ਚੌਸਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਚੌਸਰ (1342–1400): ਮੱਧ-ਕਾਲ ਦੇ ਇੱਕ ਸਰਬੋਤਮ ਕਵੀ ਚੌਸਰ (Chaucer) ਨੂੰ ਅੰਗਰੇਜ਼ੀ ਕਵਿਤਾ ਦਾ ਪਿਤਾਮਾ ਕਿਹਾ ਜਾਂਦਾ ਹੈ। ਚੌਸਰ ਦੇ ਜਨਮ-ਸਥਾਨ ਅਤੇ ਜਨਮ-ਮਿਤੀ ਬਾਰੇ ਕੋਈ ਨਿਸ਼ਚਿਤ ਵੇਰਵੇ ਨਹੀਂ ਮਿਲਦੇ ਪਰ ਉਸ ਦੀਆਂ ਆਪਣੀਆਂ ਅਤੇ ਸਮਕਾਲੀ ਲਿਖਤਾਂ ਵਿਚਲੀਆਂ ਗਵਾਹੀਆਂ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਜਨਮ ਲੰਦਨ ਦੇ ਥੇਮਸ ਮੁਹੱਲੇ ਵਿੱਚ 1342 ਵਿੱਚ ਜਾਂ ਇਸ ਦੇ ਨੇੜੇ-ਤੇੜੇ ਹੋਇਆ ਅਤੇ ਚੌਸਰ ਨੇ ਸੇਂਟ ਪਾਲ ਦੇ ਗਿਰਜੇ ਵਿਚਲੇ ਸਕੂਲ ਵਿੱਚ ਮੁਢਲੀ ਸਿੱਖਿਆ ਪ੍ਰਾਪਤ ਕੀਤੀ। ਉਸ ਦੀ ਮੁਢਲੀ ਸਿੱਖਿਆ ਉੱਤੇ ਉਸ ਸਮੇਂ ਦੇ ਸਭ ਤੋਂ ਵੱਡੇ ਵਿਦਵਾਨ ਰਿਚਰਡ ਡੀ ਬਰੀ ਦਾ ਡੂੰਘਾ ਪ੍ਰਭਾਵ ਪ੍ਰਤੀਤ ਹੁੰਦਾ ਹੈ। ਚੌਸਰ ਦੀ ਰਚਨਾ ਵਿੱਚ ਬੌਧਿਕ ਗਹਿਰਾਈ ਇਸ ਤੱਥ ਦਾ ਪ੍ਰਮਾਣ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਚੌਸਰ 1357 ਵਿੱਚ ਅਲਸਟਰ ਦੀ ਕਾਉਂਟੈਸ ਦੇ ਘਰ ਵਿੱਚ ਬੱਘੀ ਦੇ ਨਾਲ ਜਾਣ ਵਾਲਾ ਪਿਆਦਾ ਸੀ। ਇਸ ਉਪਰੰਤ ਕਈ ਹਵਾਲੇ ਦੱਸਦੇ ਹਨ ਕਿ ਉਹ ਕਿਸੇ ਨਾ ਕਿਸੇ ਪੱਖੋਂ ਸਮਕਾਲੀ ਸ਼ਾਹੀ ਘਰਾਣੇ ਨਾਲ ਜੁੜਿਆ ਰਿਹਾ।

     ਇਤਿਹਾਸਿਕ ਹਵਾਲੇ ਦੱਸਦੇ ਹਨ ਕਿ 1359-60 ਵਿੱਚ ਜਦੋਂ ਇੰਗਲੈਂਡ ਦਾ ਮਹਾਰਾਜਾ ਐਡਵਰਡ ਤੀਜਾ ਫ਼੍ਰਾਂਸ ਵਿੱਚ ਇੱਕ ਸਮਝੌਤੇ ਦੇ ਸੰਬੰਧ ਵਿੱਚ ਗਿਆ ਹੋਇਆ ਸੀ ਜਿਸ ਅਨੁਸਾਰ ਐਡਵਰਡ ਦੇ ਫ਼੍ਰਾਂਸ ਦਾ ਵੀ ਮਹਾਰਾਜਾ ਬਣਨ ਦੀ ਸੰਭਾਵਨਾ ਸੀ, ਉਸ ਦੌਰਾਨ ਚੌਸਰ ਨੂੰ ਬੰਦੀ ਬਣਾ ਲਿਆ ਗਿਆ, ਜਿਸ ਨੂੰ ਮਹਾਰਾਜਾ ਨੇ ਸੋਲ੍ਹਾਂ ਪੌਂਡ ਦੀ ਫਿਰੌਤੀ ਦੇ ਕੇ ਰਿਹਾਅ ਕਰਵਾਇਆ। ਇਸ ਉਪਰੰਤ ਵੀ ਉਹ ਕਈ ਵਾਰ ਮਹਾਰਾਜੇ ਦੇ ਪ੍ਰਤਿਨਿਧ ਵਜੋਂ ਫ਼੍ਰਾਂਸ ਗਿਆ।  

     1360 ਉਪਰੰਤ ਕਈ ਸਾਲ ਚੌਸਰ ਬਾਰੇ ਕੋਈ ਇਤਿਹਾਸਿਕ ਹਵਾਲਾ ਨਹੀਂ ਮਿਲਦਾ। ਕਿਹਾ ਜਾਂਦਾ ਹੈ ਕਿ ਉਸ ਨੇ ਇਨਰ ਟੈਂਪਲ ਦੀ ਸੰਸਥਾ ਵਿੱਚ ਕਨੂੰਨ ਦੀ ਸਿਖਲਾਈ ਪ੍ਰਾਪਤ ਕੀਤੀ ਜਿਹੜੀ ਉਸ ਸਮੇਂ ਦਰਬਾਰ ਵਿੱਚ ਸੇਵਾ ਕਰਨ ਵਾਲਿਆਂ ਲਈ ਜ਼ਰੂਰੀ ਸਮਝੀ ਜਾਂਦੀ ਸੀ। ਚੌਸਰ ਆਪ ਲਿਖਦਾ ਹੈ ਕਿ ਉਸ ਨੇ ਜਵਾਨੀ ਵਿੱਚ ਕਈ ਇਸ਼ਕੀਆ ਗੀਤ ਅਤੇ ਕਵਿਤਾਵਾਂ ਲਿਖੀਆਂ ਸਨ।

     ਚੌਸਰ 1366 ਵਿੱਚ ਸਪੇਨ ਗਿਆ ਅਤੇ ਵਾਪਸੀ ਉੱਤੇ ਉਸ ਨੇ ਮਹਾਰਾਣੀ ਫਿਲਿਪਾ ਦੀ ਇੱਕ ਨਿੱਜੀ ਨੌਕਰਾਣੀ ਨਾਲ ਵਿਆਹ ਕਰ ਲਿਆ। ਇਵੇਂ ਚੌਸਰ ਸ਼ਾਹੀ ਘਰਾਣੇ ਦੇ ਹੋਰ ਵੀ ਨੇੜੇ ਹੋ ਗਿਆ ਅਤੇ ਉਹ ਮਹਾਰਾਜੇ ਦੇ ਦੂਤ ਵਜੋਂ ਗੁਆਂਢੀ ਦੇਸ਼ਾਂ ਵਿੱਚ ਜਾਂਦਾ ਰਹਿੰਦਾ ਸੀ ਅਤੇ ਲਗਪਗ ਪੰਝੀ ਸਾਲ ਦੀ ਉਮਰ ਵਿੱਚ ਹੀ ਉਸ ਨੇ ਦਰਬਾਰ ਦੀਆਂ ਕਈ ਜ਼ੁੰਮੇਵਾਰੀਆਂ ਸੰਭਾਲੀਆਂ ਹੋਈਆਂ ਸਨ।

     1369 ਵਿੱਚ ਚੌਸਰ ਦੀ ਕਿਸਮਤ ਅਤੇ ਇੰਗਲੈਂਡ ਦੇ ਇਤਿਹਾਸ ਵਿੱਚ ਮੋੜ ਆਇਆ। ਇੰਗਲੈਂਡ ਦੇ ਗੁਆਂਢੀ ਦੇਸ਼ਾਂ ਨਾਲ ਯੁੱਧ ਹੋਏ। ਇਸੇ ਸਾਲ ਅਗਸਤ ਵਿੱਚ ਮਹਾਰਾਣੀ ਫਿਲਿਪਾ ਗੁਜ਼ਰ ਗਈ। ਮਹਾਰਾਜਾ ਸਰੀਰਕ ਪੱਖੋਂ ਢੱਲਦਾ ਜਾ ਰਿਹਾ ਸੀ ਅਤੇ ਉਹ ਇੱਕ ਰਖੇਲ ਦੇ ਪ੍ਰਭਾਵ ਅਧੀਨ ਹੋਣ ਕਰ ਕੇ ਰਾਜ-ਕਾਜ ਦੇ ਕੰਮਾਂ ਪ੍ਰਤਿ ਅਣਗਹਿਲੀ ਵਰਤਣ ਲੱਗ ਪਿਆ ਜਿਸ ਕਾਰਨ ਅੰਗਰੇਜ਼ੀ ਤਖ਼ਤ ਦਾ ਪ੍ਰਭਾਵ ਘਟਿਆ। ਇਹ ਉਹ ਸਮਾਂ ਸੀ ਜਦੋਂ ਦਰਬਾਰੀ ਕਵੀ ਮਹਾਰਾਜਿਆਂ-ਬਾਦਸ਼ਾਹਾਂ ਦੀ ਪ੍ਰਸੰਸਾ ਵਿੱਚ ਕਵਿਤਾ ਫ਼੍ਰਾਂਸੀਸੀ ਵਿੱਚ ਲਿਖਦੇ-ਉਚਾਰਦੇ ਸਨ। ਫ਼੍ਰਾਂਸੀਸੀ ਸ਼ਾਹੀ ਘਰਾਣੇ ਦੀ ਭਾਸ਼ਾ ਸੀ। ਜਦੋਂ ਸ਼ਾਹੀ ਘਰਾਣੇ ਦੀ ਡੱਚੈਸ ਬਲਾਂਸ਼ ਦੀ ਮੌਤ ਹੋ ਗਈ ਤਾਂ ਬਾਦਸ਼ਾਹ ਨੇ ਚੌਸਰ ਨੂੰ ਉਸ ਦੀ ਪ੍ਰਸੰਸਾ ਵਿੱਚ ਅੰਗਰੇਜ਼ੀ ਵਿੱਚ ਇੱਕ ਕਵਿਤਾ ਲਿਖਣ ਲਈ ਕਿਹਾ। ਬਾਦਸ਼ਾਹ ਚੌਸਰ ਨੂੰ ਵਿਦੇਸ਼ ਦੌਰਿਆਂ ਤੇ ਭੇਜਦਾ ਹੀ ਰਹਿੰਦਾ ਸੀ ਜਿੱਥੋਂ ਦੀਆਂ ਕਾਵਿ-ਪਰੰਪਰਾਵਾਂ ਨਾਲ ਚੌਸਰ ਪਰੀਚਿਤ ਹੁੰਦਾ ਰਿਹਾ ਅਤੇ ਵਿਸ਼ੇਸ਼ ਕਰ ਕੇ ਉਸ ਨੇ ਦਾਂਤੇ ਅਤੇ ਪੈਟਰਿਕ ਨੂੰ ਗਹੁ ਨਾਲ ਪੜ੍ਹਿਆ ਅਤੇ ਉਹਨਾਂ ਵਰਗਾ ਲਿਖਣ ਦਾ ਯਤਨ ਕੀਤਾ। ਬਾਦਸ਼ਾਹ ਨੇ ਚੌਸਰ ਨੂੰ ਹਰੇਕ ਦਿਨ ਲਈ ਸ਼ਰਾਬ ਦੀ ਇੱਕ ਸੁਰਾਹੀ ਦੇਣ ਦਾ ਆਦੇਸ਼ ਦਿੱਤਾ ਅਤੇ ਅਜਿਹੇ ਅਹੁਦੇ ਤੇ ਲਾਇਆ ਜਿਸ ਦੀ ਸਲਾਨਾ ਤਨਖ਼ਾਹ ਦਸ ਪੌਂਡ ਸੀ ਅਤੇ ਲਗਪਗ 175 ਪੌਂਡ ਉਸ ਨੂੰ ਮਿਲੀਆਂ ਜਗੀਰਾਂ ਤੋਂ ਹੋ ਜਾਂਦੀ ਸੀ। ਲੰਦਨ ਵਿੱਚ ਉਸ ਨੂੰ ਇੱਕ ਘਰ ਵੀ ਮਿਲਿਆ ਹੋਇਆ ਸੀ। ਇਵੇਂ ਸੁਖ-ਸਾਧਨਾਂ ਦੇ ਪੱਖੋਂ ਚੌਸਰ ਇੱਕ ਖ਼ੁਸ਼ਹਾਲ ਵਿਅਕਤੀ ਸੀ।

     ਆਪਣੇ ਅਨੇਕ ਰੁਝੇਵਿਆਂ ਦੇ ਬਾਵਜੂਦ ਚੌਸਰ ਨੇ ਕਵਿਤਾ ਲਿਖਣ ਦਾ ਆਪਣਾ ਸ਼ੌਕ ਜਾਰੀ ਰਖਿਆ। ਲੰਦਨ ਵਿੱਚ ਰਹਿੰਦਿਆਂ ਉਸ ਨੇ ਕੰਨਸੋਲੇਸ਼ਨ ਆਫ਼ ਫ਼ਿਲਾਸਫ਼ੀ ਨਾਂ ਦੀ ਪੁਸਤਕ ਦਾ ਅਨੁਵਾਦ ਕੀਤਾ ਅਤੇ ਬੋਇਥੀਅਸ ਦੀ ਇਸ ਪੁਸਤਕ ਦਾ ਉਸ ਦੀ ਕਵਿਤਾ ਉੱਤੇ ਵਿਸ਼ਾਲ ਪ੍ਰਭਾਵ ਹੈ ਅਤੇ ਇਸ ਪੁਸਤਕ ਵਿੱਚੋਂ ਗੁਜ਼ਰੇ ਬਿਨਾ ਚੌਸਰ ਦੀ ਕਵਿਤਾ ਦੇ ਡੂੰਘੇ ਅਰਥਾਂ ਦੀ ਸਮਝ ਪੈਣੀ ਸੰਭਵ ਨਹੀਂ। ਇਹਨਾਂ ਪ੍ਰਭਾਵਾਂ ਅਧੀਨ ਹੀ ਚੌਸਰ ਨੇ ਟਰੋਇਲਸ ਐਂਡ ਕਰਾਈਸੀਡ ਨਾਂ ਦੀ ਲੰਮੀ ਕਵਿਤਾ ਲਿਖੀ ਜਿਸ ਵਿੱਚ ਟਰਾਏ ਦਾ ਜਵਾਨ ਰਾਜ ਕੁਮਾਰ ਸ਼ਹਿਰ ਤੇ ਪਏ ਘੇਰੇ ਪ੍ਰਤਿ ਅਣਗਹਿਲੀ ਵਰਤਦਿਆਂ ਇੱਕ ਵਿਧਵਾ ਕਰਾਈਸੀਡ ਦੇ ਪ੍ਰੇਮ-ਜਾਲ ਵਿੱਚ ਉਲਝ ਜਾਂਦਾ ਹੈ ਪਰ ਕਰਾਈਸੀਡ ਹੁੰਗਾਰਾ ਨਹੀਂ ਭਰਦੀ ਅਤੇ ਜਵਾਨ ਰਾਜ ਕੁਮਾਰ ਜੰਗ ਦੇ ਮੈਦਾਨ ਵਿੱਚ ਉਦਾਸੀ ਕਾਰਨ ਝਟ ਹੀ ਮਾਰਿਆ ਜਾਂਦਾ ਹੈ। ਇਹ ਕਵਿਤਾ ਇੰਗਲੈਂਡ ਦੇ ਬਹਾਦਰਾਂ ਨੂੰ ਮੁਖ਼ਾਤਬ ਸੀ ਕਿ ਉਹ ਦੇਸ਼ ਪ੍ਰਤਿ ਆਪਣੇ ਕਰਤੱਵ ਪਛਾਣਨ ਅਤੇ ਵਕਤੀ ਖ਼ੁਸ਼ੀਆਂ ਤੋਂ ਸੁਚੇਤ ਰਹਿਣ।

     ਅਨੇਕ ਉਤਰਾਵਾਂ-ਚੜ੍ਹਾਵਾਂ ਉਪਰੰਤ 1389 ਵਿੱਚ ਚੌਸਰ ਨੂੰ ਸ਼ਾਹੀ ਮਹਿਲਾਂ ਦਾ ਪ੍ਰਬੰਧਕ ਲਾਇਆ ਗਿਆ। 1394 ਵਿੱਚ ਬਾਦਸ਼ਾਹ ਨੇ ਉਸ ਦੀ ਵੀਹ ਪੌਂਡ ਸਲਾਨਾ ਪੈਨਸ਼ਨ ਲਾ ਦਿੱਤੀ, ਜਿਹੜੀ ਅਗਲੇ ਬਾਦਸ਼ਾਹਾਂ ਨੇ ਨਾ ਕੇਵਲ ਜਾਰੀ ਰੱਖੀ ਸਗੋਂ ਇਸ ਵਿੱਚ ਵਾਧਾ ਵੀ ਕੀਤਾ।

     ਚੌਦ੍ਹਵੀਂ ਸਦੀ ਦੇ ਅੰਤਲੇ ਸਾਲ ਚੌਸਰ ਨੇ ਆਪਣੀ ਸਭ ਤੋਂ ਪ੍ਰਸਿੱਧ ਅਤੇ ਵਿਸ਼ਵ ਭਰ ਵਿੱਚ ਉਸ ਦੀ ਪ੍ਰਸਿੱਧੀ ਦਾ ਕਾਰਨ ਬਣਨ ਵਾਲੀ ਰਚਨਾ ਕੈਂਟਰਬਰੀ ਟੇਲਜ਼ ਲਿਖੀ। ਇਸ ਪੁਸਤਕ ਵਿਚਲੀਆਂ ਕਈ ਕਹਾਣੀਆਂ ਪਹਿਲਾਂ ਹੀ ਪ੍ਰਚਲਿਤ ਸਨ ਪਰ ਚੌਸਰ ਨੇ ਇਹਨਾਂ ਨੂੰ ਵਿਸ਼ਾਲ ਨਿਪੁੰਨਤਾ ਨਾਲ ਲਿਖਿਆ। ਮੁਢਲੀ ਵਿਉਂਤ ਇਹ ਸੀ ਕਿ ਕੈਂਟਰਬਰੀ ਦੇ ਧਾਰਮਿਕ ਸਥਾਨ ਵੱਲ ਜਾਂਦਿਆਂ ਹਰੇਕ ਯਾਤਰੀ ਇੱਕ ਕਹਾਣੀ ਸੁਣਾਉਂਦਾ ਸੀ ਪਰ ਇਸ ਵਿਉਂਤ ਵਿੱਚ ਤਬਦੀਲੀਆਂ ਹੁੰਦੀਆਂ ਰਹੀਆਂ। ਯਾਤਰੀ ਆਤਮਾ ਦਾ ਪ੍ਰਤੀਕ ਸੀ ਅਤੇ ਯਾਤਰਾ ਪਰਮਾਤਮਾ ਵੱਲ ਵਧਣ ਦਾ ਪ੍ਰਤੀਕ ਸੀ। ਇਹ ਕਵਿਤਾਵਾਂ ਧਾਰਮਿਕ ਅਤੇ ਅਧਿਆਤਮਿਕ ਅਰਥਾਂ ਨਾਲ ਓਤਪੋਤ ਹਨ। ਇਹਨਾਂ ਕਵਿਤਾਵਾਂ ਰਾਹੀਂ ਚੌਸਰ ਨੇ ਮਨੁੱਖੀ ਵਿਹਾਰ ਦੇ ਹਰੇਕ ਪੱਖ ਉੱਤੇ ਭਰਪੂਰ ਚਾਨਣਾ ਪਾਇਆ ਹੈ ਕਿਉਂਕਿ ਇਹਨਾਂ ਕਵਿਤਾਵਾਂ ਵਿਚਲੇ ਯਾਤਰੀ ਮਨੁੱਖੀ ਗੁਣਾਂ ਅਤੇ ਔਗੁਣਾਂ ਦੇ ਹੀ ਪ੍ਰਤੀਕ ਹਨ। ਇਹਨਾਂ ਰਚਨਾਵਾਂ ਕਰ ਕੇ ਚੌਸਰ ਇੱਕ ਦਾਰਸ਼ਨਿਕ ਅਤੇ ਕਵੀ ਵਜੋਂ ਬੜਾ ਪ੍ਰਸਿੱਧ ਹੋਇਆ ਅਤੇ ਉਸ ਨੂੰ ਹਰੇਕ ਵਰਗ ਤੋਂ ਪ੍ਰਸੰਸਾ ਪ੍ਰਾਪਤ ਹੋਈ।

     ਚੌਸਰ ਦਾ ਨਾਂ ਵਿਦਵਾਨ ਅਤੇ ਨਿਪੁੰਨ ਕਵੀਆਂ ਵਿੱਚ ਗਿਣਿਆ ਜਾਂਦਾ ਹੈ ਅਤੇ ਗਿਣਿਆ ਜਾਣਾ ਚਾਹੀਦਾ ਹੈ। ਉਸ ਦੇ ਅਨੁਵਾਦ ਅਤੇ ਉਸ ਦੀਆਂ ਮੌਲਿਕ ਰਚਨਾਵਾਂ ਉਸ ਦੀ ਵਿਸ਼ਾਲ ਸੂਝ-ਬੂਝ, ਕਲਾਤਮਿਕ ਪਕੜ ਅਤੇ ਸੂਖਮ ਅਨੁਭਵਾਂ ਨੂੰ ਪੇਸ਼ ਕਰਦੀਆਂ ਹਨ। ਚੌਸਰ ਨੇ ਅਨੇਕ ਨਿੱਕੀਆਂ ਕਵਿਤਾਵਾਂ ਵੀ ਲਿਖੀਆਂ ਅਤੇ ਪ੍ਰਸਿੱਧ ਫ਼੍ਰਾਂਸੀਸੀ ਕਵਿਤਾਵਾਂ ਦਾ ਅਨੁਵਾਦ ਵੀ ਕੀਤਾ। ਚੌਸਰ ਕੇਵਲ ਕਵੀ ਹੀ ਨਹੀਂ ਸੀ, ਉਸ ਦੀ ਸਮਕਾਲੀ ਵਿਗਿਆਨ ਵਿੱਚ ਵੀ ਦਿਲਚਸਪੀ ਸੀ ਅਤੇ ਤਾਰਾ- ਵਿਗਿਆਨ ਵਿੱਚ ਉਹ ਵਿਸ਼ੇਸ਼ ਤੌਰ ਉਤੇ ਦਿਲਚਸਪੀ ਲੈਂਦਾ ਰਿਹਾ। ਸ਼ਾਹੀ ਦਰਬਾਰ ਨਾਲ ਸੰਬੰਧਿਤ ਹੋਣ ਕਰ ਕੇ ਚੌਸਰ ਦਾ ਸਮਕਾਲੀ ਸਮਰਾਟਾਂ, ਰਾਜ ਕੁਮਾਰਾਂ, ਰਾਜ-ਕੁਮਾਰੀਆਂ ਅਤੇ ਸ਼ਾਹੀ ਘਰਾਣੇ ਦੇ ਹੋਰ ਪਤਵੰਤਿਆਂ ਨਾਲ ਮੇਲ-ਜੋਲ ਸੀ। ਚੌਸਰ ਨੇ ਅਜੇ ਬੜੇ ਕੰਮ ਕਰਨੇ ਸਨ ਅਤੇ ਉਹ ਵਿਉਂਤਾਂ ਵੀ ਬਣਾ ਰਿਹਾ ਸੀ ਕਿ ਇਹਨਾਂ ਕੰਮਾਂ ਨੂੰ ਉਹ ਸੇਵਾ-ਮੁਕਤ ਹੋ ਕੇ ਸ਼ਾਂਤ ਮਾਹੌਲ ਵਿੱਚ ਰਹਿ ਕੇ ਕਰੇਗਾ ਪਰ ਦੁਰਭਾਗ ਵੱਸ 1400 ਵਿੱਚ ਉਹ ਕਾਲ-ਵੱਸ ਹੋ ਗਿਆ। ਚੌਸਰ ਦੇ ਪੁੱਤਰ ਨੇ ਵੀ ਸ਼ਾਹੀ ਦਰਬਾਰ ਵਿੱਚ ਵੱਡੇ ਅਹੁਦਿਆਂ ਤੇ ਕੰਮ ਕੀਤਾ।


ਲੇਖਕ : ਹਰਗੁਣਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1275, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਚੌਸਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੌਸਰ [ਨਾਂਇ] ਚੌਪੜ ਵਰਗੀ ਇੱਕ ਪ੍ਰਾਚੀਨ ਖੇਡ ਜਿਹੜੀ ਚੌਰਸ ਲਮੂਤਰੀਆਂ ਗੋਟੀਆਂ ਨਾਲ਼ ਖੇਡੀ ਜਾਂਦੀ ਹੈ [ਨਾਂਪੁ] ਚਾਰ ਲੜੀਆਂ ਦਾ ਹਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1263, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੌਸਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੌਸਰ ਸੰਗ੍ਯਾ—ਚਾਰ ਲੜੀਆਂ ਦਾ ਹਾਰ । ੨ ਚਾਰ ਸਾਰੀਆਂ ਵਾਲਾ ਖੇਲ , ਚੌਪੜ । ੩ ਵਿ—ਚਾਰ ਲੜੀਆਂ ਦਾ. ਚੌਲੜਾ. “ਚਮਕਤ ਚੌਸਰ ਹਾਰ ਉਦਾਰੂ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.