ਜ਼ੈਨ ਖ਼ਾਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜ਼ੈਨ ਖ਼ਾਨ (ਮ. 1764 ਈ.): ਸੰਨ 1759 ਈ. ਵਿਚ ਜਦੋਂ ਅਹਿਮਦ ਸ਼ਾਹ ਦੁਰਾਨੀ ਨੇ ਕਰੀਮ ਦਾਦ ਖ਼ਾਨ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਤਾਂ ਜ਼ੈਨ ਖ਼ਾਨ ਨੂੰ ਚਾਰ ਖੇਤਰਾਂ—ਸਿਆਲਕੋਟ, ਗੁਜਰਾਤ , ਪਸਰੂਰ ਅਤੇ ਔਰੰਗਾਬਾਦ—ਦਾ ਫ਼ੌਜਦਾਰ ਥਾਪਿਆ। ਮਾਰਚ 1761 ਈ. ਵਿਚ ਦੁਰਾਨੀ ਨੇ ਇਸ ਨੂੰ ਸਰਹਿੰਦ ਦਾ ਸੂਬੇਦਾਰ ਲਗਾਇਆ। ਇਸ ਨੇ ਸਿੱਖਾਂ ਨੂੰ ਖ਼ਤਮ ਕਰਨ ਦੀ ਤਕੜੀ ਮੁਹਿੰਮ ਚਲਾਈ ਅਤੇ 5 ਫਰਵਰੀ 1762 ਈ. ਵਿਚ ਕੁਪ-ਰਹੀੜਾ ਦੇ ਮੁਕਾਮ ਉਤੇ ਹੋਏ ਵੱਡੇ ਘੱਲੂਘਾਰੇ ਵਿਚ ਇਸ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਘੱਲੂਘਾਰੇ ਤੋਂ ਚਾਰ ਮਹੀਨਿਆਂ ਬਾਦ ਸਿੱਖਾਂ ਨੇ ਇਸ ਨੂੰ ਸਬਕ ਸਿਖਾਉਣ ਲਈ ਸਰਹਿੰਦ ਉਤੇ ਹਮਲਾ ਕੀਤਾ ਅਤੇ ਇਸ ਨੂੰ ਪਰਾਜਿਤ ਕਰਕੇ ਖ਼ਿਰਾਜ ਵਸੂਲ ਕੀਤਾ। 14 ਜਨਵਰੀ 1764 ਈ. ਨੂੰ ਸ. ਜੱਸਾ ਸਿੰਘ ਆਹਲੂਵਾਲੀਆਂ ਦੀ ਕਮਾਨ ਅਧੀਨ ਸੱਤ ਮਿਸਲਾਂ ਦੀ ਸੈਨਿਕ ਸ਼ਕਤੀ ਨੇ ਸਰਹਿੰਦ ਉਤੇ ਹਮਲਾ ਕੀਤਾ ਅਤੇ ਸਰਹਿੰਦ ਤੋਂ 10 ਕਿ.ਮੀ. ਦੀ ਵਿਥ ਉਤੇ ਪੀਰ-ਜੈਨ ਦੇ ਮੁਕਾਮ ਉਤੇ ਲੜੀ ਗਈ ਲੜਾਈ ਵਿਚ ਜ਼ੈਨ ਖ਼ਾਨ ਘਾਇਲ ਹੋ ਗਿਆ। ਉਥੋਂ ਖਿਸਕ ਕੇ ਇਹ ਅੰਬਾਂ ਦੇ ਇਕ ਬਾਗ਼ ਵਿਚ ਜਾ ਲੁਕਿਆ। ਮਾੜੀ ਦੇ ਸ. ਤਾਰਾ ਸਿੰਘ ਨੇ ਇਸ ਦਾ ਪਿਛਾ ਕੀਤਾ ਅਤੇ ਇਸ ਦਾ ਸਿਰ ਵੱਢ ਦਿੱਤਾ। ਇਸ ਤਰ੍ਹਾਂ ਸਰਹਿੰਦੇ ਦੇ ਸੂਬੇ ਦਾ ਸਾਰਾ ਇਲਾਕਾ ਸਿੱਖ ਮਿਸਲਾਂ ਦੇ ਅਧੀਨ ਹੋ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1525, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜ਼ੈਨ ਖ਼ਾਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜ਼ੈਨ ਖ਼ਾਨ : ਇਹ ਸਰਹੰਦ ਦਾ ਇਕ ਅਫ਼ਗਾਨ ਗਵਰਨਰ ਸੀ। ਅਹਿਮਦ ਸ਼ਾਹ ਅਬਦਾਲੀ ਮਰਹੱਟਿਆਂ ਨੂੰ ਪਾਨੀਪਤ ਦੇ ਮੈਦਾਨ ਵਿਚ ਹਰਾਉਣ ਉਪਰੰਤ ਲਾਹੌਰ ਵਾਪਸ ਚਲਾ ਗਿਆ ਪਰ ਉਹ ਸਿੱਖਾਂ ਦਾ ਕੁਝ ਵੀ ਨਾ ਵਿਗਾੜ ਸਕਿਆ। ਜ਼ੈਨ ਖ਼ਾਨ ਨੂੰ ਸਰਹੰਦ ਦਾ ਸੂਬੇਦਾਰ ਅਤੇ ਖਵਾਜਾ ਓਬੈਦ ਖ਼ਾਨ ਨੂੰ ਲਾਹੌਰ ਦਾ, ਸਰ ਬੁਲੰਦ ਖ਼ਾਨ ਨੂੰ ਮੁਲਤਾਨ ਦਾ ਸੂਬੇਦਾਰ ਅਤੇ ਜਲੰਧਰ ਦੁਆਬ ਦਾ ਚਾਰਜ ਕਾਂਗੜੇ ਦਾ ਰਾਜਾ ਘੁੰਮਢ ਚੰਦ ਕਟੋਚ ਨੂੰ ਸੌਂਪ ਕੇ ਆਪ ਆਪਣੇ ਵਤਨ ਚਲਾ ਗਿਆ ਪਰ ਸਿੱਖਾਂ ਨੂੰ ਤਬਾਹ ਕਰਨ ਲਈ ਸਖ਼ਤ ਹੁਕਮ ਜਾਰੀ ਕਰ ਗਿਆ।

          ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸਿੰਧ ਦਰਿਆ ਪਾਰ ਕਰ ਲਿਆ ਤਾਂ ਸਿੱਖ ਫਿਰ ਸਾਰੇ ਹੀ ਸੂਬੇ ਤੇ ਛਾ ਗਏ। ਚਹਾਰ ਮਹੱਲ ਦਾ ਗਵਰਨਰ ਅਤੇ ਉਸਦੇ 1000 ਸਿਪਾਹੀਆਂ ਨੂੰ ਮਾਰਨ ਉਪਰੰਤ ਕੋਈ 30,000 ਤੋਂ ਵੱਧ ਗਿਣਤੀ ਵਿਚ ਸਿੱਖਾਂ ਨੇ ਜਲੰਧਰ ਦੁਆਬ ਵੱਲ ਕੂਚ ਕਰ ਦਿੱਤਾ ਅਤੇ ਸਾਦਤ ਖ਼ਾਨ ਨੂੰ ਕਈ ਹੋਰ ਫ਼ੌਜਦਾਰਾਂ ਨੂੰ ਹਰਾਇਆ। ਇਸ ਉਪਰੰਤ ਸਿੱਖਾਂ ਨੇ ਸਰਹੰਦ ਵੱਲ ਕੂਚ ਕਰ ਦਿੱਤਾ। ਜ਼ੈਨ ਖ਼ਾਨ ਇਸ ਵੇਲੇ ਕਿਤੇ ਗਿਆ ਹੋਇਆ ਸੀ। ਸਿੱਖ ਸਰਹੰਦ ਵਿਚ ਦਾਖ਼ਲ ਹੋ ਗਏ। ਸ਼ਹਿਰ ਨੂੰ ਬਦ-ਅਸੀਸਾਂ ਦਿੱਤੀਆਂ ਅਤੇ ਇਸ ਨੂੰ ਫਿਰ ਲੁੱਟਣਾ ਸ਼ੁਰੂ ਕਰ ਦਿੱਤਾ। ਮਲੇਰਕੋਟਲੇ ਦਾ ਹਾਕਮ, ਭੀਖਣ ਖ਼ਾਨ ਜੋ ਉਸ ਸਮੇਂ ਸਰਹੰਦ ਵਿਚ ਮੌਜੂਦ ਸੀ, ਦੀਆਂ ਫ਼ੌਜਾਂ ਨੇ ਸਿੱਖਾਂ ਦਾ ਟਾਕਰਾ ਕੀਤਾ। ਜੈਨ ਖ਼ਾਨ ਵੀ ਵਾਪਸ ਆ ਗਿਆ ਅਤੇ ਸਿੱਖ ਉੱਸੇ ਵਕਤ ਉਥੋਂ ਨਸ ਗਏ। ਛੇਤੀ ਹੀ ਸਿੱਖ ਫਿਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਮਲੇਰਕੋਟਲੇ ਦੇ ਭੀਖਣ ਖ਼ਾਨ ਨੂੰ ਜਾ ਸੌਂਪਿਆ।

          ਇੰਨੇ ਚਿਰ ਨੂੰ ਅਬਦਾਲੀ ਵੀ ਅਫ਼ਗਾਨਿਸਤਾਨ ਪੁੱਜ ਚੁੱਕਾ ਸੀ ਪਰ ਸਿੱਖਾਂ ਹੱਥੋਂ ਹੋਏ ਨੁਕਸਾਨ ਤੇ ਉਹ ਅਫ਼ਸੋਸ ਕਰਦਾ ਰਹਿੰਦਾ ਸੀ। ਸਿੱਖਾਂ ਨੇ ਲਾਹੌਰ ਤੇ ਕਬਜ਼ਾ ਕਰ ਲੈਣ ਉਪਰੰਤ, ਜੰਡਿਆਲੇ ਦੇ ਆਕਿਲ ਖ਼ਾਨ ਨੂੰ ਸੌਂਪਣ ਦਾ ਫ਼ੈਸਲਾ ਕੀਤਾ। ਜਦੋਂ ਦੁਰਾਨੀ ਜੰਡਿਆਲੇ ਪੁੱਜਾ ਤਾਂ ਸਿੱਖ ਤਾਂ ਆਪਣਾ ਘੇਰਾ ਪਹਿਲਾਂ ਹੀ ਉਠਾ ਚੁੱਕੇ ਸਨ। ਉਨ੍ਹਾਂ ਨੇ ਸਰਹੰਦ ਵੱਲ ਨੂੰ ਕੂਚ ਕਰ ਦਿੱਤਾ ਅਤੇ ਸਰਹੰਦ ਦੇ ਸੂਬੇਦਾਰ ਤੇ ਜਾ ਹਮਲਾ ਕੀਤਾ।

          ਅਬਦਾਲੀ ਲਾਹੌਰ ਵਾਪਸ ਆ ਗਿਆ ਅਤੇ ਇਥੋਂ ਉਸਨੇ ਮੁਸਲਮਾਨ ਜਾਗੀਰਦਾਰਾਂ, ਬਰੋਚ ਅਤੇ ਮਲੇਰਕੋਟਲੇ ਦੇ ਮੁੱਖੀਆਂ ਅਤੇ ਫ਼ੌਜੀ ਅੱਡਿਆਂ ਨੂੰ, ਜ਼ੈਨ ਖ਼ਾਨ ਨਾਲ ਸਰਹੰਦ ਵਿਖੇ ਰਲਣ ਲਈ ਹੁਕਮ ਜਾਰੀ ਕੀਤੇ। ਰਣਭੂਮੀ ਵਿਚੋਂ ਦੁਰਾਨੀ ਦੀ ਅਸਥਾਈ ਗੈਰ-ਹਾਜ਼ਰੀ ਨੇ ਸਿੱਖਾਂ ਨੂੰ ਇਹ ਯਕੀਨ ਕਰਵਾ ਦਿੱਤਾ ਕਿ ਉਹ ਹੁਣ ਸਿੱਖਾਂ ਨਾਲ ਕੋਈ ਜੰਗ ਨਹੀਂ ਲੜੇਗਾ ਪਰ ਸਿੱਖਾਂ ਦੀ ਹੈਰਾਨੀ ਨੂੰ ਅਬਦਾਲੀ ਤਾਂ 150 ਮੀਲਾਂ ਦਾ ਸਫ਼ਰ ਅਤੇ ਦੋ ਦਰਿਆਵਾਂ ਨੂੰ 36 ਘੰਟਿਆਂ ਤੋਂ ਪਹਿਲਾਂ ਹੀ ਪਾਰ ਕਰਕੇ 5 ਫ਼ਰਵਰੀ, 1762 ਨੂੰ ਮਲੇਰਕੋਟਲੇ ਪੁੱਜ ਚੁੱਕਾ ਸੀ। ਇਸ ਸਮੇਂ ਲਗਭਗ 50,000 ਦੀ ਗਿਣਤੀ ਵਿਚ ਸਿੱਖ ਕੂਪ ਪਿੰਡ ਵਿਚ ਬੈਠੇ ਹੋਏ ਸਨ ਅਤੇ ਉਨ੍ਹਾਂ ਦੀਆਂ ਔਰਤਾਂ ਤੇ ਬੱਚੇ ਪਿੰਡ ਗਰਮਾ ਵਿਚ ਸਨ। ਦੁਰਾਨੀ ਦੇ ਅਪੜਨ ਦੀ ਖ਼ਬਰ ਸੁਣਦਿਆਂ ਸਾਰ ਹੀ ਸਿੱਖ ਪਿੰਡ ਗਰਮਾ ਵੱਲ ਨੂੰ ਹੋ ਗਏ। ਸਿੱਖਾਂ ਨੇ ਸੋਚਿਆ ਕਿ ਫ਼ੌਜੀ ਪੱਖੋਂ ਅਫ਼ਗਾਨ ਉਨ੍ਹਾਂ ਨਾਲੋਂ ਤਕੜੇ ਹਨ। ਜ਼ੈਨ ਖ਼ਾਨ ਨੇ ਸਿੱਖਾਂ ਦੇ ਕੂਚ ਨੂੰ ਠਲ੍ਹਣ ਲਈ ਉਨ੍ਹਾਂ ਤੇ ਹਮਲਾ ਕਰ ਦਿੱਤਾ ਅਤੇ ਇਕ ਮੀਲ ਤੱਕ ਉਨ੍ਹਾਂ ਦਾ ਪਿੱਛਾ ਕੀਤਾ। ਸਿੱਖਾਂ ਨੂੰ ਮਜਬੂਰ ਹੋ ਕੇ ਪਿੱਛੇ ਮੁੜਨਾ ਪਿਆ ਅਤੇ ਜ਼ੈਨ ਖ਼ਾਨ ਨਾਲ ਲੜਨਾ ਪਿਆ। ਇਸ ਲੜਾਈ ਵਿਚ ਜ਼ੈਨ ਖ਼ਾਨ ਦੀ ਹਾਰ ਹੋਈ ਅਤੇ ਸਿੱਖ ਫਿਰ ਇਕ ਵਾਰ ਪਿੰਡ ਗਰਮਾ ਨੂੰ ਮੁੜੇ।

          ਮਈ 1762 ਵਿਚ (ਕੁਪ ਵਿਖੇ ਹੋਏ ਭਾਰੀ ਨੁਕਸਾਨ ਤੋਂ ਬਿਲਕੁਲ ਤਿੰਨ ਮਹੀਨੇ ਪਿੱਛੋਂ) ਸਿੱਖਾਂ ਨੇ ਸਰਹੰਦ ਉੱਤੇ ਹਮਲਾ ਕਰ ਦਿੱਤਾ ਅਤੇ ਜੈਨ ਖ਼ਾਨ ਉੱਤੇ ਇਹ ਸ਼ਰਤ ਲਾ ਦਿੱਤੀ ਕਿ ਜੇ ਉਹ ਸਿੰਘਾਂ ਨੂੰ 50,000 ਰੁਪਏ ਅਦਾ ਕਰ ਦਿੰਦਾ ਹੈ ਤਾਂ ਇਸ ਇਲਾਕੇ ਵਿਚ ਸ਼ਾਂਤੀ ਸਥਾਪਿਤ ਹੋ ਸਕਦੀ ਹੈ। ਇਸੇ ਸਾਲ ਹੀ ਸਿੱਖ ਦੀਵਾਲੀ ਮਨਾਉਣ ਲਈ ਅੰਮ੍ਰਿਤਸਰ ਜਾ ਇਕੱਠੇ ਹੋਏ।

          ਅਹਿਮਦ ਸ਼ਾਹ ਅਬਦਾਲੀ ਲਾਹੌਰ ਪੁੱਜ ਕੇ ਆਪਣੀਆਂ ਕਸ਼ਮੀਰੋਂ ਮੁੜ ਰਹੀਆਂ ਫ਼ੌਜਾਂ ਦੀ ਉਡੀਕ ਕਰਨ ਲੱਗਾ। ਇਸ ਦੀਆਂ ਫ਼ੌਜਾਂ ਜਿੱਤਾਂ ਮਾਰਦੀਆਂ ਹੋਈਆਂ ਲਾਹੌਰ ਪੁੱਜ ਗਈਆਂ। ਅਹਿਮਦ ਸ਼ਾਹ ਦੇ ਦੇਸ਼ ਵਿਚ ਵੀ ਵਿਦਰੋਹ ਖੜ੍ਹਾ ਹੋ ਗਿਆ। ਦੁਰਾਨੀ ਨੇ ਕਾਬਲੀ ਮੱਲ ਨੂੰ ਲਾਹੌਰ ਦਾ ਸੂਬੇਦਾਰ, ਸ਼ਾਹ ਆਲਮ ਨੂੰ ਦਿੱਲੀ ਦਾ ਸ਼ਹਿਨਾਸ਼ਾਹ, ਸਾਦਤ ਯਾਰ ਖ਼ਾਨ ਨੂੰ ਜਲੰਧਰ ਦੁਆਬ ਅਤੇ ਜ਼ੈਨ ਖ਼ਾਨ ਨੂੰ ਸਰਹੰਦ ਦਾ ਸੂਬੇਦਾਰ ਪੱਕਾ ਕਰ ਦਿੱਤਾ ਅਤੇ ਆਪ ਤੇਜ਼ੀ ਨਾਲ ਕੰਧਾਰ ਨੂੰ ਤੁਰ ਗਿਆ।

          ਹੁਣ ਸਿੱਖਾਂ ਦਾ ਫਿਰ ਚੜ੍ਹਦੀ ਕਲਾ ਦਾ ਸਮਾਂ ਸ਼ੁਰੂ ਹੋ ਗਿਆ। ਸਿੱਖ ਉਪਰੋਂ ਥਲੀ ਹੀ ਜਿੱਤਾਂ ਮਾਰ ਰਹੇ ਸਨ। ਹੁਣ ਉਨ੍ਹਾਂ ਨੇ ਸਰਹੰਦ ਦੇ ਸੂਬੇ ਵਿਚ ਦਖ਼ਲ ਦੇਣ ਦਾ ਫ਼ੈਸਲਾ ਕੀਤਾ। ਸਿੱਖਾਂ ਨੇ ਪਹਿਲਾਂ ਖੇੜੀ ਤੇ ਹਮਲਾ ਕੀਤਾ ਅਤੇ ਗੰਗੂ ਤੇ ਉਸਦੇ ਪਰਿਵਾਰ ਨੂੰ ਮਾਰ ਦਿੱਤਾ ਗਿਆ। ਇਸ ਤੋਂ ਪਿੱਛੋਂ ਮੋਰਿੰਡੋ ਤੇ ਹਮਲਾ ਕਰਕੇ ਜਾਨੀ ਤੇ ਮਾਨੀ ਨੂੰ ਸੌਂਪਿਆ।

          ਇਹ ਸਾਰਾ ਕੁਝ ਜ਼ੈਨ ਖ਼ਾਨ ਦੇ ਸੂਬੇ ਵਿਚ ਹੋ ਰਿਹਾ ਸੀ। ਇਹ ਵੇਖ ਕੇ ਉਹ ਬਹੁਤ ਡਰ ਗਿਆ। ਉਹ ਸਿੱਖਾਂ ਨਾਲ ਸੁਲ੍ਹਾ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰਦਾ ਰਿਹਾ। ਇਸ ਵੇਲੇ ਸਿੱਖਾਂ ਨਾਲ ਆਲਾ ਸਿੰਘ ਵੀ ਆ ਰਲਿਆ ਅਤੇ ਮਾਲਵੇ ਦੇ ਕੋਈ 50,000 ਜੱਟਾਂ ਨੇ ਸਰਹੰਦ ਨੂੰ ਘੇਰਾ ਪਾ ਲਿਆ। ਸਮਕਾਲੀ ਇਤਿਹਾਸਕਾਰ ਮਿਸਕੀਨ ਅਨੁਸਾਰ ਜ਼ੈਨ ਖ਼ਾਨ ਦਾ ਰਾਜ ਪ੍ਰਬੰਧ ਬਜ਼ਾਬਤਰਾ ਵਾਲਾ ਅਤੇ ਮਾੜਾ ਹੋ ਚੁੱਕਾ ਸੀ। ਉਸਦੇ ਕਈ ਨਿੱਜੀ ਆਦਮੀ ਵੀ ਉਸਨੂੰ ਨਫਰਤ ਕਰਨ ਲੱਗ ਪਏ ਸਨ। ਉਸਨੂੰ ਨਾ ਤਾਂ ਕੋਈ ਦਿੱਲੀ ਤੋਂ ਅਤੇ ਨਾ ਹੀ ਕੰਧਾਰ ਤੋਂ ਕਿਸੇ ਮਦਦ ਅਪੜਨ ਦੀ ਆਸ ਸੀ। ਕੁਝ ਚਿਰ ਪਿੱਛੋਂ ਜ਼ੈਨ ਖ਼ਾਨ ਨੂੰ ਸਿੱਖਾਂ ਨਾਲ ਲੜਾਈ ਕਰਨੀ ਪਈ। ਦੋਹਾਂ ਧਿਰਾਂ ਦੀ ਸਰਹੰਦ ਤੋਂ 11 ਕਿ. ਮੀ. ਪੂਰਬ ਵੱਲ ਪੈਂਦੇ ਪੀਰ ਜਨ ਮੁਨੇਰਾ ਦੇ ਪਿੰਡ ਵਿਖੇ ਬਹੁਤ ਭਾਰੀ ਲੜਾਈ ਹੋਈ। ਜ਼ੈਨ ਖ਼ਾਨ ਦੀਆਂ ਫ਼ੌਜਾਂ ਦੀ ਬੁਰੀ ਤਰ੍ਹਾਂ ਹਾਰ ਹੋਈ। ਜ਼ੈਨ ਖ਼ਾਨ ਵੀ ਆਖ਼ਰ ਨੂੰ ਘੋੜੇ ਤੋਂ ਡਿੱਗ ਗਿਆ ਅਤੇ ਸਿੰਘਾਂ ਨੇ ਸਿਰ ਵੱਢ ਕੇ ਸਰਦਾਰ ਕਪੂਰ ਸਿੰਘ ਹੋਰਾਂ ਅੱਗੇ ਜਾ ਰੱਖਿਆ। ਇਸ ਲੜਾਈ ਵਿਚ ਜ਼ੈਨ ਖ਼ਾਨ ਤੋਂ ਇਲਾਵਾ ਕਈ ਹੋਰ ਮੁਸਲਮਾਨ ਆਗੁਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

          ਇਸ ਜਿੱਤ ਉਪਰੰਤ ਸਰਹੰਦ ਅਤੇ ਉਸਦਾ ਬਹੁਤ ਸਾਰਾ ਇਲਾਕਾ ਪਟਿਆਲੇ ਦੇ ਰਾਜ ਵਿਚ ਮਿਲਾ ਲਿਆ ਗਿਆ ਅਤੇ ਉਸਦੇ ਨਾਲ ਹੀ ਨਾਭੇ ਅਤੇ ਜੀਂਦ ਰਿਆਸਤਾਂ ਦਾ ਵੀ ਕੁਝ ਪਿੰਡਾਂ ਤੇ ਕਬਜ਼ਾ ਹੋ ਗਿਆ।

          ਹ. ਪੁ.–ਐਡਵਾਂਸਡ ਸਟਡੀ ਇਨ ਹਿਸਟਰੀ ਆਫ਼ ਦੀ ਪੰਜਾਬ ਜਿਲਦ–1 : 436, 440, 441, 448 ਜੀ. ਐੱਸ. ਛਾਬੜਾ, ਤਵ. ਗੁ. ਖਾ. ਭਾਗ ਦੂਜਾ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1242, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਜ਼ੈਨ ਖ਼ਾਨ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜ਼ੈਨ ਖ਼ਾਨ :  ਇਕ ਅਫ਼ਗਾਨ ਸਰਦਾਰ ਸੀ ਜਿਸ ਨੂੰ ਅਹਿਮਦ ਸ਼ਾਹ ਅਬਦਾਲੀ (ਦੁਰਾਨੀ) ਨੇ ਸੰਨ 1761 (ਸੰਮਤ 1818) ਵਿਚ ਸਰਹਿੰਦ ਦਾ ਹਾਕਮ ਬਣਾਇਆ। ਸੰਨ 1763 (ਸੰਮਤ 1821) ਵਿਚ ਸਰਹਿੰਦ ਤੋਂ ਲਗਭਗ 11 ਕਿ.ਮੀ. ਦੂਰ ਮਨਹੇੜੇ ਦੇ ਨਜ਼ਦੀਕ ਪੀਰ ਜੈਨ ਦੇ ਮੁਕਾਮ ਤੇ ਫੂਲਬੰਸੀ ਰਾਜਿਆਂ ਨੇ ਖਾਲਸਾ ਦਲ ਨਾਲ ਮਿਲ ਕੇ ਇਸ ਨੂੰ ਕਤਲ ਕੀਤਾ। ਇਸ ਦਾ ਸਿਰ ਮਾੜੀ ਵਾਲੇ ਤਾਰਾ ਸਿੰਘ ਨੇ ਵੱਢਿਆ ਸੀ। ਖਾਲਸੇ ਦੀ ਇਸ ਜਿੱਤ ਉਪਰੰਤ ਸਰਹਿੰਦ ਅਤੇ ਉਸ ਦੇ ਨਾਲ ਲੱਗਦਾ ਬਹੁਤ ਸਾਰਾ ਇਲਾਕਾ ਪਟਿਆਲਾ ਰਿਆਸਤ ਦੇ ਕਬਜ਼ੇ ਹੇਠ ਆ ਗਿਆ। ਨਾਭਾ ਅਤੇ ਜੀਂਦ ਰਿਆਸਤਾਂ ਵਿਚ ਵੀ ਕਈ ਪਿੰਡ ਸ਼ਾਮਲ ਹੋਏ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1066, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-04-11-14-14, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ; ਸਿ. ਇ.–ਕੰਨਿਘਮ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.