ਨਜਾਬਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਜਾਬਤ : ਵਾਰ ਨਜਾਬਤ ਜਾਂ ਨਾਦਰਸ਼ਾਹ ਦੀ ਵਾਰ ਦਾ ਲੇਖਕ ਨਜਾਬਤ ਪੰਜਾਬੀ ਵਾਰ ਸਾਹਿਤ ਦਾ ਮਹਾਨ ਕਵੀ ਹੈ । ਪਰ ਉਸ ਦੇ ਜੀਵਨ ਬਾਰੇ ਕੋਈ ਖ਼ਾਸ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ । ਏਨਾ ਕੁ ਪਤਾ ਹੈ ਕਿ ਉਸ ਦੇ ਵੱਡੇ ਵੱਡੇਰੇ ਹਰਲ ਰਾਜਪੂਤ ਸਨ । ਉਹਨਾਂ ਦਾ ਵਸੇਬਾ ਸ਼ਾਹਪੁਰ ਦੇ ਜ਼ਿਲ੍ਹਾ ਮਟੀਲਾ ਹਰਲਾਂ ਵਿੱਚ ਸੀ । ਜਦੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਵਿੱਚ ਆਪਣੀ ਹਕੂਮਤ ਦੇ ਝੰਡੇ ਪੱਕੇ ਪੈਰੀਂ ਗੱਡ ਚੁੱਕਾ ਸੀ , ਨਜਾਬਤ ਦਾ ਜੀਵਨ-ਸਮਾਂ ਉਹ ਸਮਝਿਆ ਜਾਂਦਾ ਹੈ । ਨਜਾਬਤ ਦੀ ਇਹ ਰਚਨਾ ਕਿੰਨੀ ਦੇਰ ਤੱਕ ਕਿਧਰੇ ਗੁਆਚੀ ਹੀ ਰਹੀ । ਇਸ ਦਾ ਕੋਈ ਪੁਰਾਣਾ ਲਿਖਤੀ ਰੂਪ ਨਹੀਂ ਮਿਲਦਾ । ਮੌਖਿਕ ਰੂਪ ਵਿੱਚ ਭੱਟਾਂ ਤੇ ਮਰਾਸੀਆਂ ਨੇ ਇਸ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ । ਕਿਹਾ ਜਾਂਦਾ ਹੈ ਕਿ ਐਡਵਰਡ ਮੁਕਲੂਗਨ ਨਾਂ ਦੇ ਇੱਕ ਅੰਗਰੇਜ਼ ਨੇ ਇਹ ਵਾਰ ਕਿਸੇ ਮਰਾਸੀ ਕੋਲੋਂ ਸੁਣੀ । ਉਸ ਨੇ ਆਪਣੇ ਇੱਕ ਪੰਜਾਬੀ ਕਾਰਿੰਦੇ ਨੂੰ ਇਸ ਵਾਰ ਦੀਆਂ ਗੁਆਚੀਆਂ ਲੜੀਆਂ ਲੱਭਣ ਦਾ ਕੰਮ ਸੌਂਪਿਆ । ਉਸ ਨੇ ਕਈ ਮਰਾਸੀਆਂ ਕੋਲੋਂ ਸੁਣ ਕੇ ਇਸ ਨੂੰ ਸੰਪੂਰਨ ਕੀਤਾ । ਇਸ ਤਰ੍ਹਾਂ ਇਸ ਰਚਨਾ ਦਾ ਲਿਖਤੀ ਰੂਪ ਹੋਂਦ ਵਿੱਚ ਆਇਆ ।

        ਪੰਜਾਬੀ ਸਾਹਿਤ ਵਿੱਚ ਮਿਲਦੀਆਂ ਵਾਰਾਂ ਵਿੱਚੋਂ ਵਾਰ ਨਜਾਬਤ ਸਭ ਤੋਂ ਲੰਮੇਰੀ ਹੈ ਤੇ ਚਰਚਿਤ ਵੀ । ਇਸ ਵਿੱਚ ਬੀਰ ਰਸ ਦੀ ਪ੍ਰਧਾਨਤਾ ਹੈ । ਸਮਕਾਲੀ ਰਾਜਨੀਤਿਕ ਸਥਿਤੀ ਅਤੇ ਸਮਾਜਿਕ ਜੀਵਨ ਦਾ ਕਲਾਤਮਿਕ ਚਿਤਰਨ ਹੈ । ਇਸ ਵਿੱਚ ਕਟਾਖਸ਼ ਵੀ ਹੈ ਤੇ ਹਾਸ ਰਸ ਵੀ । ਪੰਜਾਬੀ ਵਾਰ ਦਾ ਇਹ ਇੱਕ ਬਹੁਤ ਆਹਲਾ ਨਮੂਨਾ ਹੈ ।

        ਇਸ ਵਾਰ ਵਿੱਚ ਨਾਦਰਸ਼ਾਹ ਵੱਲੋਂ 1739-40 ਵਿੱਚ ਭਾਰਤ ਉੱਤੇ ਕੀਤੇ ਹਮਲੇ ਦਾ ਬਿਰਤਾਂਤ ਹੈ । ਉਸ ਵੇਲੇ ਬਹਾਦਰਸ਼ਾਹ ਰੰਗੀਲਾ ਦਿੱਲੀ ਦਾ ਬਾਦਸ਼ਾਹ ਸੀ । ਉਹ ਐਸ਼ਪ੍ਰਸਤ ਰਾਜਾ ਸੀ । ਇਸੇ ਕਰ ਕੇ ਉਸ ਨੂੰ ਰੰਗੀਲਾ ਆਖਿਆ ਜਾਂਦਾ ਸੀ । ਉਸ ਸਮੇਂ ਚਾਰੇ ਪਾਸੇ ਬਦਅਮਨੀ ਤੇ ਆਪਾ-ਧਾਪੀ ਸੀ । ਦੇਸ ਵਿੱਚੋਂ ਅਨੁਸ਼ਾਸਨ ਖੰਭ ਲਗਾ ਕੇ ਉੱਡ ਗਿਆ ਸੀ । ਵਜ਼ੀਰਾਂ ਤੇ ਅਮੀਰਾਂ ਨੇ ਰਾਜ ਸੱਤਾ ਦੀ ਡੋਰ ਆਪਣੇ ਹੱਥਾਂ ਵਿੱਚ ਲੈ ਲਈ ਸੀ । ਅਰਾਜਕਤਾ ਦੇ ਇਸ ਪਿਛੋਕੜ ਵਿੱਚ ਨਾਦਰਸ਼ਾਹ ਨੇ ਭਾਰਤ ਉੱਤੇ ਹਮਲਾ ਕੀਤਾ ।

        ਨਾਦਰਸ਼ਾਹ ਦੇ ਹਮਲੇ ਦੇ ਭਾਵੇਂ ਰਾਜਨੀਤਿਕ ਕਾਰਨ ਸਨ ਪਰ ਨਜਾਬਤ ਨੇ ਭਾਰਤੀ ਮਿਥਿਹਾਸ ਵਿੱਚੋਂ ਇੱਕ ਕਥਾ ਲੈ ਕੇ ਇਸ ਵਾਰ ਦੀ ਰਚਨਾ ਕੀਤੀ । ਉਸ ਨੇ ਕਲ੍ਹ ਤੇ ਨਾਰਦ ਨੂੰ ਪਤੀ-ਪਤਨੀ ਦੇ ਰੂਪ ਵਿੱਚ ਲੜਦੇ ਹੋਏ ਚਿੱਤਰਿਆ ਹੈ । ਨਜਾਬਤ ਨੇ ਆਪਣੀ ਵਾਰ ਦੀ ਰਚਨਾ ਵਿੱਚ ਇਤਿਹਾਸਿਕ ਸੱਚ ਨੂੰ ਬਿਲਕੁਲ ਨਿਰਪੱਖ ਹੋ ਕੇ ਬਿਆਨ ਕੀਤਾ ਹੈ । ਨਾਦਰ ਨੇ ਹਿੰਦੁਸਤਾਨ ਉੱਤੇ ਹਮਲਾ ਕੀਤਾ ਤੇ ਇੱਥੋਂ ਦੇ ਹਾਕਮਾਂ ਦੇ ਛੱਕੇ ਛੁਡਾ ਦਿੱਤੇ । ਉਹ ਜੇਤੂ ਹਮਲਾਵਰ ਸੀ । ਨਜਾਬਤ ਨੇ ਉਸ ਨੂੰ ਵਾਜਬ ਥਾਂ ਦਿੱਤੀ ਹੈ ।

        ਨਜਾਬਤ ਨੇ ਪੰਜਾਬ ਦੇ ਜੀਵਨ ਦਾ ਚਿੱਤਰ ਬਹੁਤ ਵਿਸਤਾਰ ਵਿੱਚ ਪੇਸ਼ ਕੀਤਾ ਹੈ । ਇਸ ਚਿੱਤਰ ਦੀ ਪੇਸ਼ਕਾਰੀ ਲਈ ਢੁੱਕਵੀਆਂ ਉਪਮਾਵਾਂ ਵਰਤੀਆਂ ਹਨ ਜੋ ਉਸ ਵੇਲੇ ਦੇ ਸਮੇਂ ਨੂੰ ਵੀ ਰੂਪਮਾਨ ਕਰਦੀਆਂ ਹਨ । ਮਿਸਾਲ ਵਜੋਂ :

ਜੇਠ ਕਲਰ ਲਸ਼ਕਾਰਾਂ , ਭੜਕਣ ਭੱਠ ਜਿਉਂ ।

ਜਿਉਂ ਢਹਿਣ ਮਣਾ ਦਰਿਆ ਦੀਆਂ ਸਾਵਣ ਹੜ੍ਹ ਆਏ ।

ਵੱਸੇ ਗੜਾ ਤੂਫਾਨ ਨ ਹੋਣ ਬੱਦਲ ਕਾਲੇ ।

ਜਿਵੇਂ ਟਿੰਡਾਂ ਲਾਹ ਕੁੰਭਾਰਾਂ , ਧਰੀਆਂ ਚੱਕ ਤੋਂ ,

                  ਤਿਦਾਂ ਸਿਰੀਆਂ ਬੇਸ਼ੁਮਾਰਾਂ , ਘੱਟੇ ਰੁਲਦੀਆਂ ।

        ਨਜਾਬਤ ਨੇ ਨਾਦਰਸ਼ਾਹ ਦੀ ਵਾਰ ਨੂੰ 86 ਪਉੜੀਆਂ ਵਿੱਚ ਪੇਸ਼ ਕੀਤਾ ਹੈ । ਹਰ ਪਉੜੀ ਵਿੱਚ ਤਕਰੀਬਨ ਇੱਕੋ ਜਿਹਾ ਤੁਕਾਂਤ ਹੈ । ਵਾਰ ਦੇ ਵਿਸ਼ੇ ਨੂੰ ਆਮ ਤੌਰ `ਤੇ ਸਿਰਖੰਡੀ ਜਾਂ ਨਿਸ਼ਾਨੀ ਛੰਦ ਨਾਲ ਨਿਭਾਇਆ ਜਾਂਦਾ ਹੈ । ਨਜਾਬਤ ਵੱਲੋਂ ਇਹਨਾਂ ਦੋਹਾਂ ਛੰਦਾਂ ਦੀ ਵਰਤੋਂ ਕੀਤੀ ਗਈ ਹੈ :

ਨਾ ਕੀਤੀ ਨਿਮਕ ਹਲਾਲੀ , ਜੂਫ ਤੂਰਾਨੀਆਂ ।

                  ਉਹਨਾਂ ਘਰ ਚਗੈਤੇ ਦੇ ਬਾਲੀ , ਆਤਿਸ਼ ਆਣ ਕੇ ।

( ਸਿਰਖੰਡੀ ਛੰਦ )

ਬੁਰਾ ਕੀਤਾ ਤੂਰਾਨੀਆਂ , ਮੁੜ ਦੂਜੀ ਵਾਰੀ ।

                  ਉਹਨਾਂ ਦਸਤਾਰ ਮੁਬਾਰਕ ਆਪਣੀ , ਚਾ ਆਪ ਉਤਾਰੀ ।

( ਨਿਸ਼ਾਨੀ ਛੰਦ )

        ਵਾਰ ਵਿਚਲਾ ਵਹਾਉ ਪ੍ਰਚੰਡ ਤੇ ਤੁੰਦੀ ਭਰਿਆ ਹੈ । ਸ਼ਬਦ ਖੰਡਿਆਂ ਵਾਂਗ ਖੜਕਦੇ ਹਨ ਅਤੇ ਇਹਨਾਂ ਦੀਆਂ ਧੁਨੀਆਂ ਦੀ ਗੂੰਜ ਪਾਠਕਾਂ ਦੇ ਮਨਾਂ ਵਿੱਚ ਯੁੱਧ ਦਾ ਦ੍ਰਿਸ਼ ਸਾਕਾਰ ਕਰ ਦਿੰਦੀ ਹੈ :

ਦੋਹੀਂ ਦਲੀ ਮੁਕਾਬਲੇ , ਦਮਾਮਾ ਵਾਹਿਆ ।

                  ਤੋਫ਼ਾਂ ਕੜਕਣ ਬਦਲੀਆਂ , ਘੁੜਤਾਲ ਵਜਾਇਆ ।

        ਵਾਰ ਵਿੱਚ ਕਲ੍ਹ ਤੇ ਨਾਰਦ ਦਾ ਆਪਸ ਵਿਚਲਾ ਝਗੜਾ ਦਿਲਚਸਪ ਨਾਟਕੀ ਮਾਹੌਲ ਸਿਰਜਦਾ ਹੈ । ਇਹ ਝਗੜਾ ਅਜੋਕੇ ਸਮਾਜ ਦੇ ਘਰੇਲੂ ਜੀਵਨ ਵਿੱਚ ਅਜੇ ਵੀ ਕਾਇਮ ਹੈ । ਸਤਿਆ ਹੋਇਆ ਮਰਦ ਨਜਾਬਤ ਦਾ ਵਾਕ ਦੁਹਰਾਉਂਦਾ ਹੈ :

ਮੈਨੂੰ ਬਹੁਤ ਜ਼ਨਾਨੀਆਂ , ਤੈਨੂੰ ਮਰਦ ਨਾ ਥੋੜ੍ਹੇ ।

ਏਸ ਖ਼ੁਸ਼ਾਮਦੋਂ ਕੈਰਵਾਂ ਚਾ ਜੱਦ ਕੁਹਾਈ ।

                  ਤੇ ਰਾਵਣੇ ਏਸ ਖੁਸ਼ਾਮਦੋਂ ਲੰਕਾ ਲੁਟਵਾਈ ।

ਵਰਗੀਆਂ ਸਤਰਾਂ ਇਸ ਗੱਲ ਦਾ ਸਬੂਤ ਹਨ ਕਿ ਨਜਾਬਤ ਨੂੰ ਹਿੰਦੂ ਮਿਥਿਹਾਸ ਦੀ ਵੀ ਭਰਵੀਂ ਜਾਣਕਾਰੀ ਸੀ । ਨਜਾਬਤ ਹੋਣੀ ਵਿੱਚ ਯਕੀਨ ਰੱਖਣ ਵਾਲਾ ਕਵੀ ਹੈ । ਕਲ੍ਹ ਦੇ ਪਾਤਰ ਰਾਹੀਂ ਉਹ ਇਸੇ ਨਜ਼ਰੀਏ ਨੂੰ ਪਾਠਕਾਂ ਨਾਲ ਸਾਂਝਾ ਕਰਦਾ ਹੈ । ਨਾਦਰਸ਼ਾਹ ਜਦ ਹਿੰਦੁਸਤਾਨ ਉੱਤੇ ਵਹੀਰਾਂ ਘੱਤ ਕੇ ਆਉਂਦਾ ਹੈ ਤਾਂ ਨਜਾਬਤ ਇਸ ਨੂੰ ਹੋਣੀ ਦਾ ਕਾਰਨਾਮਾ ਮੰਨ ਕੇ ਰੱਬ ਨੂੰ ਸੰਬੋਧਿਤ ਕਰਦਾ ਹੈ :

                  ਸੇ ਕੰਮ ਕਿਸੇ ਨਾ ਮੇਟਣੇ , ਜਿਹੜੇ ਤੈਨੂੰ ਭਾਉਣ ।

        ਸੂਫ਼ੀ-ਕਾਵਿ ਪਰੰਪਰਾ ਇਸ਼ਕ , ਜੁਦਾਈ , ਵਸਲ , ਮੌਤ ਤੇ ਕਬਰ ਤੋਂ ਸ਼ੁਰੂ ਹੁੰਦੀ ਹੈ ਅਤੇ ਇੱਥੇ ਹੀ ਮੁਕਦੀ ਹੈ । ਨਜਾਬਤ ਵੀ ਕਲ੍ਹ ਦੇ ਮੂਹੋਂ ਅਖਵਾਉਂਦਾ ਹੈ :

ਸਰਪਰ ਇੱਕ ਦਿਨ ਆਉਸੀ , ਉਹ ਰਾਤ ਕਬਰ ਦੀ ।

      ਜਾਂ

                  ਵਤ ਨਹੀਂ ਦੁਨੀਆਂ `ਤੇ ਆਵਣਾ , ਜਗ ਆਲਮ ਫਾਨੀ ।

        ਨਜਾਬਤ ਨੇ ਕਲ੍ਹ ਤੇ ਨਾਰਦ ਦੇ ਪਾਤਰਾਂ ਦੁਆਰਾ ਆਪਣੀ ਰਚਨਾ ਵਿੱਚ ਨਾਟਕੀਅਤਾ ਵੀ ਭਰੀ ਹੈ ਤੇ ਪਰਾਸਰੀਰਕ ਅੰਸ਼ ਵੀ । ਇਹ ਦੋਵੇਂ ਗੁਣ ਪੰਜਾਬੀ ਦੇ ਕਿੱਸਾ-ਸਾਹਿਤ ਵਿੱਚ ਵੀ ਦੇਖੇ ਜਾ ਸਕਦੇ ਹਨ । ਮੁਹਾਵਰਾ ਬਣਨ ਦੀ ਸਮਰੱਥਾ ਰੱਖਦੀ ਠੁੱਕਦਾਰ ਭਾਸ਼ਾ ਦੀ ਵਰਤੋਂ ਸਹਿਤ ਇਹ ਰਚਨਾ ਇੱਕ ਚੰਗੀ ਵਾਰ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਦਾ ਇੱਕ ਆਹਲਾ ਨਮੂਨਾ ਹੈ ।


ਲੇਖਕ : ਬਖ਼ਸ਼ੀਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3696, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਨਜਾਬਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਜਾਬਤ . ਦੇਖੋ , ਨਿਜਾਬਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.