ਅੰਡਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਡਾ [ਨਾਂਪੁ] ਜਣਨ ਪ੍ਰਕਿਰਿਆ ਵਿਚ ਜੀਵ ਬਣਨ ਤੋਂ ਪਹਿਲਾਂ ਦੀ ਅਵਸਥਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੰਡਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਡਾ. ਦੇਖੋ, ਅੰਡ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਡਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਡਾ : ਅੰਡਾ ਇਕ ਵੱਡਾ ਸਾਰਾ ਸੈੱਲ ਹੁੰਦਾ ਹੈ ਜਿਹੜਾ ਮਦੀਨ ਦੇ ਸਰੀਰ ਵਿਚ ਬਣਦਾ ਹੈ। ਇਸ ਵਿਚੋਂ ਪੰਛੀਆਂ, ਪਾਣੀ ਦੇ ਕਈ ਜਾਨਵਰਾਂ ਅਤੇ ਘਿਸਰ ਦੇ ਚੱਲਣ ਵਾਲੇ ਕਈ ਜੀਵਾਂ ਦੇ ਬੱਚੇ ਨਿਕਲਦੇ ਹਨ। ਪੰਛੀਆਂ ਦੇ ਅੰਡਿਆਂ ਦੇ ਅੰਦਰ ਕੇਂਦਰ ਵਿਚ ਇਕ ਪੀਲੀ ਅਤੇ ਬਹੁਤ ਗਾੜ੍ਹੀ ਗੋਲ ਆਕਾਰ ਦੀ ਚੀਜ਼ ਹੁੰਦੀ ਹੈ। ਇਸ ਦੀ ਜ਼ਰਦੀ ਕਹਿੰਦੇ ਹਨ। ਜ਼ਰਦੀ ਉੱਤੇ ਇਕ ਗੋਲ, ਚਪਟਾ, ਛੋਟਾ ਜਿਹਾ ਬਟਨ ਵਰਗਾ ਹਿੱਸਾ ਹੁੰਦਾ ਹੈ ਜਿਸ ਨੂੰ ਬਲਾਸਟੋਡਰਮ (blastoderm) ਆਖਦੇ ਹਨ। ਇਸ ਵਿਚੋਂ ਬੱਚਾ ਬਣ ਜਾਂਦਾ ਹੈ। ਇਨ੍ਹਾਂ ਦੋਹਾਂ ਦੇ ਦੁਆਲੇ ਚਿੱਟਾ ਸੰਘਣਾ ਤਰਲ ਹਿੱਸਾ ਹੁੰਦਾ ਹੈ ਜਿਸ ਨੂੰ ਐਲਬਿਊਮੈੱਨ ਜਾਂ ਸਫ਼ੈਦੀ ਕਿਹਾ ਜਾਂਦਾ ਹੈ। ਐਲਬਿਊਮੈੱਨ ਦੇ ਦੁਆਲੇ ਇਕ ਪਤਲੀ ਝਿੱਲੀ ਹੁੰਦੀ ਹੈ ਜਿਸ ਨੂੰ ਸ਼ੈੱਲ-ਝਿੱਲੀ (shell membrane) ਆਖਦੇ ਹਨ। ਇਨ੍ਹਾਂ ਸਾਰਿਆਂ ਉੱਤੇ ਇਕ ਕਰੜਾ ਖ਼ੋਲ ਹੁੰਦਾ ਹੈ ਜਿਸ ਦਾ ਵਧੇਰੇ ਹਿੱਸਾ ਕੈਲਸੀਅਮ ਕਾਰਬੋਨੇਟ ਦਾ ਬਣਿਆ ਹੁੰਦਾ ਹੈ। ਇਸ ਖ਼ੋਲ ਵਿਚ ਮੁਸਾਮ ਹੁੰਦੇ ਹਨ ਜਿਨ੍ਹਾਂ ਕਰਕੇ ਅੰਦਰ ਵਿਕਸਤ ਹੋ ਰਹੇ ਜੀਵ ਨੂੰ ਹਵਾ ਵਿਚੋਂ ਆਕਸੀਜਨ ਮਿਲਦੀ ਰਹਿੰਦੀ ਹੈ। ਇਹ ਬਾਹਰਲਾ ਖ਼ੋਲ ਸਫ਼ੈਦ, ਚਿਤਕਬਰਾ ਜਾਂ ਰੰਗਦਾਰ ਹੁੰਦਾ ਹੈ, ਜਿਸ ਕਰ ਕੇ ਦੂਰ ਪਿਆ ਅੰਡਾ ਸਾਫ਼ ਦਿਖਾਈ ਨਹੀਂ ਦਿੰਦਾ ਅਤੇ ਇਸ ਤਰ੍ਹਾਂ ਅੰਡਾ ਖਾਣ ਵਾਲੇ ਜੀਵਾਂ ਤੋਂ ਬਚਿਆ ਰਹਿੰਦਾ ਹੈ।

          ਸ਼ੁਰੂ ਵਿਚ ਅੰਡਾ ਇਕ ਕਿਸਮ ਦਾ ਸੈੱਲ ਹੁੰਦਾ ਹੈ ਅਤੇ ਹੋਰ ਦੁਜੇ ਸੈੱਲਾਂ ਵਾਂਗ ਇਸ ਵਿਚ ਵੀ ਸਾਈਟੋਪਲਾਜ਼ਮ ਅਤੇ ਨਿਊਕਲੀਅਸ ਹੁੰਦਾ ਹੈ ਪਰ ਇਸ ਵਿਚ ਇਕ ਵਿਸ਼ੇਸ਼ਤਾ ਹੁੰਦੀ ਹੈ ਜੋ ਕਿਸੇ ਹੋਰ ਕਿਸਮ ਦੇ ਸੈੱਲ ਵਿਚ ਨਹੀਂ ਹੁੰਦੀ। ਇਹ ਵਿਸ਼ੇਸ਼ਤਾ ਬੱਚਾ ਬਣਨ ਦੀ ਸ਼ਕਤੀ ਹੈ। ਨਿਸ਼ੇਚਨ ਰਾਹੀਂ ਮਦੀਨ ਦੇ ਡਿੰਬ ਅਤੇ ਨਰ ਦੇ ਸ਼ੁਕ੍ਰਾਣੂ ਸੈੱਲਾਂ ਦਾ ਮੇਲ ਹੁੰਦਾ ਹੈ। ਮੇਲ ਤੋਂ ਪਿਛੋਂ ਅਤੇ ਕੁਝ ਜੰਤੂਆਂ ਵਿਚ ਮੇਲ ਦੇ ਬਗ਼ੈਰ ਹੀ ਡਿੰਬ ਵੰਡਿਆ ਜਾਂਦਾ ਹੈ ਅਤੇ ਵਧਦਾ ਹੈ। ਅੰਤ ਵਿਚ ਜਿਸ ਜੀਵ ਦਾ ਉਹ ਅੰਡਾ ਹੁੰਦਾ ਹੈ ਉਸੇ ਦੇ ਹੀ ਗੁਣਾਂ ਅਤੇ ਰੂਪ ਵਾਲਾ ਇਕ ਨਵਾਂ ਜੀਵ ਬਣ ਜਾਂਦਾ ਹੈ।

          ਬਹੁਤੇ ਜਾਨਵਰ ਆਪਣੇ ਅੰਡੇ ਪਹਿਲਾਂ ਤਿਆਰ ਕੀਤੀ ਹੋਈ ਯੋਗ ਥਾਂ ਤੇ ਦਿੰਦੇ ਹਨ। ਅੰਡੇ ਵਿਚ ਬੱਚਾ ਬਣਨ ਦੀ ਸ਼ਕਤੀ ਦੇ ਨਾਲ ਹੀ ਕੁਝ ਹੋਰ ਖ਼ਾਸ ਗੁਣ ਵੀ ਹੁੰਦੇ ਹਨ। ਅੰਡਿਆਂ ਦੀ ਜ਼ਰਦੀ ਖ਼ੁਰਾਕ ਨਾਲ ਭਰਪੂਰ ਹੁੰਦੀ ਹੈ। ਆਮ ਤੌਰ ਤੇ ਇਹ ਜ਼ਰਦੀ ਬਹੁਤ ਪੀਲੀ ਹੁੰਦੀ ਹੈ। ਜ਼ਰਦੀ ਤੋਂ ਛੁੱਟ ਥੰਧਿਆਈ, ਵਿਟਾਮਿਨ, ਐੱਨਜ਼ਾਈਮ ਆਦਿ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਅੰਡੇ ਵਿਚ ਹੁੰਦੀਆਂ ਹਨ। ਜਿਨ੍ਹਾਂ ਜਾਨਵਰਾਂ ਦੇ ਅੰਡਿਆਂ ਵਿਚ ਜ਼ਰਦੀ ਘੱਟ ਹੁੰਦੀ ਹੈ ਉਨ੍ਹਾਂ ਵਿਚ ਅੰਡੇ ਦੇ ਵਿਕਾਸ ਠੀਕ ਤਰ੍ਹਾਂ ਨਹੀਂ ਹੁੰਦਾ। ਭਰੂਣ ਦੇ ਵਿਕਾਸ ਲਈ ਲੋੜੀਂਦੀ ਸ਼ਕਤੀ ਅੰਡੇ ਵਿਚਲੀ ਜ਼ਰਦੀ ਦੀ ਰਸਾਇਣਿਕ ਪ੍ਰਤਿਕ੍ਰਿਆ ਨਾਲ ਪੈਦਾ ਹੁੰਦੀ ਹੈ ਅਤੇ ਇਸੇ ਕਰਕੇ ਜੇ ਅੰਡੇ ਵਿਚ ਜ਼ਰਦੀ ਪੂਰੀ ਨਾ ਹੋਵੇ ਤਾਂ ਜੀਵ ਦਾ ਸਰੀਰ ਬਣਨ ਦਾ ਕੰਮ ਅਧੂਰਾ ਹੀ ਰਹਿ ਜਾਂਦਾ ਹੈ। ਕੁਝ ਜਾਨਵਰਾਂ ਦੇ ਅੰਡਿਆਂ ਦਾ ਅਜਿਹਾ ਹੀ ਹਾਲ ਹੁੰਦਾ ਹੈ ਅਤੇ ਇਨ੍ਹਾਂ ਦਾ ਅੰਡਾ ਵੱਧ ਕੇ ਸੁੰਡੀ ਭਾਵ ਲਾਰਵਾ ਬਣ ਜਾਂਦਾ ਹੈ। ਇਹ ਲਾਰਵਾ ਆਪਣੀ ਖੁਰਾਕ ਆਪ ਲਭ ਕੇ ਖਾਂਦਾ ਹੈ, ਜਿਸ ਨਾਲ ਉਸ ਦਾ ਸਰੀਰ ਪਲਦਾ ਅਤੇ ਵਧਦਾ ਹੈ। ਅੰਤ ਵਿਚ ਲਾਰਵਾ ਆਪਣੀ ਸ਼ਕਲ ਬਦਲ ਲੈਂਦਾ ਹੈ। ਪਰ ਜਿਨ੍ਹਾਂ ਜਾਨਵਰਾਂ ਦੇ ਅੰਡਿਆਂ ਵਿਚ ਜ਼ਰਦੀ ਕਾਫ਼ੀ ਹੁੰਦੀ ਹੈ, ਉਨ੍ਹਾਂ ਵਿਚ ਇਸ ਤਰ੍ਹਾਂ ਦੀ ਤਬਦੀਲੀ ਨਹੀਂ ਆਉਂਦੀ। ਕੁਝ ਅਜਿਹੇ ਜੀਵ ਵੀ ਹੁੰਦੇ ਹਨ, ਜਿਨ੍ਹਾਂ ਵਿਚ ਅੰਡੇ ਦੇ ਵਿਕਾਸ ਦਾ ਅਮਲ ਬਾਹਰ ਆ ਕੇ ਨਹੀਂ ਸਗੋਂ ਮਦੀਨ ਦੇ ਸਰੀਰ ਦੇ ਅੰਦਰ ਹੀ ਹੁੰਦਾ ਹੈ। ਅਜਿਹੇ ਅੰਡਿਆਂ ਵਿਚ ਜ਼ਰਦੀ ਨਹੀਂ ਹੁੰਦੀ।

          ਅੰਡਾ ਪ੍ਰੋਟੋਜ਼ੋਆ ਤੋਂ ਉੱਚੀ ਕਿਸਮ ਦੇ ਸਰੀਰਕ ਸੰਗਠਨ ਵਾਲੇ ਸਭ ਜੰਤੂਆਂ ਦਾ ਹੁੰਦਾ ਹੈ। ਹੇਠਲੀ ਕਿਸਮ ਦੇ ਜੰਤੂਆਂ ਦੇ ਅੰਡਿਆਂ ਵਿਚ ਵੀ ਜ਼ਰਦੀ ਹੁੰਦੀ ਹੈ ਅਤੇ ਬਹੁਤਿਆਂ ਦੇ ਅੰਡਿਆਂ ਦਾ ਉਪਰਲਾ ਕਰੜਾ ਖ਼ੋਲ ਵੀ ਹੁੰਦਾ ਹੈ ਜਿਸ ਨੂੰ ਛਿਲਕਾ ਕਹਿੰਦੇ ਹਨ। ਰੋਟੀਫ਼ਰਾਂ ਦੇ ਅੰਡਿਆਂ ਵਿਚ ਇਕ ਅਜੀਬ ਗੱਲ ਹੈ। ਇਸ ਦੇ ਸਭ ਅੰਡੇ ਇਕੋ ਜਿਹੇ ਨਹੀਂ ਹੁੰਦੇ ਸਗੋਂ ਇਹ ਸਾਰੇ ਤਿੰਨ ਕਿਸਮਾਂ ਦੇ ਹੁੰਦੇ ਹਨ। ਗਰਮੀ ਦੇ ਮੌਸਮ ਵਿਚ ਇਹ ਅੰਡੇ ਦੋ ਤਰ੍ਹਾਂ ਦੇ ਹੁੰਦੇ ਹਨ, ਛੋਟੇ ਅਤੇ ਵੱਡੇ। ਇਨ੍ਹਾਂ ਦਾ ਵਿਕਾਸ ਸੇਣ ਦੇ ਬਿਨਾਂ ਹੀ ਹੁੰਦਾ ਹੈ। ਵੱਡੇ ਅੰਡਿਆਂ ਦੇ ਵਿਕਾਸ ਤੋਂ ਮਦੀਨ ਪੈਦਾ ਹੁੰਦੀ ਹੈ ਅਤੇ ਛੋਟੇ ਅੰਡਿਆਂ ਤੋਂ ਨਰ। ਸਰਦੀ ਦੇ ਮੌਸਮ ਦੇ ਅੰਡੇ ਮੋਟੇ ਛਿਲਕੇ ਵਾਲੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਸੇਣ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿਚੋਂ ਸਿਆਲ ਦੇ ਅਖ਼ੀਰ ਵਿਚ ਬੱਚੇ ਨਿਕਲਦੇ ਹਨ।

          ਗੰਡੋਆ ਵਰਗ (Oligochaeta) ਵਿਚ ਗੰਡੋਇਆਂ ਦੇ ਸੇਏ ਹੋਏ ਅੰਡੇ ਕੁਝ ਐਲਬਿਊਮੈੱਨ ਨਾਲ ਕੋਇਆਂ ਵਿਚ ਬੰਦ ਰਹਿੰਦੇ ਹਨ। ਮਦੀਨ ਇਹ ਅੰਡੇ ਧਰਤੀ ਵਿਚ ਦਿੰਦੀ ਹੈ ਅਤੇ ਮਿੱਟੀ ਵਿਚ ਹੀ ਇਨ੍ਹਾਂ ਵਿਚੋਂ ਬੱਚੇ ਨਿਕਲਦੇ ਹਨ।

          ਜੋਕਾਂ ਦੇ ਅੰਡੇ ਵੀ ਜ਼ਰਦੀ ਅਤੇ ਸਪੱਰਮੈਟੋਫ਼ੈਰਾਂ ਸਮੇਤ ਕੋਇਆਂ ਵਿਚ ਬੰਦ ਰਹਿੰਦੇ ਹਨ। ਇਹ ਕੋਏ ਗਿੱਲੀ ਮਿੱਟੀ ਵਿਚ ਦਿੱਤੇ ਜਾਂਦੇ ਹਨ।

          ਕੀੜੀਆਂ ਦੇ ਅੰਡਿਆਂ ਵਿਚ ਵੀ ਜ਼ਰਦੀ ਅਤੇ ਥੰਧਿਆਈ ਵਧੇਰੇ ਹੁੰਦੀ ਹੈ। ਅੰਡੇ ਕਈ ਝਿੱਲੀਆਂ ਵਿਚ ਲਪੇਟੇ ਹੁੰਦੇ ਹਨ। ਵਧੇਰੇ ਕੀੜਿਆਂ ਦੇ ਅੰਡੇ ਲੰਬੂਤਰੇ ਹੁੰਦੇ ਹਨ, ਪਰ ਕਿਸੇ ਕਿਸੇ ਦੇ ਗੋਲ ਵੀ ਹੁੰਦੇ ਹਨ।

          ਕ੍ਰਾਸਟੇਸ਼ੀਆ ਸ਼੍ਰੇਣੀ ਦੇ ਜੀਵਾਂ ਵਿਚੋਂ ਕਿਸੇ ਕਿਸੇ ਦੇ ਅੰਡੇ ਇਕ-ਪਾਸੀ ਜ਼ਰਦੀ ਵਾਲੇ (telolecithal) ਅਤੇ ਕੁਝ ਕੇਂਦਰ ਵਿਚ ਜ਼ਰਦੀ ਵਾਲੇ (telolecithal) ਅਤੇ ਕੁਝ ਕੇਂਦਰ ਵਿਚ ਜ਼ਰਦੀ ਵਾਲੇ (centrolecithal) ਹੁੰਦੇ ਹਨ। ਕੁਝ ਬ੍ਰੈਂਕੀਓਪੋਡਾਂ (branchiopods) ਅਤੇ ਆੱਸਟ੍ਰੈਕੋਡਾਂ (ostracods) ਦੇ ਅੰਡਿਆਂ ਵਿਚ਼ ਬੱਚੇ ਸੇਣ ਤੋਂ ਬਿਨਾਂ ਹੀ ਨਿਕਲਦੇ ਹਨ। ਡੈਫ਼ਨੀਆਂ (Daphnia) ਦੇ ਅੰਡਿਆਂ ਵਿਚੋਂ ਹੁਨਾਲੇ ਵਿਚ ਸੇਣ ਤੋਂ ਬਿਨਾਂ ਹੀ ਬੱਚੇ ਨਿਕਲਦੇ ਹਨ ਪਰ ਸਿਆਲੇ ਵਿਚ ਦਿੱਤੇ ਹੋਏ ਅੰਡਿਆਂ ਨੂੰ ਸੇਣਾ ਜ਼ਰੂਰੀ ਹੁੰਦਾ ਹੈ। ਅਠੂਹਿਆਂ ਅਤੇ ਬਿੱਛੂਆਂ ਦੇ ਅੰਡੇ ਗੋਲ ਹੁੰਦੇ ਹਨ ਅਤੇ ਇਨ੍ਹਾਂ ਵਿਚ ਜ਼ਰਦੀ ਕਾਫ਼ੀ ਮਾਤਰਾ ਵਿਚ ਮੌਜੂਦ ਹੁੰਦੀ ਹੈ। ਮਕੜੀਆਂ ਦੇ ਅੰਡੇ ਵੀ ਗੋਲ-ਮੋਲ ਹੁੰਦੇ ਹਨ ਅਤੇ ਇਨ੍ਹਾਂ ਅੰਦਰ ਵੀ ਜ਼ਰਦੀ ਹੁੰਦੀ ਹੈ। ਇਹ ਕੋਇਆਂ ਵਿਚ ਦਿੱਤੇ ਜਾਂਦੇ ਹਨ ਅਤੇ ਉਥੇ ਵੀ ਵਧਦੇ ਫੁਲਦੇ ਹਨ।

          ਸੰਖ-ਸ਼ੇਣੀ (Gastropoda) ਦੇ ਜੀਵ ਅੰਡੇ ਢੇਰੀਆਂ ਵਿਚ ਦਿੰਦੇ ਹਨ। ਇਹ ਅੰਡੇ ਲੇਸਦਾਰ ਮਾਦੇ ਵਿਚ ਲਪੇਟੇ ਹੁੰਦੇ ਹਨ। ਇਨ੍ਹਾਂ ਢੇਰੀਆਂ ਦੀਆਂ ਸ਼ਕਲਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਪਰ ਵਧੇਰੇ ਕਰਕੇ ਇਹ ਲੰਬੀਆਂ ਵੇਲਣ੍ਹੇ ਵਰਗੀਆਂ, ਪੱਟੀਆਂ ਜਿਹੀਆਂ ਜਾਂ ਰੱਸੀ ਵਾਂਗ ਹੁੰਦੀਆਂ ਹਨ। ਇਸ ਤਰ੍ਹਾਂ ਕਈ ਰੱਸੀਆਂ ਦੇ ਆਪਸ ਵਿਚ ਜੁੜਨ ਨਾਲ ਇਕ ਵੱਡੀ ਰੱਸੀ ਜਿਹੀ ਬਣ ਜਾਂਦੀ ਹੈ। ਪ੍ਰੋਸੋਬ੍ਰੈਂਕੀਆ (Prosobranchia) ਦੇ ਅੱਡੇ ਚਿੱਟੇ, ਲੇਸਦਾਰ ਮਾਦੇ ਨਾਲ ਇਕ ਕੈਪਸਿਊਨ ਵਿਚ ਬੰਦ ਹੋਏ ਹੁੰਦੇ ਹਨ। ਇਸ ਤਰ੍ਹਾਂ ਦੇ ਬਹੁਤ ਸਾਰੇ ਕੈਪਸਿਊਲ ਇਕੱਠੇ ਕਿਸੇ ਚਟਾਨ ਜਾਂ ਸਮੁੰਦਰੀ ਘਾਹ ਨਾਲ ਚੰਬੜੇ ਹੋਏ ਮਿਲਦੇ ਹਨ।

          ਅਜਿਹੀ ਵੀ ਹੁੰਦਾ ਹੈ ਕਿ ਕੈਪਸਿਊਲ ਦੇ ਅੰਦਰ ਦੇ ਭਰੂਣਾਂ ਵਿਚੋਂ ਸਿਰਫ਼ ਇਕ ਭਰੂਣ ਹੀ ਵਿਕਾਸ ਕਰਦਾ ਹੈ ਅਤੇ ਬਾਕੀ ਉਸ ਦੀ ਖ਼ੁਰਾਕ ਬਣ ਜਾਂਦੇ ਹਨ। ਧਰਤੀ ਉਤੇ ਚਲਣ ਵਾਲੇ ਪਲਮੋਨੇਟ (Pulmonata) ਜੀਵਾਂ ਵਿਚੋਂ ਹਰ ਇਕ ਦਾ ਅੰਡਾ ਇਕ ਚਿਪਚਿਪੇ ਮਾਦੇ ਨਾਲ ਢਕਿਆ ਹੁੰਦਾ ਹੈ ਅਤੇ ਕਈ ਅੰਡੇ ਆਪਸ ਵਿਚ ਮਿਲ ਕੇ ਇਕ ਲੜੀ ਬਣਾਉਂਦੇ ਹਨ। ਇਹ ਧਰਤੀ ਉਤੇ ਤੇੜਾਂ ਵਿਚ ਦਿਤੇ ਜਾਂਦੇ ਹਨ। ਵੈਜਾਈਨਿਊਲਾ (Vaginula) ਦੀ ਬਾਹਰਲੀ ਐਲਬਿਊਮੈੱਨੀ ਢੇਰੀ (ਜਿਸ ਦੇ ਅੰਦਰ ਅੰਡਾ ਹੁੰਦਾ ਹੈ) ਦੀ ਉਪਰਲੀ ਸਤ੍ਹਾ ਕੁਝ ਚਿਰ ਪਿਛੋਂ ਕਰੜੀ ਹੋ ਜਾਂਦੀ ਹੈ ਅਤੇ ਚੂਨੇ ਵਾਂਗ ਜਾਪਣ ਲਗ ਪੈਂਦੀ ਹੈ। ਸੈਫ਼ੈਲੋਪੋਡਾ (Cephalopoda) ਦੇ ਅੰਡੇ ਵੱਡੇ ਆਕਾਰ ਦੇ ਹੁੰਦੇ ਹਨ ਅਤੇ ਇਨ੍ਹਾਂ ਵਿਚ ਜ਼ਰਦੀ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ। ਹਰ ਇਕ ਅੰਡੇ ਦੁਆਲੇ ਝਿੱਲੀ ਲਪੇਟੀ ਹੁੰਦੀ ਹੈ। ਕਈ ਅੰਡੇ ਇਕ ਲੇਸਦਾਰ ਪਦਾਰਥ ਵਿਚ ਚੰਗੀ ਤਰ੍ਹਾਂ ਲਪੇਟੇ ਹੁੰਦੇ ਹਨ। ਇਹ ਜਾਂ ਤਾਂ ਇਕ ਲੜੀ ਦੀ ਸ਼ਕਲ ਵਿਚ ਤਰਤੀਬ ਨਾਲ ਜੁੜੇ ਹੁੰਦੇ ਹਨ ਜਾਂ ਇਕ ਢੇਰੀ ਦੀ ਸ਼ਕਲ ਵਿਚ ਪਏ ਹੁੰਦੇ ਹਨ।

          ਸਟਾਰ ਫ਼ਿਸ਼ ਦੇ ਅੰਡਿਆਂ ਦਾ ਉਪਰਲਾ ਹਿੱਸਾ ਸ਼ੀਸ਼ੇ ਵਰਗਾ ਸਾਫ਼ ਹੁੰਦਾ ਹੈ ਅਤੇ ਵਿਚਕਾਰ ਪੀਲੀ ਅਤੇ ਸੰਤਰੀ ਰੰਗ ਦੀ ਜ਼ਰਦੀ ਹੁੰਦੀ ਹੈ। ਇਲੈਸਮੋਬ੍ਰੈਂਕ (Elasmobranch) ਮੱਛੀਆਂ ਦੇ ਸੇਏ ਹੋਏ ਅੰਡੇ ਇਕ ਪਰਦੇ ਵਿਚ ਬੰਦ ਰਹਿੰਦੇ ਹਨ। ਅੰਡਿਆਂ ਦਾ ਅਜਿਹਾ ਪਰਦਾ ਮੱਛੀਆਂ ਦੀਆਂ ਹਾੱਲੋਸੈਫ਼ੇਲਾਈ (Holocephali) ਕਿਸਮਾਂ ਵਿਚ ਵੀ ਹੁੰਦਾ ਹੈ। ਕੈਲੋਰਿੰQਕਸ (Callorhynchus) ਜਾਤੀ ਦੀਆਂ ਮੱਛੀਆਂ ਦੇ ਅੰਡਿਆਂ ਦੀ ਲੰਬਾਈ ਲਗਭਗ 25 ਸੈਂ. ਮੀ. ਹੁੰਦੀ ਹੈ। ਐਕਟਿਨਾੱਪਟੈਰੀਜਿਆਈ (Actinopterygii) ਅਰਥਾਤ ਕਿਰਨ-ਖੰਭੀ ਮੱਛੀਆਂ ਦੇ ਅੰਡੇ ਇਨ੍ਹਾਂ ਮੱਛੀਆਂ ਦੇ ਅੰਡਿਆਂ ਤੋਂ ਛੋਟੇ ਹੁੰਦੇ ਹਨ ਅਤੇ ਘੱਟ ਵੱਧ ਹੀ ਖ਼ੋਲ ਵਿਚ ਬੰਦ ਹੁੰਦੇ ਹਨ। ਮੱਛੀਆਂ ਲੱਖਾਂ ਦੀ ਗਿਣਤੀ ਵਿਚ ਅੰਡੇ ਦਿੰਦੀਆਂ ਹਨ। ਹੈਡਕ, ਟਰਬਟ, ਸੋਲ, ਕਾਡ ਆਦਿ ਮੱਛੀਆਂ ਦੇ ਅੰਡੇ ਪਾਣੀ ਉਤੇ ਤਰਦੇ ਰਹਿੰਦੇ ਹਨ। ਹੈਰਿੰਗ, ਸਾਮਨ, ਟ੍ਰਾਊਟ ਆਦਿ ਮੱਛੀਆਂ ਦੇ ਅੰਡੇ ਪਾਣੀ ਵਿਚ ਡੁੱਬਕੇ ਥੱਲੇ ਬੈਠ ਜਾਂਦੇ ਹਨ। ਕਦੇ ਕਦੇ ਅੰਡੇ ਚਟਾਨਾਂ ਨਾਲ ਚਿਪਕਾ ਦਿਤੇ ਜਾਂਦੇ ਹਨ। ਡਿਪਨੋਆਈ (Dipnoi) ਮੱਛੀਆਂ ਦੇ ਅੰਡੇ ਇਕ ਲੇਸਦਾਰ ਥੈਲੀ ਵਿਚ ਹੁੰਦੇ ਹਨ ਅਤੇ ਪਾਣੀ ਨਾਲ ਫੁੱਲ ਜਾਂਦੇ ਹਨ।

          ਪੂਛ ਰਹਿਤ ਜੀਵ, ਅਨਿਊਰਾ (Anura) ਢੇਰੀਆਂ ਵਿਚ ਅੰਡੇ ਦੇਂਦੇ ਹਨ। ਹਰ ਇਕ ਅੰਡੇ ਦਾ ਉਪਰਲਾ ਹਿੱਸਾ ਕਾਲਾ ਅਤੇ ਹੇਠਲਾ ਚਿੱਟਾ ਹੁੰਦਾ ਹੈ ਅਤੇ ਉਹ ਇਕ ਐਲਬਿਊਮੈੱਨੀ ਖ਼ੋਲ ਵਿਚ ਬੰਦ ਹੁੰਦਾ ਹੈ। ਇਕ ਵਾਰੀ ਦਿਤੇ ਗਏ ਸਾਰੇ ਅੰਡੇ ਇਕ ਢੇਰੀ ਵਿਚ ਹੁੰਦੇ ਹਨ। ਇਹ ਅੰਡੇ ਇਕ-ਪਾਸੀ ਜ਼ਰਦੀ ਵਾਲੇ ਹੁੰਦੇ ਹਨ।

          ਰੀਂਗਣੇ ਜੀਵ ਆਮ ਤੌਰ ਤੇ ਅੰਡੇ ਦਿੰਦੇ ਹਨ, ਪਰ ਕੁਝ ਬੱਚੇ ਵੀ ਦਿੰਦੇ ਹਨ। ਅੰਡੇ ਦਾ ਉਪਰਲਾ ਖ਼ੋਲ ਕੈਲਸੀਅਮੀ ਹੁੰਦਾ ਹੈ। ਅੰਡੇ ਬਹੁਤਾ ਕਰ ਕੇ ਧਰਤੀ ਉਪਰ ਤੇੜਾਂ ਵਿਚ ਰੱਖੇ ਜਾਂਦੇ ਹਨ ਤੇ ਸੂਰਜ ਦੀ ਗਰਮੀ ਨਾਲ ਇਨ੍ਹਾਂ ਵਿਚ ਵਿਕਾਸ ਹੁੰਦਾ ਹੈ। ਮਦੀਨ ਸੰਸਾਰ ਆਪਣੇ ਅੰਡਿਆਂ ਦੇ ਨੇੜੇ ਰਹਿ ਕੇ ਉਨ੍ਹਾਂ ਦੀ ਰਾਖੀ ਕਰਦੀ ਹੈ।

          ਪੰਛੀਆਂ ਦੇ ਅੰਡੇ ਵੱਡੇ ਵੱਡੇ ਅਤੇ ਬਹੁਤੀ ਜ਼ਰਦੀ ਵਾਲੇ ਹੁੰਦੇ ਹਨ। ਜ਼ਰਦੀ ਦੇ ਉਪਰ ਇਕ ਛੋਟੀ ਜਿਹੀ ਭਰੂਣੀ-ਟਿੱਕੀ ਦੇ ਰੂਪ ਵਿਚ ਪ੍ਰੋਟੋਪਲਾਜ਼ਮ ਹੁੰਦਾ ਹੈ। ਅੰਡੇ ਦਾ ਸਭ ਤੋਂ ਬਾਹਰਲਾ ਹਿੱਸਾ ਕੈਲਸੀਅਮ ਦਾ ਬਣਿਆ ਖ਼ੋਲ ਹੁੰਦਾ ਹੈ ਅਤੇ ਇਸ ਦੇ ਅੰਦਰ ਇਕ ਸਖ਼ਤ ਦੂਹਰੀ ਝਿੱਲੀ ਹੁੰਦੀ ਹੈ। ਬਾਹਰਲੀ ਅਤੇ ਅੰਦਰਲੀ ਝਿੱਲੀ ਦੇ ਵਿਚਕਾਰ, ਚੌੜੇ ਸਿਰੇ ਵਲ ਇਕ ਖ਼ਾਲੀ ਥਾਂ ਹੁੰਦੀ ਹੈ।

          ਅੰਡੇ ਦੇ ਅੰਦਰ ਚਾਰੇ ਪਾਸੇ ਝਿੱਲੀ ਹੁੰਦੀ ਹੈ ਜਿਸ ਵਿਚ ਇਕ ਪਤਲਾ ਤਰਲ ਹੁੰਦਾ ਹੈ। ਤਰਲ ਦਾ ਬਾਹਰਲਾ ਹਿੱਸਾ ਐਲਬਿਊਮੈੱਨ ਦਾ ਬਣਿਆ ਹੁੰਦਾ ਹੈ ਜਿਸ ਦੇ ਦੋ ਹਿੱਸੇ ਹੁੰਦੇ ਹਨ। ਬਾਹਰਲਾ ਹਿੱਸਾ ਮੋਟਾ ਤੇ ਚਿਪਚਿਪਾ ਹੁੰਦਾ ਹੈ ਅਤੇ ਇਸ ਦੇ ਦੋਵੇਂ ਸਿਰੇ ਰੱਸੀ ਵਾਂਗ ਵੱਟੇ ਹੋਏ ਹੁੰਦੇ ਹਨ ਜਿਨ੍ਹਾਂ ਨੂੰ ਕੈਲਾਜ਼ਾ (chalaza) ਕਹਿੰਦੇ ਹਨ। ਅੰਦਰਲੀ ਐਲਬਿਊਮੈੱਨ ਵਧੇਰੇ ਤਰਲ ਹੁੰਦੀ ਹੈ। ਅੰਡੇ ਦਾ ਅੰਦਰਲਾ ਪੀਲਾ ਹਿੱਸਾ ਜ਼ਰਦੀ ਅਖਵਾਉਂਦਾ ਹੈ।

          ਸਭ ਤੋਂ ਛੋਟੇ ਅੰਡੇ ਹੰਮਿੰਗ ਬਰਡ ਨਾਂ ਦੇ ਪੰਛੀ ਦੇ ਹੁੰਦੇ ਹਨ ਅਤੇ ਸਭ ਤੋਂ ਵੱਡੇ ਸ਼ੁਤਰ ਮੁਰਗ਼ ਵਰਗੇ ਵੱਡੇ ਕੱਦ ਦੇ ਪੰਛੀ ਮੋਆ (Moa) ਅਤੇ ਈਪੀਆੱਰਨਿਸ (Aepyornis) ਦੇ ਹੁੰਦੇ ਹਨ।

          ਅੰਡੇ ਦੀ ਐਲਬਿਊਮੈੱਨ ਦੀਆਂ ਤਿੰਨ ਤਹਿਆਂ ਹੁੰਦੀਆਂ ਹਨ। ਇਨ੍ਹਾਂ ਦੀ ਰਸਾਇਣਕ ਰਚਨਾ ਵੀ ਵੱਖਰੀ ਵੱਖਰੀ ਹੁੰਦੀ ਹੈ ਜਿਵੇਂ ਕਿ ਹੇਠ ਦਿੱਤੀ ਸਾਰਨੀ ਤੋਂ ਪਤਾ ਲਗਦਾ ਹੈ :

ਅੰਡੇ ਦੀ ਐਲਬਿਊਮੈੱਨ ਦੇ ਪ੍ਰੋਟੀਨ

 

ਅੰਦਰਲੀ ਸੂਖ਼ਮ ਤਹਿ

ਵਿਚਕਾਰਲੀ ਸਥੂਲ ਤਹਿ

ਬਾਹਰਲੀ ਸੂਖ਼ਮ ਤਹਿ

ਓਵੋਮਿੳਸਿਨ

(ovomucin)

1.10

5.11

1.91

ਓਵੋਗਲੋਬੂਲਿਨ

(ovoglobulin)

9.59

5.59

3.66

ਓਵੋਐਲਬਿਊਮੈੱਨ

(ovoalbumen)

89.29

89.19

94.43

          ਇਨ੍ਹਾਂ ਤਿੰਨਾਂ ਤਹਿਆਂ ਵਿਚ ਪਾਣੀ ਦੀ ਮਾਤਰਾ ਇਕੋ ਜਿਹੀ ਹੁੰਦੀ ਹੈ, ਪਰ ਗਾੜ੍ਹੇਪਨ ਵਿਚ ਜ਼ਰੂਰ ਫ਼ਰਕ ਹੁੰਦਾ ਹੈ। ਸਭ ਤੋਂ ਬਾਹਰਲੀ ਤਹਿ ਪਾਣੀ ਵਰਗੀ ਪਤਲੀ, ਵਿਚਕਾਰਲੀ ਗਾੜ੍ਹੀ ਅਤੇ ਉਸ ਤੋਂ ਬਾਹਰਲੀ ਫਿਰ ਕੁਝ ਪਤਲੀ ਹੁੰਦੀ ਹੈ। ਪਰ ਇਹ ਫ਼ਰਕ ਕੋਲਾਇਡਲ ਹਾਲਤ ਕਰ ਕੇ ਹੈ।

ਅੰਡੇ ਦੀ ਰਸਾਇਣਿਕ ਬਣਤਰ

          ਸਫ਼ੈਦੀ ਦੀਆਂ ਪ੍ਰੋਟੀਨਾਂ––ਅੰਡੇ ਦੀ ਸਫ਼ੈਦੀ ਦੀ ਮੁਖ ਪ੍ਰੋਟੀਨ ਓਵੋਐਲਬਿਊਮੈੱਨ ਹੈ। ਇਸ ਵਿਚ ਪ੍ਰੋਟੀਨ ਦੇ ਨਾਲ ਨਾਲ ਕਾਰਬੋਹਾਈਡਰੇਟ ਹੁੰਦੇ ਹਨ। ਖੋਜ ਕਰਨ ਤੇ ਇਹ ਪਤਾ ਲਗਾ ਹੈ ਕਿ ਇਹ ਕਾਰਬੋਹਾਈਡਰੇਟ, ਇਸ ਪ੍ਰੋਟੀਨ ਦਾ ਇਕ ਅਨਿਖੜਵਾਂ ਅੰਗ ਹਨ। ਇਹ ਪ੍ਰੋਟੀਨ ਦਾਣੇਦਾਰ ਹੁੰਦੇ ਹਨ। ਇਨ੍ਹਾਂ ਵਿਚ ਫ਼ਾਸਫ਼ੋਰਸ ਵੀ ਹੁੰਦੀ ਹੈ ਪਰ ਇਸ ਦੀ ਮਿਕਦਾਰ ਦਾ ਅਜੇ ਠੀਕ ਪਤਾ ਨਹੀਂ ਲਗ ਸਕਿਆ। ਆਮ ਤੌਰ ਤੇ ਇਹ ਮਿਕਦਾਰ 0.22 ਮੰਨੀ ਜਾਂਦੀ ਹੈ। ਦੂਜੀਆਂ ਪ੍ਰੋਟੀਨਾਂ ਹਨ––ਓਵੋਮਿਊਸਿਨ, ਓਵੋਗਲੋਬੂਲਿਨ ਅਤੇ ਓਵੋਮਿਊਕਾੱਇਡ (ovomucoid)। ਓਵੋਮਿਊਸਿਨ ਇਕ ਗਲੂਕੋ-ਪ੍ਰੋਟੀਨ ਹੈ ਅਤੇ ਇਸ ਦੇ ਵਿਚ ਵੀ ਕਾਰਬੋਹਾਈਡਰੇਟ ਹੁੰਦੇ ਹਨ। ਓਵੋਗਲੋਬੂਲਿਨ ਦਾਣੇਦਾਰ ਨਹੀਂ ਹੁੰਦਾ। ਓਵੋਮਿਊਕਾੱਇਡ ਵੀ ਇਕ ਗਲੂਕੋ-ਪ੍ਰੋਟੀਨ ਹੈ।

          ਇਜ਼ੂਮੀ (Izumi) ਨੇ ਓਵੋਮਿਊਕਾੱਇਡ ਨੂੰ ਪਾਣੀ ਵਿਚ ਰਲਾਉਣ ਪਿਛੋਂ ਗਲੂਕੋਸੇਮੀਨ (glucosamine) ਕੱਢੇ ਜਿਹੜੇ ਗਲੂਕੋਜ਼ ਦੇ ਲਗਭਗ 26% ਦੇ ਬਰਾਬਰ ਸਨ। ਫ਼ਰੈਂਕੀ (Franke) ਅਤੇ ਜੈਲੀਨੈਕ (Jellinek) ਨੇ ਅੰਡੇ ਵਿਚੋਂ ਗਲੂਕੋਸੇਮੀਨ-ਮੈਨੋਸ (gluco-samine-mannose) ਵੀ ਅੱਡ ਕੀਤੇ। ਪਰ ਅਜੇ ਇਹ ਪਤਾ ਨਹੀਂ ਲਗ ਸਕਿਆ ਕਿ ਇਨ੍ਹਾਂ ਦਾ ਖ਼ਾਸ ਫ਼ਾਇਦਾ ਕੀ ਹੈ।

          ਅੰਡੇ ਦੀ ਸਫ਼ੈਦੀ ਦੀ ਮਿਠਾਸ ਪਾੱਲੀਸੈਕੈਰਾਈਡ (polysachharide) 4- ਟ੍ਰਾਈਸੈਕੈਰਾਈਡ (trisachharide), ਮਿਲਣ ਨਾਲ ਬਣਦੀ ਹੈ ਜਿਨ੍ਹਾਂ ਵਿਚੋਂ ਹਰ ਇਕ ਦਾ ਅਣਵੀ ਭਾਰ 500 ਹੈ ਅਤੇ ਇਸ ਵਿਚ ਗਲੂਕੋਸੇਮੀਨ ਦਾ ਇਕ ਇਕ ਅਣੂ ਅਤੇ ਮੈਨੋਸ (mannose) ਦੇ ਦੋ ਅਣੂ ਹੁੰਦੇ ਹਨ।

          ਜ਼ਰਦੀ ਦੀਆਂ ਪ੍ਰੋਟੀਨਾਂ––ਅੰਡੇ ਦੀ ਜ਼ਰਦੀ ਦੀਆਂ ਪ੍ਰੋਟੀਨਾਂ ਓਵੋਵਿਟੇਲੀਨ (ovo-vitillin) ਲਿਵੇਟੀਨ (livetin), ਹੀਮੈਟੋਜਨ (hematogen) ਜਾਂ ਵਿਟਲੋਮਿਊਕਾੱਇਡ (vitellomucoid) ਹਨ।

          ਪਹਿਲੀ ਪ੍ਰੋਟੀਨ ਇਕ ਫ਼ਾਸਫ਼ੋਪ੍ਰੋਟੀਨ ਹੈ ਅਤੇ ਦੂਜੀ ਵਿਚ ਕੇਵਲ 0.10% ਫ਼ਾਸਫ਼ੋਰਸ ਹੁੰਦੀ ਹੈ। ਬਾਕੀ ਗੱਲਾਂ ਵਿਚ ਇਹ ਆਪਸ ਵਿਚ ਮਿਲਦੀਆਂ ਹਨ। ਤੀਜੀ ਪ੍ਰੋਟੀਨ ਵਿਚ ਫ਼ਾਸਫ਼ੋਰਸ ਦੇ ਨਾਲ ਨਾਲ ਲੋਹਾ ਅਤੇ ਗੰਧਕ ਵੀ ਹੁੰਦੇ ਹਨ।

          ਪ੍ਰੋਟੀਨ-ਰਹਿਤ ਨਾਈਟ੍ਰੋਜਨ ਵਾਲੇ ਪਦਾਰਥ––1. ਲੈਸੀਥੀਨ (lecithin) ਇਨ੍ਹਾਂ ਪਦਾਰਥਾਂ ਦਾ ਵੱਡਾ ਹਿੱਸਾ ਹੈ। ਇਸ ਦੇ ਨਾਲ ਨਾਲ ਇਸ ਵਿਚ ਕੋਲੀਨ (choline) ਅਤੇ ਸੈਫ਼ੇਲੀਨ (cephelin) ਵੀ ਹੁੰਦੀਆਂ ਹਨ।

          ਲੈਸੀਥੀਨ ਗਲਾਈ-ਸਰੋਫ਼ਾਸਫ਼ੋਰਿਕ ਐਸਿਡ (glycerophos-phoric acid), ਫੈਟੀ ਐਸਿਡ ਅਤੇ ਕੋਲੀਨ ਤੋਂ ਬਣਦਾ ਹੈ। ਫੈਟੀ ਐਸਿਡ ਦੇ ਮੁਖ ਤੇਜ਼ਾਬ ਪਾਮਿਟਿਕ, ਸਟੀਐਰਿਕ ਅਤੇ ਉਲੀਇਕ ਐਸਿਡ ਹਨ। ਇਸ ਤੋਂ ਇਲਾਵਾ ਐਰਾਇਡੋਨਿਕ (Arachidonic) ਐਸਿਡ, ਲਿਨੋਲਿਕ (linoleic) ਐਸਿਡ ਅਤੇ ਕਲੱਪਨੋਡੋਨਿਕ (clupanodonic) ਐਸਿਡ ਵੀ ਥੋੜ੍ਹੀ ਥੋੜ੍ਹੀ ਮਿਕਦਾਰ ਵਿਚ ਹੁੰਦੇ ਹਨ।

          2. ਸੈਫ਼ੇਲੀਨ ਵਿਚ ਅਤੇ ਲੈਸੀਥੀਨ ਵਿਚ ਇਹ ਫ਼ਰਕ ਹੈ ਕਿ ਸੈਫ਼ੇਲੀਨ ਅਲਕੋਹਲ ਵਿਚ ਘੁਲਦੀ ਨਹੀਂ। ਇਸ ਦੇ ਬਣਾਉਣ ਵਿਚ ਬਹੁਤਾ ਹਿੱਸਾ ਕੋਲੀਨ ਦਾ ਹੈ ਅਤੇ ਸਟੀਐਰਿਕ ਐਸਿਡ ਇਸ ਦਾ ਮੁਖ ਫੈਟੀ ਐਸਿਡ ਹੈ।

          ਚਰਬੀ––ਅੰਡੇ ਵਿਚ ਚਰਬੀ ਤਰਲ ਅਤੇ ਠੋਸ ਰੂਪਾਂ ਵਿਚ ਹੁੰਦੀ ਹੈ। ਇਸ ਚਰਬੀ ਦੇ ਫੈਟੀ ਐਸਿਡ ਟ੍ਰਾਇਉਲੀਨ (triolein), ਟ੍ਰਾਈਪਾਮਿਟਿਨ (tripalmitin) ਅਤੇ ਟ੍ਰਾਈਸਟੀਅਰਿਨ (tristearin) ਹਨ। ਫੈਟੀ ਐਸਿਡਾਂ ਦੇ ਨਾਲ ਨਾਲ ਇਸ ਵਿਚ ਲੋਹਾ, ਗੰਧਕ ਅਤੇ ਫ਼ਾਸਫ਼ੋਰਸ ਵੀ ਹੁੰਦੇ ਹਨ। ਚਰਬੀ ਵਿਚ ਆਮ ਤੌਰ ਤੇ 30% ਕੋਲੈਸਟੇਨਾਲ (cholestanol) ਵੀ ਮਿਲਦਾ ਹੈ।

          ਤੇਜ਼ਾਬ––ਅੰਡੇ ਵਿਚ ਲੈਕਟਿਕ ਐਸਿਡ ਦੇ ਰੂਪ ਵਿਚ ਥੋੜ੍ਹਾ ਜਿਹਾ ਤੇਜ਼ਾਬ ਵੀ ਹੁੰਦਾ ਹੈ।

          ਕਾਰਬੋਹਾਈਡ੍ਰੇਟ––ਅੰਡੇ ਵਿਚ ਡੈਕਸਟ੍ਰੋਜ਼ (dextrose) ਕਾਰਬੋਹਾਈਡਰੇਟ ਹੁੰਦੀ ਹੈ। ਬੈਰੀ (Bierry) ਅਤੇ ਹੈਜ਼ਰਡ (Hazard) ਦੀ ਖੋਜ ਅਨੁਸਾਰ ਅੰਡੇ ਦੀ ਸਫ਼ੈਦੀ ਵਿਚ ਜ਼ਰਦੀ ਨਾਲੋਂ ਸ਼ੱਕਰ ਵਧੇਰੇ ਹੁੰਦੀ ਹੈ।

          ਅੰਡੇ ਦੀ ਜ਼ਰਦੀ ਅਤੇ ਸਫ਼ੈਦੀ ਦੋਹਾਂ ਵਿਚ ਵਿਟਾਮਿਨ ਹੁੰਦੇ ਹਨ ਪਰ ਜ਼ਰਦੀ ਵਿਚ ਵਧੇਰੇ ਹੁੰਦੇ ਹਨ ਜਿਵੇਂ ਹੇਠ੍ਹਾਂ ਵਾਲੀ ਸਾਰਨੀ ਵਿਚ ਦਿੱਤੀ ਗਿਆ ਹੈ :

ਵਿਟਾਮਿਨ

ਜ਼ਰਦੀ ਵਿਚ

ਸਫ਼ੈਦੀ ਵਿਚ

A

––

B1

––

B2

C

––

––

D

––

E

––

          ਖ਼ੁਰਾਕ ਵਜੋਂ ਅੰਡੇ––ਪੰਛੀਆਂ ਦੇ ਅੰਡੇ, ਖ਼ਾਸ ਕਰਕੇ ਮੁਰਗ਼ੀ ਦੇ ਅੰਡੇ, ਪੁਰਾਣੇ ਜ਼ਮਾਨੇ ਤੋਂ ਹੀ ਵੱਖੋ ਵੱਖ ਦੇਸ਼ਾਂ ਵਿਚ ਬੜੇ ਚਾਅ ਨਾਲ ਖਾਧੇ ਜਾਂਦੇ ਰਹੇ ਹਨ। ਭਾਰਤ ਵਿਚ ਅੰਡਿਆਂ ਦੀ ਖਪਤ ਘੱਟ ਹੈ ਕਿਉਂਕਿ ਹਿੰਦੂਆਂ ਦੀ ਬਹੁ ਗਿਣਤੀ ਅੰਡਾ ਖਾਣ ਨੂੰ ਧਰਮ ਵਿਰੁੱਧ ਸਮਝਦੀ ਹੈ। ਅੰਡੇ ਵਿਚ ਵਧੀਆ ਖ਼ੁਰਾਕ ਦਾ ਸਾਰਾ ਹਿੱਸਾ ਜਲਦੀ ਹੀ ਹਜ਼ਮ ਹੋ ਜਾਣ ਵਾਲੀ ਖ਼ੁਰਾਕ ਦੇ ਰੂਪ ਵਿਚ ਮੌਜੂਦ ਹੁੰਦਾ ਹੈ, ਉਦਾਹਰਨ ਦੇ ਤੌਰ ਤੇ ਕੈਲਸੀਅਮ ਅਤੇ ਫ਼ਾਸਫ਼ੋਰਸ, ਜਿਨ੍ਹਾਂ ਦੀ ਲੋੜ ਸਰੀਰ ਦੀਆਂ ਹੱਡੀਆਂ ਨੂੰ ਪੱਕਾ ਕਰਨ ਲਈ ਹੁੰਦੀ ਹੈ, ਲੋਹਾ ਜੋ ਲਹੂ ਲਈ ਜ਼ਰੂਰੀ ਹੈ ਅਤੇ ਹੋਰ ਖਣਿਜ, ਪ੍ਰੋਟੀਨ, ਚਰਬੀ ਆਦਿ ਸਾਰੇ ਹੀ ਅੰਡੇ ਵਿਚ ਹੁੰਦੇ ਹਨ। ਕਾਰਬੋਹਾਈਡਰੇਟ ਅੰਡੇ ਵਿਚ ਨਹੀਂ ਹੁੰਦੇ ਇਸ ਲਈ ਚਾਵਲ, ਦਾਲ, ਰੋਟੀ ਦੇ ਨਾਲ ਅੰਡੇ ਦੀ ਵਰਤੋਂ ਖ਼ਾਸ ਤੌਰ ਤੇ ਲਾਭਵੰਦ ਹੈ ਕਿਉਂਕਿ ਚਾਵਲ, ਦਾਲ ਆਦਿ ਵਿਚ ਪ੍ਰੋਟੀਨ ਦੀ ਬੜੀ ਹੀ ਘਾਟ ਹੁੰਦੀ ਹੈ। ਅੰਡਾ ਪੂਰੇ ਦਾ ਪੂਰਾ ਪਚ ਜਾਂਦਾ ਹੈ। ਇਸ ਦਾ ਕੁਝ ਫੋਕ ਬਾਕੀ ਨਹੀਂ ਬਚਦਾ। ਇਸ ਕਰਕੇ ਖ਼ੁਰਾਕ ਵਿਚ ਬਹੁਤੇ ਅੰਡੇ ਹੋਣ ਤਾਂ ਕਬਜ਼ੀ ਦਾ ਡਰ ਹੁੰਦਾ ਹੈ। ਅੰਡਾ ਬਹੁਤ ਕਿਸਮ ਦੇ ਖਾਣਿਆਂ ਵਿਚ ਵਰਤਿਆ ਜਾਂਦਾ ਹੈ। ਸੂਪ, ਜੈਲੀ, ਚੀਨੀ ਆਦਿ ਨੂੰ ਸਾਫ਼ ਕਰਨ, ਖਸਤਾ ਚੀਜ਼ਾਂ ਉਪਰ ਸਜਾਵਟ ਦੇਣ ਵਾਲੀ ਤਹਿ ਚੜ੍ਹਾਉਣ ਲਈ, ਮੋਣੀ ਦੇ ਰੂਪ ਵਿਚ, ਕੇਕ ਬਣਾਉਣ ਲਈ, ਆਈਸ ਕਰੀਮ ਬਣਾਉਣ ਵਿਚ, ਪੂੜੇ ਅਤੇ ਗੁਲਗੁਲੇ ਬਣਾਉਣ ਲਈ ਅੰਡਿਆਂ ਦੀ ਬਹੁਤ ਵਰਤੋਂ ਹੁੰਦੀ ਹੈ। ਰੋਗ ਦੇ ਹਟਣ ਪਿੱਛੋਂ ਕਮਜ਼ੋਰ ਵਿਅਕਤੀਆਂ ਨੂੰ ਕੱਚੇ ਅੰਡੇ ਦਿੱਤੇ ਜਾਂਦੇ ਹਨ। ਵਧੇਰੇ ਉਬਾਲੇ ਹੋਏ ਸਖ਼ਤ ਅੰਡੇ ਸਬਜ਼ੀਆਂ ਵਿਚ ਪੈਂਦੇ ਹਨ। ਭਾਰਤ ਵਿਚ ਉਬਾਲੇ, ਘਿਉ ਜਾਂ ਮੱਖਣ ਵਿਚ ਅੱਧ ਤਲੇ ਅਤੇ ਅੰਡੇ ਦੇ ਆਮਲੇਟ ਦਾ ਵਧੇਰੇ ਰਿਵਾਜ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2791, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਅੰਡਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੰਡਾ, ਸੰਸਕ੍ਰਿਤ (ਅੰਡ) / ਪੁਲਿੰਗ : ਆਂਡਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1223, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-11-57-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.