ਕਬੀਰਪੰਥੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬੀਰਪੰਥੀ [ਨਾਂਪੁ] ਕਬੀਰ ਪੰਥ ਦੇ ਪੈਰੋਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਬੀਰਪੰਥੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬੀਰਪੰਥੀ. ਕਬੀਰ ਜੀ ਦਾ ਮਤ ਧਾਰਣ ਵਾਲਾ. ਕਬੀਰ ਦਾ ਅਨੁਗਾਮੀ। ੨ ਜੁਲਾਹੇ ਭੀ ਆਪਣੇ ਤਾਈਂ ਕਬੀਰਪੰਥੀ ਸਦਾਉਂਦੇ ਹਨ. ਜਿਵੇਂ ਚਮਾਰ ਰਵਿਦਾਸੀਏ ਕਹੇ ਜਾਂਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਬੀਰਪੰਥੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬੀਰਪੰਥੀ: ਸੰਤ ਅਤੇ ਸਮਾਜ ਸੁਧਾਰਕ, ਭਗਤ ਕਬੀਰ ਜੀ (1398-1448) ਦੇ ਪੈਰੋਕਾਰ ਹਨ। ਕਬੀਰ ਜੀ ਦੀਆਂ ਕੁਝ ਰਚਨਾਵਾਂ ਸਿੱਖ ਧਰਮ ਗ੍ਰੰਥ , ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਕਬੀਰ ਜੀ ਨੇ ਆਪਣੇ ਜੀਵਨ ਕਾਲ ਵਿਚ ਕੋਈ ਸੰਪਰਦਾਇ ਸਥਾਪਿਤ ਨਹੀਂ ਕੀਤੀ। ਇਹਨਾਂ ਦੇ ਜੋਤੀ-ਜੋਤਿ ਸਮਾਉਣ ਤੋਂ ਪਿੱਛੋਂ ਕਬੀਰ ਪੰਥੀਆਂ ਦੇ ਪਹਿਲੇ ਧਰਮ ਪ੍ਰਚਾਰਕ ਕਹੇ ਜਾਂਦੇ ਸੂਰਤ ਗੋਪਾਲ ਨੇ ਵਾਰਾਣਸੀ ਵਿਖੇ ‘ਕਬੀਰ ਚੌਰਾ` ਨਾਮਕ ਇਕ ਮਠ ਦੀ ਸਥਾਪਨਾ ਕੀਤੀ ਸੀ। ਇਹ ਕਈ ਵਰ੍ਹੇ ਕਬੀਰ ਜੀ ਦੀਆਂ ਗਤੀਵਿਧੀਆਂ ਦਾ ਕੇਂਦਰ ਰਿਹਾ ਸੀ। ਸੂਰਤ ਗੋਪਾਲ ਦਾ ਉਦੇਸ਼ ਆਪਣੇ ਗੁਰੂ , ਭਗਤ ਕਬੀਰ, ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਸੀ। ਬਾਪ (ਪਿਤਾ) ਕਹੇ ਜਾਂਦੇ ਇਸ ਮਠ ਦੀ ਇਕ ਸ਼ਾਖ਼ ਮਗਹਰ ਵਿਖੇ ਵੀ ਸਥਾਪਿਤ ਕੀਤੀ ਗਈ ਅਤੇ ਇਸ ਮਠ ਨਾਲ ਜੁੜੇ ਕਬੀਰਪੰਥੀ ਪੰਜਾਬ , ਗੁਜਰਾਤ , ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਫੈਲੇ ਹੋਏ ਹਨ। ਲਗ-ਪਗ ਉਸੇ ਸਮੇਂ ਮੱਧ ਪ੍ਰਦੇਸ਼ ਦੇ ਛਤੀਸਗੜ੍ਹ ਜ਼ਿਲੇ ਵਿਚ ਧਾਮ ਖੇੜਾ ਵਿਖੇ ਇਕ ਹੋਰ ਕੇਂਦਰ ਦੀ ਸਥਾਪਨਾ ਕੀਤੀ ਗਈ। ਇਸ ਮਠ ਨੂੰ ਮਾਈ (ਮਾਤਾ) ਕਰਕੇ ਜਾਣਿਆ ਜਾਂਦਾ ਹੈ। ਇਸ ਮਠ ਦੀ ਸਥਾਪਨਾ ਧਰਮ ਦਾਸ ਨੇ ਕੀਤੀ ਸੀ ਅਤੇ ਇਸ ਦੀਆਂ ਸ਼ਾਖ਼ਾਵਾਂ ਰਾਇਪੁਰ , ਬਿਲਾਸਪੁਰ ਅਤੇ ਛਿੰਦਵਾੜਾ ਵਿਖੇ ਮੌਜੂਦ ਹਨ। ਇਸ ਮਠ ਨੇ ਵੀ ਕਬੀਰ ਜੀ ਦੇ ਸੰਦੇਸ਼ ਨੂੰ ਪ੍ਰਚਾਰਨ ਵਿਚ ਚੋਖੀ ਮਦਦ ਕੀਤੀ ਅਤੇ ਮੱਧ ਭਾਰਤ ਵਿਚ ਕਈਆਂ ਨੂੰ ਇਸ ਪੰਥ ਨਾਲ ਜੋੜਿਆ।

      ਇਸ ਪੰਥ ਵਿਚ ਸ਼ਾਮਲ ਹੋਣ ਵਾਲੇ ਵਿਅਕਤੀ ਲਈ ਇਹ ਜ਼ਰੂਰੀ ਹੁੰਦਾ ਸੀ ਕਿ ਉਹ ਬਹੁਦੇਵਵਾਦ ਨੂੰ ਤਿਆਗੇ ਅਤੇ ਇਕ ਪਰਮਾਤਮਾ ਵਿਚ ਆਪਣਾ ਵਿਸ਼ਵਾਸ ਪੱਕਾ ਕਰੇ। ਉਸ ਨੂੰ ਸਹੁੰ ਖਾਣੀ ਪੈਂਦੀ ਸੀ ਕਿ ਉਹ ਕਦੇ ਵੀ ਮਾਸ ਨਹੀਂ ਖਾਏਗਾ ਅਤੇ ਸ਼ਰਾਬ ਨਹੀਂ ਪੀਵੇਗਾ। ਉਸਨੂੰ ਰੋਜ਼ਾਨਾ ਇਸ਼ਨਾਨ ਕਰਨ ਅਤੇ ਸਵੇਰ ਸ਼ਾਮ ਪਰਮਾਤਮਾ ਦੀ ਉਸਤਤ ਵਿਚ ਬਾਣੀ ਪੜ੍ਹਣੀ ਚਾਹੀਦੀ ਹੈ। ਜੇ ਕੋਈ ਉਸ ਨਾਲ ਧੱਕਾ ਕਰੇ ਤਾਂ ਉਸ ਨੂੰ ਤਿੰਨ ਵਾਰ ਮੁਆਫ਼ ਕਰ ਦੇਣਾ ਚਾਹੀਦਾ ਹੈ। ਉਸ ਨੂੰ ਨਸੀਹਤ ਦਿੱਤੀ ਜਾਂਦੀ ਹੈ ਕਿ ਬਦਚਲਣ ਇਸਤਰੀਆਂ ਦੇ ਸੰਗ ਤੋਂ ਬਚ ਕੇ ਰਹੇ ਅਤੇ ਆਪਣੀ ਧਰਮ ਪਤਨੀ ਨੂੰ ਆਪਣੇ ਘਰੋਂ ਕਦੇ ਵੀ ਨਾ ਕੱਢੇ; ਕਦੇ ਵੀ ਝੂਠ ਨਾ ਬੋਲੇ; ਕਦੇ ਵੀ ਦੂਸਰੇ ਦੀ ਜਾਇਦਾਦ ਹੜਪ ਨਾ ਕਰੇ; ਕਦੇ ਵੀ ਝੂਠੀ ਗਵਾਹੀ ਨਾ ਦੇਵੇ ਜਾਂ ਕਿਸੇ ਦੇ ਕਹਿਣ ਤੇ ਦੂਜਿਆਂ ਬਾਰੇ ਗ਼ਲਤ ਨਾ ਬੋਲੇ। ਇਸ ਪੰਥ ਵਿਚ ਦੀਖਿਆ ਲੈਣ ਵਾਲੇ ਨੂੰ ਗੁਰੂ ਦੀ ਹਾਜ਼ਰੀ ਵਿਚ ਇਸ ਤਰ੍ਹਾਂ ਦਾ ਵਚਨ ਲੈਣਾ ਪੈਂਦਾ ਹੈ।

      ਕਬੀਰਪੰਥੀਆਂ ਲਈ ਕਬੀਰ ਜੀ ਦੇ ਭਜਨਾਂ ਦਾ ਸੰਗ੍ਰਹਿ, ਬੀਜਕ, ਪਵਿੱਤਰ ਗ੍ਰੰਥ ਹੈ। ਕਬੀਰਪੰਥੀਆਂ ਵਿਚੋਂ ਹਿੰਦੂ ਰਾਮ ਦਾ ਨਾਮ ਜਪਦੇ ਹਨ ਜਦੋਂ ਕਿ ਮੁਸਲਮਾਨ ਖ਼ੁਦਾ ਦੀ ਉਸਤਤਿ ਕਰਦੇ ਹਨ। ਸਾਰੇ ਕਬੀਰਪੰਥੀ ਇਕ ਦੂਜੇ ਨੂੰ ਮਿਲਦੇ ਸਮੇਂ ਬੰਦਗੀ ਨਾਲ ਸੰਬੋਧਨ ਕਰਦੇ ਹਨ। ਆਮ ਲੋਕ ਮਹੰਤ , ਜੋ ਮਠ ਦਾ ਕਰਤਾ-ਧਰਤਾ ਹੁੰਦਾ ਹੈ, ਤੋਂ ਅਗਵਾਈ ਲੈਂਦੇ ਹਨ। ਉਹ ਨੋਕਦਾਰ ਟੋਪੀ, ਇਕ ਕੰਠੀ , ਇਕ ਤੁਲਸੀ ਦੀ ਮਾਲਾ ਅਤੇ ਗੇਰੂਏ ਜਾਂ ਚਿੱਟੇ ਕੱਪੜੇ ਪਹਿਨਦਾ ਹੈ। ਮੱਥੇ ਦਾ ਤਿਲਕ , ਜੇ ਉਹ ਲਗਾਉਂਦਾ ਹੈ ਤਾਂ, ਵੈਸ਼ਣਵ ਕਿਸਮ ਦਾ ਹੁੰਦਾ ਹੈ ਜਾਂ ਉਹ ਨੱਕ ਦੀ ਧਾਰੀ ਤੇ ਸੰਦਲ ਜਾਂ ਗੋਪੀਚੰਦਨ ਦੀ ਧਾਰੀ ਲਗਾਉਂਦਾ ਹੈ। ਵਿਆਹ ਦੀ ਮਨਾਹੀ ਨਹੀਂ ਹੈ ਭਾਵੇਂ ਕਿ ਕੁਝ ਮਹੰਤ ਬ੍ਰਹਮਚਾਰੀ ਰਹਿੰਦੇ ਹਨ।


ਲੇਖਕ : ਬ.ਸ.ਨ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.