ਜਠੇਰੇ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜਠੇਰੇ : ਜਠੇਰੇ ਸ਼ਬਦ ਦਾ ਮੂਲ ਅਰਥ ‘ ਜੇਠਾ` ਤੋਂ ਹੈ । ‘ ਜੇਠਾ` ਸ਼ਬਦ ਘਰ ਵਿੱਚ ਵੱਡੇ ਪੁੱਤਰ ਅਤੇ ਜੇਠੀ ਧੀ ਲਈ ਵਰਤਿਆ ਜਾਂਦਾ ਹੈ । ਜਠੇਰੇ ਨੂੰ ਵੱਡੇ-ਵਡੇਰੇ ਵੀ ਕਿਹਾ ਜਾਂਦਾ ਹੈ । ਪਿੰਡਾਂ ਵਿੱਚ ਪਿੱਤਰ-ਪੂਜਾ ਵਿੱਚ ਸਭ ਤੋਂ ਵਧੇਰੇ ਪੂਜਾ ਜਠੇਰਿਆਂ ਦੀ ਕੀਤੀ ਜਾਂਦੀ ਹੈ । ਪਿੱਤਰ- ਪੂਜਾ ਵਿੱਚ ਖਾਣ-ਪੀਣ ਦੀਆਂ ਵਸਤੂਆਂ ਅਤੇ ਪਹਿਰਾਵੇ ਦੇ ਕੱਪੜੇ , ਜੁੱਤੀ ਆਦਿ ਸਮਗਰੀ ਬ੍ਰਾਹਮਣ ਨੂੰ ਦਾਨ ਵਜੋਂ ਦਿੱਤੀ ਜਾਂਦੀ ਹੈ ਜੋ ਸ੍ਰਾਧ ਦੇ ਰੂਪ ਵਿੱਚ ਵਰ੍ਹੇ ਮਗਰੋਂ ਇੱਕ ਰਸਮ ਦੇ ਰੂਪ ਵਿੱਚ ਕੀਤੀ ਜਾਂਦੀ ਹੈ ।

        ਜਠੇਰਿਆਂ ਦੀ ਪੂਜਾ ਜਠੇਰੇ ਦੇ ਸਮਾਨ ਗੋਤ ਵਾਲਿਆਂ ਵੱਲੋਂ ਕੀਤੀ ਜਾਂਦੀ ਹੈ । ਪਿੰਡ ਦੀ ਵੱਸੋਂ ਦਾ ਜ਼ਿਆਦਾਤਰ ਭਾਗ ਇੱਕੋ ਹੀ ਗੋਤ ਨਾਲ ਸੰਬੰਧਿਤ ਹੁੰਦਾ ਹੈ ਜੋ ਕਿ ਇੱਕ ਵੱਡ-ਵਡੇਰੇ ਦਾ ਵੰਸ਼ ਹੁੰਦਾ ਹੈ । ਇਸ ਤਰ੍ਹਾਂ ਇੱਕ ਵਡੇਰਾ ਪਿੰਡ ਦਾ ਜਠੇਰਾ ਹੁੰਦਾ ਹੈ ਜਿਸ ਦੀ ਪੂਜਾ ਸਾਰਾ ਪਿੰਡ ਕਰਦਾ ਹੈ ।

        ਜਠੇਰਿਆਂ ਦੀ ਪੂਜਾ ਕਿਸੇ ਮੰਗਲ ਕਾਰਜ ਸਮੇਂ ਕੀਤੀ ਜਾਂਦੀ ਹੈ । ਇਹ ਪੂਜਾ ਆਮ ਤੌਰ ਤੇ ਮੁੰਡੇ ਦੇ ਵਿਆਹ ਸਮੇਂ , ਘਰ ਵਿੱਚ ਪੁੱਤਰ ਦੇ ਜਨਮ ਸਮੇਂ ਅਤੇ ਮੱਝ-ਗਾਂ ਦੇ ਸੂਣ ਸਮੇਂ ਕੀਤੀ ਜਾਂਦੀ ਹੈ । ਵਿਆਹ ਤੋਂ ਬਾਅਦ ਨਵੇਂ ਵਿਆਹੇ ਜੋੜੇ ਨੂੰ ਜਠੇਰਿਆਂ ਦੇ ਸਥਾਨ ਤੇ ਮੱਥਾ ਟਿਕਾਇਆ ਜਾਂਦਾ ਹੈ ਅਤੇ ਰਾਹ ਵਿੱਚ ਜਾਂਦੇ ਸਮੇਂ ਗੀਤ ਗਾਏ ਜਾਂਦੇ ਹਨ । ਉਸ ਸਥਾਨ ਤੇ ਜਾ ਕੇ ਮਿੱਟੀ ਕੱਢੀ ਜਾਂਦੀ ਹੈ । ਕੁਝ ਗੋਤਾਂ ਵਿੱਚ ਜਠੇਰੇ ਦੇ ਸਥਾਨ ਤੇ ਜਾ ਕੇ ਫੇਰੇ ਲੈਣ ਦੀ ਰਸਮ ਹੈ ਅਤੇ ਕਈਆਂ ਗੋਤਾਂ ਵਿੱਚ ਨਵੇਂ ਵਿਆਹੇ ਜੋੜੇ ਦੇ ਆਪਸ ਵਿੱਚ ‘ ਛਟੀਆਂ ਖੇਡਣ` ਦੀ ਰੀਤ ਵੀ ਕੀਤੀ ਜਾਂਦੀ ਹੈ । ਕਈ ਗੋਤਾਂ ਵਿੱਚ ਨਵੀਂ ਵਿਆਹੀ ਵਹੁਟੀ ਤੋਂ ਜਠੇਰੇ ਦੇ ਅਸਥਾਨ ਤੇ ‘ ਚੂਰੀ ਮੱਠੀ` ਮਣਸਾ ਕੇ ਵਰਤਾਈ ਜਾਂਦੀ ਹੈ । ਇਹ ਚੂਰੀ ਚੌਲ ਪੀਹ ਕੇ ਉਸ ਵਿੱਚ ਖੰਡ ਰਲਾ ਕੇ ਜਾਂ ਸੂਜੀ ਵਿੱਚ ਖੰਡ ਰਲਾ ਕੇ ਤਿਆਰ ਕੀਤੀ ਜਾਂਦੀ ਹੈ । ਇਹ ਰਸਮ ਤਿਆਰ ਕਰਨ ਤੋਂ ਪਹਿਲਾਂ ਬਰਾਦਰੀ ਦੀ ਸਭ ਤੋਂ ਬਜ਼ੁਰਗ ਔਰਤ ਵਰਤ ਰੱਖਦੀ ਹੈ । ਰਸਮ ਵੇਲੇ ਬਰਾਦਰੀ ਦੀਆਂ ਸਾਰੀਆਂ ਔਰਤਾਂ ਇਕੱਠੀਆਂ ਹੁੰਦੀਆਂ ਹਨ ਅਤੇ ਨਵੇਂ ਵਿਆਹੇ ਜੋੜੇ ਨੂੰ ਇੱਕ ਪਰਾਤ ਵਿੱਚੋਂ ਚੂਰੀ ਦੇ ਦੋ-ਦੋ ਬੁੱਕ ਭਰ ਕੇ ਦੂਜੇ ਭਾਂਡੇ ਵਿੱਚ ਪਾ ਦਿੱਤੇ ਜਾਂਦੇ ਹਨ ਫਿਰ ਇਸ ਉੱਤੇ ਕੁਝ ਮੱਠੀਆਂ ਰੱਖ ਦਿੱਤੀਆਂ ਜਾਂਦੀਆਂ ਹਨ । ਬਜ਼ੁਰਗ ਔਰਤ ਜਠੇਰਿਆਂ ਦੀ ਮਹਿਮਾ ਕਰਦੀ ਹੋਈ ਚੂਰੀ-ਮੱਠੀ ਦੁਆਲੇ ਪਾਣੀ ਦੀ ਚੁਲੀ ਫੇਰਦੀ ਹੈ । ਫਿਰ ਇਹ ਚੂਰੀ-ਮੱਠੀ ਸਭ ਨੂੰ ਵੰਡ ਦਿੱਤੀ ਜਾਂਦੀ ਹੈ । ਬਜ਼ੁਰਗ ਔਰਤਾਂ ਨੂੰ ਸਮਰੱਥਾ ਅਨੁਸਾਰ ਕੱਪੜਿਆਂ ਦਾ ਜੋੜਾ ਜਾਂ ਨਕਦ ਰਾਸ਼ੀ ਦਿੱਤੀ ਜਾਂਦੀ ਹੈ ।

        ਵਹੁਟੀ ਦੇ ਪਹਿਲੇ ਗਰਭ ਸਮੇਂ ਵੀ ਜਠੇਰਿਆਂ ਦੇ ਸਥਾਨ ਉੱਤੇ ਜਾ ਕੇ ਇਹ ਰਸਮ ਕੀਤੀ ਜਾਂਦੀ ਹੈ । ਜਿਸ ਵਿੱਚ ਵਹੁਟੀ ਦੀ ਸੱਸ ਗਿਰੀ , ਛੁਹਾਰੇ ਤੇ ਕੁਝ ਰੁਪਿਆਂ ਦਾ ਸ਼ਗਨ ਉਸ ਦੀ ਝੋਲੀ ਵਿੱਚ ਪਾਉਂਦੀ ਹੈ । ਉਪਰੰਤ ਬਰਾਦਰੀ ਦੀਆਂ ਦੂਜੀਆਂ ਔਰਤਾਂ ਵਹੁਟੀ ਨੂੰ ਕੁਝ ਰੁਪਏ ਸ਼ਗਨ ਵਜੋਂ ਦਿੰਦੀਆਂ ਹਨ । ਇਹ ਰਸਮ ਕਰਨ ਤੋਂ ਬਾਅਦ ਬਰਾਦਰੀ ਦੀਆਂ ਔਰਤਾਂ ਨੂੰ ਗੁੜ , ਕੱਚੇ ਚੌਲ ਆਦਿ ਵੰਡੇ ਜਾਂਦੇ ਹਨ ਅਤੇ ਗੀਤ ਗਾਏ ਜਾਂਦੇ ਹਨ ।

        ਘਰ ਵਿੱਚ ਮੱਝ ਜਾਂ ਗਾਂ ਸੂ ਪਵੇ ਤਾਂ ਉਸ ਦਾ ਦੁੱਧ ਘਰ ਵਿੱਚ ਵਰਤਣ ਤੋਂ ਪਹਿਲਾਂ ਜਠੇਰਿਆਂ ਦੇ ਸਥਾਨ ਤੇ ਚੜ੍ਹਾਇਆ ਜਾਂਦਾ ਹੈ । ਪਹਿਲੇ ਦੁੱਧ ਦੀ ਖੀਰ ਵੀ ਜਠੇਰਿਆਂ ਦੇ ਸਥਾਨ ਤੇ ਚੜ੍ਹਾਈ ਜਾਂਦੀ ਹੈ । ਫਿਰ ਮੱਸਿਆ ਤੱਕ ਦੁੱਧ ਰਿੜਕਿਆ ਨਹੀਂ ਜਾਂਦਾ ਅਤੇ ਮੱਸਿਆ ਉਪਰੰਤ ਦੁੱਧ ਰਿੜਕਣ ਤੋਂ ਬਾਅਦ ਉਸ ਪਹਿਲੇ ਘਿਉ ਦਾ ਦੀਵਾ ਜਾਂ ਆਟੇ ਦਾ ਚੂੰਗੜਾ , ਜਠੇਰਿਆਂ ਦੇ ਸਥਾਨ ਉੱਤੇ ਜਗਾਇਆ ਜਾਂਦਾ ਹੈ । ਕੁਝ ਜਠੇਰਿਆਂ ਦੇ ਸਥਾਨ ਤੇ ਕਿਸੇ ਖ਼ਾਸ ਤਿੱਥ ਉੱਤੇ ਆਪਣੇ-ਆਪਣੇ ਗੋਤਰ ਅਨੁਸਾਰ ਵੱਖ-ਵੱਖ ਥਾਂਵਾਂ ਤੇ ਮੇਲੇ ਲੱਗਦੇ ਹਨ । ਉਸ ਦਿਨ ਕਿਸੇ ਖ਼ਾਸ ਜਠੇਰੇ ਦੀ ਗੋਤ ਨਾਲ ਸੰਬੰਧਿਤ ਲੋਕ ਉਸ ਨੂੰ ਦੂਰੋਂ-ਦੂਰੋਂ ਪੂਜਣ ਆਉਂਦੇ ਹਨ ।


ਲੇਖਕ : ਮਲਕੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਜਠੇਰੇ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਠੇਰੇ ( ਨਾਂ , ਪੁ ) ਪਹਿਲਾਂ ਹੋ ਚੁੱਕੀਆਂ ਪੀੜ੍ਹੀਆਂ ਦੇ ਵੱਡੇ-ਵਡੇਰੇ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.