ਖ਼ਾਸ ਲਿਪੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਖ਼ਾਸ ਲਿਪੀ: ਇਹ ਲਿਪੀ ਗੁਰਮੁਖੀ ਅਤੇ ਦੇਵਨਾਗਰੀ ਲਿਪੀਆਂ ਦਾ ਮਿਲਗੋਭਾ ਹੈ। ਸਾਧਾਰਣ ਵਿਸ਼ਵਾਸ ਅਨੁਸਾਰ ਇਹ ਲਿਪੀ ‘ਤੀਰ ਦੀ ਮੁਖੀ ’ ਨਾਲ ਲਿਖੀ ਜਾਂਦੀ ਸੀ , ਪਰ ਅਸਲੀਅਤ ਇਹ ਹੈ ਕਿ ਉਸ ਸਮੇਂ ਤਕ ਭਾਰਤ ਵਿਚ ਪੁਰਤਗਾਲੀ ਨਿਬ ਦੀ ਵਰਤੋਂ ਸ਼ੁਰੂ ਹੋ ਗਈ ਸੀ। ਖ਼ਾਸ ਲਿਪੀ ਵਿਚ ਲਿਖੀ ਸਾਮਗ੍ਰੀ ਉਸ ਨਿਬ ਜਾਂ ਉਸ ਪ੍ਰਕਾਰ ਦੀ ਕਿਸੇ ਹੋਰ ਨਿਬ ਨਾਲ ਲਿਖੀ ਗਈ ਪ੍ਰਤੀਤ ਹੁੰਦੀ ਹੈ। ਕਾਹੀ ਜਾਂ ਸਰਕੰਡੇ ਦੀ ਕਲਮ ਨਾਲ ਇਹ ਘਟ ਹੀ ਲਿਖੀ ਜਾਂਦੀ ਸੀ। ਇਸ ਦਾ ਲਿਖਣ-ਢੰਗ ਉਪਰੋਕਤ ਦੋਹਾਂ ਲਿਪੀਆਂ ਤੋਂ ਕੁਝ ਭਿੰਨ ਅਤੇ ਲਿੰਡਿਆਂ ਦੀ ਲਿਖਾਵਟ ਦੇ ਕੁਝ ਅਨੁਰੂਪ ਹੈ। ਇਸ ਲਿਪੀ ਵਿਚ ਲਿਖਣ ਤੋਂ ਪਹਿਲਾਂ ਦੋ ਸਿਧੀਆਂ ਸ਼ਿਰੋ-ਰੇਖਵਾਂ ਖਿਚ ਕੇ ਫਿਰ ਉਨ੍ਹਾਂ ਨਾਲ ਅੱਖਰਾਂ ਨੂੰ ਟਾਂਕਿਆ ਜਾਂਦਾ ਹੈ। ਕਿਤੇ ਕਿਤੇ ਕੇਵਲ ਇਕੋ ਹੀ ਸ਼ਿਰੋ-ਰੇਖਾ ਲਗੀ ਵੇਖਣ ਵਿਚ ਆਈ ਹੈ। ਇਸ ਵਿਚ ‘ਆ’ ਦੀ ਮਾਤ੍ਰਾ ਲਈ ਕੇਵਲ ਇਕ ਬਿੰਦੀ ਹੀ ਲਗਾਈ ਜਾਂਦੀ ਹੈ, ਕਿਤੇ ਇਹ ਬਿੰਦੀ ਅੱਖਰਾਂ ਦੇ ਵਿਚਕਾਰ ‘ਆ’ ਮਾਤ੍ਰਾ ਵਾਲੀ ਨਿਸਚਿਤ ਥਾਂ ਤੇ ਲਗੀ ਹੁੰਦੀ ਹੈ ਅਤੇ ਕਿਤੇ ਸ਼ਿਰੋ-ਰੇਖਾ ਉਤੇ। ਬਾਕੀ ਮਾਤ੍ਰਾਵਾਂ ਵੀ ਕੁਝ ਵਟੇ ਹੋਏ ਰੂਪ ਵਿਚ ਵਰਤੀਆਂ ਜਾਂਦੀਆਂ ਹਨ। ਲਿਖਣ ਵੇਲੇ ਹਰ ਇਕ ਅੱਖਰ ਨੂੰ ਅਤੇ ਖ਼ਾਸ ਕਰ ਉਸ ਦੀ ਦੁੰਮ ਨੂੰ ਖੱਬੇ ਪਾਸੇ ਵਲ ਕਾਫ਼ੀ ਖਿਚ ਦਿੱਤਾ ਜਾਂਦਾ ਹੈ। ਇਸ ਲਈ ਇਸ ਨੂੰ ‘ਚਲੰਤ-ਲਿਪੀ’ ਵੀ ਆਖਿਆ ਜਾਂਦਾ ਹੈ। ਇਕ ਨਿਜੀ ਭੇਂਟ ਵੇਲੇ ਸੋਢੀ ਮਨੋਹਰ ਸਿਘ (ਆਨੰਦਪੁਰ ਵਾਸੀ) ਨੇ ਇਸ ਲਿਪੀ ਦਾ ਨਾਂ ‘ਕਰਪਲੀ’ ਦਸਿਆ ਸੀ।
ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਅਨੁਸਾਰ ਇਸ ਲਿਪੀ ਦੀ ਕਾਢ ਦਸਮ ਗੁਰੂ ਨੇ ਕਢੀ ਸੀ, ਪਰ ਇਹ ਕਥਨ ਨਿਰਾਧਾਰ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੇ ਹੁਕਮਨਾਮਿਆਂ ਵਿਚ ਵੀ ਅਜਿਹੀ ਲਿਪੀ ਵਰਤੀ ਹੋਈ ਮਿਲਦੀ ਹੈ। ਇਸ ਤੋਂ ਛੁਟ , ਸੰਮਤ 1710 ਬਿ. ਵਿਚ ਲਿਖੀ ‘ਗੁਰੂ ਗ੍ਰੰਥ ਸਾਹਿਬ ’ ਦੀ ਇਕ ਬੀੜ ਦੇ ਆਰੰਭ ਵਿਚ ਗੁਰੂ ਤੇਗ ਬਹਾਦਰ ਜੀ ਦਾ ਨੀਸਾਨ ਇਸੇ ਲਿਪੀ ਵਿਚ ਲਿਖਿਆ ਮਿਲਦਾ ਹੈ। ਇਸ ਨੀਸਾਨ ਦਾ ਬਲਾਕ-ਚਿਤਰ ‘ਖ਼ਾਲਸਾ ਸਮਾਚਾਰ’ (ਅਰਧ ਸ਼ਤਾਬਦੀ ਅੰਕ , 13 ਸੰਤਬਰ 1950) ਵਿਚ ਪ੍ਰਕਾਸ਼ਿਤ ਹੋ ਚੁਕਾ ਹੈ। ਅਜਿਹੀ ਹਾਲਤ ਵਿਚ ਵਧ ਤੋਂ ਵਧ ਇਹ ਮੰਨਿਆ ਜਾ ਸਕਦਾ ਹੈ ਕਿ ਦਸਮ ਗੁਰੂ ਨੇ ਇਸ ਲਿਪੀ ਨੂੰ ਸੰਵਾਰਿਆ ਸੀ ਜਾਂ ਇਸ ਵਿਚ ਗ੍ਰੰਥ ਲਿਖਣ ਦੀ ਪ੍ਰੇਰਣਾ ਦਿੱਤੀ ਸੀ ਜਾਂ ਆਪਣੇ ਨੀਸਾਣ ਗੁਰੂ ਪਰੰਪਰਾ ਅਨੁਸਾਰ ਇਸੇ ਲਿਪੀ ਵਿਚ ਦੇਣੇ ਜਾਰੀ ਰਖੇ ਸਨ। ਇਸ ਲਿਪੀ ਵਿਚ ਦਸਮ ਗੁਰੂ ਤੋਂ ਬਾਦ ਵੀ ਜਾਅਲੀ ਰੂਪ ਵਿਚ ਲਿਖਿਆ ਜਾਂਦਾ ਰਿਹਾ ਜਿਸ ਦਾ ਪ੍ਰਯੋਜਨ ਦਸਮ ਗੁਰੂ ਦੀ ਲਿਖਿਤ ਦਾ ਭਰਮ ਪਾਉਣਾ ਸੀ। ਉਦਾਹਰਣ ਵਜੋਂ :
(1) ਭਾਈ ਜੀਵਨ ਸਿੰਘ (ਮਹੱਲਾ ਡੋਗਰਿਆਂ, ਹਿਸਾਰ) ਪਾਸ ਸੰਮਤ 1777 ਬਿ. ਦਾ ਇਕ ਹੁਕਮਨਾਮਾ ਸੁਰਖਿਅਤ ਸੀ, ਜਿਸ ਉੱਤੇ ਇਸ ਲਿਪੀ ਵਿਚ ‘ਨੀਸਾਣ’ ਅੰਕਿਤ ਹੈ। ਇਹ ਤਿਥੀ ਦਸਵੇਂ ਗੁਰੂ ਤੋਂ 13 ਵਰ੍ਹੇ ਬਾਦ ਦੀ ਹੈ।
(2) ਅਨੇਕਾਂ ਜਾਅਲੀ ਹੁਕਮਨਾਮੇ ਅਤੇ ਹੋਰ ਅਪ੍ਰਮਾਣਿਕ ਸਾਮਗ੍ਰੀ।
ਅਸਲ ਵਿਚ, ਇਹ ਲਿਪੀ ਉਸ ਸਮੇਂ ਮੰਡੀ ਸੁਕੇਤ ਅਤੇ ਉਸ ਦੇ ਨਾਲ ਲਗਦੀਆਂ ਪਹਾੜੀ ਰਿਆਸਤਾਂ ਵਿਚ ਆਮ ਪ੍ਰਚਲਿਤ ਸੀ
ਅਤੇ ਇਸ ਨੂੰ ‘ਕਟੂ ਲਿਪੀ’ ਕਿਹਾ ਜਾਂਦਾ ਸੀ।
ਖ਼ਾਸ ਲਿਪੀ ਵਿਚ ਪ੍ਰਾਪਤ ਸਾਮਗ੍ਰੀ
(1) ਭਾਈ ਮਨੀ ਸਿੰਘ ਵਾਲੀ ਬੀੜ ਵਿਚ ਸੁਰਖਿਅਤ ਅੱਠ ਪੱਤਰੇ ,
(2) ਗੁਰਦੁਆਰਾ ਮੋਤੀ ਬਾਗ਼ ਵਾਲੀ ਬੀੜ ਵਿਚ ਸੁਰਖਿਅਤ ਸੱਤ ਪੱਤਰੇ,
(3) ਰਾਜਾ ਫ਼ਰੀਦਕੋਟ ਪਾਸ ਸੁਰਖਿਅਤ ਇਕ ਪੱਤਰਾ (ਰਾਜ ਭਵਨ, ਮਸ਼ੋਬਰਾ),
(4) ‘ਖ਼ਾਲਸਾ ਸਮਾਚਾਰ’ ਵਿਚ ਪ੍ਰਕਾਸ਼ਿਤ ਇਕ ਪੱਤਰ (ਅਰਧ ਸ਼ਤਾਬਦੀ ਅੰਕ, 1950 ਈ.),
(5) ‘ਆਦਿ ਗ੍ਰੰਥ ’ ਦੀ ਇਕ ਪੂਰੀ ਬੀੜ, (ਮਨੋਰਹਰ ਸਿੰਘ ਮਾਰਕੋ ਪਾਸ ਸੁਰਖਿਅਤ),
(6) ਸ਼ਸਤ੍ਰ ਨਾਮ ਮਾਲਾ (ਕ੍ਰਮਾਂਕ 5 ਵਾਲੀ ਬੀੜ ਨਾਲ),
(7) ਜਪੁ , ਜਾਪੁ, ਕਰਨੀ-ਨਾਮਾ ਅਤੇ ਰਾਜਾ ਹਰਿ ਚੰਦ ਦੀ ਕਥਾ ਆਦਿ (ਆਨੰਦਪੁਰ ਦੇ ਸੋਢੀਆਂ ਪਾਸ ਸੁਰਖਿਅਤ),
(8) ‘ਚਰਿਤ੍ਰੋਪਾਖਿਆਨ ’ ਦੀ ਇਕ ਪੋਥੀ (ਨਾਭਾ ਰਿਆਸਤ ਦੇ ਤੋਸ਼ਾਖ਼ਾਨੇ ਵਿਚ ਸੁਰਖਿਅਤ) ਅਤੇ
(9) ਅਪ੍ਰਮਾਣਿਕ ਹੁਕਮਨਾਮਾ।
ਇਸ ਤੋਂ ਛੁਟ, ਗੁਰੂ ਤੇਗ ਬਹਾਦਰ ਜੀ ਅਤੇ ਦਸਮ ਗੁਰੂ ਜੀ ਦੇ ਹੁਕਮਨਾਮੇ ਜਾਂ ਉਨ੍ਹਾਂ ਦੇ ਪਾਏ ‘ਨੀਸਾਣ’ ਇਸ ਲਿਪੀ ਵਿਚ ਪ੍ਰਾਪਤ ਹੋਏ ਹਨ। ‘ਖ਼ਾਸ-ਪੱਤਰਾਂ ਦੇ ਕੁਝ ਉਤਾਰੇ ਵੀ ਕਈ ਥਾਂਵਾਂ’ਤੇ ਸੁਰਖਿਅਤ ਪ੍ਰਾਚੀਨ ਬੀੜਾਂ ਵਿਚ ਸਥਾਨ -ਕ੍ਰਮ ਅਨੁਸਾਰ ਸੰਗ੍ਰਹਿਤ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1286, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First