਫਲਸਰੂਪ ਬੰਬਈ ਅਤੇ ਮਦਰਾਸ ਵਿਚ 1905 ਤੋਂ 1907 ਤੱਕ ਕਾਫ਼ੀ ਹੜਤਾਲਾਂ ਹੋਈਆਂ। 1905 ਵਿਚ ਕਲਕੱਤੇ ਦੇ ਭਾਰਤੀ ਸਰਕਾਰੀ ਪ੍ਰੈੱਸ ਦੇ ਕਾਮਿਆ ਨੇ ਕੁਝ ਮੰਗਾਂ ਦੀ ਪੂਰਤੀ ਨਾ ਹੋਣ ਤੇ ਹੜਤਾਲ ਕੀਤੀ ਜੋ ਇਕ ਮਹੀਨੇ ਤਕ ਰਹੀ। ਦੋ ਸਾਲ ਪਿੱਛੋਂ ਰੇਲ ਕਰਮਚਾਰੀਆਂ ਨੇ ਹੜਤਾਲ ਕੀਤੀ। 1908 ਵਿਚ ਬੰਬਈ ਦੇ ਟੈਕਸਟਾਹੀਲ ਮਿਲਾਂ ਦੇ ਮਜ਼ਦੂਰਾਂ ਨੇ ਸ੍ਰੀ ਬਾਲ ਗੰਗਧਾਰ ਤਿਲਕ ਦੇ ਜੇਲ੍ਹ ਭੇਜੇ ਜਾਣ ਦੇ ਰੋਸ ਵਜੋਂ ਹੜਤਾਲ ਕੀਤੀ।
ਪਹਿਲੀ ਲੜਾਈ ਖ਼ਤਮ ਹੋਣ ਦੇ ਬਾਅਦ ਸੰਘਰਸ਼ਾਂ ਨੇ ਜਨਮ ਲਿਆ ਅਤੇ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਵਿਚ ਲਗਭਗ 200 ਹੜਤਾਲਾਂ ਹੋਈਆਂ। 1930–1938 ਦੇ ਵਿਚ ਵੀ ਕਾਫ਼ੀ ਹੜਤਾਲਾਂ ਹੋਈਆਂ, ਪਰ ਇਨ੍ਹਾਂ ਦੀ ਸੰਖਿਆ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਘੱਟ ਸੀ। ਦੂਸਰੇ ਸੰਸਾਰ ਯੁੱਧ ਤੋਂ ਪਹਿਲਾਂ ਮਜ਼ਦੂਰਾਂ ਦੀ ਆਰਥਕ ਦਸ਼ਾ ਤੇ ਕੁਠਾਰਾਧਾਰ ਕੀਤਾ ਗਿਆ ਫ਼ਲਸਰੂਪ ਇਨ੍ਹਾਂ ਦੀ ਦਸ਼ਾ ਹੋਰ ਤਰਸਯੋਗ ਹੋ ਗਈ ਇਸ ਕਰਕੇ ਯੁੱਧ ਤੋਂ ਇਕਦਮ ਬਾਅਦ 1940 ਵਿਚ 322 ਅਤੇ 1942 ਵਿਚ 694 ਹੜਤਾਲਾਂ ਹੋਈਆਂ।
1947 ਵਿਚ ਸੁਤੰਤਰਤਾ ਮਿਲਣ ਤੋਂ ਇਕਦਮ ਬਾਅਦ ਸਰਕਾਰ ਨੇ ਸੰਘਰਸ਼ਾਂ ਨੂੰ ਸ਼ਾਂਤੀ ਪੂਰਵਕ ਸੁਲਝਾਉਣ ਦੇ ਅਨੇਕ ਯਤਨ ਕੀਤੇ ਪਰ ਹਰ ਰੋਜ਼ ਵੀ ਵਧ ਰਹੀ ਮਹਿੰਗਾਈ ਨੇ ਕਾਰਮਚਾਰੀਆਂ ਤੇ ਕਾਮਿਆਂ ਵਿਚ ਅਸੰਤੋਸ਼ ਦੀ ਜਵਾਲਾ ਜਲਾਈ ਰੱਖੀ। ਫ਼ਲਸਰੂਪ ਕੇਂਦਰੀ ਨੈਸ਼ਨਲ ਪਾਇਲਟਾਂ ਦੀ ਹੜਤਾਲ, ਸਟੇਟ ਬੈਂਕ ਅਤੇ ਹੋਰ ਵਪਾਰਕ ਬੈਂਕਾਂ ਦੇ ਕਰਮਚਾਰੀਆਂ ਦੀ ਹੜਤਾਲ, ਰੂਰਕੇਲਾ (ਰਾਉਰਕੇਲਾ), ਦੁਰਗਾਪੁਰ, ਭਿਲਾਈ ਅਤੇ ਹਿੰਦੁਸਤਾਨ ਸਟੀਲ ਪਲਾਂਟ ਦੇ ਕਾਮਿਆਂ ਦੀ ਹੜਤਾਲ ਅਤੇ ਹੋਰ ਛੋਟੇ ਵੱਡੇ ਉਦਯੋਗਾਂ ਵਿਚ ਹੜਤਾਲਾਂ ਦੇ ਕਾਮਿਆਂ ਦੀ ਹੜਤਾਲ ਅਤੇ ਹੋਰ ਛੋਟੇ ਵੱਡੇ ਉਦਯੋਗਾਂ ਵਿਚ ਹੜਤਾਲਾਂ ਹੋਈਆਂ ਇਨ੍ਹਾਂ ਨਾਲ ਰਾਸ਼ਟਰੀ ਅਰਥ–ਵਿਵਸਥਾ ਨੂੰ ਹੋਰ ਨੁਕਸਾਨ ਹੋਇਆ।
ਸਹਾਨੂਭੂਤੀ ਹੜਤਾਲ–– ਕੁਝ ਅਜਿਹੀਆਂ ਹੜਤਾਲਾਂ ਵੀ ਕਦੇ ਕਦੇ ਹੁੰਦੀਆਂ ਹਨ ਜਿਨ੍ਹਾਂ ਨੂੰ ਸਮੂਹਕ ਹੜਤਾਲਾਂ ਕਹਿੰਦੇ ਹਨ। ਇਹ ਉੱਪਰ ਦੱਸੇ ਕਿਸੇ ਕਾਰਨਾਂ ਕਰਕੇ ਨਹੀਂ ਸਗੋਂ ਇਕ ਦੂਸਰੇ ਸੰਗਠਨ ਦੀ ਸਾਹਨੂਭੂਤੀ ਲਈ ਹੁੰਦੀਆਂ ਹਨ। ਇਸ ਪ੍ਰਕਾਰ ਦੀਆਂ ਹੜਤਾਲਾਂ ਨੂੰ ਨਿਯੰਤਰਿਤ ਕਰਨ ਲਈ ਕੋਈ ਵਿਧਾਨਕ ਧਾਰਾ ਨਹੀਂ ਹੈ। ਅੱਜਕਲ੍ਹ ਸਹਾਨੂਭੂਤੀ ਹੜਤਾਲ ਅਤੇ ਦੂਸਰੀਆਂ ਹੜਤਾਲਾਂ ਸਿਰਫ਼ ਮਜ਼ਦੂਰਾਂ ਵਿਚ ਹੀ ਨਹੀਂ ਸਗੋਂ ਕਰਮਚਾਰੀਆਂ ਅਧਿਕਾਰੀਆਂ ਅਤੇ ਖ਼ਾਸ ਕਰਕੇ ਵਿਦਿਆਰਥੀਆਂ ਵਿਚ ਵੀ ਪ੍ਰਚਲਤ ਹਨ।
ਲੇਖਕ : ਦਿਆ ਸਿੰਘ ਸੰਧੂ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1772, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-15, ਹਵਾਲੇ/ਟਿੱਪਣੀਆਂ: no
ਹੜਤਾਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੜਤਾਲ, ਇਸਤਰੀ ਲਿੰਗ : ਇੱਕ ਦਵਾਈ
–ਹੜਤਾਲ ਗਊਦੰਤੀ, ਇਸਤਰੀ ਲਿੰਗ : ਚਿੱਟੇ ਰੰਗ ਦੀ ਇੱਕ ਨਰਮ ਧਾਤ ਜਿਸ ਦਾ ਕੁਸ਼ਤਾ (ਭਸਮ) ਬੁਖਾਰਾਂ ਲਈ ਮੁਫੀਦ ਹੈ
–ਹੜਤਾਲ ਜ਼ਰਦ, ਹੜਤਾਲ ਵਰਕੀਆਂ, ਇਸਤਰੀ ਲਿੰਗ : ਪੀਲੇ ਰੰਗ ਦੀ ਇੱਕ ਨਰਮ ਧਾਤ ਜਿਸ ਦਾ ਕੁਸ਼ਤਾ ਕਈਆਂ ਬੀਮਾਰੀਆਂ ਲਈ ਮੁਫੀਦ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 562, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-20-04-38-19, ਹਵਾਲੇ/ਟਿੱਪਣੀਆਂ:
ਹੜਤਾਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੜਤਾਲ, ਇਸਤਰੀ ਲਿੰਗ : ੧. ਕੋਈ ਮੰਗ ਪੂਰੀ ਨਾ ਹੋਣ ਦੇ ਰੋਸ ਵਜੋਂ ਮਜੂਰਾਂ ਦਾ ਕੰਮ ਛਡ ਬਹਿਣ ਦੀ ਹਾਲਤ ਜਾਂ ਕਿਰਿਆ
–ਭੁੱਖ ਹੜਤਾਲ, ਇਸਤਰੀ ਲਿੰਗ : ਰੋਸ ਵਜੋਂ ਕੁਝ ਨਾ ਖਾਣ ਪੀਣ ਦੀ ਪਰਤੱਗਿਆ
–ਹੜਤਾਲੀ, ਵਿਸ਼ੇਸ਼ਣ / ਪੁਲਿੰਗ : ਹੜਤਾਲ ਕਰਨ ਵਾਲਾ
–ਹੜਤਾਲੀਆ, ਵਿਸ਼ੇਸ਼ਣ / ਪੁਲਿੰਗ : ਹੜਤਾਲੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 562, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-20-04-38-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First