ਰਸਕਿਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਸਕਿਨ (1819–1900) : ਵਿਸ਼ਵ ਦੇ ਪ੍ਰਸਿੱਧ ਨਿਬੰਧਕਾਰ ਅਤੇ ਕਲਾ ਆਲੋਚਕ ਜਾਨ ਰਸਕਿਨ (John Ruskin) ਦਾ ਪਿਤਾ ਏਨਾ ਅਮੀਰ ਸੀ ਕਿ ਆਪਣੇ ਪੁੱਤਰ ਦੀ ਹਰ ਇੱਛਾ ਪੂਰੀ ਕਰ ਸਕਦਾ ਸੀ। ਉਹ ਇੱਕ ਵਪਾਰੀ ਸੀ ਜੋ ਆਪਣੇ ਕੰਮ ਲਈ ਇੰਗਲੈਂਡ ਦੇ ਹਰ ਪ੍ਰਾਂਤ ਵਿੱਚ ਅਤੇ ਯੂਰਪ ਦੇ ਕਾਫ਼ੀ ਸਥਾਨਾਂ ਤੇ ਜਾਂਦਾ ਰਹਿੰਦਾ ਸੀ ਅਤੇ ਵਪਾਰ ਨਾਲ ਸੈਰ ਕਰਨ ਦੇ ਬਹਾਨੇ ਉਹ ਆਪਣੇ ਬੇਟੇ ਨੂੰ ਵੀ ਨਾਲ ਲੈ ਕੇ ਜਾਂਦਾ ਸੀ। ਉਸ ਦੀ ਇੱਛਾ ਸੀ ਕਿ ਜਾਨ ਇੱਕ ਕਵੀ ਬਣੇ, ਪਰ ਉਸ ਦੀ ਮਾਂ ਚਾਹੁੰਦੀ ਸੀ ਕਿ ਜਾਨ ਇੱਕ ਬਿਸ਼ਪ (ਵੱਡਾ ਪਾਦਰੀ) ਬਣੇ। ਜਾਨ ਨੂੰ ਕਵੀ ਬਣਾਉਣ ਦੀ ਚਾਹ ਨਾਲ ਉਸ ਦਾ ਪਿਤਾ ਉਸ ਨੂੰ ਹਰ ਉਸ ਜਗ੍ਹਾ ਤੇ ਲੈ ਜਾਂਦਾ ਸੀ ਜਿੱਥੇ ਉਹ ਸੋਹਣੇ ਕੁਦਰਤੀ ਨਜ਼ਾਰੇ ਦੇਖੇ ਅਤੇ ਕਲਾਤਮਿਕ ਵਸਤੂਆਂ ਦਾ ਅਧਿਐਨ ਕਰ ਸਕੇ। ਹਰ ਕਿਸੇ ਨੂੰ ਜਾਨ ਆਪਣੀ ਉਮਰ ਨਾਲੋਂ ਸਿਆਣਾ ਅਤੇ ਹੁਸ਼ਿਆਰ ਲੱਗਦਾ ਸੀ। ਉਸ ਨੇ ਬੜੀ ਹੀ ਮਿਹਨਤ ਨਾਲ ਕਵਿਤਾ ਲਿਖਣ ਦੀ ਕੋਸ਼ਿਸ਼ ਕੀਤੀ ਅਤੇ ਉਹ ਇਸ ਕਾਬਲ ਵੀ ਸੀ ਕਿ ਵੱਡਾ ਪਾਦਰੀ ਬਣ ਸਕੇ ਪਰ ਉਸ ਨੂੰ ਆਮ ਮਨੁੱਖਤਾ ਬਾਰੇ ਜ਼ਿਆਦਾ ਗਿਆਨ ਨਹੀਂ ਸੀ। ਉਹ ਇੱਕ ਸੂਝਵਾਨ ਅਤੇ ਚੰਗਾ ਮੁੰਡਾ ਸੀ ਜਿਸ ਨੂੰ ਮਾਂ-ਪਿਉ ਦਾ ਵਾਧੂ ਪਿਆਰ ਮਿਲਿਆ। ਉਸ ਦੇ ਮਾਂ-ਬਾਪ ਉਸ ਨਾਲ ਲਾਡ ਵੀ ਕਰਦੇ ਸਨ ਪਰ ਸਖ਼ਤ ਵੀ ਸਨ।

     ਇਸ ਤਰ੍ਹਾਂ ਦੀ ਸ਼ੁਰੂਆਤ ਨਾਲ ਇਹ ਤਾਂ ਪੱਕਾ ਹੀ ਸੀ ਕਿ ਜਾਨ ਵੱਡਾ ਹੋ ਕੇ ਆਪਣੇ ਮਨ ਭਾਉਂਦੇ ਕੰਮ ਕਰਦਾ। ਜਿਵੇਂ-ਜਿਵੇਂ ਉਸ ਦੀ ਇਸ ਜਗਤ ਬਾਰੇ ਜਾਣਕਾਰੀ ਵਧੀ ਉਸ ਦੇ ਖ਼ਿਆਲ ਵੀ ਬਦਲਦੇ ਗਏ ਅਤੇ ਉਸ ਨੇ ਦੁਨੀਆ ਦੀ ਖ਼ੂਬਸੂਰਤੀ ਅਤੇ ਸੁਆਲਾਂ ਤੇ ਬਿਰਤੀ ਟਿਕਾਈ। ਉਹ ਉਮਰ ਭਰ ਇੱਕ ਸਾਹਸੀ ਵਿਅਕਤੀ ਬਣਿਆ ਰਿਹਾ ਅਤੇ ਅੱਗੇ ਵਧ ਕੇ ਖ਼ੂਬਸੂਰਤੀ ਅਤੇ ਚੰਗਿਆਈ ਦੀ ਖੋਜ ਕਰਦਾ ਰਿਹਾ ਪਰ ਉਸ ਨੇ ਕਈ ਵਾਰੀ ਰਾਹ ਬਦਲਿਆ।ਪਹਿਲੇ ਜਾਨ ਦਾ ਸਭ ਤੋਂ ਮਨਪਸੰਦ ਕੰਮ ਚਿੱਤਰਕਾਰੀ ਸੀ। ਇਸ ਨਾਲ ਉਸ ਨੇ ਭੂ-ਵਿਗਿਆਨ ਨੂੰ ਜੋੜ ਲਿਆ। ਦੋਨੋਂ ਵਿਸ਼ੇ ਉਸ ਨੂੰ ਕੁਦਰਤ ਦੇ ਨਜ਼ਦੀਕ ਲੈ ਗਏ। ਬਚਪਨ ਵਿੱਚ ਜਾਨ ਨੂੰ ਖ਼ੂਬਸੂਰਤ ਨਜ਼ਾਰਿਆਂ ਦਾ ਬੜਾ ਸ਼ੌਕ ਸੀ। ਉਸ ਦੇ ਪਿਤਾ ਨੇ ਉਸ ਦੇ ਇਸ ਸ਼ੌਕ ਨੂੰ ਉਤਸ਼ਾਹ ਦਿੱਤਾ ਤੇ ਉਸ ਨੂੰ ਟਰਨਰ ਵਰਗੇ ਚਿੱਤਰਕਾਰਾਂ ਦੇ ਚਿੱਤਰ ਲਿਆ ਦਿੱਤੇ। ਇਸ ਨਾਲ ਰਸਕਿਨ ਵਿੱਚ ਚਿੱਤਰ-ਕਲਾ ਦੀ ਆਲੋਚਨਾ ਦਾ ਸ਼ੌਕ ਜਾਗ ਗਿਆ। ਮਾਡਰਨ ਪੇਂਟਰਜ਼ ਦੀ ਪਹਿਲੀ ਪੁਸਤਕ ਵਿੱਚ ਜ਼ਿਆਦਾ ਟਰਨਰ ਦੀਆਂ ਤਸਵੀਰਾਂ ਦੀ ਤਾਰੀਫ਼ ਕੀਤੀ ਗਈ ਅਤੇ ਰਸਕਿਨ ਦੀ ਇਹ ਕਿਤਾਬ ਕਾਫ਼ੀ ਕਾਮਯਾਬ ਹੋਈ।

     ਵਕਤ ਲੰਘਣ ਨਾਲ ਰਸਕਿਨ ਨੇ ਹੋਰ ਵੀ ਮਹਾਨ ਚਿੱਤਰਕਾਰਾਂ ਦੇ ਕੰਮ ਦਾ ਅਭਿਆਸ ਕੀਤਾ ਅਤੇ ਆਪਣੇ ਵਿਚਾਰਾਂ ਨੂੰ ਸੁਧਾਰਦਾ ਰਿਹਾ। ਓਨੇ ਹੀ ਉਤਸ਼ਾਹ ਨਾਲ ਉਸ ਨੇ ਭਵਨ ਨਿਰਮਾਣ-ਕਲਾ ਦਾ ਵੀ ਅਭਿਆਸ ਕੀਤਾ ਅਤੇ ਮਾਡਰਨ ਪੇਂਟਰਜ਼ ਦੇ ਪੰਜ ਅੰਕ ਖ਼ਤਮ ਕਰਨ ਤੋਂ ਸੱਤ ਸਾਲ ਪਹਿਲੇ ਭਵਨ ਨਿਰਮਾਣ ਕਲਾ ਤੇ ਦੋ ਪੁਸਤਕਾਂ ਲਿਖ ਦਿੱਤੀਆ। ਉਸ ਦੇ ਪਿਤਾ ਉਸ ਨੂੰ ਮਾਡਰਨ ਪੇਂਟਰਜ (ਜੋ ਰਸਕਿਨ ਦੀ ਸਭ ਤੋਂ ਵਧੀਆ ਸਾਹਿਤਿਕ ਰਚਨਾ ਹੈ) ਪੂਰਾ ਕਰਨ ਨੂੰ ਕਹਿ ਰਹੇ ਸੀ ਪਰ ਰਸਕਿਨ ਕੁਝ ਐਸਾ ਕਰਨਾ ਚਾਹੁੰਦਾ ਸੀ ਜਿਸ ਨਾਲ ਉਹ ਮਨੁੱਖਾਂ ਦੇ ਨੇੜੇ ਆ ਸਕੇ ਅਤੇ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਵੀ ਸਮਝ ਕੇ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕੇ। ਰਸਕਿਨ ਨੇ ਅਰਥ-ਸ਼ਾਸਤਰ ਅਤੇ ਧਰਮ ਤੇ ਪੁਸਤਕਾਂ ਲਿਖੀਆਂ। ਇਹਨਾਂ ਕਰ ਕੇ ਰਸਕਿਨ ਨੂੰ ਕੜੀ ਆਲੋਚਨਾ ਦਾ ਸਾਮ੍ਹਣਾ ਕਰਨਾ ਪਿਆ ਕਿਉਂਕਿ ਲੋਕ ਇਹ ਸਮਝਦੇ ਸੀ ਕਿ ਇਹਨਾਂ ਵਿਸ਼ਿਆਂ ਤੇ ਪ੍ਰਚਲਿਤ ਵਿਚਾਰ ਹੀ ਠੀਕ ਸਨ ਅਤੇ ਉਹਨਾਂ ਦਾ ਵਿਰੋਧ ਕਰਨ ਵਾਲਾ ਠੀਕ ਨਹੀਂ ਸੀ। ਰਸਕਿਨ ਦਾ ਕੰਮ ਇੱਕ ਨਵੀਂ ਸੋਚ ਨੂੰ ਪੇਸ਼ ਕਰ ਰਿਹਾ ਸੀ, ਇਹ ਬਹਾਦਰ ਅਤੇ ਜੋਸ਼ ਦੁਆਉਣ ਵਾਲਾ ਸੀ। ਉਹ ਸ਼ਬਦਾਂ ਰਾਹੀਂ ਪ੍ਰਭਾਵਸ਼ਾਲੀ ਪ੍ਰਗਟਾਵਾ ਕਰ ਲੈਂਦਾ ਸੀ ਅਤੇ ਉਸ ਦੀ ਸ਼ੈਲੀ ਨੂੰ ਕਈ ਲੋਕਾਂ ਨੇ ਪਸੰਦ ਕੀਤਾ। ਰਸਕਿਨ ਹਰਮਨਪਿਆਰਾ ਵਿਖਿਆਨਕਰਤਾ ਬਣ ਗਿਆ ਅਤੇ ਜਿਹੜੇ ਵੀ ਵਿਸ਼ੇ ਬਾਰੇ ਉਸ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਉਹ ਏਨੇ ਸੱਚੇ ਅਤੇ ਉੱਚੇ ਵਿਚਾਰਾਂ ਰਾਹੀਂ ਕੀਤੇ ਕਿ ਉਹ ਆਪ ਹੀ ਮਸ਼ਹੂਰ ਹੋ ਗਿਆ। ਉਸ ਨੂੰ ਆਕਸਫ਼ੋਰਡ ਵਿੱਚ ਸਲੇਡ ਪ੍ਰੋਫ਼ੈਸਰ ਆਫ਼ ਫਾਈਨ ਆਰਟਸ ਬਣਾਇਆ ਗਿਆ। ਜਦੋਂ ਉਹ ਆਪਣੇ ਜੀਵਨ ਦੇ ਮੱਧ-ਕਾਲ ਵਿੱਚ ਪਹੁੰਚਿਆ ਤਾਂ ਉਸ ਦੀ ਸਿਹਤ ਜਵਾਬ ਦੇਣ ਲੱਗੀ। ਉਹ ਕਦੀ ਵੀ ਬਹੁਤਾ ਤਾਕਤਵਰ ਨਹੀਂ ਸੀ ਅਤੇ ਉਮਰ ਨਾਲ ਉਸ ਦੇ ਸੁਭਾਅ ਵਿੱਚ ਵੀ ਬਦਲਾਅ ਆ ਗਿਆ। ਉਹ ਬੇਚੈਨ ਅਤੇ ਚਿੜਚਿੜਾ ਹੋ ਗਿਆ ਅਤੇ ਪੁਰਾਣੇ ਵਿਚਾਰ ਤਿਆਗ ਕੇ ਨਵੇਂ ਵਿਚਾਰ ਪ੍ਰਗਟ ਕਰਨ ਦੀ ਉਸ ਦੀ ਰੁਚੀ ਵੱਧ ਗਈ। ਜੀਵਨ ਦੇ ਅੰਤਲੇ ਸਮੇਂ ਵਿੱਚ ਉਹ ਲੇਕ ਵਿਖੇ ਰਹਿਣ ਲੱਗ ਗਿਆ। 1900 ਵਿੱਚ 80 ਸਾਲ ਦੀ ਉਮਰ ਵਿੱਚ ਉਸ ਦਾ ਦਿਹਾਂਤ ਹੋ ਗਿਆ। ਰਸਕਿਨ ਦੇ ਲੇਖ ਉਸ ਨੂੰ ਦੋ ਰੂਪਾਂ ਵਿੱਚ ਪੇਸ਼ ਕਰਦੇ ਹਨ। ਉਹ ਇੱਕ ਮਹੱਤਵਪੂਰਨ ਕਲਾ-ਅਲੋਚਕ ਸੀ ਅਤੇ ਉਸ ਨੇ ਲੋਕਾਂ ਨੂੰ ਕਲਾ ਦੇ ਕਈ ਪ੍ਰਸ਼ਨਾਂ ਤੇ ਵਿਚਾਰ ਕਰਨ ਤੇ ਮਜਬੂਰ ਕਰ ਦਿੱਤਾ। ਜੀਵਨ ਬਾਰੇ ਰਸਕਿਨ ਨੇ ਕਈ ਲੇਖ ਲਿਖੇ ਜਿਹੜੇ ਬਾਅਦ ਵਿੱਚ ਕਿਤਾਬਾਂ ਵਿੱਚ ਇਕੱਤਰ ਕਰ ਕੇ ਛਾਪੇ ਗਏ। ਅਨਟੂ ਦਿਸ ਲਾਸਟ, ਦਾ ਕਰਾਉਨ ਆਫ਼ ਵਾਈਲਡ ਆਲਿਵਜ਼ ਅਤੇ ਸੇਸੇਮੇ ਐਂਡ ਲਿਲੀਜ਼ ਰਸਕਿਨ ਦਾ ਜੀਵਨ ਦਰਸ਼ਨ ਪ੍ਰਗਟ ਕਰਦੀਆਂ ਹਨ। ਆਪਣੇ ਜੀਵਨ ਕਾਲ ਨਾਲੋਂ ਜ਼ਿਆਦਾ ਰਸਕਿਨ ਨੂੰ ਹੁਣ ਸਮਝਿਆ ਅਤੇ ਪਸੰਦ ਕੀਤਾ ਜਾਂਦਾ ਹੈ।

     ਰਸਕਿਨ ਨੂੰ ਚੰਗਾ ਲੇਖਕ ਅਤੇ ਵਿਚਾਰਕ ਮੰਨਿਆ ਜਾਂਦਾ ਹੈ ਕਿਉਂਕਿ ਉਸ ਨੇ ਆਪਣੀ ਸੋਚ ਨੂੰ ਅਜ਼ਾਦ ਰੱਖਿਆ। ਉਸ ਦੀ ਸ਼ੈਲੀ ਬਹੁਤ ਹੀ ਪ੍ਰਭਾਵਸ਼ਾਲੀ ਹੈ ਅਤੇ ਪੜ੍ਹਨ ਵਿੱਚ ਬਹੁਤ ਹੀ ਮਨੋਰੰਜਕ ਹੈ। ਰਸਕਿਨ ਦਾ ਚਰਿੱਤਰ ਵੀ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਉੱਚੇ ਆਚਰਨ ਵਾਲੇ ਮਨੁੱਖਾਂ ਬਾਰੇ ਉਸ ਦੇ ਵਿਚਾਰ ਸੁੱਚੇ ਅਤੇ ਸੱਚੇ ਜੀਵਨ ਤੇ ਨਿਰਭਰ ਹਨ। ਉਸ ਦੇ ਵਿਚਾਰ ਕੋਈ ਮੰਨੇ ਜਾ ਨਾ ਮੰਨੇ, ਬੁੱਧੀਜੀਵੀ ਅਤੇ ਧਾਰਮਿਕ ਵਿਚਾਰਾਂ ਵਾਲੇ ਬੰਦੇ ਉਸ ਦੀਆਂ ਰਚਨਾਵਾਂ ਤੋਂ ਪ੍ਰੇਰਨਾ ਲੈਂਦੇ ਹਨ।


ਲੇਖਕ : ਰੁਪਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1073, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.