ਸਿਠਣੀਆਂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਿਠਣੀਆਂ : ਸਿਠਣੀ ਸ਼ਬਦ ਸਿੱਠ ਤੋਂ ਬਣਿਆ ਹੈ।ਸਿੱਠ ਭਾਵ ਠਿੱਠ ਕਰਨਾ। ਨਿੰਦਾ, ਭੰਡੀ, ਅਪਸ਼ਬਦ ਜਾਂ ਵਿਅੰਗ ਨਾਲ ਟਕੋਰ ਕਰਨੀ। ਸਿਠਣੀਆਂ ਲੋਕ-ਗੀਤਾਂ ਦਾ ਵਿਆਹ ਦੀਆਂ ਰਸਮਾਂ ਨਾਲ ਸੰਬੰਧਿਤ ਇੱਕ ਹਰਮਨ ਪਿਆਰਾ ਲੋਕ-ਕਾਵਿ ਰੂਪ ਹੈ। ਇਹ ਔਰਤਾਂ ਦੇ ਗੀਤ ਹਨ ਜੋ ਜ਼ਬਾਨੀ ਪੀੜ੍ਹੀ-ਦਰ-ਪੀੜ੍ਹੀ ਪੁਰਾਣੇ ਸਮਿਆਂ ਤੋਂ ਚੱਲੇ ਆ ਰਹੇ ਹਨ। ਵਿਆਹ-ਸ਼ਾਦੀ ਖ਼ੁਸ਼ੀ ਦਾ ਮੌਕਾ ਹੁੰਦਾ ਹੈ। ਇਸ ਵੇਲੇ ਮਨੋਰੰਜਨ ਕੀਤਾ ਜਾਂਦਾ ਹੈ। ਠੱਠਾ- ਮਖੌਲ, ਟਿੱਚਰਾਂ, ਟਕੋਰਾਂ ਤੇ ਹਾਸੇ-ਮਜ਼ਾਕ ਨਾਲ ਸਮਾਗਮ ਨੂੰ ਖ਼ੁਸ਼ਗੁਆਰ ਬਣਾਉਣ ਲਹੀ ਦੋਹੇ ਤੇ ਸਿਠਣੀਆਂ ਵੱਖ- ਵੱਖ ਮੌਕੇ ਦਿੱਤੀਆਂ ਜਾਂਦੀਆਂ ਹਨ। ਇਹਨਾਂ ਦੀ ਮਖੌਲੀਆ ਬੁਛਾੜ ਲੜਕੀ ਵਾਲਿਆਂ ਵੱਲੋਂ ਜਾਂਞੀਆਂ ਨੂੰ ਗੜੁੱਚ ਕਰ ਦਿੰਦੀ ਹੈ। ਕੰਨਿਆ ਪੱਖ ਦੀਆਂ ਤੀਵੀਂਆਂ ਵਰ-ਪੱਖ (ਲਾੜਾ) ਦਾ ਮਜ਼ਾਕ ਉਡਾਂਦੀਆਂ ਹਨ, ਟਿਚਕਰਾਂ ਕਰਦੀਆਂ ਹਨ, ਉਹਨਾਂ ਦੀਆਂ ਤਰੁੱਟੀਆਂ, ਕਮੀਆਂ, ਊਣਤਾਈਆਂ ਆਦਿ ਦੀ ਭੰਡੀ ਗੀਤਾਂ ਰਾਹੀਂ ਛੱਟਦੀਆਂ ਹਨ। ਵਣਜਾਰਾ ਬੇਦੀ ਅਨੁਸਾਰ:

      ਸਿਠਣੀ ਦਾ ਕਾਵਿ-ਰੂਪ ਪੰਜਾਬੀ ਸੁਭਾਅ ਦੇ ਅਨੁਕੂਲ ਅਤੇ ਪ੍ਰਤਿਕੂਲ ਲੱਛਣਾਂ ਦਾ ਸਹਿਜ-ਸੰਜੋਗ ਹੋਣ ਕਰ ਕੇ ਵੱਖਰੀ ਪ੍ਰਕਿਰਤੀ ਰੱਖਦਾ ਹੈ। ਬੋਲ-ਕਬੋਲ ਤੇ ਠਿੱਠ ਕਰਨ ਦੀ ਰੀਤ ਹੈ।

     ਸਿਠਣੀਆਂ ਲੋਕ-ਮਨ ਦੀ ਅਭਿਵਿਅਕਤੀ ਕਰਦੇ ਗੀਤ ਹਨ। ਔਰਤਾਂ ਦੀ ਹਾਜ਼ਰ ਜੁਆਬੀ, ਮਾਹੌਲ ਅਨੁਸਾਰ ਤੇ ਸਥਿਤੀ ਅਨੁਸਾਰ ਔਰਤਾਂ ਵੱਲੋਂ ਢੁੱਕਵੀਂ ਵਿਅੰਗ- ਸ਼ਬਦਾਵਲੀ ਰਾਹੀਂ ਗੀਤ ਪੇਸ਼ ਕਰਨਾ ਇੱਕ ਕਾਵਿ-ਕਲਾ ਹੈ।

     ਉਂਞ ਤਾਂ ਵਿਆਹ ਵੇਲੇ ਹਰ ਮੌਕਾ ਹੀ ਰੁਮਾਂਸ ਭਰਪੂਰ ਤੇ ਅਨੂਠਾ ਹੁੰਦਾ ਹੈ, ਪਰੰਤੂ ਜੰਞ ਢੁੱਕਣ ਦਾ ਸਮਾਂ ਤਾਂ ਅਜਿਹੇ ਅਨੰਦ ਵਾਲਾ ਹੁੰਦਾ ਹੈ ਕਿ ਹਰੇਕ ਜਾਂਞੀ-ਮਾਂਜੀ ਨੂੰ ਖ਼ੁਮਾਰੀ ਚੜ੍ਹੀ ਹੁੰਦੀ ਹੈ। ਇਸ ਮੌਕੇ ਧੀ ਵਾਲੇ ਪਰਿਵਾਰ ਦੀਆਂ ਤੀਵੀਂਆਂ ਲਾੜੇ ਤੇ ਉਸ ਦੇ ਮਾਂ-ਪਿਉ ਨੂੰ ਤਾਹਨੇ- ਮਿਹਣੇ ਮਾਰਦੀਆਂ ਤੇ ਹਾਸੇ ਠੱਠੇ ਦਾ ਅਨੰਦ ਲੈਂਦੀਆਂ ਹਨ। ਸਿਠਣੀਆਂ ਵਿਚਲੀ ਮਸ਼ਕਰੀ ਬੜੀ ਕਾਟਵੀਂ ਤੇ ਹਾਸ-ਵਿਅੰਗ ਬੜਾ ਤਿੱਖਾ ਹੁੰਦਾ ਹੈ। ਕੋਈ ਗੁੱਸਾ-ਗਿਲਾ ਨਹੀਂ ਕਰਦਾ। ਇਹ ਤਾਂ ਇੱਕ ਤਰ੍ਹਾਂ ਨਾਲ ਮਿੱਠੀਆਂ- ਮਿੱਠੀਆਂ ਗਾਲ੍ਹਾਂ ਹੁੰਦੀਆਂ ਹਨ। ਨੋਕ-ਝੋਕ ਹੁੰਦੀ ਹੈ। ਕੁੜੀ ਵਾਲਿਆਂ ਵੱਲੋਂ ਗੁਭ-ਗੁਭਾਟ ਕੱਢਣ ਦਾ ਵਸੀਲਾ ਹੁੰਦੀਆਂ ਹਨ ਅਤੇ ਵਿਆਹ ਦੇ ਅਵਸਰ ਨੂੰ ਵਿਸ਼ੇਸ਼-ਰੰਗ ਪ੍ਰਦਾਨ ਕਰਦੀਆਂ ਹਨ। ਕਈ ਵੇਰ ਔਰਤਾਂ ਸਿਠਣੀਆਂ ਰਾਹੀਂ ਅਨੈਤਿਕ ਸ਼ਬਦਾਂ ਦਾ ਪ੍ਰਯੋਗ ਵੀ ਕਰ ਲੈਂਦੀਆਂ ਹਨ, ਪਰੰਤੂ ਸੁਖਾਵਾਂ ਮਾਹੌਲ ਸਿਰਜ ਲਿਆ ਜਾਂਦਾ ਹੈ।

     ਸਿਠਣੀਆਂ ਵਿੱਚ ਬਰਾਤੀਆਂ ਦੇ ਪਹਿਰਾਵੇ, ਖਾਣ-ਪੀਣ ਦੀਆਂ ਆਦਤਾਂ, ਉਹਨਾਂ ਦੇ ਰੰਗ-ਢੰਗ ਤੇ ਵਿਹਾਰ ’ਤੇ ਟਕੋਰਾਂ ਕਸੀਆਂ ਜਾਂਦੀਆਂ ਹਨ। ਲਾੜੇ ਤੇ ਉਸ ਦੇ ਪਿਉ ਨੂੰ ਖ਼ੂਬ ਮਖੌਲ ਕੀਤਾ ਜਾਂਦਾ ਹੈ। ਇੱਥੋਂ ਤੱਕ ਉਸ ਦੀਆਂ ਭੈਣਾਂ, ਭਾਬੀਆਂ, ਮਾਂ ਤੇ ਹੋਰ ਨੇੜੇ ਦੇ ਰਿਸ਼ਤੇਦਾਰਾਂ ਨੂੰ ਸਿਠਣੀਆਂ ਨਾਲ ਠਿੱਠ ਕੀਤਾ ਜਾਂਦਾ ਹੈ। ਇਹ ਸਾਰਾ ਕੁਝ ਵਿਅੰਗਮਈ ਹੁੰਦਾ ਹੈ। ਲਾੜੇ ਦੇ ਮਾਂ-ਪਿਉ ਦੀ ਸਰੀਰਕ ਬਣਤਰ, ਖ਼ਾਨਦਾਨੀ ਬਾਰੇ, ਕੰਜੂਸੀ ਬਾਰੇ, ਬਰਾਤ ਵਿੱਚ ਘੱਟ-ਵੱਧ ਸਾਮਾਨ ਬਾਰੇ ਚੋਭਾਂ ਮਾਰੀਆਂ ਜਾਂਦੀਆਂ ਹਨ। ਉਂਞ ਇਹ ਸਾਰਾ ਕੁਝ ਫ਼ਰਜ਼ੀ ਤੇ ਕਲਪਿਤ ਹੁੰਦਾ ਹੈ। ਸਿਠਣੀਆਂ ਔਰਤਾਂ ਵੱਲੋਂ ਵੱਖ-ਵੱਖ ਮੌਕੇ ਰਲ ਕੇ ਦਿੱਤੀਆਂ ਜਾਂਦੀਆਂ ਹਨ। ਇਹ ਕਾਵਿ-ਰੂਪ ਪੰਜਾਬੀਆਂ ਦੇ ਖੁੱਲ੍ਹੇ-ਡੁੱਲ੍ਹੇ ਤੇ ਮਜ਼ਾਕੀਆਂ ਸੁਭਾਅ ਦੀ ਤਰਜਮਾਨੀ ਕਰਦਾ ਹੈ। ਲੋਕ-ਮਨ ਦੀਆਂ ਕਈ ਲੁਕੀਆਂ ਪਰਤਾਂ ਸਿਠਣੀਆਂ ਦੇ ਰੂਪ ਵਿੱਚ ਉਜਾਗਰ ਹੁੰਦੀਆਂ ਹਨ।

     ਸਿਠਣੀ ਦਾ ਅਰਥ ਤਾਂ ਸਟਾਇਰ (satire) ਹੈ। ਸਿਠਣੀ ਕਾਵਿ-ਰੂਪ ਵਿੱਚੋਂ ਹੀ ਇਸ ਦੇ ਅਰਥ ਮੋਟੇ ਠੁੱਲੇ ਹਾਸੇ ਦੇ ਨਿਕਲਦੇ ਹਨ, ਜੋ ਕਿਸੇ ਮਜ਼ਾਕ ਵਿੱਚ ਕੱਢੀ ਗਾਲੀ ਤੋਂ ਪੈਦਾ ਹੁੰਦਾ ਹੈ। ਯੂ.ਪੀ. ਵਿੱਚ ਇਸ ਕਾਵਿ-ਰੂਪ ਨੂੰ ਕਿਹਾ ਹੀ ਗਾਲੀ ਜਾਂਦਾ ਹੈ। ਹਰਿਆਣੇ ਵਿੱਚ ਇਸ ਨੂੰ ਸੀਟਣੇ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਵਿਦਵਾਨਾਂ ਨੇ ਇਸ ਨੂੰ ਕੁੜੀ ਵਾਲਿਆਂ ਦੀ ਔਰਤਾਂ ਦੀ ਧਿਰ ਵੱਲੋਂ ਦਿੱਤੀਆਂ ਗਾਲੀਆਂ ਦੇ ਰੂਪ ਵਿੱਚ ਹੀ ਪਛਾਣਿਆ ਹੈ। ਸਿਠਣੀਆਂ ਜਨਮ ਤੇ ਬਹੁਤੀ ਉਮਰ ਭੋਗ ਕੇ ਮਰਨ ਵਾਲੇ ਬਜ਼ੁਰਗ ਦੀ ਮੌਤ ਤੇ ਪੈਣ ਵਾਲੇ ਭੋਗ ਦੇ ਸਮੇਂ ਵੀ ਦਿੱਤੀਆਂ ਜਾਂਦੀਆਂ ਹਨ। ਸਿਠਣੀਆਂ ਨੂੰ ਵੀ ਬਾਕੀ ਕਾਵਿ-ਰੂਪਾਂ ਵਾਂਗ, ਰੂਪ ਦੀ ਦ੍ਰਿਸ਼ਟੀ ਤੋਂ ਹੀ ਵਿਚਾਰਿਆ ਗਿਆ ਹੈ।  ਬਿੰਬ ਦੀ ਆਲੋਕਾਰਤਾ, ਨਾਟਕੀ ਸਥਿਤੀਆਂ ਆਦਿ ਦਾ ਜ਼ਿਕਰ ਬੜੇ ਵਿਸਤਾਰ ਵਿੱਚ ਕੀਤਾ ਗਿਆ ਹੈ। ਸਿਠਣੀਆਂ ਮੁੰਡੇ ਤੇ ਕੁੜੀ ਦੋਹਾਂ ਦੇ ਨਾਨਕੇ ਮੇਲ ਵੱਲੋਂ ਦਿੱਤੀਆਂ ਜਾਂਦੀਆਂ ਹਨ। ਵਿਆਹ ਦੌਰਾਨ ਜੀਜਿਆਂ, ਵਿਚੋਲੇ-ਵਿਚੋਲਣ ਨੂੰ ਵੀ ਸਿਠਣੀਆਂ ਦਾ ਸੁਆਦ ਚੱਖਣਾ ਪੈਂਦਾ ਹੈ। ਜੰਞ ਸਮੇਂ ਤਾਂ ਕੁੜੀਆਂ ਤੇ ਔਰਤਾਂ ਪੂਰੇ ਜਲੌਅ ਵਿੱਚ ਆ ਕੇ ਸਿਠਣੀਆਂ ਦਿੰਦੀਆਂ ਹੀ ਹਨ, ਪਰੰਤੂ ਲਾੜੀ ਦੇ ਸਹੁਰੇ ਘਰ ਪ੍ਰਵੇਸ਼ ਸਮੇਂ ਵੀ ਸਿਠਣੀਆਂ ਦੀ ਕੋਈ ਘਾਟ ਨਹੀਂ। ਲਾੜੀ-ਲਾੜੇ ਨੂੰ ਧਾਰਮਿਕ ਸਥਾਨਾਂ ਤੇ ਲੈ ਜਾਣ ਸਮੇਂ ਵਿਸ਼ੇਸ਼ ਕਰ ਜਠੇਰਿਆਂ ਦੀ ਪੂਜਾ ਸਮੇਂ ਸਿਠਣੀਆਂ ਦਾ ਰੰਗ ਵੇਖਣ ਵਾਲਾ ਹੁੰਦਾ ਹੈ। ਜਾਗੋ ਵਿੱਚ ਸਿਰਫ਼ ਗਿੱਧਾ ਹੀ ਨਹੀਂ ਹੁੰਦਾ, ਸਗੋਂ ਸਿਠਣੀਆਂ ਦਾ ਸਿਲਸਿਲਾ ਵੀ ਨਾਲ-ਨਾਲ ਚੱਲਦਾ ਰਹਿੰਦਾ ਹੈ। ਇੱਥੋਂ ਤੱਕ ਕਿ ਗਿੱਧੇ ਵਿੱਚ ਵੀ ਸਿਠਣੀਆਂ ਨਾਚ ਗੀਤਾਂ ਦਾ ਹਿੱਸਾ ਬਣ ਜਾਂਦੀਆਂ ਹਨ। ਇਹਨਾਂ ਸਿਠਣੀਆਂ ਦੇ ਭਾਗੀ ਬਣਦੇ ਪਾਤਰ ਹਨ-ਕੁੜਮ-ਕੁੜਮਣੀ, ਲਾੜਾ-ਲਾੜੀ, ਜੀਜਾ, ਵਿਚੋਲਾ ਅਤੇ ਸਮੁੱਚਾ ਕੁੜਮ ਦਾ ਪਰਿਵਾਰ।

     ਵਣਜਾਰਾ ਬੇਦੀ ਨੇ ਸਿਠਣੀਆਂ ਦਾ ਪਿਛੋਕੜ ਕਬੀਲੇ ਦੇ ਉਧਾਲੇ ਨਾਲ ਜਾ ਜੋੜਿਆ ਹੈ ਪਰ ਇਸ ਉੱਪਰ ਅਜੇ ਹੋਰ ਵਿਚਾਰ ਕਰਨ ਦੀ ਲੋੜ ਹੈ। ਮਰਦ ਪ੍ਰਧਾਨ ਸਮਾਜ ਵਿੱਚ ਮਰਦ ਦੀ ਹਉਂ ਭਾਰੂ ਹੈ। ਇਉਂ ਲੱਗਦਾ ਹੈ ਕਿ ਥੋੜ੍ਹੀ ਦੇਰ ਲਈ ਲਾੜੀ ਦੇ ਪੱਖ ਦੀਆਂ ਔਰਤਾਂ ਮਖੌਲਾਂ ਰਾਹੀਂ ਕੁੜਮਾਂ ਦੀ ਹੇਠੀ ਕਰ ਕੇ ਉਹਨਾਂ ਨੂੰ ਇਹ ਜਤਾਉਣਾ ਚਾਹੁੰਦੀਆਂ ਹਨ ਕਿ ਉਹ ਵੀ ਕਿਸੇ ਤੋਂ ਘੱਟ ਨਹੀਂ ਹਨ, ਪਰ ਅਸਲੀਅਤ ਨੂੰ ਉਘੜਦਿਆਂ ਬਹੁਤੀ ਦੇਰ ਨਹੀਂ ਲੱਗਦੀ। ਘਰ ਪਹੁੰਚਦਿਆਂ ਹੀ ਫੇਰ ਪਹਿਲਾਂ ਵਾਲੀ ਸਥਿਤੀ ਨਾਲ ਸਾਮ੍ਹਣਾ ਕਰਨਾ ਪੈਂਦਾ ਹੈ। ਇੱਥੇ ਸਿਠਣੀਆਂ ਦੀਆਂ ਕੁਝ ਉਦਾਹਰਨਾਂ ਵੇਖੀਆਂ ਜਾ ਸਕਦੀਆਂ ਹਨ :

            -           ਨਿੱਕੀ ਜਿਹੀ ਕੋਠੜੀਏ ਤੇਰੇ ਵਿੱਚ ਮੇਰਾ ਆਟਾ...

                        ਲਾੜੇ ਦੀ ਅੰਮਾਂ ਨਿਕਲ ਗਈਉ ਲੈ ਕੇ ਧੋਲਾ ਝਾਟਾ।

                        ਨਿੱਕੀ ਜਿਹੀ ਕੋਠੜੀਏ ਤੇਰੇ ਵਿੱਚ ਮੇਰੇ ਦਾਣੇ...

                        ਲਾੜੇ ਦੀ ਅੰਮਾ ਨਿਕਲ ਗਈਉ ਲੈ ਕੇ ਨਿੱਕੇ ਨਿਆਣੇ।

            -           ਲਾੜਾ ਓਸ ਦੇਸੋਂ ਆਇਆ ਜਿੱਥੇ ਤੂਤ ਵੀ ਨਾ,

                        ਲਾੜੇ ਦੀ ਬਾਂਦਰ ਵਰਗੀ ਬੂਥੀ ਉੱਤੇ ਰੂਪ ਵੀ ਨਾ।

            -           ਸੁਆਂਝਣੇ ਦੀ ਜੜ੍ਹ ਗਿੱਲੀ ਕੁੜੇ, ਸੁਆਂਝਣੇ ਦੀ ਜੜ੍ਹ...

                        ਹੋਰਨਾਂ ਦੇ ਘਰ ਦੋ ਦੋ ਰੰਨਾਂ,

                        ਕੁੜਮੇ ਦੇ ਘਰ ਬਿੱਲੀ ਕੁੜੇ,

                        ਸੁਆਂਝਣੇ ਦੀ...।

            -           ਹਰੀ ਡਾਲ੍ਹੀ ਤੇ ਤੋਤਾ ਬੈਠਾ, ਟੁੱਕ-ਟੁੱਕ ਸੁੱਟੇ ਬਾਦਾਮ,

                        ਅੱਜ ਕੋਈ ਲੈ ਜਾਵੇ ਲਾੜੇ ਦੀ ਚਾਚੀ ਹੋਵੇ ਨਿਲਾਮ

                        ਅੱਜ ਕੋਈ...

                        ਕੰਜਰੀ ਹੋਵੇ ਨਿਲਾਮ ਅੱਜ ਕੋਈ ਲੈ ਜਾਵੇ।

     ਅਜੋਕੇ ਜੀਵਨ ਵਿੱਚ ਸੱਭਿਆਚਾਰਿਕ ਪਰਿਵਰਤਨ ਕਾਰਨ, ਵਿਆਹ ਮੌਕੇ ਸਿਠਣੀਆਂ ਦਾ ਮੌਕਾ-ਮੇਲ ਹੀ ਘੱਟ ਗਿਆ ਹੈ। ਜੰਞ-ਘਰਾਂ (marriage palaces) ਵਿੱਚ ਵਿਆਹ ਹੋਣ ਕਾਰਨ ਬਹੁਤ ਸਾਰੇ ਰੀਤੀ-ਰਿਵਾਜ ਘੱਟਦੇ ਜਾ ਰਹੇ ਹਨ। ਰਿਬਨ-ਕੱਟਣ ਤੇ ਮੁੱਖ-ਦੁਆਰ ਰੋਕਣ ਵੇਲੇ ਵੀ ਕੁੜੀਆਂ, ਲਾੜੇ ਤੋਂ ਮੂੰਹ ਮੰਗੀ ਰਕਮ ਹਾਸਲ ਕਰ ਕੇ ਹਾਸਾ-ਠੱਠਾ ਕਰ ਲੈਂਦੀਆਂ ਹਨ। ਹਾਂ, ਪਿੰਡਾਂ ਵਿੱਚ ਸਿਠਣੀਆਂ ਦਾ ਰਿਵਾਜ ਜ਼ਰੂਰ ਵੇਖਣ ਨੂੰ ਮਿਲਦਾ ਹੈ। ਸਿਠਣੀਆਂ ਦੇ ਕੁਝ ਹੋਰ ਅੰਸ਼ ਵੰਨਗੀ ਵਜੋਂ ਮਾਣੇ ਜਾ ਸਕਦੇ ਹਨ :

ਜੰਞ ਢੁੱਕਣ ਵੇਲੇ :

ਲਾੜਾ ਕੱਲੜਾ ਕਿਉਂ ਆਇਆ ਵੇ ਅੱਜ ਦੀ ਘੜੀ।

ਨਾਲ ਬੇਬੇ ਨੂੰ ਨਾ ਲਿਆਇਆ ਵੇ ਅੱਜ ਦੀ ਘੜੀ।

 

ਲਾੜੇ ਖੜਾ ਤੂੰ ਖੜੋਤਾ ਤੇਰਾ ਲੱਕ ਥੱਕ ਜੂ।

ਕੋਲ ਭੈਣ ਨੂੰ ਖੜਾ ਲੈ ਵੇ ਸਹਾਰਾ ਲੱਗ ਜੂ।

 

ਸਾਡੇ ਤਾਂ ਵਿਹੜੇ ਤਾਣਾ ਤਣੀਂਦਾ

ਲਾੜੇ ਦਾ ਪਿਉ ਕਾਣਾ ਸੁਣੀਂਦਾ

ਐਨਕ ਤਾਂ ਲਾਉਣੀ ਪਈ

ਨਿਲੱਜਿਓ ਲੱਜ ਤੁਹਾਨੂੰ ਨਹੀਂ।

 

ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ

ਲਾੜੇ ਜੋਗਾ ਤੁਸੀਂ ਵਾਜਾ ਮੰਗਾਓ

ਜੰਞ ਤੇ ਸੱਜਦੀ ਨਹੀਂ।

ਨਿਲੱਜਿਓ, ਲੱਜ ਤੁਹਾਨੂੰ ਨਹੀਂ।

ਜਾਂਞੀ ਓਸ ਪਿੰਡੋਂ ਆਏ, ਜਿੱਥੇ ਤੂਤ ਵੀ ਨਾ।

            ਇਹਨਾਂ ਦੇ ਥੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ।

ਵਰੀ ਵਿਖਾਣ ਵੇਲੇ : ਮੁੰਡੇ ਵਾਲਿਆਂ ਵੱਲੋਂ ਲੜਕੀ ਲਈ ਲਿਆਂਦੇ ਵਸਤਰ, ਗਹਿਣੇ ਤੇ ਸੁਹਾਗ ਦੀ ਸਮਗਰੀ ਵਿਖਾਉਣ ਦਾ ਰਿਵਾਜ ਹੁੰਦਾ ਸੀ।

ਅਗਲੀ ਦੀ ਵਾਰੀ ਤੁਸਾਂ ਨਵੇਂ ਬਣਵਾਏ।

ਸਾਡੀ ਵੇਰੀ ਤੁਸਾਂ ਖੱਟੇ ਪਵਾਏ।

ਸਾਡੀ ਕੁੜੀ ਨੂੰ ਪਸੰਦ ਨਾ ਆਏ।

ਨਵੇਂ ਬਣਵਾਓ ਆ ਸਹੀ।

 

ਯਾਰਾਂ ਮਹੀਨੇ ਸੁਨਿਆਰਾ ਬਹਾਇਆ,

ਚਾਂਦੀ ਦੇ ਗਹਿਣਿਆਂ ਤੇ ਸੋਨਾ ਚੜ੍ਹਾਇਆ,

            ਪਿੱਤਲ ਹੀ ਪਾਵੋ ਆ ਸਹੀ।

            ਬਰਾਤ ਨੂੰ ਰੋਟੀ ਖੁਆਣ ਵੇਲੇ :

ਜਾਂਞੀਓ, ਮਾਂਜੀਓ, ਕਿਹੜੇ ਵੇਲੇ ਹੋਏ ਨੇ,

ਖਾ-ਖਾ ਕੇ ਰੱਜੇ ਨਾ, ਢਿੱਡ ਨੇ ਕਿ ਟੋਏ ਨੇ।

ਨਿੱਕੇ-ਨਿੱਕੇ ਮੂੰਹ ਨੇ, ਢਿੱਡ ਨੇ ਕਿ ਖੂਹ ਨੇ।

ਖਾ ਰਹੇ ਹੋ ਤਾਂ ਉੱਠੋ ਸਹੀ।

 

ਜਾਂਞੀਆਂ ਨੂੰ ਖਲ ਕੁੱਟ ਦਿਓ

ਜਿਨ੍ਹਾਂ ਧੌਣ ਪੱਚੀ ਸੇਰ ਖਾਣਾ।

ਸਾਨੂੰ ਪੂਰੀਆਂ ਜੀ ਜਿਨ੍ਹਾਂ ਮੁਸ਼ਕ ਨਾਲ ਰੱਜ ਜਾਣਾ।

 

ਲਾੜਾ ਲਾਡਲਾ ਨੀ ਅੱਧੀ ਰਾਤ ਮੰਗੇ ਪਿੱਛ

ਲਾੜੇ ਦੀ ਬੋਬੋ ਐਂ ਬੈਠੀ ਜਿਉਂ ਕੀਲੇ ਬੰਨ੍ਹਿਆ ਰਿੱਛ।

 

ਸਭ ਗੈਸ ਬੁਝਾ ਦਿਓ ਜੀ

ਸਾਡਾ ਕੁੜਮ ਚਮੁਖੀਆ ਦੀਵਾ

ਸਭ ਮਿਰਚਾਂ ਘੋਟੋ ਜੀ, ਸਾਡਾ ਕੁੜਮ ਘੋਟਣੇ ਵਰਗਾ।

 

ਅਸਾਂ ਨੇ ਕੀ ਕਰਨੇ ਬੇ-ਬਹਾਰੇ ਕੱਦੂ

ਲਾੜਾ ਬੈਠਾ ਐਂ ਜਾਪੇ

ਜਿਉਂ ਛੱਪੜ ਕੰਢੇ ਡੱਡੂ।

ਅਸਾਂ ਨੇ ਲੈਣੇ ਪੱਤਾਂ ਬਾਝ ਕਰੇਲੇ

ਲਾੜੇ ਦਾ ਚਾਚਾ ਐਂ ਝਾਕੇ

            ਜਿਵੇਂ ਚਾਮਚੜਿਕ ਦੇ ਡੇਲੇ।

ਦਾਜ ਦੇਣ ਵੇਲੇ ਦੇ : ਦਾਜ (ਦਹੇਜ) ਦੇਣ ਦੀ ਰਸਮ ਕੀਤੀ ਜਾਂਦੀ ਸੀ :

ਜੇ ਸਾਡੀ ਬੀਬੀ ਮੰਦਾ ਬੋਲੇ।

ਅੰਦਰ ਵੜ ਸਮਝਾਇਓ ਜੀ

ਜੇ ਸਾਡੀ ਬੀਬੀ ਮੋਟਾ ਕੱਤੇ

ਰੇਸ਼ਮ ਕਰ ਹੰਢਾਇਓ ਜੀ

ਜੇ ਸਾਡੀ ਬੀਬੀ ਮੋਟਾ ਪੀਹੇ

            ਚੂਰੀ ਕਰ ਕੇ ਖਾਇਓ ਜੀ।


ਲੇਖਕ : ਮਨਮੋਹਨ ਸਿੰਘ ਦਾਉਂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10025, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.