ਨਗਰ ਖੇੜਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਗਰ ਖੇੜਾ : ਨਗਰ ਦੇਵਤਾ ਦੀ ਉੱਚਤਾ ਵਜੋਂ ਅਕਸਰ ਪਿੰਡ ਵਿੱਚ ਨਿੱਕੀ ਜਿਹੀ ਸਮਾਧੀ ਦੀ ਸ਼ਕਲ ਦਾ ਨਗਰ ਖੇੜਾ ਸਥਾਪਿਤ ਕੀਤਾ ਗਿਆ ਹੁੰਦਾ ਹੈ ਜਿਸ ਦੀ ਸਮੇਂ-ਸਮੇਂ ਪੂਜਾ ਕੀਤੇ ਜਾਣ ਦੀ ਪਰੰਪਰਾ ਹੈ ।

        ਨਗਰ ਖੇੜੇ ਨੂੰ ‘ ਖੇੜਾ` ਵੀ ਕਿਹਾ ਜਾਂਦਾ ਹੈ ਜਿਸ ਨੂੰ ਗਰਾਮ-ਦੇਵਤਾ ਦਾ ਪਦ ਪ੍ਰਾਪਤ ਹੁੰਦਾ ਹੈ । ਖੇੜੇ ਨੂੰ ‘ ਦੇਹੁਰੇ` ਵੀ ਕਹਿੰਦੇ ਹਨ । ਫ਼ਾਰਸੀ ਵਿੱਚ ਦੇਹ ਦਾ ਅਰਥ ‘ ਪਿੰਡ` ਅਤੇ ‘ ਦੇਹ ਗ੍ਰਹਿ` ਦਾ ਅਰਥ ‘ ਪਿੰਡ ਦਾ ਘਰ` ਲਿਆ ਜਾਂਦਾ ਹੈ । ਪੰਜਾਬ ਦੇ ਪਿੰਡਾਂ ਵਿੱਚ ਅਜਿਹੇ ਗਰਾਮ ਦੇਵਤੇ ਤਿੰਨ ਪ੍ਰਕਾਰ ਦੇ ਹਨ :

        1.              ਖੇੜਾ

        2.            ਖੇਤਰਪਾਲ

                  3.            ਭੂਮੀਆ

        ਬਹੁਤੀਆਂ ਹਾਲਤਾਂ ਵਿੱਚ ਜੇਕਰ ਕਿਸੇ ਇੱਕ ਵਡਿੱਕੇ ਦੀ ਸੰਤਾਨ ਕੋਈ ਨਵਾਂ ਪਿੰਡ ਬੰਨ੍ਹੇ ਤਾਂ ਪਿੰਡ ਦੇ ਵਿਚਕਾਰ ਜਾਂ ਪਿੰਡ ਦੀ ਫਿਰਨੀ ( ਬਾਹਰਲੇ ਰਸਤੇ ) ਨੇੜੇ ਕੁਲ ਦੇ ਵਡਿੱਕੇ ਦੀ ਯਾਦ ਵਿੱਚ ਸਮਾਧੀ ਬਣਾ ਦਿੱਤੀ ਜਾਂਦੀ ਹੈ , ਜੋ ਮਿੱਟੀ , ਚੂਨੇ , ਇੱਟਾਂ ਆਦਿ ਦੇ ਥੜ੍ਹੇ ਉੱਤੇ ਲਘੂ ਆਕਾਰ ਦੀ ਸ਼ਕਲ ਵਿੱਚ ਹੁੰਦੀ ਹੈ , ਜਿਸ ਨੂੰ ਖ਼ੁਸ਼ਹਾਲੀ ( ਖੇੜੇ ) ਦੇ ਰੂਪ ਵਿੱਚ ਮੰਨ ਕੇ ਪੂਜਿਆ ਜਾਂਦਾ ਹੈ । ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕੁਲ ਦੇ ਵਡਿੱਕੇ ਦੀ ਯਾਦ ਵਿੱਚ ਬਣਾਈ ਸਮਾਧੀ ਅੰਦਰ , ਵਡਿੱਕੇ ਦੀ ਰੂਹ ਨਿਵਾਸ ਕਰਦੀ ਹੈ ਜਿਸ ਤੋਂ ਪਿੰਡ ਦੇ ਖ਼ੁਸ਼ਹਾਲ ਰੂਪ ਵਿੱਚ ਵੱਸਦੇ ਰਹਿਣ ਦੀ ਕਾਮਨਾ ਅਤੇ ਰੱਖਿਆ ਕਰਨ ਦੀ ਸ਼ਕਤੀ ਵਜੋਂ ਹਰ ਸਮੇਂ ਮੌਜੂਦਗੀ ਦੀ ਆਸ ਰੱਖੀ ਜਾਂਦੀ ਹੈ ।

        ਕਈ ਹਾਲਤਾਂ ਵਿੱਚ ਨਵਾਂ ਪਿੰਡ ਬੰਨ੍ਹਣ ਵੇਲੇ ਕੁਲ ਦੇ ਕਿਸੇ ਬਜ਼ੁਰਗ ਵਿਅਕਤੀ ਪਾਸੋਂ ਮੋੜ੍ਹੀ ਗਡਵਾਈ ਜਾਂਦੀ ਹੈ । ਮੋੜ੍ਹੀ ਗੱਡਣ ਵਾਲਾ ਬਜ਼ੁਰਗ ਜੇਕਰ ਵੱਡ-ਪਰਿਵਾਰ ਕੁਲ ਦਾ ਮੋਹਰੀ ਹੋਵੇ ਤਾਂ ਉਸ ਦੀ ਮੌਤ ਉਪਰੰਤ ਉਸ ਦੀ ਯਾਦ ਵਜੋਂ ਖੇੜੇ ਦੀ ਸਥਾਪਨਾ ਕੀਤੀ ਜਾਂਦੀ ਹੈ ।

        ਜੇਕਰ ਕੁਝ ਗੋਤਰਾਂ ਦੇ ਪਰਿਵਾਰਿਕ ਸਮੂਹ ਰਲ ਕੇ ਪਿੰਡ ਦੀ ਸਥਾਪਨਾ ਕਰਦੇ ਹਨ ਤਾਂ ਅਜਿਹੀ ਹਾਲਤ ਵਿੱਚ ਖੇੜੇ ਦੀ ਸਥਾਪਨਾ ਪਿੰਡ ਬੰਨ੍ਹਣ ਤੋਂ ਪਹਿਲਾਂ ਸਾਂਝੇ ਤੌਰ `ਤੇ ਕਰ ਲਈ ਜਾਂਦੀ ਹੈ । ਅਜਿਹੇ ਸਾਂਝੇ ਖੇੜੇ ਦੀ ਪਛਾਣ ਵੱਜੋਂ ਗੁੰਮਚੀ ਦੇ ਉਪਰਲੇ ਹਿੱਸੇ `ਤੇ ਦੀਵੇ ਬਾਲਣ ਲਈ ਇੱਕ ਤੋਂ ਵਧੇਰੇ ਆਲੇ ਰੱਖੇ ਜਾਂਦੇ ਹਨ । ਦੀਵੇ ਬਾਲਣ ਲਈ ਰੱਖੇ ਇਹ ਆਲੇ ਉਹਨਾਂ ਵਿਭਿੰਨ ਦਿਸ਼ਾਵਾਂ ਦੇ ਸੂਚਕ ਹੁੰਦੇ ਹਨ ਜਿਨ੍ਹਾਂ ਦਿਸ਼ਾਵਾਂ ਤੋਂ ਆਏ ਲੋਕਾਂ ਨੇ ਪਿੰਡ ਦੀ ਸਥਾਪਨਾ ਕੀਤੀ ਹੁੰਦੀ ਹੈ ।

        ਖੇੜੇ ਨੂੰ ਪਿੰਡ ਦੇ ਘਰਾਂ ਦਾ ਰਖਵਾਲਾ ਦੇਵਤਾ ਸਮਝਿਆ ਜਾਂਦਾ ਹੈ । ਕਈ ਹਾਲਤਾਂ ਵਿੱਚ ਪਿੰਡ ਵਿੱਚ ਪਹਿਲੇ ਕਾਲ-ਵੱਸ ਹੋਣ ਵਾਲੇ ਵਿਅਕਤੀ ਦੀ ਯਾਦ ਵਜੋਂ ਵੀ ਖੇੜੇ ਦੀ ਸਥਾਪਨਾ ਕੀਤੀ ਜਾਂਦੀ ਹੈ । ਪ੍ਰਾਚੀਨ ਪੰਜਾਬ ਵਿੱਚ ਪਿੱਤਰੀ ਪੂਜਾ ਦਾ ਬਹੁ-ਪ੍ਰਵਾਨਿਤ ਚਲਨ ਰਿਹਾ ਹੋਣ ਕਰ ਕੇ ਹਰ ਕੁਲ ਅਤੇ ਗੋਤ ਵਿੱਚ ਉਸ ਪਰਿਵਾਰ ਦਾ ਵਡਿੱਕਾ ਪੂਜਿਆ ਜਾਂਦਾ ਸੀ । ਜਿਸ ਲਈ ਲੋਕ ਇਹਨਾਂ ਪੂਜਾ ਸਿਲਾਂ ( ਸਥਾਨਾਂ ) ਨੂੰ ਘਰਾਂ ਵਿੱਚ ਵੀ ਸਥਾਪਿਤ ਕਰ ਲਿਆ ਕਰਦੇ ਸਨ ਪਰ ਬਹੁਤੀਆਂ ਹਾਲਤਾਂ ਵਿੱਚ ਕਿਸੇ ਇੱਕ ਪਿੰਡ ਵਿੱਚ ਕਿਸੇ ਇੱਕ ਗੋਤਰ ਦੀ ਵੱਸੋਂ ਵਧੇਰੇ ਅਤੇ ਸਭਨਾਂ ਦਾ ਸਾਂਝਾ ਵਡਿੱਕਾ ਇੱਕ ਹੋਣ ਕਾਰਨ , ਉਸ ਦੀ ਸਿਮਰਤੀ ਵਿੱਚ ਸਾਂਝੇ ਖੇੜੇ ਦੀ ਸਥਾਪਨਾ ਕਰ ਲਈ ਜਾਂਦੀ ਸੀ ਜਿਸ ਦੀ ਹਰ ਖ਼ੁਸ਼ੀ ਗ਼ਮੀ ਦੇ ਕਾਰਜਾਂ ਸਮੇਂ ਪੂਜਾ ਕੀਤੀ ਜਾਂਦੀ ਸੀ । ਕਿਉਂਕਿ ਪੂਜਾ ਘਰ ਦੀਆਂ ਸੁਆਣੀਆਂ , ਬੱਚਿਆਂ ਅਤੇ ਬੁੱਢਿਆਂ ਨੇ ਕਰਨੀ ਹੁੰਦੀ ਸੀ ਇਸ ਲਈ ਇਸ ਦੇ ਥਾਂ ਦੀ ਚੋਣ ਸਭ ਦੀ ਸੌਖੀ ਪਹੁੰਚ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਸੀ । ਇਸੇ ਲਈ ਅਜਿਹੇ ਕਈ ਵੱਡੇ ਪਿੰਡਾਂ ਵਿੱਚ ਜਿਨ੍ਹਾਂ ਵਿੱਚ ਕਈ-ਕਈ ਗੋਤਾਂ ਦੇ ਵਸਨੀਕ ਹਨ ਅਤੇ ਹਰ ਗੋਤਰ ਦੀ ਵੱਸੋਂ ਵੱਡੀ ਮਾਤਰਾ ਵਿੱਚ ਹੈ , ਉਹਨਾਂ ਗੋਤਰਾਂ ਦੀਆਂ ਵੱਖ-ਵੱਖ ਪੱਤੀਆਂ ਹਨ । ਉਹਨਾਂ ਨੇ ਆਪਣੇ-ਆਪਣੇ ਖੇੜੇ ਵੀ ਬਣਾਏ ਹੋਏ ਹਨ ਜਿਨ੍ਹਾਂ ਦੀ ਉਹ ਗਾਹੇ-ਬਗਾਹੇ ਪੂਜਾ ਕਰਦੇ ਰਹਿੰਦੇ ਹਨ । ਇਉਂ ਸਮੁੱਚੇ ਰੂਪ ਵਿੱਚ ਖੇੜਾ ਆਪਣੇ ਨਾਂ ਦੇ ਪ੍ਰਤਿਰੂਪ ਵਜੋਂ ਖ਼ੁਸ਼ਹਾਲੀ ਪੂਜਾ ਦਾ ਦੇਹੁਰਾ ਹੈ , ਇਸ ਨੂੰ ਚੌਰਸ ਜਾਂ ਗੋਲਾਕਾਰ ਥੜ੍ਹੇ `ਤੇ ਨਿੱਕੇ ਆਕਾਰ ਦੀ ਸਮਾਧੀ ਵਜੋਂ ਸਥਾਪਿਤ ਕੀਤਾ ਗਿਆ ਹੁੰਦਾ ਹੈ । ਇਸ ਦੀ ਚਮਕੀਲੀ ਦਿੱਖ ਲਈ ਅਜੋਕੇ ਸਮੇਂ ਸਫ਼ੈਦੀ ਦੀ ਵਰਤੋਂ ਕੀਤੀ ਜਾਣ ਲੱਗੀ ਹੈ ।

        ਖੇੜੇ ਦਾ ਇੱਕ ਹੋਰ ਰੂਪ ਖੇਤਰਪਾਲ ਹੈ ਜੋ ਗਰਾਮ ਦੇਵਤੇ ਵਾਂਗ ਹੀ ਪੂਜਨੀਕ ਸਮਝਿਆ ਜਾਂਦਾ ਹੈ । ਪਰ ਖੇਤਰਪਾਲ ਦੀ ਸਥਾਪਨਾ ਖੇਤ ਵਿੱਚ ਗੱਡੀ ਸੋਟੀ ਉੱਤੇ ਹਾਂਡੀ ਮੂਧੀ ਮਾਰ ਕੇ ਕੀਤੀ ਜਾਂਦੀ ਹੈ ਜਿਸ ਦੇ ਚਿੰਨ੍ਹ ਵਜੋਂ ਹਾਂਡੀ ਉਪਰ ਅੱਖ , ਨੱਕ ਅਤੇ ਮੂੰਹ ਆਦਿ ਬਣਾਏ ਜਾਂਦੇ ਹਨ । ਇਸ ਲਈ ਖੇੜੇ ਨੂੰ ਜਿੱਥੇ ਪਿੰਡ ਦੇ ਘਰਾਂ ਦਾ ਰਾਖਾ ਸਮਝਿਆ ਜਾਂਦਾ ਹੈ ਉੱਥੇ ਖੇਤਰਪਾਲ ਨੂੰ ਖੇਤਾਂ ਦਾ ਰਾਖਾ ਮੰਨਿਆ ਜਾਂਦਾ ਹੈ ।

        ਖੇੜੇ ਦਾ ਹੀ ਪ੍ਰਤਿਰੂਪ ਇੱਕ ਹੋਰ ਗਰਾਮ ਦੇਵਤਾ ‘ ਭੂਮੀਆ` ਹੈ ਜੋ ਪੂਜਾ ਪੱਧਤੀ ਦੇ ਘੇਰੇ ਵਿੱਚ ਆਉਂਦਾ ਹੈ । ਭੂਮੀਏ ਨੂੰ ਪਿੰਡ ਦੀ ਸਮੁੱਚੀ ਜੂਹ ਤੱਕ ਫ਼ੈਲਿਆ ਸਮਝਿਆ ਜਾਂਦਾ ਹੈ । ਇਸ ਲਈ ਇਸ ਦੀ ਸਥਾਪਨਾ ਖੇੜੇ ਦੇ ਰੂਪ ਵਿੱਚ , ਕਿਸੇ ਛੱਪੜ ਜਾਂ ਟੋਭੇ ਨੇੜੇ ਪੰਜ ਇੱਟਾਂ ਦੀ ਬਣਾਈ ਮਟੀ ਦੇ ਰੂਪ ਵਿੱਚ ਜਾਂ ਕਿਸੇ ਸਾਂਝੀ ਥਾਂ ਲੱਕੜ ਗੱਡਣ ਉਪਰੰਤ ਉਸ ਉੱਤੇ ਬਣਾਈ ਮਨੁੱਖੀ ਆਕਾਰ ਦੀ ਸ਼ਕਲ ਉਕਰਨ ਦੇ ਰੂਪ ਵਿੱਚ ਕੀਤੀ ਜਾਂਦੀ ਹੈ । ਖੇੜੇ ਦੀ ਪੂਜਾ ਦੀਵਾ ਜਗਾ ਕੇ ਕੀਤੇ ਜਾਣ ਦਾ ਚਲਨ ਹੈ । ਬਿਨਾਂ ਜਾਤੀ , ਕੁਲ , ਵਰੁਣ ਦੇ ਭੇਦ-ਭਾਵ ਤੋਂ ਪਿੰਡ ਦੇ ਸਾਰੇ ਧਾਰਮਿਕ ਵਿਸ਼ਵਾਸ ਦੇ ਧਾਰਨੀ ਲੋਕ ਖੇੜੇ ਦਾ ਸ਼ਰਧਾਪੂਰਬਕ ਸਤਿਕਾਰ ਕਰਦੇ ਹੋਏ , ਥੜ੍ਹੇ ਉਪਰ ਜੁੱਤੀ ਲੈ ਕੇ ਚੜ੍ਹਨਾ ਅਤੇ ਗੰਦ ਪਾਉਣਾ ਨਿਸ਼ੇਧ ਸਮਝਦੇ ਹਨ ।


ਲੇਖਕ : ਪ੍ਰੀਤ ਮਹਿੰਦਰ ਸੇਖੋਂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.