ਦੋਹਿਰਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦੋਹਿਰਾ: ਦੋਹਾ ਅਥਵਾ ਦੋਹਿਰਾ ਅਰੰਭ ਤੋਂ ਹੀ ਲੋਕ ਪ੍ਰਿਆ ਛੰਦ ਰਿਹਾ ਹੈ। ਇਸ ਦੀ ਸਫਲ ਵਰਤੋਂ ਕਾਲੀਦਾਸ ਨੇ ਆਪਣੀ ਰਚਨਾ ਵਿਕ੍ਰਮੋਰਵਸ਼ੀ ਵਿੱਚ ਕੀਤੀ ਹੈ। ਇਸ ਰਚਨਾ ਦੀ ਹਰ ਤੁਕ 23 ਮਾਤਰਾਂ ਦੀ ਹੈ ਅਤੇ ਵਿਸ਼ਰਾਮ 12+11 ਮਾਤਰਾਂ ਤੇ ਹੈ। ਅਪਭ੍ਰੰਸ਼ ਵਿੱਚ ਦੋਹਿਰੇ ਦੇ ਲੱਛਣ ਵਧੇਰੇ ਕਰ ਕੇ ਅੱਜ ਦੇ ਪੰਜਾਬੀ ਛੰਦ ਦੋਹਿਰੇ ਵਾਲੇ ਹੀ ਹਨ।

     ਪੰਜਾਬੀ ਵਿੱਚ ਹਰਮਨਪਿਆਰਾ ਛੰਦ ਦੋਹਿਰਾ ਕਈ ਰੂਪਾਂ ਵਿੱਚ ਮਿਲਦਾ ਹੈ। ਪੰਜਾਬੀ ਲੋਕ-ਗੀਤਾਂ ਦੀ ਇੱਕ ਵੱਡੀ ਗਿਣਤੀ ਏਸੇ ਰੂਪ ਵਿੱਚ ਹੈ। ਦੋਹਿਰੇ ਵਿੱਚ ਆਮ ਤੌਰ ਤੇ ਭਾਵ ਅਤੇ ਅਨੁਭਵ ਪ੍ਰਗਟ ਕੀਤੇ ਜਾਂਦੇ ਹਨ। ਇਹਨਾਂ ਵਿੱਚ ਵਲਵਲਾ ਤਿੱਖਾ ਹੁੰਦਾ ਹੈ। ਵਣਜਾਰਾ ਬੇਦੀ ਅਨੁਸਾਰ :

     ਇਹਨਾਂ ਵਿੱਚ ਅਖਾਣਾਂ ਵਰਗਾ ਸੰਜਮ, ਗੀਤਾਂ ਵਰਗੀ ਸਰੋਦੀ ਲੈਅ, ਜੰਗਲੀ ਫੁੱਲ ਵਰਗੀ ਸਾਦਗੀ ਅਤੇ ਵਗਦੇ ਦਰਿਆ ਵਾਲੀ ਰਵਾਨੀ ਹੁੰਦੀ ਹੈ।

ਉਂਞ ਤਾਂ ਦੋਹਿਰੇ ਦੇ ਕਈ ਰੂਪ ਹਨ। ਪਰੰਪਰਾਗਤ ਦੋਹਿਰਾ ਮਾਤ੍ਰਿਕ ਛੰਦ ਹੈ। ਇਹ ਛੰਦ ਦੋ ਤੁਕਾਂ ਦਾ ਹੈ ਅਤੇ ਹਰ ਤੁਕ ਵਿੱਚ 24 ਮਾਤਰਾਂ ਹੁੰਦੀਆਂ ਹਨ। ਤੁਕ ਵਿੱਚ ਪਹਿਲਾ ਵਿਸ਼ਰਾਮ 13 ਮਾਤਰਾਂ `ਤੇ ਅਤੇ ਦੂਸਰਾ ਵਿਸ਼ਰਾਮ 11 ਮਾਤਰਾਂ `ਤੇ ਹੁੰਦਾ ਹੈ। ਤੁਕ ਦੇ ਅੰਤ ਵਿੱਚ ਤਰਤੀਬਵਾਰ ਗੁਰੂ ਲਘੂ (S I) ਅੱਖਰ ਹੋਣਾ ਜ਼ਰੂਰੀ ਹੈ। ਉਦਾਹਰਨ ਵਜੋਂ :

     ਪੋਠੋਹਾਰੀ  ਮਾਲਵੀ, ਜਾਪਣ ਕਈ ਜੁਆਨ। ਮਾਤਰਾਂ

     S S S S    S I S     S I I I S I S I = 13+11=24

     ਲਗਣ ਕਈ ਪਚਾਹਧੜੇ, ਜਾਪਣ ਕਈ ਪਠਾਨ।

     I I I   I S  I S I I S   S I I  I S  I S I = 13+11=24

ਇਸੇ ਤਰ੍ਹਾਂ :

     ਧੋਬੀ ਕਪੜੇ ਧੋਂਦਿਆ, ਵੀਰਾ ਹੋ ਹੁਸ਼ਿਆਰ। = 13+11=24

     ਪਿੱਛਲੇ ਪਾਸੇ ਆ ਰਿਹਾ, ਮੂੰਹ ਅੱਡੀ ਸੰਸਾਰ। = 13+11=24

ਪੰਜਾਬੀ ਦੋਹਿਰਾ ਵੀ ਪ੍ਰਾਚੀਨ ਛੰਦ ਮੰਨਿਆ ਗਿਆ ਹੈ। ਫ਼ਰੀਦ ਦੇ ਸ਼ਲੋਕਾਂ ਵਿੱਚੋਂ ਦੋਹਿਰਾ ਦੇ ਅੰਸ਼ ਮਿਲਦੇ ਹਨ। ਜਿਵੇਂ :

ਸ਼ਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁਧੁ।

          ਸਭੇ ਵਸਤੂ ਮਿਠੀਆਂ, ਰਬ ਨ ਪੁਜਨ ਤੁਧ।

ਗੁਰੂ ਸਾਹਿਬਾਨ ਦੇ ਕੁਝ ਸਲੋਕ ਵੀ ਦੋਹਿਰੇ ਨਾਲ ਮੇਲ ਖਾਂਦੇ ਹਨ :

ਨਾਲ ਇਆਣੇ ਦੋਸਤੀ, ਵਾਡਾਰੂ ਸਿਉ ਨੇਹੁ।

          ਪਾਣੀ ਅਦਰਿ ਲੀਕ ਜਿਉ ਤਿਸਕਾ ਥਾਉ ਨ ਥੇਹੁ।

     ਇਸੇ ਤਰ੍ਹਾਂ :

ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਇ।

          ਖੁਆਰ ਹੋਇ ਸਭੁ ਮਿਲੇਗੇ, ਬਚੇ ਸਰਨਿ ਜੋ ਹੋਇ।

     ਅਸਲ ਵਿੱਚ ਦੋਹਿਰਾ ਦੋ ਤੁਕਾਂ ਦਾ ਹੋਣ ਕਰ ਕੇ ਇਹ ਦੋ ਤੁਕੀਏ ਸਲੋਕਾਂ ਨਾਲ ਮੇਲ ਖਾ ਜਾਂਦਾ ਹੈ। ਦੋਹਿਰੇ ਦੀਆਂ ਸਤਰਾਂ ਵਿੱਚ ਭਾਵ ਤਾਣੇ ਪੇਟੇ ਵਾਂਗ ਬੀੜੇ ਹੁੰਦੇ ਹਨ। ਇੱਕ ਸਤਰ ਦੂਸਰੇ ਬਿਨਾਂ ਅਧੂਰੀ ਅਥਵਾ ਅਰਥਹੀਨ ਹੈ। ਜਿਵੇਂ :

ਸੁਫਨਿਆਂ ਤੂੰ ਸੁਲਤਾਨ ਹੈਂ, ਉਤਮ ਤੇਰੀ ਜਾਤ।

          ਸੈ ਵਰ੍ਹਿਆਂ ਦੇ ਵਿਛੜੇ, ਤੂੰ ਆਣ ਮਿਲਾਵੇਂ ਰਾਤ।

ਕੁਝ ਲੋਕ ‘ਟੱਪੇ` ਨੂੰ ਵੀ ਦੋਹਿਰੇ ਦੀ ਇੱਕ ਵੰਨਗੀ ਮੰਨਦੇ ਹਨ। ਪਰ ਦੋਹਾਂ ਵਿੱਚ ਵਿਆਪਕ ਅੰਤਰ ਹੈ। ਦੋਹਿਰੇ ਦੇ ਬਹੁਤ ਸਾਰੇ ਰੂਪ ਲਘੂ ਗੁਰੂ ਦੀ ਸੰਖਿਆ ਤੇ ਆਧਾਰਿਤ ਹਨ। ਲਘੂ ਗੁਰੂ ਦੀ ਸੰਖਿਆ ਦੇ ਵੱਖ-ਵੱਖ ਹੋਣ ਨਾਲ ਵੱਖ-ਵੱਖ ਨਾਂ ਦੇ ਦੋਹਿਰੇ ਬਣ ਜਾਂਦੇ ਹਨ ਜਿਵੇਂ ਜੇ ਕਿਸੇ ਦੋਹਿਰੇ ਵਿੱਚ ਪੰਜ ਗੁਰੂ ਅਤੇ ਅੱਠਤੀ ਲਘੂ ਹੋਣ ਤਾਂ ਉਹ ‘ਅਹਿਵਰ` ਹੋਵੇਗਾ ਜੇ ਸੱਤ ਗੁਰੂ ਅਤੇ ਚੌਂਤੀ ਲਘੂ ਹੋਣ ਤਾਂ ‘ਮੱਛ` ਦੋਹਾ ਬਣੇਗਾ।


ਲੇਖਕ : ਡੀ.ਬੀ.ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5682, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਦੋਹਿਰਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦੋਹਾ/ਦੋਹਿਰਾ/ਦੋਹਰਾ : ‘ਦੋਹਾ’ ਭਾਰਤ ਦਾ ਹਰਮਨ ਪਿਆਰਾ ਛੰਦ ਹੈ। ਇਸ ਨੂੰ ਹੀ ਪੰਜਾਬੀ ਵਿਚ ਦੋਹਿਰਾ/ਦੋਹਿਰਾ/ਦੋਹਰਾ ਕਹਿੰਦੇ ਹਨ। ਗੁਜਰਾਤੀ ਵਿਚ ਵੀ ਇਸ ਦਾ ਨਾਂ ਦੋਹਿਰਾ ਹੀ ਚਲਦਾ ਹੈ। ਇਸ ਵਿਚ ਦੋ ਤੁਕਾਂ ਹੁੰਦੀਆਂ ਹਨ। ਇਸ ਦਾ ਸਫ਼ਲਤਾ–ਪੂਰਵਕ ਪ੍ਰਯੋਗ ਕਾਲੀਦਾਸ ਨੇ ਆਪਣੀ ਰਚਨਾ ਵਿਕ੍ਰਮੋਰਵਸ਼ੀ ਵਿਚ ਕੀਤਾ ਹੈ। ਇੱਥੇ ਇਸ ਦੀਆਂ ਮਾਤ੍ਰਾਂ ਪ੍ਰਤਿ ਚਰਣ 23 ਆਈਆਂ ਹਨ ਅਤੇ ਵਿਰਾਮ 12, 11 ਪੁਰ ਹੈ। ਇਸ ਤੋਂ ਬਾਅਦ ਅਪਭ੍ਰੰਸ਼ ਕਾਵਿ ਵਿਚ ਜੋ ਦੋਹੇ ਮਿਲਦੇ ਹਨ, ਉਨ੍ਹਾਂ ਵਿਚ ਅਧਿਕ ਰੂਪ ਵਿਚ ਮਾਤ੍ਰਾਂ ਦੀ ਗਿਣਤੀ 13, 11 ਹੋ ਗਈ ਹੈ। ਅੱਜ ਇਹ ਗਿਣਤੀ 13, 11 ਹੀ ਪ੍ਰਵਾਨਿਤ ਹੈ। ਉਦਾਹਰਣਾਂ ਇਸ ਤਰ੍ਹਾਂ ਹਨ :

          (i)      ਗੁਣ ਗਹੀਰ ਉਹ ਆਪ ਹੈ, ਆਪ ਰਿਹਾ ਸਮਰੱਥ।

                   ਗੁਣ ਗਾਹਕ ਪੈਦਾ ਕਰੇ, ਕੇਤੇ ਕਥਾ ਅਕੱਬ।

          (ii)      ਚੰਡਿ ਕਾਲਿਕਾ ਸ੍ਰਵਣ ਮੇਂ, ਤਨਕ ਭਨਕ ਸੁਨਿ ਲੀਨ।

                   ਉਤਰਿ ਸੰਗ ਗਿਰਿਰਾਜ ਤੇ, ਮਗਾ ਕੁਲਾਹਨ ਕੀਨ।                             ––(‘ਦਸਮ ਗ੍ਰੰਥ’)

      ਦੋਹਿਰਾ ਉਲਟਾ ਦਿੱਤਾ ਜਾਏ ਤਾਂ ਸੋਰਠਾ ਬਣ ਜਾਂਦਾ ਹੈ ਅਤੇ ਮਾਤ੍ਰਾਂ 11, 13 ਹੋ ਜਾਣਗੀਆਂ, ਦੋਹਿਰੇ ਦੇ ਹੋਰ ਵੀ ਕਈ ਭੇਦ ਹਨ ਜੋ ਲਘੂ, ਗੁਰੂ ਦੀ ਸੰਖਿਆ ’ਤੇ ਆਧਾਰਿਤ ਹਨ, ਜਿਵੇਂ ਅਜਿਹਾ ਦੋਹਿਰਾ ਜਿਸ ਵਿਚ ਚਾਰ ਗੁਰੂ ਤੇ ਚਾਲੀ ਲਘੂ ਹੋਣ ਤਾਂ ‘ਵਿਯਾਲ’ ਬਣੇਗਾ; ਪੰਜ ਗੁਰੂ ਤੇ ਅਠੱਤੀ ਲਘੂ ਹੋਣ ਤਾਂ ਅਹਿਵਰ; ਛੇ ਗੁਰੂ ਤੇ ਛੱਤੀ ਲਘੂ ਹੋਣ ਤਾਂ ਸਾਰਦੂਲ; ਸੱਤ ਗੁਰੂ ਤੇ ਚੌਂਤੀ ਲਘੂ ਹੋਣ ਤਾਂ ਮੰਛ, ਇਤਿਆਦਿ।

          ਉਪਰ ਪਹਿਲੇ ਦੋਹਿਰੇ ਵਿਚ 14 ਗੁਰੂ ਤੇ 20 ਲਘੂ ਹਨ ਇਸ ਨੂੰ ‘ਹੰਸ’ ਕਹਿੰਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਕਈ ਸਲੋਕ ਦਰਜ ਹਨ ਜੋ ਦੋਹਿਰਾ ਛੰਦ ਵਿਚ ਰਚੇ ਗਏ ਹਨ, ਜਿਵੇਂ :

                   ਸਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁਧੁ।

                   ਸਭੇ ਵਸਤੂ ਮਿਠੀਆਂ ਰਬ ਨਾ ਪੁਜਨ ਤੁਧ।

          ਹਿੰਦੀ ਵਿਚ ਰਹੀਮ, ਬਿਹਾਰੀ ਆਦਿ ਦੇ ਦੋਹਰੇ ਬਹੁਤ ਪ੍ਰਸਿੱਧ ਹਨ। ਪੰਜਾਬੀ ਵਿਚ ਲਾਲਾ ਕਿਰਪਾ ਸਾਗਰ ਨੇ ਆਪਣੇ ਮਹਾ–ਕਾਵਿ ‘ਲਕਸ਼ਮੀ ਦੇਵੀ’ ਵਿਚ ਵਧੇਰੇ ਤੌਰ ਤੇ ਦੋਹੇ ਦੀ ਵਰਤੋਂ ਹੀ ਕੀਤੀ ਹੈ।

          [ਸਹਾ. ਗ੍ਰੰਥ––ਗੁ. ਛੰ. ਦਿ.; ਰਘੁਨੰਦਨ ਸ਼ਾਸਤ੍ਰੀ : ‘ਹਿੰਦੀ ਛੰਦ ਪ੍ਰਕਾਸ਼’; ‘ਮਾਤ੍ਰਿਕ ਛੰਦ ਦਾ ਵਿਕਾਸ’       (ਹਿੰਦੀ); ਪ੍ਰਿੰ. ਤੇਜਾ ਸਿੰਘ, ਕਰਮ ਸਿੰਘ : ‘ਪੰਜਾਬੀ ਪਿੰਗਲ’]                                


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.