ਨਨੂਆ, ਭਗਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਨੂਆ, ਭਗਤ: ਗੁਰਮਤਿ ਭਗਤੀ ਭਾਵਨਾ ਤੋਂ ਪ੍ਰੇਰਿਤ ਅਤੇ ਪ੍ਰਭਾਵਿਤ ਨਨੂਆ ਭਗਤ ਪੱਛਮੀ ਪੰਜਾਬ ਦੇ ਗੁਜਰਾਂ- ਵਾਲੇ ਜ਼ਿਲ੍ਹੇ ਦੇ ਵਜ਼ੀਰਾਬਾਦ ਨਗਰ ਦਾ ਨਿਵਾਸੀ ਸੀ। ਇਸ ਦੇ ਜਨਮ ਅਤੇ ਮਰਨ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਸੇਵਾਪੰਥੀ ਰਵਾਇਤਾਂ ਤੋਂ ਪਤਾ ਚਲਦਾ ਹੈ ਕਿ ਇਹ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਹੋਇਆ ਸੀ। ਜਨਮ ਵੇਲੇ ਸਤ-ਮਾਹਿਆ ਹੋਣ ਕਾਰਣ ਸ਼ੁਰੂ ਤੋਂ ਹੀ ਇਹ ਸ਼ਰੀਰਕ ਤੌਰ ’ਤੇ ਕਮਜ਼ੋਰ ਸੀ। ਇਸ ਲਈ ਅਧਿਕਤਰ ਪਾਲਕੀ ਵਿਚ ਹੀ ਇਧਰ ਉਧਰ ਜਾਇਆ ਕਰਦਾ ਸੀ। ਗੁਰੂ ਤੇਗ ਬਹਾਦਰ ਜੀ ਦਾ ਪੱਕਾ ਸ਼ਰਧਾਲੂ ਸੀ। ਗੁਰੂ ਜੀ ਦੀ ਸੇਵਾ ਵਿਚ ਇਹ ਕਈ ਮਹੀਨੇ ਰਿਹਾ। ਇਸ ਨੂੰ ਆਪਣਾ ਅਧਿਆਤਮਿਕ ਸੁਧਾਰ ਕਰਨ ਲਈ ਗੁਰੂ ਜੀ ਨੇ ਲਾਹੌਰ ਵਲ ਜਾਣ ਲਈ ਆਦੇਸ਼ ਦਿੱਤਾ। ਇਹ ਲਾਹੌਰ ਪਹੁੰਚ ਗਿਆ, ਪਰ ਇਸ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਇਹ ਕਿਸ ਦੀ ਸੇਵਾ ਵਿਚ ਜਾਏ। ਆਖ਼ਿਰ ਲੋਕਾਂ ਨੇ ਇਸ ਨੂੰ ‘ਗਧਾ ਨਾਰਾਇਣੀ’ ਪਾਸ ਜਾਣ ਲਈ ਸੁਝਾ ਦਿੱਤਾ।

            ਗਧਾ ਨਾਰਾਇਣੀ ਇਕ ਮੁਸਲਮਾਨ ਦਰਵੇਸ਼ ਸੀ ਜੋ ਹਰ ਪ੍ਰਕਾਰ ਦੇ ਜੀਵਾਂ ਵਿਚ ਪਰਮਾਤਮਾ ਦੀ ਜੋਤਿ ਮੰਨ ਕੇ ਉਨ੍ਹਾਂ ਦੀ ਸੇਵਾ ਕਰਦਾ ਸੀ, ਪਰ ਉਸ ਦੀ ਵਿਸ਼ੇਸ਼ ਰੁਚੀ ਗਧਿਆਂ ਦੀ ਸੇਵਾ ਵਿਚ ਸੀ। ਇਸ ਲਈ ਲੋਕਾਂ ਵਿਚ ਉਹ ‘ਗਧਾ ਨਾਰਾਇਣੀ’ ਕਰਕੇ ਪ੍ਰਸਿੱਧ ਹੋਇਆ। ਗਧਾ ਨਾਰਾਇਣੀ ਤੋਂ ਨਨੂਆ ਭਗਤ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੂੰ ਗੁਰੂ ਧਾਰਣ ਕਰਕੇ ਆਪਣੇ ਨਗਰ ਵਜ਼ੀਰਾਬਾਦ ਚਲਾ ਗਿਆ। ਉਥੇ ਪਹੁੰਚ ਕੇ ਇਸ ਨੇ ਗੁਰਮਤਿ ਦੀਆਂ ਲੀਹਾਂ’ਤੇ ਧਰਮ-ਪ੍ਰਚਾਰ ਆਰੰਭਿਆ। ਸੇਵਾ-ਪੰਥੀ ਸੰਪ੍ਰਦਾਇ ਦਾ ਮੋਢੀ ਭਾਈ ਘਨਈਆ ਇਸ ਦਾ ਸ਼ਰਧਾਲੂ ਸੀ। ਉਸ ਨੇ ਨਨੂਆ ਭਗਤ ਨੂੰ ਬਾਣੀ ਰਚਣ ਲਈ ਪ੍ਰਾਰਥਨਾ ਕੀਤੀ। ਫਲਸਰੂਪ ਗਧਾ ਨਾਰਾਇਣੀ ਤੋਂ ਆਗਿਆ ਪ੍ਰਾਪਤ ਹੋ ਜਾਣ’ਤੇ ਇਸ ਆਪਣੀ ਬਾਣੀ ਰਚਣੀ ਸ਼ੁਰੂ ਕੀਤੀ, ਪਰ ਕੁਝ ਸਮੇਂ ਬਾਦ ਬੰਦ ਕਰ ਦਿੱਤੀ। ਹੁਣ ਪੁਰਾਤਨ ਹਥ-ਲਿਖਿਤਾਂ ਅਤੇ ‘ਸ਼ਬਦ ਸ਼ਲੋਕ ਭਗਤਾਂ ਦੇ’ ਵਿਚ ਨਨੂਆ ਭਗਤ ਦੇ ਲਗਭਗ ਚਾਰ ਦਰਜਨ ਸ਼ਬਦ/ਕਾਫ਼ੀਆਂ ਆਦਿ ਉਪਲਬਧ ਹਨ। ਇਹ ਸਾਰੀ ਰਚਨਾ ਰਾਗ-ਬੱਧ ਹੈ। ਇਸ ਨੇ ਸਿਰੀ, ਆਸਾ , ਆਸਾਵਰੀ , ਸੋਰਠ, ਮਾਲੀ ਗਉੜਾ, ਕਿਦਾਰਾ, ਮਲ੍ਹਾਰ, ਖਿਮਾਚ, ਕਲਿਆਣ ਆਦਿ ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ। ਇਸ ਦੀ ਬਾਣੀ ਦਾ ਚੂੰਕਿ ਪ੍ਰਮਾਣਿਕ ਸੰਸਕਰਣ ਤਿਆਰ ਨਹੀਂ ਹੋਇਆ, ਇਸ ਲਈ ਪਾਠਾਂਤਰਾਂ ਦੀ ਭਰਮਾਰ ਹੈ। ਇਸ ਦੀ ਬਾਣੀ ਦਾ ਰਚਨਾ-ਪੈਟਰਨ ਗੁਰਬਾਣੀ ਅਤੇ ਸੂਫ਼ੀਆਂ ਦੇ ਕਲਾਮ ਤੋਂ ਪ੍ਰਭਾਵਿਤ ਹੈ।

         ਨਨੂਆ ਭਗਤ ਦੀ ਬਾਣੀ ਵਿਚ ‘ਗੋਬਿੰਦ’ ਸ਼ਬਦ ਦੀ ਕਈ ਵਾਰ ਵਰਤੋਂ ਹੋਈ ਹੈ, ਜਿਵੇਂ— ਹਾਂ ਵੇ ਲੋਕਾ ਦੇਨੀ ਆਂ ਹੋਕਾ ਗੋਬਿੰਦ ਅਸਾਂ ਲੋੜੀਂਦਾ ਵੋ ; ਗਾਤਿ ਗਾਤਿ ਮੂੰਹਿ ਗੋਬਿੰਦ ਗਾਜੈ ਇੰਜ ਪ੍ਰਤੀਤ ਹੁੰਦਾ ਹੈ ਕਿ ਇਸ ਨੇ ਆਪਣੀ ਬਾਣੀ ਗੁਰੂ ਗੋਬਿੰਦ ਸਿੰਘ ਦੇ ਗੁਰ-ਗੱਦੀ ਕਾਲ ਵਿਚ ਉਚਾਰੀ ਹੋਏਗੀ ਅਤੇ ਉਹ ਗੁਰੂ-ਗੱਦੀ ਦੇ ਬਹੁਤ ਨੇੜੇ ਹੋ ਕੇ ਵਿਚਰਿਆ ਹੋਵੇਗਾ ਕਿਉਂਕਿ ਇਸ ਦੀ ਬਾਣੀ ਗੁਰਮਤਿ ਸਾਧਨਾ ਅਤੇ ਚਿੰਤਨ ਦਾ ਹੀ ਵਿਸਤਾਰ ਕਰਦੀ ਹੈ, ਜਿਸ ਦਾ ਅਹਿਸਾਸ ਇਸ ਪੰਕਤੀ ਤੋਂ ਹੀ ਹੋ ਜਾਂਦਾ ਹੈ—ਗੁਰ ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ ਸੁਰਤਿ ਸਬਦਿ ਮਨੁ ਜੋੜੀਦਾ ਵੋ ਸਰੂਪ ਦਾਸ ਭੱਲਾ ਨੇ ‘ਮਹਿਮਾ ਪ੍ਰਕਾਸ਼ ’ ਵਿਚ ਇਕ ਨਨੂਆ ਬੈਰਾਗੀ ਦਾ ਨਾਮ-ਉਲੇਖ ਕੀਤਾ ਹੈ, ਸੰਭਵ ਹੈ ਕਿ ਇਹ ਉਲੇਖ ਨਨੂਆ ਭਗਤ ਬਾਰੇ ਹੋਵੇ— ਨਨੂਆ ਬੈਰਾਗੀ ਸਿਆਮ ਕਬ ਬ੍ਰਹਮ ਭਾਟ ਜੋ ਆਹਾ ਭਈ ਨਿਹਚਲ ਫਕੀਰ ਗੁਰ ਬਡੇ ਗੁਨਗ ਗੁਨ ਤਾਹਾ6 ਅਵਰ ਕੇਤਕ ਤਿਨ ਨਾਮ ਜਾਨੋ ਲਿਖੇ ਸਗਲ ਪੁਨਿ ਕਰੇ ਬਖ਼ਾਨੋ ਚਾਰ ਵੇਦ ਦਸ ਅਸਟ ਪੁਰਾਨਾ ਛੈ ਸਾਸਤ੍ਰ ਸਿੰਮ੍ਰਤ ਆਨਾ7 ਲਗਦਾ ਹੈ ਕਿ ਇਹ ਅਨੇਕ ਪ੍ਰਕਾਰ ਦੇ ਸਾਧਾਂ/ਸੰਤਾਂ ਜਾਂ ਧਾਰਮਿਕ ਸੰਪ੍ਰਦਾਵਾਂ ਤੋਂ ਅਸੰਤੁਸ਼ਟ ਹੋ ਕੇ ਹੀ ਗੁਰੂ-ਗੱਦੀ ਦੇ ਸੰਪਰਕ ਵਿਚ ਆਇਆ ਹੋਵੇਗਾ। ਇਸ ਬਾਰੇ ਕੁਝ ਸੰਕੇਤ ਇਸ ਦੀ ਰਚਨਾ ਵਿਚੋਂ ਵੀ ਮਿਲ ਜਾਂਦੇ ਹਨ :

(1)    ਅਨਿਕੁ ਦੁਆਰ ਭਰਮਤ ਭਰਮਾਇਓ

         ਭਰਮਤਿ ਭਰਮਤਿ ਭਰਮਤਿ ਤਉ ਦਰਿ ਆਇਓ

         ਜਿਉਂ ਜਾਨਉ ਤਿਉਂ ਮੋਹਿ ਬਚਾਓ

(2)    ਨਨੂਏ ਦੇ ਹੁਣ ਵਡੇ ਭਾਗੁ

         ਜੇ ਪਾਵਾਂ ਤੇਰੇ ਦਰ ਦੀ ਲਾਗ

         ਏਦੂੰ ਹੋਰੁ ਮੰਗਾਂ ਕੁਝ

            ਮੈਂਡਾ ਹਾਲ ਤੈਥੋਂ ਗੁਝ

            ਨਨੂਆ ਭਗਤ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਦਾ ਮੰਨਦਾ ਹੈ—ਦੂਰਿ ਦੂਰਿ ਸਭ ਲੋਕ ਕਹਤ ਹੈ ਨਨੂਏ ਨਿਕਟ ਨਿਹਾਰਿਆ ਇਸ ਦੇ ਸ਼ਰੀਰ ਵਿਚ, ਰਗ ਰਗ ਵਿਚ, ਹੱਡੀ ਹੱਡੀ ਵਿਚ ਪਾਰੇ ਵਾਂਗ ਰਚਿਆ ਪਿਆ ਹੈ— ਨਨੂਏ ਦੇ ਰਗਿ ਰਗਿ ਹਡਿ ਹਡਿ ਵਿਚ ਪਾਰੇ ਵਾਂਗੂ ਧਾਇ ਰਹਿਆ ਅਸਲ ਵਿਚ ਉਸ ਪਰਮਾਤਮਾ ਲਈ ਮਨੁੱਖ ਦਾ ਸ਼ਰੀਰ ਨਿਵਾਸ-ਸਥਾਨ ਹੈ— ਘਟਿ ਘਟਿ ਅੰਤਰਿ ਜਿਸਹਿ ਬਸੇਰਾ

            ਨਨੂਏ ਦੀ ਭਗਤੀ ਸਾਧਨਾ ਪ੍ਰੇਮ ਆਧਾਰਿਤ ਹੈ— ਬਰਸੇ ਪ੍ਰੇਮ ਪ੍ਰੀਤ ਕੀ ਧਾਰੇ ਪ੍ਰੇਮ ਦੀ ਪ੍ਰਾਪਤੀ ਦਾ ਮੂਲ ਸੋਮਾ ਗੁਰੂ ਹੈ। ਜਦੋਂ ਗੁਰੂ ਤੁਠਦਾ ਹੈ ਤਾਂ ਇਕੋ ਕ੍ਰਿਪਾ-ਕਟਾਖ ਨਾਲ ਤਨ-ਮਨ ਦਾ ਤਾਲਾ ਖੋਲ੍ਹ ਦਿੰਦਾ ਹੈ— ਇਕੋ ਝਾਤੀ ਸਤਿਗੁਰ ਵਾਲੀ ਖੁਲਿ ਗਇਆ ਤਨ ਮਨ ਕਾ ਜੰਦਾ ਇਸ ਵਿਚ ‘ਸੰਤਨਿ ਕੇ ਉਪਕਾਰਾਂ’ ਦਾ ਵੀ ਯੋਗਦਾਨ ਹੈ। ਫਿਰ ਹਰਿ-ਸਿਮਰਨ ਦੀ ਘੜੀ ਆ ਜਾਂਦੀ ਹੈ। ਨਨੂਆ ਆਪ ਹੀ ਨਹੀਂ ਹੋਰਾਂ ਨੂੰ ਨਾਮ ਜਪਣ ਲਈ ਪ੍ਰੇਰਦਾ ਹੈ—ਹਰਿ ਸਿਮਰਨਿ ਕਉ ਦਾਉ ਹੈ ਭਾਈ ਹਰਿ ਸਿਮਰਨਿ ਕੋ ਦਾਉ ਹੈ ਅਜਿਹੀ ਅਵਸਥਾ ਵਿਚ ਭੇਦ-ਬੁੱਧੀ ਖ਼ਤਮ ਹੋ ਜਾਂਦੀ ਹੈ। ਨਨੂਆ ਜਿਧਰ ਦੇਖਦਾ ਹੈ, ਉਧਰ ਪਰਮਾਤਮਾ ਹੀ ਨਜ਼ਰ ਪੈਂਦਾ ਹੈ। ਸਾਰਾ ਵਾਤਾਵਰਣ ਬ੍ਰਹਮਮਈ ਹੈ—ਜਿਤ ਵਲ ਦੇਖਾਂ ਤਿਤ ਵਲ ਦਿਸਦਾ ਇਕੋ ਨਨੂਆ ਯਾਰ ਇਸ ਤਰ੍ਹਾਂ ਸਪੱਸ਼ਟ ਹੈ ਕਿ ਨਨੂਆ ਭਗਤ ਨਿਰਗੁਣ ਭਾਵਨਾ ਦਾ ਵਿਕਾਸ ਕਰਦਾ ਹੋਇਆ ਗੁਰਮਤਿ ਵਿਚਾਰਧਾਰਾ ਦੇ ਸਮੀਪ ਵਿਚਰਦਾ ਹੈ।      

          ਨਨੂਆ ਭਗਤ ਦੀ ਰਚਨਾ ਵਿਚ ਦੋ ਪ੍ਰਕਾਰ ਦੀ ਭਾਸ਼ਾ ਵਰਤੀ ਮਿਲਦੀ ਹੈ। ਇਕ ਉਹ ਰੂਪ ਹੈ ਜਿਸ ਵਿਚ ਉਸ ਨੇ ਪੰਜਾਬੀ ਸਾਧ-ਭਾਖਾ ਦੀ ਵਰਤੋਂ ਕੀਤੀ ਹੈ, ਜਿਵੇਂ ਪਰਮਾਤਮਾ ਤੋਂ ਪੈਦਾ ਹੋ ਕੇ ਪਰਮਾਤਮਾ ਵਿਚ ਸਮਾਉਣ ਵਾਲੀ ਸਿੱਧਾਂਤਿਕ ਸਥਾਪਨਾ ਵੇਲੇ ਉਹ ਕਹਿੰਦਾ ਹੈ :

ਰਾਮੁ ਰਸ ਪੀਵਤ ਹੀ ਅਲਸਾਨਾ

ਹਾ ਅਗਾਧਿ ਅਪਾਰਿ ਸਾਗਰਿ ਮੈ ਬੂੰਦ ਹੋਇ ਮਗਨਾਨਾ

ਲਤਿ ਭਏ ਤਨ ਮਨ ਕੇ ਉਦਮ ਫੁਰਨਨਿ ਫੁਰ ਕੈ ਕਾਈ

ਜੋ ਲਹਰ ਉਠੈ ਸਾਗਰ ਮੈਂ ਤਾਹੀਂ ਮਾਹਿ ਸਮਾਈ

            ਇਥੇ ਪੂਰਵੀ ਪੰਜਾਬੀ ਪ੍ਰਧਾਨ ਹੈ ਪਰ ਨੁਹਾਰ ਸਧੁੱਕੜੀ ਵਾਲੀ ਹੈ। ਭਾਸ਼ਾ ਦਾ ਦੂਜਾ ਰੂਪ ਉਹ ਹੈ ਜਿਸ ਵਿਚ ਉਸ ਨੇ ਅਧਿਕਤਰ ਪੰਜਾਬੀ ਵਰਤੀ ਹੈ, ਉਸ ਵਿਚ ਲਹਿੰਦੀ ਉਪਭਾਖਾ ਦੀ ਪ੍ਰਧਾਨਤਾ ਹੈ, ਜਿਵੇਂ :

ਲਟਕ ਮਟਕ ਤੈਂਡੀ ਲੁਟਿ ਲੀਤੀ

ਾਤੀ ਪਾਵਣ ਕੰਢਿ ਵਲਾਵਣ ਵਗੈ ਕਾਤੀ ਲੋਹੂ ਪੀਤੀ

ੇਹੀ ਮਾਰਨਿ ਖੂਨਿ ਗੁਜਾਰਨਿ ਦੇਸ ਤੁਸਾਡੇ ਦੀ ਏਹਾ ਰੀਤਿ

ਗੈ ਭੀ ਤੈਕੂੰ ਨਹੀਂ ਡਿਠਾ ਸਾਈਂ ਕੇ ਨਨੂਏ ਹੀ ਕਾਈ

                                                                                    ਚੋਰੀ ਕੀਤਿ

            ਕਵੀ ਦੀ ਬਾਣੀ ਕੀਰਤਨ ਲਈ ਗਾਈ ਜਾਣ ਵਾਲੀ ਹੈ। ਹਰ ਸ਼ਬਦ/ਕਾਫ਼ੀ ਵਿਚ ਗੁਰਬਾਣੀ ਦੀ ਪਰੰਪਰਾ ਵਿਚ ਕੇਂਦਰੀ ਭਾਵ ‘ਰਹਾਉ ’ ਦੀਆਂ ਤੁਕਾਂ ਵਿਚ ਸਮੋਇਆ ਹੋਇਆ ਹੈ। ਛੰਦ ਦੀ ਦ੍ਰਿਸ਼ਟੀ ਤੋਂ ਇਹ ਕਿਸੇ ਛੰਦ-ਪਰੰਪਰਾ ਨੂੰ ਨਹੀਂ ਅਪਣਾਉਂਦੀ। ਇਸ ਦੀ ਗੇਯਤਾ ਕੀਰਤਨ- ਉਨਮੁਖ ਹੈ, ਛੰਦ ਦੀ ਬੰਦਸ਼ ਤੋਂ ਮੁਕਤ ਅਤੇ ਖ਼ਲਾਸ ਹੈ। ਕਵੀ ਸਾਧਕ ਨੇ ਅਨੇਕ ਥਾਂਵਾਂ’ਤੇ ਬਿੰਬਾਂ, ਪ੍ਰਤੀਕਾਂ ਅਤੇ ਉਪਮਾਨਾਂ ਦੀ ਵਰਤੋਂ ਵੀ ਕੀਤੀ ਹੈ।

            ਨਨੂਆ ਭਗਤ ਨੇ ਇਤਨੀ ਭਿਜ ਕੇ ਬਾਣੀ ਰਚੀ ਹੈ ਕਿ ਉਸ ਦੀਆਂ ਅਨੇਕ ਪੰਕਤੀਆਂ ਸੁਭਾਸ਼ਿਤਾਂ ਅਥਵਾ ਸਤਿਕਥਨਾਂ ਦਾ ਰੂਪ ਧਾਰਣ ਕਰ ਗਈਆਂ ਹਨ। ਸਮੁੱਚੇ ਤੌਰ’ਤੇ ਨਨੂਆ ਭਗਤ ਦੀ ਬਾਣੀ ਆਪਣੇ ਗੁਰੂ ਪ੍ਰਤਿ ਅਪਾਰ ਸ਼ਰਧਾ ਪ੍ਰਗਟ ਕਰਦੀ ਹੋਈ ਮਨ-ਅੰਤਰ ਦੀ ਅਭਿਲਾਖਾ ਨੂੰ ਬੜੀ ਸ਼ਿਦਤ ਨਾਲ ਢੁੱਕਵੀਂ ਭਾਸ਼ਾ ਰਾਹੀਂ ਉਜਾਗਰ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 562, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.