ਕਰਤਾਰ ਸਿੰਘ ਬਲੱਗਣ (5.10.1904 ਤੋਂ 7.12.1969) ਸਰੋਤ :
ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਰਤਾਰ ਸਿੰਘ ਬਲੱਗਣ ਮਾਤਾ ਲੱਛਮੀ ਦੇਵੀ ਤੇ ਪਿਤਾ ਸਰਦਾਰ ਮਿਹਰ ਸਿੰਘ ਦੇ ਘਰ ਪਿੰਡ ਬਲੱਗਣ, ਜ਼ਿਲ੍ਹਾ ਸਿਆਲਕੋਟ ਵਿਚ ਪੈਦਾ ਹੋਏ। ਦੇਸ਼ ਵੰਡ ਤੋਂ ਪਹਿਲਾਂ ਉਹ ਇੱਟਾਂ ਦੇ ਭੱਠੇ ਤੇ ਮੁਨੀਮੀ ਅਤੇ ਆੜ੍ਹਤ ਦਾ ਕਾਰੋਬਾਰ ਕਰਦੇ ਸਨ , ਮਗਰੋਂ ਅੰਮ੍ਰਿਤਸਰ ਵਿਖੇ ਸੁਤੰਤਰ ਸਾਹਿਤ ਰਚਨਾ ਅਤੇ ਪੱਤਰਕਾਰੀ ਕਰਨ ਲੱਗੇ। ਉਹ ਫਿਲਮ ਕਲਾ ਤੇ ਕਵਿਤਾ ਮੈਗਜ਼ੀਨ ਵੀ ਚਲਾਉਂਦੇ ਰਹੇ। ਉਹ ਸਟੇਜੀ ਸ਼ਾਇਰੀ ਦੇ ਉਸਤਾਦ ਮੁਹੰਮਦ ਰਮਜ਼ਾਨ ਹਮਦਮ ਦੇ ਸ਼ਾਗਿਰਦ ਸਨ। ਉਨ੍ਹਾਂ ਦੇ ਸਟੇਜ ਦੇ ਧਨੀ ਹੋਣ ਬਾਰੇ ਗੁਰਦੇਵ ਸਿੰਘ ਮਾਨ ਲਿਖਦੇ ਹਨ ਬਲੱਗਣ ਸਦਾ ਹੀ ਸਟੇਜ ਤੋਂ ਸਤਿਕਾਰਿਆ ਜਾਂਦਾ ਸੀ। ਮੈਂ ਉਸ ਨੂੰ ਕਿਸੇ ਸਟੇਜ ਤੇ ਵੀ ਫਿੱਕਾ ਰਹਿੰਦਾ ਨਹੀਂ ਦੇਖਿਆ। ਜਿਹੜੇ ਕਵੀ ਆਖਰੀ ਦਮ ਤਕ ਸਟੇਜ ਦੇ ਧਨੀ ਰਹੇ ਉਨ੍ਹਾਂ ਵਿਚੋਂ ਇਕ ਤੀਰ ਸੀ ਤੇ ਦੂਜਾ ਸੀ ਬਲੱਗਣ। ਵਰਨਾ ਆਮ ਕਵੀ ਤਾਂ ਆਖਰੀ ਉਮਰ ਵਿਚ ਆਪਣਾ ਵੱਜਕਾ ਗੁਆ ਹੀ ਬੈਠੇ ਹਨ। ਉਨ੍ਹਾਂ ਦੀਆਂ ਪੁਸਤਕਾਂ ਦੇ ਨਾਂ ਇਸ ਪ੍ਰਕਾਰ ਹਨ ਬਰਖਾ (1946), ਆਰਤੀ(1963), ਸ਼ਹੀਦੀ ਖੁਮਾਰੀਆਂ (1975 ਵਿਚ ਤਰਲੋਚਨ ਸਿੰਘ ਨੇ ਸੰਪਾਦਤ ਕੀਤੀ) ਬਲੱਗਣ ਦੀ ਦੇਣ ਕਵਿਤਾ ਮੈਗਜ਼ੀਨ ਨੂੰ ਚਲਾਉਣਾ ਵੀ ਸੀ ਅਤੇ ਇਕ ਤਰ੍ਹਾਂ ਨਾਲ ਕਵਿਤਾ ਮੈਗਜ਼ੀਨ ਦਾ ਦਫਤਰ ਕਵੀਆਂ ਦਾ ਮੱਕਾ ਸੀ। ਇੱਥੇ ਕਵਿਤਾ ਦੀ ਲਹਿਰ ਉਠਦੀ ਸੀ। ਉਨ੍ਹਾਂ ਦੀ ਕਵਿਤਾ ਵਿਚ ਅਮਨ ਦਾ ਸੰਦੇਸ਼ ਵੀ ਸੀ, ਵਿਛੋੜੇ ਦਾ ਦਰਦ ਵੀ ਸੀ, ਦਿਲ ਨੂੰ ਛੁਹ ਜਾਣ ਵਾਲੇ ਗੀਤ ਵੀ ਸਨ ਅਤੇ ਉਚੀ ਉਡਾਰੀ ਵਾਲੀ ਨਜ਼ਮ ਵੀ ਸੀ। ਅਮਨ ਲਹਿਰ ਦੇ ਸਮੇਂ ਉਨ੍ਹਾਂ ਦੁਆਰਾ ਰਚਿਤ ਗੀਤ ਲੋਕ ਗੀਤ ਵਾਂਗ ਪਰਵਾਨ ਪਿਆ :
ਮੁੜ ਆ ਲਾਮਾਂ ਤੋਂ
ਸਾਨੂੰ ਘਰੇ ਬੜਾ ਰੁਜ਼ਗਾਰ , ਮੁੜ ਆ. . . .।
ਉਨ੍ਹਾਂ ਦੇ ਗੀਤ ਦਿਲ ਨੂੰ ਛੁਹ ਜਾਣ ਵਾਲੇ ਸਨ। ਰੋਮਾਂਟਿਕ ਭਾਵਾਂ ਵਾਲੇ ਗੀਤ ਦੇ ਬੋਲ ਇਸ ਪ੍ਰਕਾਰ ਹਨ :
ਮੇਰੇ ਹਾਸੇ ਕਰਨ ਦਲੀਲਾਂ, ਨੀ ਸ਼ਰਮਾਕਲ ਢੋਲਾ ਬੋਲੇ ਨਾ।
ਮੇਰੇ ਚਾਵਾਂ ਊਂਧੀ ਪਾਈ ਨੀ, ਉਹ ਬਹਿ ਕੇ ਦੁਖ ਸੁਖ ਫੋਲੇ ਨਾ।
ਚੋਰੀ ਚੋਰੀ ਘੁੰਡ "ਚੋਂ ਤੱਕਾਂ
ਉਹਦੇ ਮਨ ਵਿਚ ਚੋਰ ਵਸੇਂਦਾ ਨੀ
ਉਹ ਚੁੱਪ ਦਾ ਜੰਦਰਾ ਖੋਹਲੇ ਨਾ -
ਸ਼ਰਮਾਕਲ ਢੋਲਾ . . .
ਕਰਤਾਰ ਸਿੰਘ ਬਲੱਗਣ ਦੇ ਗਜ਼ਲ ਦੇ ਸ਼ਿਅਰਾਂ ਵਿਚ ਵੀ ਖਿਆਲ ਦੀ ਸੂਖ਼ਮਤਾ ਦੇਖਣਯੋਗ ਸੀ :
ਜੇ ਕੰਨ ਪੜਵਾ ਕੇ ਵੀ ਸੱਜਣਾ ਦੇ ਦਿਲ ਦਾ ਤਖਤ ਮਿਲ ਜਾਏ
ਤਾਂ ਫਿਰ ਤਖਤਾਂ ਲਈ ਜਾ ਕੇ ਹਜ਼ਾਰੇ ਕੌਣ ਵੇਹੰਦਾ ਏ।
ਹੀਰ ਦੇ ਨਾਲ ਹੀ ਉਹ ਦਿਆਂ ਮਹਿਲਾਂ 'ਚ ਰੌਣਕ ਸੀ
ਹੁਣ ਭਲਾ ਚੂਚਕ ਦੇ ਖਾਲੀ ਚੁਬਾਰੇ, ਕੌਣ ਵੇਂਹਦਾ ਏ।
ਨਿਸਚੇ ਹੀ ਕਰਤਾਰ ਸਿੰਘ ਬਲੱਗਣ ਨਜ਼ਮ, ਗ਼ਜ਼ਲ ਅਤੇ ਲੰਮੀ ਛੰਦਬੱਧ ਕਵਿਤਾ ਦਾ ਸ਼ਾਹ ਸਵਾਰ ਸੀ। ਉਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਵਾਰ ਵਾਰ ਸੁਣੀਆਂ ਜਾਂਦੀਆਂ ਸਨ।
ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First