ਅਵਧੂਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਵਧੂਤ [ਨਾਂਪੁ] ਸਮਾਂ, ਵਕਤ; ਫ਼ਕੀਰ , ਸਾਧੂ, ਮਸਤ-ਕਲੰਦਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਵਧੂਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਵਧੂਤ. ਸੰ. ਵਿ—ਕੰਪਨ ਕਰਾਇਆ (ਕੰਬਾਇਆ ਹੋਇਆ). ਝਾੜਿਆ ਹੋਇਆ। ੨ ਨਾਸ਼ ਹੋਇਆ। ੩ ਸੰਗ੍ਯਾ—ਉਹ ਪੁਰਖ , ਜਿਸ ਨੇ ਕੁਕਰਮ ਝਾੜ ਸਿੱਟੇ ਹਨ. ਸਾਧੁ। ੪ ਤ੍ਯਾਗੀ. ਸੰਨ੍ਯਾਸੀ. ਦੇਖੋ, ਅਉਧੂ.

ਅਵਧੂਤਾਨੀ. ਅਵਧੂਤ ਇਸਤ੍ਰੀ. ਸੰਨ੍ਯਾਸ ਧਾਰਨ ਵਾਲੀਆਂ ਇਸਤ੍ਰੀਆਂ, ਜੋ ਸ਼ਰੀਰ ਤੇ ਸੁਆਹ ਮਲਦੀਆਂ ਹਨ ਅਥਵਾ ਫਕੀਰੀ ਲਿਬਾਸ ਵਿੱਚ ਰਹਿੰਦੀਆਂ ਹਨ, ਉਹ ਅਵਧੂਤਾਨੀਆਂ ਕਹਾਉਂਦੀਆਂ ਹਨ. ਸਭ ਤੋਂ ਪਹਿਲਾਂ ਗੰਗਾ ਗਿਰੀ ਨਾਉਂ ਦੀ ਸੰਨ੍ਯਾਸਨ ਅਵਧੂਤਾਨੀ ਹੋਈ, ਜਿਸ ਤੋਂ ਇਹ ਸੰਪ੍ਰਦਾਯ ਚੱਲੀ. ਅਵਧੂਤਾਨੀ ਗੁਰੁਮੰਤ੍ਰ ਅਵਧੂਤਾਨੀ ਤੋਂ ਹੀ ਲੈਂਦੀ ਹੈ, ਕਿਉਂਕਿ ਸੰਨ੍ਯਾਸੀ ਸਾਧੂ ਇਸਤ੍ਰੀ ਨੂੰ ਗੁਰੁਦੀਖ੍ਯਾ ਨਹੀਂ ਦੇ ਸਕਦਾ. ਅਵਧੂਤਾਨੀ ਨੂੰ ਸੰਨ੍ਯਾਸੀਆਂ ਦੀ ਪੰਗਤਿ ਵਿੱਚ ਬੈਠਣ ਦਾ ਅਧਿਕਾਰ ਨਹੀਂ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1145, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅਵਧੂਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਵਧੂਤ (ਸੰ.। ਸੰਸਕ੍ਰਿਤ ਦੇਖੋ , ਅਉਧੂ) ਸੰਸਾਰ ਦੀ ਕ੍ਰਿਯਾ ਤੋਂ ਨਿਰਲੇਪ ਵਾ ਤਿਆਗੀ। ਯਥਾ-‘ਇਕ ਸਬਦੀ ਬਹੁ ਰੂਪਿ ਅਵਧੂਤਾ’।

ਦੇਖੋ, ‘ਅਉਧੂ ’, ‘ਅਉਧੂਤ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1121, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਵਧੂਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਵਧੂਤ : ਇਹ ਸਾਧੂਆਂ ਦੀ ਇਕ ਸ਼੍ਰੇਣੀ ਹੈ। ‘ਮਹਾਨਿਰਵਾਣ ਤੰਤ੍ਰ’ ਵਿਚ ਅਵਧੂਤ ਦੀਆਂ ਚਾਰ ਵੱਡੀਆਂ ਵੱਡੀਆਂ ਕਿਸਮਾਂ ਦੱਸੀਆਂ ਗਈਆਂ ਹਨ :-

          (1) ‘ਬ੍ਰਹਮਅਵਧੂਤ’, ਜੋ ਕਿਸੇ ਵੀ ਵਰਨ ਦਾ ਬ੍ਰਹਮਉਪਾਸ਼ਕ ਹੋਵੇ ਅਤੇ ਕਿਸੇ ਵੀ ਆਸ਼ਰਮ ਵਿਚ ਰਹਿੰਦਾ ਹੋਵੇ; (2) ‘ਸ਼ੈਵਅਵਧੂਤ’, ਜੋ ਵਿਧੀ ਅਨੁਸਾਰ ਸੰਨਿਆਸ ਧਾਰਨ ਕਰ ਚੁੱਕਾ ਹੋਵੇ, (3) ‘ਬੀਰਅਵਧੂਤ’, ਜਿਸ ਦੇ ਸਿਰ ਦੇ ਵਾਲ ਲੰਬੇ ਅਤੇ ਖਿਲਰੇ ਹੋਏ ਹੋਣ, ਗਲੇ ਵਿਚ ਹੱਡੀਆਂ ਜਾਂ ਰੁਦਰਾਖ ਦੀ ਮਾਲਾ ਪਈ ਹੋਵੇ, ਲੱਕ ਦੁਆਲੇ ਲੰਗੋਟੀ ਹੋਵੇ, ਸਰੀਰ ਤੇ ਭਸਮ ਜਾਂ ਲਾਲ ਚੰਦਨ ਮਲਿਆ ਹੋਵੇ, ਹੱਥ ਵਿਚ ਲੱਕੜੀ ਦਾ ਡੰਡਾ, ਭਾਲਾ ਅਤੇ ਡਮਰੂ ਹੋਵੇ ਅਤੇ ਨਾਲ ਹੀ ਹਿਰਨ ਦੀ ਖੱਲ ਵੀ ਹੋਵੇ, ਅਤੇ (4) ‘ਕੁਲਅਵਧੂਤ’ ਜੋ ਪਿਤਾ-ਪੁਰਖੀ ਵਿਚ ਪੱਕਾ ਹੋ ਕੇ ਵੀ ਗ੍ਰਹਿਸਤ ਆਸ਼ਰਮ ਵਿਚ ਰਹੇ। ਵੈਸ਼ਨੋ ਸੰਪ੍ਰਦਾਇ ਵਿਚ ਰਾਮਾ ਨੰਦ ਦੇ ਚੇਲਿਆਂ ਵਿਚ ਕਈ ਅਜਿਹੇ ਸਾਧੂ ਹੁੰਦੇ ਹਨ ਜੋ ਆਪਣੇ ਆਪ ਨੂੰ ਅਵਧੂਤ ਅਖਵਾਉਂਦੇ ਹਨ। ਇਨ੍ਹਾਂ ਦੇ ਸਿਰਾਂ ਉੱਤੇ ਵੱਡੇ ਵੱਡੇ ਵਾਲ ਹੁੰਦੇ ਹਨ, ਗਲੇ ਵਿਚ ਬਲੌਰ ਦੀ ਮਾਲਾ ਹੁੰਦੀ ਹੈ ਤੇ ਸਰੀਰ ਉੱਤੇ ਗੋਦੜੀ ਅਤੇ ਹੱਥ ਵਿਚ ਦਰਿਆਈ ਖੱਪਰ ਹੁੰਦਾ ਹੈ। ਬੰਗਾਲ ਵਿਚ ਇਨ੍ਹਾਂ ਦੇ ਵੱਖ-ਵੱਖ ਅਖਾੜੇ ਹਨ ਅਤੇ ਇਨ੍ਹਾਂ ਵਿਚ ਸਭ ਜਾਤੀਆਂ ਦੇ ਲੋਕ ਇਕੋ ਜਿਹੇ ਮੰਨੇ ਜਾਂਦੇ ਹਨ। ਭਿੱਖਿਆ ਮੰਗਣ ਲਈ ਜਦੋਂ ਇਹ ਲੋਕਾਂ ਦੇ ਘਰਾਂ ਸਾਹਮਣੇ ਬੂਹੇ ਉੱਤੇ ਜਾਂਦੇ ਹਨ ਤਾਂ ‘ਬੀਰ ਅਵਧੂਤ’ ਨਾਮ ਦਾ ਸਿਮਰਨ ਕਰਦੇ ਤੇ ਇਕਤਾਰਾ ਜਾਂ ਹੋਰ ਕੋਈ ਸਾਜ਼ ਵਜਾ ਕੇ ਗਾਉਣ ਲੱਗ ਜਾਂਦੇ ਹਨ। ਆਮ ਤੌਰ ਤੇ ਇਹ ਲੋਕ ਕਿਸੇ ਇਕ ਥਾਂ ਤੇ ਨਹੀਂ ਰਹਿੰਦੇ। ਬੰਗਾਲ ਵਿਚ ਇਨ੍ਹਾਂ ਨੂੰ ਕਦੀ ਕਦੀ ‘ਬਾਊਲ’ ਨਾਂ ਨਾਲ ਵੀ ਪੁਕਾਰਿਆ ਜਾਂਦਾ ਹੈ ਪਰ ਬਾਊਲ ਇਨ੍ਹਾਂ ਨਾਲੋਂ ਵੱਖਰੀ ਕਿਸਮ ਦੇ ਲੋਕਾਂ ਦਾ ਨਾਂ ਹੈ। ਨਾਥ ਪੰਥ ਵਿਚ ਅਵਧੂਤ ਬਹੁਤ ਉੱਚੇ ਮੰਨੇ ਜਾਂਦੇ ਹਨ ਅਤੇ ‘ਗੋਰਖ-ਸਿਧਾਂਤ-ਸੰਗ੍ਰਹਿ’ ਅਨੁਸਾਰ ਇਹ ਸਭ ਪ੍ਰਕਾਰ ਦੇ ਪ੍ਰਕਿਰਤੀ ਵਿਕਾਰਾਂ ਤੋਂ ਰਹਿਤ ਹੁੰਦੇ ਹਨ। ਅਵਧੂਤ ਮੁਕਤੀ ਪ੍ਰਾਪਤ ਕਰਨ ਲਈ ਆਤਮਸਰੂਪ ਦੀ ਖੋਜ ਵਿਚ ਲੀਨ ਰਹਿੰਦਾ ਹੈ ਅਤੇ ਇਸ ਦਾ ਅਨੁਭਵ ਨਿਰਗੁਣ ਅਤੇ ਸਰਗੁਣ ਤੋਂ ਪਰੇ ਦਾ ਹੁੰਦਾ ਹੈ। ਗੁਰੂ ਦੱਤਾਤ੍ਰੇਯ ਨੂੰ ਹੀ ਅਵਧੂਤ ਕਿਹਾ ਜਾਂਦਾ ਹੈ ਅਤੇ ਦੱਤ ਸੰਪ੍ਰਦਾਇ (ਅਵਧੂਤ ਮਤ) ਵਿਚ ਅਵਧੂਤ ਮਤ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ। ਉਸ ਦੀ ਪੁਸਤਕ ‘ਅਵਧੂਤ ਗੀਤ’ ਵਿਚ ਇਸ ਦਾ ਪੂਰਾ ਬਿਆਨ ਹੈ। ਉੱਤਰ, ਪੱਛਮੀ ਇਲਾਕੇ ਵਿਚ ਉਨ੍ਹਾਂ ਇਸਤਰੀਆਂ ਨੂੰ ਅਵਧੂਤੀ ਕਹਿੰਦੇ ਹਨ ਜੋ ਪੁਰਖ ਸੰਨਿਆਸੀ ਦੇ ਭੇਸ ਵਿਚ ਰਹਿ ਕੇ, ਭਸਮ ਲਗਾਉਂਦੀਆਂ ਤੇ ਰੁਦਰਾਖ ਦੀ ਮਾਲਾ ਆਦਿ ਪਾਉਂਦੀਆਂ ਹਨ ਅਤੇ ਜੋ ਆਮ ਤੌਰ ਤੇ ਕਿਸੇ ‘ਗੰਗਾਗਿਰਿ’ ਨਾਮ ਦੀ ਇਕ ਅਜਿਹੀ ਹੀ ਸੰਨਿਆਸਣੀ ਜਾਂ ਅਵਧੂਤਣੀ ਦੀ ਪਰੰਪਰਾ ਦੀਆਂ ਸਮਝੀਆਂ ਜਾਂਦੀਆਂ ਹਨ। ਸੁਖਮਨਾ ਨਾੜੀ ਦਾ ਵੀ ਇਕ ਨਾਮ ਅਵਧੂਤੀ ਹੈ, ਜਿਸ ਕਾਰਨ ਉਸ ਦੇ ਮਾਰਗ ਨੂੰ ਵੀ ਅਵਧੂਤੀ ਮਾਰਗ ਜਾਂ ਅਵਧੂਤਿਕਾ ਕਿਹਾ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਅਵਧੂਤ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਵਧੂਤ : ਵੇਖੋ ‘ਔਘੜ ਪੰਥ’

ਔਘੜ (ਅਘੋਰ) ਪੰਥ : ਅਘੋਰ ਪੰਥ ਨੂੰ ਆਮ ਲੋਕੀਂ ਔਘੜ ਪੰਥ ਆਖਦੇ ਹਨ। ਇਸੇ ਪੰਥ ਦਾ ਨਾਉਂ ਅਵਧੂਤ ਵੀ ਹੈ। ਅਥਰਵ ਵੇਦ ਵਿਚ ‘ਅਘੋਰ’ ਸ਼ਬਦ ਮਿਲਦਾ ਹੈ। ਸ਼ਵੇਤਾਸ਼ਵਤਰ ਉਪਨਿਸ਼ਦ ਵਿਚ ਸ਼ਿਵ ਨੂੰ ‘ਅਘੋਰ’ ਆਖਿਆ ਗਿਆ ਹੈ।

          ਆਪਣੇ ਵਰਤਮਾਨ ਰੂਪ ਵਿਚ ਇਸ ਪੰਥ ਦਾ ਸਿੱਧਾ ਸੰਬੰਧ ਗੋਰਖ ਤੇ ਤੰਤਰ ਪ੍ਰਧਾਨ ਸ਼ੈਵ ਮਤ ਨਾਲ ਹੈ। ਅੱਜ ਕਲ੍ਹ ਇਸ ਪੰਥ ਦੇ ਅਨੁਯਾਈ ਸਾਰੇ ਭਾਰਤ ਵਿਚ ਭਾਵੇਂ ਮਿਲਦੇ ਹਨ ਪਰ ਗਿਣਤੀ ਵਿਚ ਬਹੁਤ ਥੋੜ੍ਹੇ ਰਹਿ ਗਏ ਹਨ। ਬੜੌਦੇ ਵਿਚ ਅਘੋਰੇਸ਼ਵਰ ਨਾਂ ਦਾ ਇਨ੍ਹਾਂ ਦਾ ਇਕ ਮੱਠ ਸੀ, ਜਿਸ ਵਿਚ ਅਘੋਰ–ਪੰਥੀ  ਰਿਹਾ ਕਰਦੇ ਸਨ।

          ਇਸ ਦੇ ਪੰਥੀਆਂ ਨੂੰ ਕੀਨਾਰਾਮੀਏ ਵੀ ਆਖਦੇ ਹਨ ਕਿਉਂਕਿ ਇਸ ਪੰਥ ਦੇ ਆਗੂ ਦਾ ਨਾਂ ਕੀਨਾਰਾਮ ਸੀ। ਕੀਨਾਰਾਮ ਵਾਮ–ਮਾਰਗੀ ਸੀ। ਪਰ ਇਹ ਪਤਾ ਨਹੀਂ ਲਗਦਾ ਕਿ ਇਹ ਕਦੋਂ ਤੇ ਕਿੱਥੇ ਹੋਇਆ। ਇਸ ਪੰਥ ਦਾ ਸਾਹਿੱਤ ਬਹੁਤਾ ਨਹੀਂ ਮਿਲਦਾ, ਜੋ ਮਿਲਦਾ ਹੈ ਉਸ ਦੀ ਪ੍ਰਮਾਣਿਕਤਾ ਸੰਦੇਹਪੂਰਣ ਹੈ ਅਤੇ ਨਾ ਹੀ ਇਸ ਨੂੰ ਖੋਜਿਆ ਪਰਖਿਆ ਗਿਆ ਹੈ। ਉਂਜ ਇਹ ਪੰਥ ਆਪਣੇ ਸਿਧਾਂਤਾਂ ਵਿਚ ਨਿਰਗੁਣਧਾਂਰਾ (ਅਦ੍ਵੈਤਵਾਦ) ਨਾਲ ਮਿਲਦਾ ਜੁਲਦਾ ਹੈ। ਸਾਧਨਾ ਪੱਖ ਵਿਚ ਉਹ ਹੱਠ ਯੋਗ ਤੇ ਧਿਆਨ ਯੋਗ ਨੂੰ ਪ੍ਰਧਾਨ ਮੰਨਦੇ ਹਨ। ਗੁਰੂ ਦਾ ਦਰਜਾ ਪ੍ਰਮੁੱਖ ਮੰਨਦੇ ਹਨ। ਸ਼ਰਾਬ, ਮਾਸ ਆਦਿ ਦਾ ਸੇਵਨ ਇਨ੍ਹਾਂ ਵਿਚ  ਵਰਜਿਤ ਨਹੀਂ ਹੈ। ਮਰੇ ਹੋਏ ਪਸ਼ੂ ਦਾ ਮਾਸ ਵੀ ਖਾ ਜਾਂਦੇ ਹਨ। ਮਲ–ਮੂਤਰ ਨੂੰ ਸਾਧਨ ਦਾ ਅੰਗ ਸਮਝ ਕੇ ਗ੍ਰਹਿਣ ਕਰਨ ਤੋਂ ਵੀ ਪਰਹੇਜ਼ ਨਹੀਂ ਕਰਦੇ।  ਇਸ ਨੂੰ ਉਹ ਘੋਰ ਸਾਧਨਾ ਦਾ ਪ੍ਰਤੀਕ ਮੰਨਦੇ ਹਨ ਤੇ ਲੋਕਾਚਾਰੀ ਨੂੰ ਤਜ ਦੇਣ ਵਿਚ ਯਕੀਨ ਰੱਖਦੇ ਹਨ।

          ਔਘੜ ਪੰਥੀ ਵੱਖੋ ਵੱਖਰਾ ਵੇਸ ਪਾਉਂਦੇ ਹਨ। ਕਈ ਵਿਆਹ ਕਰਵਾ ਲੈਂਦੇ ਹਨ ਤੇ ਕਈ ਨਹੀਂ ਕਰਾਉਂਦੇ।                                                [ਸਹਾ. ਗ੍ਰੰਥ–W. H. Wilson : Religion Sects of Hindus;ਮ. ਕੋ.] 


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਅਵਧੂਤ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਵਧੂ/ਅਵਧੂਤ : ਸੰਸਕ੍ਰਿਤ ਮੂਲ ਦੇ ਅਵਧੂਤ ਸ਼ਬਦ ਦਾ ਅਰਥ ਹੈ ਝਾੜਿਆ ਹੋਇਆ ਹਿਲਾਇਆ ਹੋਇਆ। ਅਧਿਆਤਮਿਕ ਖੇਤਰ ਦਾ ਉਹ ਵਿਅਕਤੀ ਜਿਸ ਨੇ ਪਾਪਾਂ ਜਾਂ ਵਿਕਾਰਾਂ ਨੂੰ ਝਾੜ ਸੁਟਿਆ ਹੋਵੇ ਅਤੇ ਸਾਧੂ ਬਿਰਤੀ ਧਾਰਣ ਕਰਦਾ ਹੋਵੇ, ‘ਅਵਧੂਤ’ ਅਖਵਾਉਂਦਾ ਹੈ, ਭਾਵ ਸੰਨਿਆਸੀ।

          ਕੁਝ ਵਿਦਵਾਨਾਂ ਨੇ ‘ਅਵਧੂ’ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ—‘ਵਧੂ ਜਾ ਕੇ ਨਾ ਹੋਇ ਸੋ ਅਵਧੂ ਕਹਾਵੈ।’ ਕਹਿਣ ਤੋਂ ਭਾਵ ਜੋ ਵਧੂ-ਵਾਲਾ, ਅਰਥਾਤ ਗ੍ਰਿਹਸਥੀ ਨਾ ਹੋਵੇ। ਇਹ ਸ਼ਬਦ, ਅਸਲ ਵਿਚ, ਤਾਂਤਿਕਾਂ, ਸਿੱਧਾਂ, ਨਾਥਾਂ ਦੀ ਟਕਸਾਲ ਦਾ ਸਿੱਕਾ ਹੈ। ਆਮ ਤੌਰ ਤੇ ਸੰਸਾਰਿਕ ਦੁਅੰਦਾਂ ਤੋਂ ਉੱਚੇ ਪਹੁੰਚ ਹੋਏ ਯੋਗੀਆਂ ਲਈ ਇਸ ਸ਼ਬਦ ਦੀ ਵਰਤੋਂ ਹੁੰਦੀ ਹੈ।

          ‘ਅਵਧੂਤ-ਉਪਨਿਸ਼ਦ’ ਵਿਚ ‘ਅਵਧੂਤ’ ਸ਼ਬਦ ਦੇ ਵੱਖ ਵੱਖ ਅੱਖਰਾਂ ਨੂੰ ਲੈ ਕੇ ਵਿਆਖਿਆ ਕੀਤੀ ਗਾਈ ਹੈ। ਇਸ ਤੋਂ ਇਲਾਵਾ ‘ਅਵਧੂਤ-ਗੀਤਾ’, ‘ਸਿੱਧ-ਸਿੱਧਾਂਤ-ਪੱਧਤੀ, ‘ਗੋਰਕ੍ਰਸ਼-ਸਿੱਧਾਂਤ-ਸੰਗ੍ਰਹ’ ਆਦਿ ਗ੍ਰੰਥਾਂ ਵਿਚ ਵੀ ਅਵਧੂਤ ਦੇ ਸਰੂਪ ਦੀ ਵਿਆਖਿਆ ਕੀਤੀ ਮਿਲਦੀ ਹੈ। ‘ਮਹਾਨਿਰਵਾਣ ਤੰਤ੍ਰ’ ਵਿਚ ਚਾਰ ਪ੍ਰਕਾਰ ਦੇ ਅਵਧੂਤ ਦਸੇ ਗਏ ਹਨ—(1) ਬ੍ਰਹਮਾਵਧੂਤ, ਜਿਸ ਦਾ ਕਿਸੇ ਵੀ ਵਰਣ ਜਾਂ ਆਸ਼੍ਰਮ ਨਾਲ ਸੰਬੰਧ ਨਾ ਹੋਵੇ। (2) ਸ਼ੈਵਾਵਧੂਤ, ਜੋ ਵਿਧੀ ਅਨੁਸਾਰ ਸੰਨਿਆਸ ਲੈ ਚੁੱਕਿਆ ਹੋਵੇ। (3) ਵੀਰਾਵਧੂਤ, ਜਿਸ ਦੇ ਸਿਰ ਉਤੇ ਜਟਾਵਾਂ, ਗਲੇ ਵਿਚ ਹੱਡੀਆਂ ਅਤੇ ਰੁਦ੍ਰਾਖ ਦੀ ਮਾਲਾ, ਲੰਗੋਟੀ ਬੰਨ੍ਹੇ ਹੋਏ ਸ਼ਰੀਰ ਉਤੇ ਭਸਮ, ਹੱਥ ਵਿਚ ਲਕੜਾ ਦਾ ਡੰਡਾ, ਕੁਠਾਰ ਜਾਂ ਡੰਮਰੂ ਅਤੇ ਕੱਛ ਵਿਚ ਹਿਰਨ ਦੀ ਖਲ੍ਹ ਸਮੇਟੀ ਹੋਵੇ। (4) ਕੁਲਾਵਧੂਤ,ਜੋ ਅਵਧੂਤੀ ਸਰੂਪ ਨੂੰ ਗ੍ਰਹਿਣ ਕਰਕੇ ਵੀ ਗ੍ਰਿਹਸਥ ਜੀਵਨ ਬਤੀਤ ਕਰਦਾ ਹੋਵੇ। ਕੁਝ ਤੰਤ੍ਰਾਂ ਵਿਚ ਤੀਜੇ ਚੌਥੇ ਦੀ ਥਾਂ ‘ਭਾਗਤਾਵਧੂਤ’ ਅਤੇ ‘ਹੰਸਾਵਧੂਤ’ ਨਾਂ ਲਿਖੇ ਹਨ। ‘ਨਿਰਵਾਣ ਤੰਤ੍ਰ’ (14 ਵਾਂ ਪਟਲ) ਵਿਚ ਦਿੱਤੇ ਅਵਧੂਤ ਦੇ ਲੱਛਣ ‘ਵੀਰਾਵਧੂਤ’ ਦੇ ਲੱਛਣਾਂ ਨਾਲ ਮੇਲ ਖਾਂਦੇ ਹਨ।

        ਅਵਧੂਤ ਦਾ ਮੂਲ ਸੰਬੰਧ ਸ਼ਿਵ ਨਾਲ ਹੈ। ਉਹੀ ਆਦਿ-ਅਵਧੂਤ ਹੈ। ਭਾਈ ਗੁਰਦਾਸ ਦੀਆਂ ਵਾਰਾਂ ਵਿਚ ਇਸ ਸ਼ਬਦ ਦੇ ਛੇ ਵਾਰ ਵਰਤੋਂ ਹੋਈ ਹੈ ਜੋ ਮਹਾਦੇਵ ਨਾਲ ਹੀ ਸੰਬੰਧਿਤ ਹੈ—‘ਮਹਾਦੇਉ ਅਉਧੂਤੁ ਹੈ ਕਵਲਾਸਣਿ ਆਸਣਿ ਰਸਕੇਲਾ’ (26/17)।

        ਵੈਸ਼ਣਵ ਭਗਤਾਂ ਦੀ ਰਾਮਾਨੰਦੀ ਪਰੰਪਰਾ ਦੇ ਕੁਝ ਸਾਧੂ ਵੀ ਅਵਧੂਤ ਅਖਵਾਉਂਦੇ ਹਨ। ਇਨ੍ਹਾਂ ਦੇ ਸਿਰ ਤੇ ਜਟਾਵਾਂ ਅਤੇ ਗਲੇ ਵਿਚ ਸਫ਼ਟਿਕ (ਬਿਲੌਰ) ਦੀ ਮਾਲਾ ਹੁੰਦੀ ਹੈ। ਸ਼ਰੀਰ ਉਤੇ ਗੋਦੜੀ ਅਤੇ ਹੱਥ ਵਿਚ ਨਾਰੀਅਲ ਦਾ ਖੱਪਰ ਹੁੰਦਾ ਹੈ। ਬੰਗਾਲ ਵਿਚ ਇਨ੍ਹਾਂ ਅਵਧੂਤਾਂ ਦੇ ਕਈ ਵੱਖ-ਵੱਖ ਆਖਾੜੇ ਹਨ ਜਿਨ੍ਹਾਂ ਵਿਚ ਸਾਰੀਆਂ ਜਾਤਾਂ ਦੇ ਲੋਕ ਸ਼ਾਮਲ ਹੁੰਦੇ ਹਨ। ਭਿਛਿਆ ਮੰਗਣ ਵੇਲੇ ਇਹ ਇਕ-ਤਾਰਾ ਵਜਾ ਕੇ ਗਾਉਂਦੇ ਹਨ ਅਤੇ ‘ਬੀਰ ਅਵਧੂਤ’ ਨਾ ਉਚਾਰਦੇ ਹਨ।

        ਅਵਧੂਤਾਂ ਵਿਚੋਂ ਹੀ ਅਘੋਰ ਪੰਥ ਦਾ ਵਿਕਾਸ ਹੋਇਆ ਦਸਿਆ ਜਾਂਦਾ ਹੈ। ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਵਿਚ ਇਨ੍ਹਾਂ ਦੇ ਮਠ/ਡੇਰੇ ਮਿਲਦੇ ਹਨ। ਇਹ ਲੋਕ ਮੁਰਦੇ ਦਾ ਮਾਸ ਅਤੇ ਹੋਰ ਪ੍ਰਕਾਰ ਦੀ ਭੱਖ-ਅਭੱਖ ਸਾਮਗ੍ਰੀ ਦਾ ਸੇਵਨ ਕਰਨੋਂ ਸੰਕੋਚ ਨਹੀਂ ਕਰਦੇ। ਮਨੁੱਖੀ ਖੋਪਰੀ ਵਿਚ ਸ਼ਰਾਬ ਪੀਂਦੇ ਹਨ। ਇਨ੍ਹਾਂ ਦੇ ਹੱਥ ਵਿਚ ਤ੍ਰਿਸ਼ੂਲ, ਗੱਲੇ ਵਿਚ ਸਫ਼ਟਿਕ ਦੀ ਮਾਲਾ, ਮੱਥੇ ਤੇ ਤ੍ਰਿਸ਼ੂਲ ਚਿੰਨ੍ਹ ਅਤੇ ਸਿਰ ਜਟਾਵਾਂ ਹੁੰਦੀਆਂ ਹਨ। ਇਨ੍ਹਾਂ ਦਾ ਸਰੂਪ ਕਾਫ਼ੀ ਡਰਾਉਣਾ ਹੁੰਦਾ ਹੈ।

        ਨਾਥ ਪੰਥ ਵਿਚ ਅਵਧੂਤ ਦੀ ਸਿਥਤੀ ਬਹੁਤ ਉੱਚੀ ਮੰਨੀ ਗਈ ਹੈ। ਇਹ ਵਿਕਾਰਾਂ ਤੋਂ ਰਹਿਤ ਸਮਝਿਆ ਜਾਂਦਾ ਹੈ। ਇਹ ਕੈਵਲ੍ਰਯ ਦੀ ਪ੍ਰਾਪਤੀ ਲਈ ਆਤਮਾ-ਮਗਨ ਰਹਿੰਦਾ ਹੈ ਅਤੇ ਇਸ ਦਾ ਅਨੁਭਵ ਨਿਰਗੁਣ ਅਤੇ ਸਗੁਣ ਦੇ ਅਨੁਭਵ ਤੋਂ ਪਰ੍ਹੇ ਦਾ ਹੈ। ਨਾਥ-ਪੰਥੀ ਗੋਰਖਨਾਥ ਨੂੰ ਆਦਰਸ਼ ਅਵਧੂਤ ਮੰਨਦੇ ਹਨ। ਦੱਤਾਤ੍ਰੇਯ ਨੂੰ ਵੀ ਅਵਧੂਤ ਕਿਹਾ ਜਾਂਦਾ ਹੈ। ‘ਅਵਧੂਤ-ਗੀਤਾ’ ਅਨੁਸਾਰ ਦੱਥ ਸੰਪ੍ਰਦਾਇ ਵਿਚ ਅਵਧੂਤ ਮਤ ਨੂੰ ਸਰਵ ਸ੍ਰੇਸ਼ਠ ਚਿੱਤਰਿਆ ਗਿਆ ਹੈ। ਗੁਰੂ ਨਾਨਕ ਦੇਵ ਨੇ ‘ਸਿੱਧ ਗੋਸਟਿ’ ਵਿਚ ਸਿੱਧਾਂ ਨੂੰ ‘ਅਉਧੂ’ ਪਦ ਨਾਲ ਸੰਬੋਧਿਤ ਕੀਤਾ ਹੈ—‘ਬਿਨ ਸਬਦੈ ਰਸ ਨ ਆਵੈ ਅਉਧੂ’।

          ਅਵਧੂਤ ਵਾਂਗ ਸੰਨਿਆਸ ਧਾਰਣ ਕਰਨ ਵਾਲੀ ਇਸਤਰੀ ਨੂੰ ‘ਅਵਧੂਤਨੀ’ ਕਿਹਾ ਜਾਂਦਾ ਹੈ। ਇਨ੍ਹਾਂ ਦਾ ਕਿਸੇ ਪ੍ਰਕਾਰ ਦਾ ਕੋਈ ਸੰਬੰਧ ਅਵਧੂਤ ਨਾਲ ਨਹੀਂ ਹੁੰਦਾ, ਸਗੋਂ ਇਹ ਗੰਗਾ ਗਿਰੀ ਨਾਂ ਦੀ ਸੰਨਿਆਸਣ ਦੁਆਰਾ ਚਲਾਈ ਪਰੰਪਰਾ ਨਾਲ ਸੰਬੰਧਿਤ ਹਨ। ਇਹ ਗੁਰੂ-ਦੀਖਿਆ ਵੀ ਕਿਸੇ ਅਵਧੂਤਨੀ ਤੋਂ ਹੀ ਲੈਂਦੀਆਂ ਹਨ ਅਤੇ ਮਰਦਾਵੇਂ ਭੇਸ ਵਿਚ ਅਵਧੂਤੀ ਬਾਣਾ ਧਾਰਣ ਕਰਦੀਆਂ ਹਨ। ਸੰਨਿਆਸੀ ਜਾਂ ਅਵਧੂਤ ਇਨ੍ਹਾਂ ਨੂੰ ਆਪਣੇ ਬਰਾਬਰ  ਦਾ ਦਰਜਾ ਨਹੀਂ ਦਿੰਦੇ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1024, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-05, ਹਵਾਲੇ/ਟਿੱਪਣੀਆਂ: no

ਅਵਧੂਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਵਧੂਤ, ਸੰਸਕ੍ਰਿਤ / ਪੁਲਿੰਗ : ਅਉਧੂਤ, ਮਸਤ, ਫ਼ਕੀਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 239, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-03-54-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.