ਪੰਜਾਬੀ ਨਾਵਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਜਾਬੀ ਨਾਵਲ: ਪੰਜਾਬੀ ਵਿੱਚ ਨਾਵਲ ਦੀ ਸ਼ੁਰੂਆਤ ਉਨ੍ਹੀਵੀਂ ਸਦੀ ਦੇ ਦੂਜੇ ਅੱਧ ਵਿੱਚ ਹੋਈ। ਅੰਗਰੇਜ਼ਾਂ ਨੇ 1849 ਵਿੱਚ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਇੱਥੇ ਆਪਣੀਆਂ ਪ੍ਰਸ਼ਾਸਨਿਕ ਲੋੜਾਂ ਦੀ ਪੂਰਤੀ ਲਈ ਪੱਛਮੀ ਭਾਂਤ ਦੀ ਵਿੱਦਿਆ ਪ੍ਰਣਾਲੀ ਸ਼ੁਰੂ ਕੀਤੀ ਤੇ ਈਸਾਈ ਮਿਸ਼ਨਰੀਆਂ ਨੂੰ ਸਥਾਪਿਤ ਕੀਤੀਆਂ। ਇੱਕ ਪਾਸੇ ਈਸਾਈ ਮਿਸ਼ਨਰੀਆਂ ਨੇ ਆਪਣੇ ਧਰਮ ਪ੍ਰਚਾਰ ਲਈ ਨਾਵਲ ਜਿਹੇ ਰੂਪ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਤੇ ਦੂਜੇ ਪਾਸੇ ਉੱਚ ਵਿੱਦਿਆ ਦੇ ਕੋਰਸਾਂ ਵਿੱਚ ਅੰਗਰੇਜ਼ੀ ਨਾਵਲ ਪੜ੍ਹਾਏ ਜਾਣ ਲੱਗੇ। ਪਹਿਲਾਂ ਪਹਿਲ ਮਿਸ਼ਨਰੀਆਂ ਨੇ ਆਪਣੇ ਮਨੋਰਥ ਦੀ ਪੂਰਤੀ ਹਿਤ ਜੌਨ ਬਨੀਅਨ ਦੇ ਅੰਗਰੇਜ਼ੀ ਨਾਵਲ Pilgrim's Progress ਦਾ ਪੰਜਾਬੀ ਤਰਜਮਾ ਮਸੀਹੀ ਮੁਸਾਫ਼ਿਰ ਦੀ ਯਾਤਰਾ ਦੇ ਨਾਂ ਨਾਲ ਛਪਵਾਇਆ। ਪੰਜਾਬੀ ਵਿੱਚ ਹੀ ਇੱਕ ਹੋਰ ਨਾਵਲ ਜਯੋਤਿਰੁਦਯ (1876) ਛਪਿਆ ਮਿਲਦਾ ਹੈ ਜਿਸ ਬਾਰੇ ਅਨੁਮਾਨ ਹੈ ਕਿ ਇਹ ਕਿਸੇ ਮਿਸ਼ਨਰੀ ਦੁਆਰਾ ਪਹਿਲਾਂ ਬੰਗਾਲੀ ਵਿੱਚ ਲਿਖਿਆ ਗਿਆ ਹੋਵੇਗਾ ਜਿਸ ਦਾ ਕਿ ਇਹ ਪੰਜਾਬੀ ਤਰਜਮਾ ਜਾਪਦਾ ਹੈ। ਪੰਜਾਬੀ ਦਾ ਪਹਿਲਾ ਨਾਵਲ ਸੁੰਦਰੀ (1898) ਨੂੰ ਮੰਨਿਆ ਜਾਂਦਾ ਹੈ ਜਿਸ ਦੀ ਰਚਨਾ ਭਾਈ ਵੀਰ ਸਿੰਘ ਨੇ ਕੀਤੀ। ਦਿਲਚਸਪ ਤੱਥ ਇਹ ਹੈ ਕਿ ਇਸ ਦੀ ਭੂਮਿਕਾ ਵਿੱਚ ਭਾਈ ਵੀਰ ਸਿੰਘ ਨੇ ਇਸ ਨੂੰ ਨਾਵਲ ਮੰਨਣ ਦੀ ਬਜਾਏ ਸਿੱਖ ਇਤਿਹਾਸ ਦੇ ਸੱਚੇ ਸਮਾਚਾਰਾਂ ਦਾ ਸੰਗ੍ਰਹਿ ਕਿਹਾ ਹੈ। ਇਸ ਤੋਂ ਜੋ ਧਾਰਨਾ ਬਣਦੀ ਹੈ ਉਸ ਮੁਤਾਬਕ ਭਾਈ ਵੀਰ ਸਿੰਘ ਦਾ ਜ਼ੋਰ ਇਸ ਗੱਲ ਤੇ ਹੈ ਕਿ ਇਹ ਕੋਈ ਮਨੋਰੰਜਨ ਪ੍ਰਦਾਨ ਕਰਨ ਵਾਲੀ ਰਚਨਾ ਨਹੀਂ ਜਿਹਾ ਕਿ ਅੰਗਰੇਜ਼ੀ ਨਾਵਲ ਨੂੰ ਮੰਨਿਆ ਜਾਂਦਾ ਸੀ ਸਗੋਂ ਉਪਦੇਸ਼ਾਤਮਿਕ ਰਚਨਾ ਹੈ ਜਿਸ ਦਾ ਮਕਸਦ ਪਾਠਕ ਨੂੰ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਤੋਂ ਜਾਣੂ ਕਰਵਾ ਕੇ ਸਿੱਖੀ ਨਾਲ ਜੋੜਨਾ ਹੈ। ਇਸ ਤਰ੍ਹਾਂ ਪੰਜਾਬੀ ਵਿੱਚ ਨਾਵਲ ਦਾ ਜਨਮ ਯੂਰਪ ਵਿੱਚ ਨਾਵਲ ਦੇ ਜਨਮ ਨਾਲੋਂ ਬਿਲਕੁਲ ਵੱਖਰੇ ਹਾਲਾਤ ਵਿੱਚ ਤੇ ਵੱਖਰੇ ਮਨੋਰਥ ਨਾਲ ਹੋਇਆ। ਭਾਈ ਵੀਰ ਸਿੰਘ ਤੋਂ ਬਾਅਦ ਭਾਈ ਮੋਹਨ ਸਿੰਘ ਵੈਦ ਤੇ ਸ.ਸ. ਚਰਨ ਸਿੰਘ ਸ਼ਹੀਦ ਨੇ ਨਾਵਲਾਂ ਦੀ ਰਚਨਾ ਕੀਤੀ। ਇਹਨਾਂ ਨੇ ਪੰਜਾਬੀ ਨਾਵਲ ਵਿੱਚ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਦੇ ਸਮਾਚਾਰ ਦੀ ਥਾਂ ਸਮਕਾਲੀ ਜੀਵਨ ਦੇ ਚਿਤਰਨ ਨਾਲ ਜੋੜਿਆ। ਇਸ ਪੱਖੋਂ ਇਹਨਾਂ ਦੇ ਨਾਵਲ ਰੁਮਾਂਸ ਤੋਂ ਯਥਾਰਥ ਦੇ ਚਿਤਰਨ ਵੱਲ ਪੰਜਾਬੀ ਨਾਵਲ ਦੀ ਯਾਤਰਾ ਨੂੰ ਦਰਸਾਉਂਦੇ ਹਨ।

     ਇਸ ਉਪਰੰਤ ਪੰਜਾਬੀ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਨਾਨਕ ਸਿੰਘ ਨੇ ਨਾਵਲ ਰਚਨਾ ਦੇ ਖੇਤਰ ਵਿੱਚ ਪੈਰ ਪਾਇਆ। ਪ੍ਰੀਤਲੜੀ ਨੇ ਅਣਵਿਆਹੀ ਮਾਂ (1922), ਨਾਨਕ ਸਿੰਘ ਨੇ ਆਪਣੇ ਮੁਢਲੇ ਨਾਵਲਾਂ ਮਿੱਠਾ ਮਹੁਰਾ (1930), ਆਦਿ ਨਾਲ ਪੰਜਾਬੀ ਵਿੱਚ ਆਦਰਸ਼ ਜੀਵਨ ਤੇ ਵਿਅਕਤੀਗਤ ਸੁਧਾਰ ਦੇ ਆਸ਼ੇ ਨਾਲ ਜੀਵਨ ਦੇ ਮਨਫ਼ੀ ਪੱਖਾਂ ਦਾ ਚਿਤਰਨ ਕਰਨਾ ਸ਼ੁਰੂ ਕੀਤਾ। ਇਸ ਉਪਰੰਤ ਨਾਨਕ ਸਿੰਘ ਨੇ ਪਵਿੱਤਰ ਪਾਪੀ ਤੇ ਚਿੱਟਾ ਲਹ{ ਜਿਹੇ ਨਾਵਲਾਂ ਦੀ ਰਚਨਾ ਨਾਲ ਵਧੇਰੇ ਪ੍ਰੋੜ੍ਹਤਾ ਦਾ ਸਬੂਤ ਦਿੱਤਾ ਤੇ ਪੰਜਾਬੀ ਨਾਵਲ ਨੂੰ ਨਵੀਆਂ ਸੰਭਾਵਨਾਵਾਂ ਨਾਲ ਜੋੜਿਆ। ਇਸ ਦਰਮਿਆਨ ਮਾਸਟਰ ਤਾਰਾ ਸਿੰਘ ਪ੍ਰੇਮ ਲਗਨ, ਜੋਸ਼ੁਆ ਫ਼ਜ਼ਲ ਦੀਨ ਪ੍ਰਭਾ ਆਦਿ ਨੇ ਪੰਜਾਬੀ ਵਿੱਚ ਨਾਵਲ ਰਚਨਾ ਨੂੰ ਨਿਰੰਤਰਤਾ ਬਖ਼ਸ਼ੀ ਤੇ ਸਮਾਜਿਕ- ਰਾਜਸੀ ਮਨੋਰਥਾਂ ਨਾਲ ਨਾਵਲ ਨੂੰ ਜੋੜੀ ਰੱਖਿਆ। ਪੰਜਾਬੀ ਨਾਟਕ ਦਾ ਅਗਲਾ ਅਧਿਆਇ ਸੰਤ ਸਿੰਘ ਸੇਖੋਂ ਦੇ ਨਾਵਲ ਲਹੂ ਮਿੱਟੀ (1946) ਤੇ ਸੁਰਿੰਦਰ ਸਿੰਘ ਨਰੂਲਾ ਦੇ ਨਾਵਲ ਪਿਓ ਪੁੱਤਰ (1947) ਨਾਲ ਖੁੱਲ੍ਹਦਾ ਹੈ। ਉਹਨਾਂ ਨੇ ਅੰਗਰੇਜ਼ੀ ਨਾਵਲ ਦੀ ਮੁੱਖਧਾਰਾ ਦੀ ਯਥਾਰਥ- ਵਾਦੀ ਰਚਨਾ ਵਿਧੀ ਦੇ ਅਨੁਰੂਪ ਨਾਵਲ ਲਿਖੇ। ਸੇਖੋਂ ਨੇ ਜੇ ਪੰਜਾਬ ਦੇ ਪੇਂਡੂ ਲੋਕੇਲ ਨੂੰ ਆਧਾਰ ਬਣਾ ਕੇ ਕਿਰਸਾਣੀ ਜੀਵਨ ਸਥਿਤੀ ਤੇ ਇਸ ਵਿਚਲੇ ਅੰਤਰ ਵਿਰੋਧਾਂ, ਜੀਵਨ ਗਤੀ ਤੇ ਇਸ ਵਿੱਚ ਨਿਹਿਤ ਲਾਜ਼ਮੀ ਤ੍ਰਾਸਦੀ ਨੂੰ ਪੇਸ਼ ਕੀਤਾ ਤਾਂ ਨਰੂਲਾ ਨੇ ਸ਼ਹਿਰ ਦੇ ਜੀਵਨ ਵਿੱਚ ਹੋ ਰਹੇ ਰੂਪਾਂਤਰਾਂ ਦਾ ਪ੍ਰਕਿਰਤੀਵਾਦੀ ਬਿਰਤਾਂਤ ਉਸਾਰਿਆ। ਨਰੂਲਾ ਦੇ ਨਾਵਲ ਵਿੱਚ ਪੰਜਾਬ ਵਿੱਚ ਰੂਪ ਧਾਰ ਰਹੇ ਸ਼ਹਿਰ ਦਾ ਅਕਸ ਉੱਭਰਦਾ ਹੈ। ਨਰੂਲਾ ਦੀ ਇਸ ਕਿਸਮ ਦੀ ਨਾਵਲਕਾਰੀ ਨੇ ਅੱਗੇ ਜਾ ਕੇ ਸ਼ਹਿਰੀ ਲੋਕੇਲ ਉੱਤੇ ਜੀਵੀ ਜਾ ਰਹੀ ਜ਼ਿੰਦਗੀ ਵਿੱਚ ਇਕੱਲੇਕਾਰੇ ਵਿਅਕਤੀ ਦੇ ਮਨੋ ਸੰਸਾਰ ਦੀ ਪੇਸ਼ਕਾਰੀ ਨਾਲ ਪ੍ਰਤਿਬੱਧ ਨਾਵਲ ਦੀ ਨੀਂਹ ਰੱਖੀ। ਇਹਨਾਂ ਦੇ ਸਮਾਨਾਂਤਰ ਹੀ ਕਰਤਾਰ ਸਿੰਘ ਦੁੱਗਲ ਨੇ ਆਪਣੇ ਨਾਵਲਾਂ ਰਾਹੀਂ ਜੀਵਨ ਯਥਾਰਥ ਦੇ ਨਵੇਂ ਪਸਾਰਾਂ ਨੂੰ ਪ੍ਰਗਟ ਕਰਨਾ ਸ਼ੁਰੂ ਕੀਤਾ। ਉਸ ਨੇ ਵਿਅਕਤੀ ਨੂੰ ਉਸ ਦੀਆਂ ਕਾਮੁਕ ਅਕਾਂਖਿਆਵਾਂ ਤੇ ਵਿਅਕਤੀਗਤ ਇੱਛਾਵਾਂ ਦੇ ਪ੍ਰਸੰਗ ਵਿੱਚ ਚਿਤਰਨਾ ਸ਼ੁਰੂ ਕੀਤਾ ਤਾਂ ਜਸਵੰਤ ਸਿੰਘ ਕੰਵਲ ਨੇ ਸਮੂਹਿਕ ਆਦਰਸ਼ ਦੀ ਪ੍ਰਾਪਤੀ ਲਈ ਵਿਅਕਤੀਗਤ ਪੱਧਰ ਤੇ ਸੂਰਬੀਰਤਾ ਨਾਲ ਸੰਘਰਸ਼ ਕਰਦੇ ਨਾਇਕ ਦੀ ਸਿਰਜਣਾ ਕੀਤੀ। ਪੰਜਾਬੀ ਨਾਵਲ ਯਥਾਰਥ ਦੀ ਮਨੋਰਥਮੂਲਕ ਤੇ ਆਦਰਸ਼ਮੂਲਕ ਸਿਰਜਣਾ ਤੋਂ ਓਦੋਂ ਪਾਸਾ ਵੱਟਦਾ ਹੈ ਜਦੋਂ ਪੰਜਾਬ ਦੀ ਵੰਡ ਸਮੇਂ ਤੇ ਇਸ ਤੋਂ ਬਾਅਦ ਅਜ਼ਾਦੀ ਤੇ ਸੰਪਰਦਾਇਕ ਸਾਂਝ ਦੇ ਆਦਰਸ਼ ਤਿੜਕਦੇ ਹਨ। ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ‘ਸਭ ਅੱਛਾ’ ਹੋ ਜਾਣ ਦੇ ਸੁਪਨੇ ਅਤੇ ਅਜ਼ਾਦ ਫ਼ਿਜ਼ਾ ਦੀ ਮਿੱਥ ਦੇ ਤਿੜਕਣ ਤੋਂ ਬਾਅਦ ਪੰਜਾਬ ਦੀ ਚੇਤਨਾ ਵਿੱਚ ਇਹ ਬੋਧ ਪੈਦਾ ਹੁੰਦਾ ਹੈ ਕਿ ਬੰਦੇ ਦੇ ਬਹੁਤੇ ਮਸਲੇ ਇਸ ਲਈ ਜਿਉਂ ਦੇ ਤਿਉਂ ਹਨ ਕਿ ਹਾਕਮ ਦੇ ਬਦਲਣ ਦੇ ਬਾਵਜੂਦ ਹਕੂਮਤ ਨਹੀਂ ਬਦਲੀ ਹੈ। ਇਸ ਨਾਲ ਸਮਕਾਲੀਨ ਤੇ ਨੇੜੇ ਦਾ ਯਥਾਰਥ ਧਿਆਨ ਖਿੱਚਣ ਲੱਗਦਾ ਹੈ ਅਤੇ ਪੰਜਾਬੀ ਨਾਵਲਕਾਰੀ ਵਿਅਕਤੀਗਤ ਗੁਣ ਜਾਂ ਦੋਸ਼ ਨੂੰ ਸੁਖਾਂਤ ਜਾਂ ਦੁਖਾਂਤ ਦਾ ਕਾਰਨ ਮੰਨਣ ਦੀ ਬਜਾਏ ਵਿਵਸਥਾ ਦੀਆਂ ਬਰੀਕੀਆਂ ਤੇ ਪਰਤਾਂ ਨੂੰ ਪੇਸ਼ ਕਰਨ ਦੇ ਰਸਤੇ ਪੈ ਜਾਂਦੀ ਹੈ। ਪੰਜਾਬੀ ਬਿਰਤਾਂਤ ਵਿੱਚ ਅਜ਼ਾਦੀ ਤੋਂ ਬਾਅਦ ਹੋਂਦ ਵਿੱਚ ਆਈ ਵਿਵਸਥਾ ਦਾ ਆਲੋਚਨਾਤਮਿਕ ਬੋਧ ਉਤਪੰਨ ਹੋਣ ਲੱਗਦਾ ਹੈ। ਇਸ ਕਿਸਮ ਦੀ ਰਚਨਾਤਮਿਕ ਚੇਤਨਾ ਦਾ ਪ੍ਰਗਟਾਵਾ ਪਹਿਲਾਂ ਸੋਹਣ ਸਿੰਘ ਸੀਤਲ ਦੇ ਨਾਵਲਾਂ ਤੂਤਾਂ ਵਾਲਾ ਖੂਹ ਤੇ ਜੁਗ ਬਦਲ ਗਿਆ ਆਦਿ ਵਿੱਚ ਅਤੇ ਮਗਰੋਂ ਜਾ ਕੇ ਵਧੇਰੇ ਪ੍ਰੋੜ੍ਹ ਰੂਪ ਵਿੱਚ ਗੁਰਦਿਆਲ ਸਿੰਘ ਦੇ ਨਾਵਲਾਂ ਮੜ੍ਹੀ ਦਾ ਦੀਵਾ ਤੇ ਅਣਹੋਏ ਆਦਿ ਵਿੱਚ ਪ੍ਰਗਟ ਹੋਣਾ ਸ਼ੁਰੂ ਹੁੰਦਾ ਹੈ। ਇਹਨਾਂ ਨਵਾਲਕਾਰਾਂ ਨਾਲ ਪੰਜਾਬੀ ਵਿੱਚ ਪਹਿਲੀ ਵਾਰ ਪਿੰਡ ਦੀ ਕਿਰਸਾਣੀ ਤੋਂ ਇਲਾਵਾ ਹੋਰ ਕਿਰਤੀ ਲੋਕਾਈ ਜਾਂ ਵਧੇਰੇ ਸਪਸ਼ਟ ਸ਼ਬਦਾਂ ਵਿੱਚ ਕਥਿਤ ਨੀਵੀਆਂ ਜਾਤਾਂ ਦੇ ਪਾਤਰ ਬਿਰਤਾਂਤਕ ਫ਼ੋਕਸ ਵਿੱਚ ਆਉਣ ਲੱਗਦੇ ਹਨ। ਗੁਰਦਿਆਲ ਸਿੰਘ ਦੀ ਇਸ ਪਰੰਪਰਾ ਨੂੰ ਕਰਮਜੀਤ ਸਿੰਘ ਕੁੱਸਾ ਆਪਣੇ ਨਾਵਲਾਂ ਰਾਤ ਦੇ ਰਾਹੀ ਤੇ ਰੋਹੀ ਬੀਆਬਾਨ ਰਾਹੀਂ ਹੋਰ ਅੱਗੇ ਵਧਾਉਂਦਾ ਹੈ। ਇਸ ਦਰਮਿਆਨ ਗੁਰਦਿਆਲ ਸਿੰਘ ਦੀ ਨਾਵਲਕਾਰੀ ਦੇ ਸਮਾਨਾਂਤਰ ਸ਼ਹਿਰੀ ਵਾਤਾਵਰਨ ਵਿੱਚ ਜਿਊਂ ਰਹੀ ਮੱਧ ਸ਼੍ਰੇਣੀ ਨਾਲ ਸੰਬੰਧਿਤ ਪਾਤਰਾਂ ਦੇ ਮਨੋ-ਵਿਹਾਰ ਦੀ ਪੇਸ਼ਕਾਰੀ ਸੁਰਜੀਤ ਸਿੰਘ ਸੇਠੀ ਇੱਕ ਖਾਲੀ ਪਿਆਲਾ ਤੇ ਕਲ੍ਹ ਵੀ ਸੂਰਜ ਨਹੀਂ ਚੜ੍ਹੇਗਾ ਆਦਿ ਤੇ ਨਰਿੰਜਨ ਤਸਨੀਮ ਪਰਛਾਵੇਂ ਤੇ ਇੱਕ ਹੋਰ ਨਵਾਂ ਸਾਲ ਆਦਿ ਦੇ ਨਾਵਲਾਂ ਵਿੱਚ ਹੋਣ ਲੱਗਦੀ ਹੈ ਜਿਸ ਨੂੰ ਵਧੇਰੇ ਗਹਿਰਾਈ ਤੇ ਵਿਸਤਾਰ ਸੁਖਬੀਰ ਦੇ ਨਾਵਲ ਪਾਣੀ ਤੇ ਪੁਲ ਅਤੇ ਰਾਤ ਦਾ ਚਿਹਰਾ ਵਿੱਚ ਹਾਸਲ ਹੁੰਦੀ ਹੈ। ਇਸ ਦੇ ਨਾਲ ਹੀ ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਨਾਲ ਸ਼ੁਰੂ ਹੋਈ ਪਰੰਪਰਾ ਵਿੱਚ ਦਲੀਪ ਕੌਰ ਟਿਵਾਣਾ ਇੱਕ ਮਹੱਤਵਪੂਰਨ ਹਸਤਾਖਰ ਦੇ ਤੌਰ ਤੇ ਉੱਭਰ ਕੇ ਸਾਮ੍ਹਣੇ ਆਉਂਦੀ ਹੇ। ਉਹ ਪਿਤਰਕੀ ਵਿਵਸਥਾ ਵਿੱਚ ਔਰਤ ਦੀ ਤ੍ਰਾਸਦੀ ਉੱਤੇ ਫ਼ੋਕਸ ਕਰਦੀ ਹੈ ਅਤੇ ਇੱਕ ਜ਼ਹੀਨ ਸੰਵੇਦਨਸ਼ੀਲ ਔਰਤ ਦਾ ਬਿੰਬ ਘੜਦੀ ਹੈ। ਇਸ ਦੇ ਨਾਲ ਹੀ ਅਜੀਤ ਕੌਰ ਆਪਣੇ ਨਾਵਲਾਂ ਵਿੱਚ ਸ਼ਹਿਰੀ ਪੜ੍ਹੀ ਲਿਖੀ ਅਤੇ ਆਪਣੀ ਸਰੀਰਕ ਤੇ ਮਾਨਸਿਕ ਹੋਂਦ ਨੂੰ ਜਤਾਉਣ ਵਾਲੀ ਔਰਤ ਦੇ ਮਸਲਿਆਂ ਤੇ ਸੰਕਟਾਂ ਨੂੰ ਉਭਾਰਦੀ ਹੈ। ਇਸਤਰੀ ਸਰੋਕਾਰਾਂ ਨੂੰ ਪੇਸ਼ ਕਰਨ ਵਾਲੀ ਇੱਕ ਹੋਰ ਨਾਵਲਕਾਰ ਬਲਜੀਤ ਕੌਰ ਬੱਲੀ ਹੈ ਜਿਸ ਨੇ ਆਪਣੇ ਨਾਵਲਾਂ ਵਿੱਚ ਔਰਤ ਦੀ ਨਿੱਜੀ ਚੋਣ ਅਤੇ ਉਸ ਦੇ ਸਮਾਜੀ ਪ੍ਰਤਿਫਲ ਦੇ ਆਪਸੀ ਦਵੰਦ ਨੂੰ ਪੇਸ਼ ਕੀਤਾ ਹੈ। ਇਸ ਉਪਰੰਤ ਵੀਹਵੀਂ ਸਦੀ ਦੇ ਨੌਂਵੇਂ ਦਹਾਕੇ ਵਿੱਚ ਪੰਜਾਬ ਦੀ ਸੰਕਟ ਸਥਿਤੀ ਪੰਜਾਬੀ ਨਾਵਲਕਾਰੀ ਦੇ ਰੁਖ ਨੂੰ ਮੋੜ ਦਿੰਦੀ ਹੈ। ਪੰਜਾਬੀ ਨਾਵਲਕਾਰ ਇਸ ਸੰਕਟ ਸਥਿਤੀ ਨੂੰ ਸਮਝਣ-ਸਮਝਾਉਣ ਦੀ ਪ੍ਰਕਿਰਿਆ ਵਿੱਚ ਅਜਿਹੇ ਨਾਵਲਾਂ ਦੀ ਰਚਨਾ ਕਰਦੇ ਹਨ ਜਿਨ੍ਹਾਂ ਵਿੱਚ ਸੰਕਟ ਸਥਿਤੀ ਦੇ ਵਸਤੂ ਵੇਰਵਿਆਂ ਨੂੰ ਪੱਤਰਕਾਰੀ ਦੇ ਪੱਧਰ ਤੇ ਪ੍ਰਗਟਾਇਆ ਗਿਆ ਹੈ ਤੇ ਜਾਂ ਫਿਰ ਉਸ ਸਥਿਤੀ ਬਾਰੇ ਵਿਭਿੰਨ ਵਿਚਾਰਧਾਰਾਈ ਪੁਜੀਸ਼ਨਾਂ ਤੋਂ ਬਹਿਸਾਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਕਿਸਮ ਦੀ ਨਾਵਲਕਾਰੀ ਵਿੱਚ ਨਿੰਦਰ ਗਿੱਲ, ਓਮ ਪ੍ਰਕਾਸ਼ ਗਾਸੋ, ਰਾਮ ਸਰੂਪ ਅਣਖੀ ਦੇ ਨਾਵਲ ਜ਼ਿਕਰਯੋਗ ਹਨ। ਇਸ ਸੰਕਟ ਸਥਿਤੀ ਦਾ ਵਧੇਰੇ ਗਹਿਰਾ ਤੇ ਗੰਭੀਰ ਚਿੱਤਰ ਸ਼ਾਹ ਚਮਨ, ਜਸਬੀਰ ਮੰਡ ਤੇ ਬਲਜਿੰਦਰ ਨਸਰਾਲੀ ਦੇ ਨਾਵਲਾਂ ਵਿੱਚ ਮਿਲਦਾ ਹੈ। ਪੰਜਾਬ ਦੀ ਰਾਜਨੀਤੀ ਦੇ ਦ੍ਰਿਸ਼ਟ ਪੱਧਰ ਤੋਂ ਇਸ ਸੰਕਟ ਸਥਿਤੀ ਦੇ ਨਕਸ਼ ਜਦੋਂ ਧੁੰਦਲੇ ਪੈਣ ਲੱਗਦੇ ਹਨ ਤਾਂ ਲਗਪਗ ਉਸੇ ਸਮੇਂ ਸੰਸਾਰ ਰਾਜਨੀਤੀ ਦੇ ਦ੍ਰਿਸ਼ ਵਿੱਚੋਂ ਸੋਵੀਅਤ ਯੂਨੀਅਨ ਵਿੱਚ ਸਮਾਜਵਾਦੀ ਨਿਜ਼ਾਮ ਦੇ ਢਹਿ-ਢੇਰੀ ਹੋਣ ਉਪਰੰਤ ਸਮਾਜਵਾਦੀ ਆਦਰਸ਼ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ ਤੇ ਵਿਸ਼ਵ ਵਿੱਚ ਇੱਕ ਧਰੁਵੀ ਕੇਂਦਰ ਦੀ ਸਥਾਪਨਾ ਨਾਲ ਸੰਸਾਰ ਆਰਥਿਕ ਪ੍ਰਬੰਧ ਵਿੱਚ ਵੱਡੀਆਂ ਤਬਦੀਲੀਆਂ ਵਾਪਰਦੀਆਂ ਹਨ। ਇਸ ਸਮੇਂ ਪੰਜਾਬੀ ਨਾਵਲਕਾਰੀ ਨਿਸ਼ਚਿਤ ਆਦਰਸ਼ਾਂ ਦੀ ਅਰਾਧਨਾ ਕਰਨ ਦੀ ਬਜਾਏ ਵਿਭਿੰਨ ਦਿਸ਼ਾਵਾਂ ਵੱਲ ਯਾਤਰਾ ਕਰਨ ਲੱਗਦੀ ਹੈ। ਇਸ ਵਿੱਚ ਰਾਮ ਸਰੂਪ ਅਣਖੀ ਵਰਗੇ ਨਾਵਲਕਾਰ ਦਾ ਉਭਾਰ ਹੁੰਦਾ ਹੈ ਜੋ ਆਪਣੇ ਨਾਵਲਾਂ ਵਿੱਚ ਮਾਲਵੇ ਦੇ ਉਪ-ਸੱਭਿਆਚਾਰ ਦੇ ਮਹਾਂਕਾਵਿਕ ਬਿਰਤਾਂਤ ਸਿਰਜਦਾ ਹੋਇਆ ਬਦਲ ਰਹੇ ਔਰਤ ਮਰਦ ਸੰਬੰਧਾਂ ਦੇ ਵਿਸਤ੍ਰਿਤ ਬਿਓਰੇ ਰਾਹੀਂ ਵਿਅਕਤੀਗਤ ਕਾਮਨਾ ਤੇ ਸਮੂਹਿਕ ਸੱਭਿਆਚਾਰਿਕ ਸਤ੍ਹਾ ਦੇ ਤਣਾਓ ਨੂੰ ਪੇਸ਼ ਕਰਦਾ ਹੈ। ਇਸ ਸਮੇਂ ਪੰਜਾਬੀ ਵਿੱਚ ਜਿਹੜੇ ਨਾਵਲਕਾਰ ਬੜੀ ਸਰਗਰਮੀ ਨਾਲ ਨਾਵਲ ਰਚਨਾ ਵਿੱਚ ਮਸਰੂਫ਼ ਹਨ ਉਹਨਾਂ ਵਿੱਚ ਬਲਦੇਵ ਸਿੰਘ, ਮਨਮੋਹਨ ਬਾਵਾ, ਇੰਦਰ ਸਿੰਘ ਖ਼ਾਮੋਸ਼, ਜੋਗਿੰਦਰ ਸਿੰਘ ਕੈਰੋਂ, ਜੋਸ਼, ਅਵਤਾਰ ਸਿੰਘ ਬਿਲਿੰਗ, ਅਮਰਜੀਤ ਸਿੰਘ, ਮਿੱਤਰ ਸੈਨ ਮੀਤ, ਨਛੱਤਰ, ਕੇਵਲ ਕਲੋਟੀ, ਸ਼ਾਹ ਚਮਨ, ਪਰਮਜੀਤ ਸਿੰਘ ਜੱਜ, ਬਲਜਿੰਦਰ ਨਸਰਾਲੀ, ਸਤਵਿੰਦਰ ਕੁੱਸਾ ਅਤੇ ਦਰਸ਼ਨ ਸਿੰਘ ਆਦਿ ਦਾ ਨਾਂ ਪ੍ਰਮੁਖ ਹੈ। ਇਹ ਨਾਵਲਕਾਰ ਕਿਸੇ ਇੱਕ ਰਚਨਾ ਸ਼ੈਲੀ ਦੇ ਅਨੁਸਾਰੀ ਨਹੀਂ ਹਨ ਅਤੇ ਨਾ ਹੀ ਕਿਸੇ ਇੱਕ ਕਿਸਮ ਦੇ ਜੀਵਨ ਅਨੁਭਵ ਵਿੱਚੋਂ ਵਿਸ਼ੇ ਦੀ ਚੋਣ ਕਰਦੇ ਹਨ। ਇਹਨਾਂ ਦੁਆਰਾ ਰਚਿਤ ਨਾਵਲਾਂ ਵਿੱਚ ਵਿਸ਼ੇ ਨਿਭਾਓ ਤੇ ਵਸਤੂ- ਦ੍ਰਿਸ਼ਟੀ ਦੇ ਪੱਖੋਂ ਵੰਨ-ਸਵੰਨਤਾ ਦੇਖਣ ਨੂੰ ਮਿਲਦੀ ਹੈ। ਪੰਜਾਬੀ ਨਾਵਲ ਦੀ ਰਚਨਾ ਪੱਛਮੀ ਪੰਜਾਬ (ਪਾਕਿਸਤਾਨ) ਵਿੱਚ ਵੀ ਹੋ ਰਹੀ ਹੈ ਅਤੇ ਵਿਦੇਸ਼ਾਂ ਵਿੱਚ ਵੀ। ਪੱਛਮੀ ਪੰਜਾਬ ਦੇ ਨਾਵਲਕਾਰਾਂ ਵਿੱਚ ਫ਼ਖ਼ਰ ਜ਼ਮਾਨ ਤੋਂ ਇਲਾਵਾ ਅਫ਼ਜ਼ਲ ਅਹਿਸਨ ਰੰਧਾਵਾ, ਸਲੀਮ ਖਾਂ ਗਿੰਮੀ, ਅਹਿਸਨ ਬਟਾਲਵੀ, ਕਹਿਕਸ਼ਾਂ ਮਲਿਕ ਤੇ ਰਜ਼ੀਆ ਨੂਰ ਮੁਹੰਮਦ ਆਦਿ ਨੇ ਨਾਵਲਾਂ ਦੀ ਰਚਨਾ ਕੀਤੀ ਹੈ। ਵਿਦੇਸ਼ੀ ਧਰਤੀਆਂ ਉੱਤੇ ਨਾਵਲ ਲਿਖ ਰਹੇ ਪ੍ਰਮੁਖ ਨਾਵਲਕਾਰਾਂ ਵਿੱਚ ਰਘੁਵੀਰ ਢੰਡ, ਸਵਰਨ ਚੰਦਨ, ਦਰਸ਼ਨ ਧੀਰ, ਹਰਜੀਤ ਅਟਵਾਲ, ਸਾਧੂ ਬਿਨਿੰਗ, ਜਰਨੈਲ ਸਿੰਘ ਸੇਖਾ, ਹਰਭਜਨ ਸਿੰਘ, ਮ.ਸ. ਨਕਸ਼ਦੀਪ, ਪਜਕੋਹਾ, ਇਕਬਾਲ ਰਾਮੂਵਾਲੀਆ, ਨਦੀਮ ਪਰਮਾਰ ਤੇ ਸ਼ਿਵਚਰਨ ਗਿੱਲ ਆਦਿ ਸ਼ਾਮਲ ਹਨ। ਇਹਨਾਂ ਨੇ ਆਪਣੇ ਨਾਵਲਾਂ ਵਿੱਚ ਪਰਦੇਸੀ ਧਰਤੀਆਂ ਉੱਤੇ ਆਪਣੀ ਹੋਂਦ ਦੀ ਸਥਾਪਤੀ ਲਈ ਸੰਘਰਸ਼ ਕਰਦੇ ਪੰਜਾਬੀ ਬੰਦੇ ਦੀ ਦਾਸਤਾਨ ਨੂੰ ਪੇਸ਼ ਕੀਤਾ ਹੈ। ਪੀੜ੍ਹੀ ਪਾੜੇ ਤੋਂ ਲੈ ਕੇ ਨਸਲਵਾਦੀ ਤਸ਼ੱਦਦ ਅਤੇ ਮਸ਼ੀਨ ਨਾਲ ਮਸ਼ੀਨ ਹੋ ਕੇ ਆਪਣੇ ਮਨੁੱਖੀ ਸਾਰ ਤੋਂ ਵਿਰਵੇ ਹੋ ਰਹੇ ਅਤੇ ਬੇਗਾਨੇ ਸੱਭਿਆਚਾਰ ਵਿੱਚ ਜਜ਼ਬ ਹੋਣ ਲਈ ਤਰਲੇ ਲੈ ਰਹੇ ਪਰ ਫਿਰ ਵੀ ਬੇਗਾਨੇ ਹੋਣ ਦੀ ਪੀੜ ਨੂੰ ਸਹਿੰਦੇ ਬੰਦੇ ਦੀ ਕਹਾਣੀ ਇਹਨਾਂ ਦੇ ਨਾਵਲਾਂ ਵਿੱਚ ਮਿਲਦੀ ਹੈ।


ਲੇਖਕ : ਸੁਰਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 19763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪੰਜਾਬੀ ਨਾਵਲ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪੰਜਾਬੀ ਨਾਵਲ : ‘ਨਾਵਲ ' ਸ਼ਬਦ ਇਤਾਲਵੀ ਭਾਸ਼ਾ ਦੇ ਸ਼ਬਦ ‘ਨੌਵੇਲ’ ਤੋਂ ਬਣਿਆ ਹੈ । ਇਤਾਲਵੀ ਭਾਸ਼ਾ ਵਿਚ ‘ਨੌਵੇਲ’ ਤੋਂ ਭਾਵ ਕਿਸੇ ਕਥਾ ਵਾਰਤਾ, ਗੱਲਬਾਤ ਸੰਵਾਦ ਜਾਂ ਬਿਆਨ ਤੋਂ ਲਿਆ ਜਾਂਦਾ ਹੈ । ‘ਡੈਕਾਪੈਰਨ ' ਨਾਂ ਦੀ ਇਤਾਲਵੀ ਰਚਨਾ ਜਿਹੜੀ 1353 ਈ. ਵਿਚ ਰਚੀ ਗਈ, ਨੂੰ ਇਸ ਵੰਨਗੀ ਦੀ ਪਹਿਲੀ ਪੁਸਤਕ ਮੰਨਿਆ ਜਾਂਦਾ ਹੈ । ਵਿਸ਼ਵ ਪ੍ਰਸਿੱਧ ਚਿੰਤਕ ਈ. ਐੱਮ. ਫੌਸਟਰ ਆਪਣੀ ਪੁਸਤਕ ‘ਆਸਪੈਕਟ ਆਫ਼ ਦੀ ਨਾਵਲ ' ਵਿਚ ਨਾਵਲ ਨੂੰ ਪੰਜਾਹ ਹਜ਼ਾਰ ਸ਼ਬਦਾਂ ਤੋਂ ਵੱਧ ਸ਼ਬਦਾਂ ਦੀ ਕਲਪਿਤ ਵਾਰਤਕ ਕਹਿ ਕੇ ਪ੍ਰਭਾਸ਼ਿਤ ਕਰਦਾ ਹੈ । ਹਡਸਨ ਨਾਵਲ ਸਬੰਧੀ ਆਪਣੀ ਪਰਿਭਾਸ਼ਾ ਇਸ ਤਰ੍ਹਾਂ ਬਿਆਨ ਕਰਦਾ ਹੈ , “ਨਾਵਲ ਭਾਵੇਂ ਕੁਝ ਵੀ ਹੈ ਪਰ ਇਹ ਕਹਾਣੀ ਜ਼ਰੂਰ ਬਿਆਨ ਕਰਦਾ ਹੈ । ”

ਇਸ ਤਰ੍ਹਾਂ ਅਨੇਕ ਭਾਰਤੀ ਤੇ ਪੱਛਮੀ ਚਿੰਤਕਾਂ ਨੇ ਨਾਵਲ ਸਾਹਿਤ ਰੂਪ ਸਬੰਧੀ ਆਪਣੀਆਂ ਪਰਿਭਾਸ਼ਾਵਾਂ ਨਿਸ਼ਚਿਤ ਕੀਤੀਆਂ ਹਨ।  ਇਨ੍ਹਾਂ ਸਾਰੀਆਂ ਪਰਿਭਾਸ਼ਾਵਾਂ ਨੂੰ ਸੰਯੁਕਤ ਰੂਪ ਵਿਚ ਜੇ ਇਕੱਤਰ ਕਰੀਏ ਤਾਂ ‘ਨਾਵਲ ' ਦੇ ਜ਼ਰੂਰੀ ਤੱਤਾਂ ਦੀ ਨਿਸ਼ਾਨਦੇਹੀ ਕਰ ਕੇ ਅਸੀ ਕਿਸੇ ਪ੍ਰਮਾਣਿਕ ਪਰਿਭਾਸ਼ਾ ਤੇ ਅੱਪੜ ਸਕਦੇ ਹਾਂ । ਵੱਖੋ ਵੱਖ ਦਾਰਸ਼ਨਿਕਾਂ ਅਨੁਸਾਰ ਹਰ ਨਾਵਲ ਵਿਚ ਕੁਝ ਅਹਿਮ ਤੱਤ ਹੋਣੇ ਜ਼ਰੂਰੀ ਹਨ ਜਿਹੜੇ ਕਿਸੇ ਨਾਵਲ ਦੀ ਉੱਤਮਤਾ ਜਾਂ ਨਿਗੂਣਤਾ ਦਾ ਪੱਧਰ ਤੈਅ ਕਰਦੇ ਹਨ । ਇਹ ਤੱਤ ਇਸ ਤਰ੍ਹਾਂ ਹਨ : –

  1. ਕਹਾਣੀ
  2. ਗੋਂਦ
  3. ਪਾਤਰ ਚਿਤਰਣ
  4. ਵਾਰਤਾਲਾਪ
  5. ਦ੍ਰਿਸ਼ ਵਰਣਨ
  6. ਉਦੇਸ਼

ਕਿਸੇ ਵੀ ਨਾਵਲ ਦੀ ਬਣਤਰ ਵਿਚ ਸਭ ਤੋਂ ਪਹਿਲਾਂ ਕਹਾਣੀ ਹੋਣੀ ਬੇਹੱਦ ਜ਼ਰੂਰੀ ਹੈ। ਇਹ ਕਹਾਣੀ ਸਮਾਜ ਦੇ ਕਿਸੇ ਹਿੱਸੇ ਵਿਚੋਂ, ਵੱਖ ਵੱਖ ਪਾਤਰਾਂ, ਵਰਗਾਂ ਦੇ ਮਾਨਸਿਕ ਟਕਰਾਅ, ਸਮਾਜਿਕ, ਆਰਥਿਕ, ਧਾਰਮਿਕ, ਇਤਿਹਾਸਕ ਤੇ ਰਾਜਨੀਤਕ ਖੇਤਰ ਵਿਚੋਂ ਹੋ ਸਕਦੀ ਹੈ। ਜੀਵਨ ਦੇ ਇਨ੍ਹਾਂ ਖੇਤਰਾਂ ਵਿਚੋਂ ਲੇਖਕ ਘਟਨਾਵਾਂ ਦੀ ਚੋਣ ਕਰਦਾ ਹੈ । ਘਟਨਾਵਾਂ ਦੀ ਚੋਣ ਉਪਰੰਤ ਉਹ ਆਪਣੀ ਕਲਾ, ਸ਼ੈਲੀ ਰਾਹੀਂ ਇਨ੍ਹਾਂ ਘਟਨਾਵਾਂ ਨੂੰ ਸ਼ਬਦਾਂ ਵਿਚ ਢਾਲਦਾ ਹੈ ਪਰ ਇਥੇ ਉਹ ਘਟਨਾਵਾਂ ਦਾ ਹੂਬਹੂ ਬਿਆਨ ਨਹੀਂ ਕਰਦਾ, ਕਿਸੇ ਘਟਨਾ ਨੂੰ ਅੱਗੇ ਕਿਸੇ ਨੂੰ ਪਿੱਛੇ , ਕੁਝ ਕੱਢ ਕੇ, ਕੁਝ ਛੱਡ ਕੇ , ਕੁਝ ਆਪਣੇ ਕੋਲੋਂ ਜੋੜ ਕੇ ਉਹ ਕਹਾਣੀ ਨੂੰ ਰੌਚਕ ਬਣਾਉਂਦਾ ਹੈ । ਇਸ ਸਾਰੇ ਕਾਰਜ ਨੂੰ ਗੋਂਦ ਦਾ ਨਾਮ ਦਿੱਤਾ ਜਾਂਦਾ ਹੈ ।

ਨਾਵਲ ਵਿਚ ਪੇਸ਼ ਘਟਨਾਵਾਂ ਵਿਚ ਪਾਤਰਾਂ ਦੀ ਹੋਂਦ ਵੀ ਅਤਿ ਜ਼ਰੂਰੀ ਹੈ, ਪਾਤਰਾਂ ਦੀ ਮਾਨਸਿਕਤਾ, ਉਨ੍ਹਾਂ ਦੀਆਂ ਮਨੋਵੇਦਨਾਵਾਂ, ਮਾਨਸਿਕ ਕ੍ਰਿਆਵਾਂ ਦਾ ਸ਼ਬਦੀ ਚਿਤਰਣ ਪਾਤਰ ਉਸਾਰੀ ਅਖਵਾਉਂਦਾ ਹੈ । ਵਾਰਤਾਲਾਪ ਰਾਹੀ ਪਾਤਾਰਾਂ ਵਿਚਲੀ ਤਕਰਾਰ / ਸੰਵਾਦ ਕਹਾਣੀ ਨੂੰ ਨਾਟਕੀ ਸਿਖਰਾਂ ਦਿੰਦੀ ਹੈ । ਕਹਾਣੀ ਨੂੰ ਵਧੇਰੇ ਯਥਾਰਥਕ ਬਣਾਉਣ ਲਈ ਦ੍ਰਿਸ਼ ਵਰਣਨ ਭਾਵ ਘਟਨਾਵੀਂ ਚੌਗਿਰਦੇ ਦਾ ਵਰਣਨ ਵੀ ਨਾਵਲ ਦਾ ਅਤਿਅੰਤ ਜ਼ਰੂਰੀ ਭਾਗ ਹੈ । ਉਦੇਸ਼, ਨਾਵਲ ਦਾ ਇਕ ਅੰਤਿਮ ਤੇ ਅਹਿਮ ਤੱਤ ਹੈ ਜਿਸ ਨਾਲ ਲੇਖਕ ਆਪਣਾ ਦ੍ਰਿਸ਼ਟੀਕੋਣ ਆਪਣੇ ਪਾਠਕਾਂ ਤਕ ਸੰਚਾਰ ਕਰਦਾ ਹੈ ।

ਪੰਜਾਬੀ ਨਾਟਕ ਦਾ ਜਨਮ ਅੰਗਰੇਜ਼ੀ ਸਾਹਿਤ ਦੇ ਅਸਰ ਹੇਠ ਹੋਇਆ । ਪੰਜਾਬ ਉੱਤੇ ਅੰਗਰੇਜ਼ੀ ਸਾਮਰਾਜ ਦੀ ਜਕੜ ਉਪਰੰਤ ਪੰਜਾਬੀ ਦੇ ਜਨਜੀਵਨ ਵਿਚ ਅਹਿਮ ਪਰਿਵਰਤਨ ਵਾਪਰੇ । ਇਨ੍ਹਾਂ ਵਿਚੋਂ ਇਕ ਅੰਗਰੇਜ਼ੀ ਸਾਹਿਤ ਦਾ ਪੰਜਾਬ ਵਿਚ ਪ੍ਰਵੇਸ਼ ਸੀ । ਉਸ ਤੋਂ ਪਹਿਲਾਂ ਭਾਈ ਵੀਰ ਸਿੰਘ ਨੇ 1898 ਈ. ਵਿਚ ‘ਸੁੰਦਰੀ ' ਨਾਵਲ ਲਿਖ ਕੇ ਪੰਜਾਬੀ ਨਾਵਲ ਦਾ ਮੁੱਢ ਬੰਨ੍ਹਿਆ । ਇਸ ਦੇ ਮਗਰੋਂ ਉਸ ਨੇ ‘ਬਿਜੈ ਸਿੰਘ ' ਤੇ ‘ਸਤਵੰਤ ਕੌਰ' ਦੋ ਹੋਰ ਇਤਿਹਾਸਕ ਨਾਵਲ ਲਿਖੇ । ਇਨ੍ਹਾਂ ਨਾਵਲਾਂ ਵਿਚ ਸਿੱਖ ਇਤਿਹਾਸਕ ਹਵਾਲਿਆਂ ਦੀ ਵਰਤੋਂ ਨਾਲ ਲੇਖਕ ਨੇ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਨੂੰ ਉਨ੍ਹਾਂ ਦੇ ਕੱਟੜ ਰੂਪ ਵਿਚ ਸਿਰਜਿਆ । ਇਨ੍ਹਾਂ ਨਾਵਲਾਂ ਉੱਤੇ ਉਸ ਸਮੇਂ ਚੱਲ ਰਹੀ ਸਿੰਘ ਸਭਾ ਲਹਿਰ ਦਾ ਬਹੁਤ ਹੀ ਜ਼ੋਰਦਾਰ ਪ੍ਰਭਾਵ ਨਜ਼ਰ ਆਉਂਦਾ ਹੈ ਜਿਸ ਕਾਰਨ ਸਿੱਖ ਆਦਰਸ਼ਕ ਪਾਤਰਾਂ ਦੇ ਰੂਪ ਵਿਚ, ਹਿੰਦੂ ਕਮਜ਼ੋਰ ਪਾਤਰਾਂ ਦੇ ਰੂਪ ਵਿਚ ਤੇ ਮੁਸਲਮਾਨ ਜ਼ਾਲਮ ਤੇ ਵਿਸ਼ਈ ਪਾਤਰਾਂ ਦੇ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੇ ਹਨ । ਇਨ੍ਹਾਂ ਨਾਵਲਾਂ ਵਿਚ ਲੇਖਕ ਦਾ ਮੁੱਖ ਅੰਸ਼ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ ।

ਭਾਈ ਵੀਰ ਸਿੰਘ ਤੋਂ ਬਾਅਦ ਚਰਨ ਸਿੰਘ ਸ਼ਹੀਦ ਨੇ ਵੀ ਤਿੰਨ ਇਤਿਹਾਸਕ ਨਾਵਲਾਂ ‘ਦਲੇਰ ਕੌਰ ', ‘ਰਣਜੀਤ ਕੌਰ’ ਤੇ ‘ਚੰਚਲ ਮੂਰਤੀ’ ਦੀ ਸਿਰਜਣਾ ਕੀਤੀ । ਇਹ ਨਾਵਲ ਕ੍ਰਮਵਾਰ 1911, 1913 ਤੇ 1915 ਈ. ਵਿਚ ਪ੍ਰਕਾਸ਼ਿਤ ਹੋਏ । ਚਰਨ ਸਿੰਘ ਸ਼ਹੀਦ ਦੇ ਇਨ੍ਹਾਂ ਨਾਵਲਾਂ ਦਾ ਪਿਛੋਕੜ ਵੀ ਭਾਵੇਂ ਇਤਿਹਾਸ ਹੀ ਸੀ ਪਰ ਇਸ ਲੇਖਕ ਨੇ ਆਪਣੇ ਪਾਤਰਾਂ ਨੂੰ ਭਾਈ ਵੀਰ ਸਿੰਘ ਨਾਲੋਂ ਵਧੇਰੇ ਯਥਾਰਥਕ ਪੱਧਰ ਤੇ ਪੇਸ਼ ਕੀਤਾ । ਚਰਨ ਸਿੰਘ ਸ਼ਹੀਦ ਦੇ ਨਾਵਲਾਂ ਵਿਚ ਗੋਂਦ ਤੇ ਰੌਚਕਤਾ ਦਾ ਤੱਤ ਇਨ੍ਹਾਂ ਨਾਵਲਾਂ ਨੂੰ ਵਧੇਰੇ ਦਿਲਚਸਪ ਬਣਾਉਂਦਾ ਸੀ ।

ਨਾਨਕ ਸਿੰਘ ਦੇ ਪੰਜਾਬੀ ਨਾਵਲ ਵਿਚ ਪ੍ਰਵੇਸ਼ ਨਾਲ ਪੰਜਾਬੀ ਵਿਚ ਸਮਾਜ ਸੁਧਾਰਕ ਨਾਵਲ ਦਾ ਯੁਗ ਸ਼ੁਰੂ ਹੁੰਦਾ ਹੈ । ਇਸ ਲੇਖਕ ਨੇ ਆਪਣੇ ਮੁੱਢਲੇ ਨਾਵਲਾਂ ‘ਮਤਏਈ ਮਾਂ ', ‘ਪ੍ਰੇਮ ਸੰਗੀਤ ', ‘ਮਿੱਠਾ ਮਹੁਰਾ ', ਅਤੇ ‘ਕਾਲ ਚੱਕਰ ' ਵਿਚ ਸਮਾਜ ਦੇ ਕੁਹਜਾਂ ਤੇ ਬੁਰਾਈਆਂ ਨੂੰ ਰੂਪਮਾਨ ਕਰ ਕੇ ਉਨ੍ਹਾਂ ਨੂੰ ਦੂਰ ਕਰਨ ਦੇ ਉਪਾਅ ਦੱਸਣ ਦਾ ਯਤਨ ਕੀਤਾ । ਨਾਨਕ ਸਿੰਘ ਦੀ ਆਮਦ ਨਾਲ ਪੰਜਾਬੀ ਨਾਵਲ ਕਲਾਤਮਕ ਪੱਖੋਂ ਨਿਖਰਨਾ ਸ਼ੁਰੂ ਹੁੰਦਾ ਹੈ । ‘ਚਿੱਟਾ ਲਹੂ ', ‘ਫੌਲਾਦੀ ਫੁੱਲ ' ‘ਅਧਖਿੜਿਆ ਫੁੱਲ ', ‘ਪਵਿੱਤਰ ਪਾਪੀ ', ‘ਗੰਗਾਜਲੀ ਵਿਚ ਸ਼ਰਾਬ ' ਆਦਿ ਅਨੇਕ ਰਚਨਾਵਾਂ ਵਿਚ ਨਾਨਕ ਸਿੰਘ ਨੇ ਆਦਰਸ਼ਕ ਪਾਤਰ ਸਿਰਜ ਕੇ ਇਕ ਵੱਖਰੀ ਕਿਸਮ ਦੇ ਨਾਵਲ ਦੀ ਪਿਰਤ ਪਾਈ ।

ਨਾਨਕ ਸਿੰਘ ਤੋਂ ਮਗਰੋਂ ਨਾਵਲੀ ਸਿਖ਼ਰਾਂ ਨੂੰ ਕਾਇਮ ਰੱਖਣ ਵਾਲਾ ਅਗਲਾ ਲੇਖਕ ਜਸਵੰਤ ਸਿੰਘ ਕੰਵਲ ਹੈ। ਜਸਵੰਤ ਸਿੰਘ ਕੰਵਲ ਨੇ ਨਾਨਕ ਸਿੰਘ ਦੇ ਆਦਰਸ਼ਵਾਦੀ ਚੌਖਟੇ ਨੂੰ ਤੋੜ ਕੇ ਸਮਾਜਵਾਦੀ ਨਾਵਲ ਸਿਰਜਣ ਦੀ ਪ੍ਰਥਾ ਉਲੀਕੀ । ‘ਸੱਚ ਨੂੰ ਫਾਂਸੀ ' ਤੇ ‘ਪਾਲੀ ' ਉਸ ਦੇ ਮੁੱਢਲੇ ਨਾਵਲ ਹਨ ਜਿਨ੍ਹਾਂ ਦਾ ਵਿਸ਼ਾ ਵਸਤੂ ਆਦਰਸ਼ਕ ਤੇ ਸੁਧਾਰਕ ਸੀ ਪਰ ਬਾਅਦ ਵਿਚ ‘ਪੂਰਨਮਾਸ਼ੀ ', ‘ਰਾਤ ਬਾਕੀ ਹੈ ' ‘ਰੂਪਧਾਰਾ', ‘ਹਾਣੀ ', ‘ਭਵਾਨੀ ' ‘ਲਹੂ ਦੀ ਲੋਅ ' ਆਦਿ ਨਾਵਲ ਲਿਖ ਕੇ ਉਸ ਨੇ ਆਪਣੇ ਸਮਾਜਵਾਦੀ ਲੇਖਕ ਹੋਣ ਦਾ ਸਬੂਤ ਦਿੱਤਾ ਹੈ। ਇਸ ਦੀ ਨਾਵਲ ਕਲਾ ਉੱਪਰ ਸਮਕਾਲੀ ਲੋਕ-ਲਹਿਰਾਂ ਕਾਫ਼ੀ ਪ੍ਰਭਾਵ ਪਾਉਂਦੀਆਂ ਰਹੀਆਂ ਹਨ ।

ਸੁਰਿੰਦਰ ਸਿੰਘ ਨਰੂਲਾ ਪੰਜਾਬੀ ਨਾਵਲ ਵਿਚ ਯਥਾਰਥਵਾਦੀ ਦ੍ਰਿਸ਼ਟੀ ਨੂੰ ਲੈ ਕੇ ਪੇਸ਼ ਹੁੰਦਾ ਹੈ । ‘ਪਿਉ ਪੁੱਤਰ ' ਤੋਂ ਲੈ ਕੇ ‘ਰੰਗ ਮਹਿਲ ' ‘ਜਗਰਾਤਾ ', ‘ਦੀਨ ਤੇ ਦੁਨੀਆਂ ', ‘ਸਿਲ ਅਲੂਣੀ ', ‘ਆਪਣੇ ਪਰਾਏ ', ‘ਨੀਲੀ ਬਾਰ ', ਨਾਵਲਾਂ ਰਾਹੀਂ ਉਸ ਨੇ ਆਪਣੀ ਯਥਾਰਥਵਾਦੀ ਦ੍ਰਿਸ਼ਟੀ ਨੂੰ ਆਪਣੀਆਂ ਰਚਨਾਵਾਂ ਦਾ ਕੇਂਦਰ ਬਿੰਦੂ ਬਣਾਇਆ ।

ਅੰਮ੍ਰਿਤਾ ਪ੍ਰੀਤਮ ਨੇ ਮੂਲ ਰੂਪ ਵਿਚ ਭਾਵੇਂ ਆਪਣਾ ਬਿੰਬ ਇਕ ਕਵਿਤਰੀ ਵੱਜੋਂ ਸਿਰਜਿਆ ਹੈ ਪਰ ਉਸ ਨੇ ਬਹੁਤ ਸਾਰੇ ਨਾਵਲ ਲਿਖ ਕੇ ਇਸ ਖੇਤਰ ਵਿਚ ਹੀ ਵਿਸ਼ੇਸ਼ ਪੈੜਾਂ ਪਾਈਆਂ ਹਨ। ਅੰਮ੍ਰਿਤਾ ਪ੍ਰੀਤਮ ਨੇ ‘ਪਿੰਜਰ' ਵਰਗਾ ਨਾਵਲ ਲਿਖ ਕੇ ਵੰਡ ਉਪਰੰਤ ਮਾਨਸਿਕ ਤੇ ਸਰੀਰਕ ਪੱਖੋਂ ਵਲੂੰਧਰੀ ਨਾਰੀ ਦਾ ਮਾਨਸਿਕ ਚਿਤਰਣ ਪੇਸ਼ ਕੀਤਾ । ‘ਇਕ ਸੀ ਅਨੀਤਾ ', ‘ਚੱਕ ਨੰਬਰ ਛੱਤੀ ', ‘ਰੰਗ ਦਾ ਪੱਤਾ ', ‘ਦਿੱਲੀ ਦੀਆਂ ਗਲੀਆਂ', ‘ਡਾਕਟਰ ਦੇਵ ' ਜਿਹੇ ਨਾਵਲਾਂ ਰਾਹੀਂ ਉਸ ਨੇ ਆਧੁਨਿਕ ਮਨੁੱਖ ਦੀ ਮਾਨਸਿਕ ਟੁੱਟ–ਭੱਜ ਤੇ ਨਾਰੀ–ਵੇਦਨਾ ਨੂੰ ਆਪਣੇ ਵਿਲੱਖਣ ਤੇ ਕਾਵਿਕ ਰੂਪ ਵਿਚ ਪੇਸ਼ ਕੀਤਾ ।

ਨਰਿੰਦਰਪਾਲ ਸਿੰਘ ਦੇ ਨਾਵਲਾਂ ਵਿਚ ਬਹੁਤਿਆਂ ਦਾ ਵਿਸ਼ਾ ਇਤਿਹਾਸਕ ਪਿਠਭੂਮੀ ਨਾਲ ਸਬੰਧਤ ਹੈ। ‘ਖੰਨਿਓਂ ਤਿੱਖੀ ', ‘ਵਾਲਹੁ ਨਿੱਕੀ ', ‘ਏਤਿ ਮਾਰਗ ਜਾਣਾ ', ‘ਇਕ ਸਰਕਾਰ ਬਾਝੋਂ' ਉਸ ਦੇ ਇਤਿਹਾਸਕ ਨਾਵਲ ਹਨ ਜਿਨ੍ਹਾਂ ਦੀ ਪਿਠਭੂਮੀ ਅਠਾਰ੍ਹਵੀਂ ਸਦੀ ਵਿਚਲਾ ਇਤਿਹਾਸਕ ਘਟਨਾਕ੍ਰਮ ਬਣਦਾ ਹੈ ਪਰ ਇਸ ਲੇਖਕ ਨੇ ‘ਮਲਾਹ ', ‘ਸੈਨਾਪਤੀ ', ‘ਉਨਤਾਲੀ ਵਰ੍ਹੇ ', ‘ਤ੍ਰੀਆ ਜਾਲ ' ਜਿਹੇ ਨਾਵਲ ਵੀ ਲਿਖੇ ਜਿਨ੍ਹਾਂ ਵਿਚ ਮੱਧ ਸ਼੍ਰੇਣਿਕ ਸਮੱਸਿਆਵਾਂ ਦਾ ਬਿਆਨ ਉਨ੍ਹਾਂ ਨੂੰ ਨਵੇਂ ਨਾਵਲ ਦੀ ਸ਼੍ਰੇਣੀ ਵਿਚ ਲਿਆਉਂਦਾ ਹੈ । ‘ਬਾ ਮੁਲਾਹਜ਼ਾ ਹੁਸ਼ਿਆਰ' ਇਸ ਲੇਖਕ ਦਾ ਵਿਵਾਦਗ੍ਰਸਤ ਨਾਵਲ ਹੈ।

ਕਰਤਾਰ ਸਿੰਘ ਦੁੱਗਲ ਨੇ ਜਿਨਸੀ ਸਬੰਧਾਂ, ਮਨੁੱਖੀ ਸੰਵੇਦਨਾਵਾਂ, ਫਿਰਕੂ ਕੱਟੜਪੁਣੇ ਨੂੰ ਲੈ ਕੇ ਅਨੇਕ ਨਾਵਲਾਂ ਦੀ ਸਿਰਜਣਾ ਕੀਤੀ । ‘ਆਂਦਰਾਂ, ‘ਨਹੁੰ ਤੇ ਮਾਸ ', ‘ਇਕ ਦਿਲ ਵਿਕਾਊ ਹੈ ', ‘ਮੇਰਾ ਦਿਲ ਮੋੜ ਦੇ ' ਉਸ ਦੀਆਂ ਉਪਰੋਕਤ ਸਮੱਸਿਆਵਾਂ ਦਾ ਵਰਣਨ ਕਰਦੀਆਂ ਰਚਨਾਵਾਂ ਹਨ । ਪਿਛਲੇ ਸਮੇਂ ਵਿਚ ‘ਨਾਨਕ ਨਾਮ ਚੜ੍ਹਦੀ ਕਲਾ ' ‘ਤੇਰੇ ਭਾਣੇ , ਸਰਬਤ ਦਾ ਭਲਾ ' ਨਾਵਲੀ ਤ੍ਰੈ ਲੜੀ ਰਾਹੀਂ ਕਰਤਾਰ ਸਿੰਘ ਦੁੱਗਲ ਨੇ ਇਤਿਹਾਸਕ ਨਾਵਲ ਉੱਪਰ ਨਾ ਮਿਟਣ ਵਾਲੀ ਮੋਹਰ ਲਾ ਦਿੱਤੀ ਹੈ।

ਦਲੀਪ ਕੌਰ ਟਿਵਾਣਾ ਔਰਤ ਜ਼ਾਤ ਦੇ ਦੁੱਖਾਂ ਦਰਦਾਂ ਨੂੰ ਜ਼ੁਬਾਨ ਦੇਣ ਵਾਲੀ ਲੇਖਕਾ ਹੈ । ‘ਅਗਨੀ ਪ੍ਰੀਖਿਆ ', ‘ਏਹੁ ਹਮਾਰਾ ਜੀਵਣਾ ', ਇਸਤਰੀ ਜਾਤੀ ਦੇ ਦੁਖਾਂਤ ਦੀ ਮਾਰਮਿਕ ਕਹਾਣੀ ਹੈ। ‘ਜ਼ਿਮੀ ਪੁਛੇ ਅਸਮਾਨ ', ‘ਲੰਘ ਗਏ ਦਰਿਆ ' ਲੇਖਿਕਾ ਦੇ ਚਰਚਿਤ ਨਾਵਲ ਹਨ ਜਿਨ੍ਹਾਂ ਵਿਚ ਸਭਿਆਚਾਰਕ ਵੇਰਵਿਆਂ ਦਾ ਚਿਤਰਣ ਸਿਖ਼ਰਾਂ ਛੂੰਹਦਾ ਹੈ ।

ਗੁਰਦਿਆਲ ਸਿੰਘ ਨੇ ਪੰਜਾਬੀ ਨਾਵਲ ਵਿਚ ਯਥਾਰਥਵਾਦੀ ਨਜ਼ਰੀਏ ਤੋਂ ਨਵੀਆਂ ਪੈੜਾਂ ਸਿਰਜੀਆਂ ਹਨ। ਪਿੰਡ ਦੀ ਜ਼ਿੰਦਗੀ ਨੂੰ ਜਿਸ ਸ਼ਿੱਦਤ ਤੇ ਗੰਭੀਰਤਾ ਨਾਲ ਖਾਸ ਤੌਰ ਤੇ ਦਲਿਤ ਵਰਗ ਦੇ ਦੁਖਾਂਤ ਨੂੰ ਗੁਰਦਿਆਲ ਸਿੰਘ ਨੇ ਸਿਰਜਿਆ ਹੈ ਉਸ ਦਾ ਪੰਜਾਬੀ ਸਾਹਿਤ ਵਿਚ ਕੋਈ ਬਦਲ ਨਹੀਂ। ‘ਮੜ੍ਹੀ ਦਾ ਦੀਵਾ ', ‘ਅਣਹੋਏ ', ‘ਰੇਤੇ ਦੀ ਇਕ ਮੁੱਠੀ ', ‘ਕੁਵੇਲਾ ' ਤੇ ‘ਅੱਧ ਚਾਨਣੀ ਰਾਤ ' ਉਸ ਦੇ ਪ੍ਰਤੀਨਿਧ ਨਾਵਲ ਹਨ। ਪਿਛਲੇ ਵਰ੍ਹਿਆਂ ਦੌਰਾਨ ਗੁਰਦਿਆਲ ਸਿੰਘ ਨੇ ‘ਪਰਸਾ ' ਜਿਹਾ ਮਹਾਨ ਨਾਵਲ ਲਿਖ ਕੇ ਆਪਣੀਆਂ ਹੀ ਪੈੜਾਂ ਨੂੰ ਉਲੰਘਿਆ ਹੈ। ਯਥਾਰਥ ਤੇ ਕਲਪਨਾ ਦਾ ਜਿਹੋ ਜਿਹਾ ਸੁਮੇਲ ਇਸ ਰਚਨਾ ਵਿਚ ਪ੍ਰਸਤੁਤ ਹੁੰਦਾ ਹੈ ਇਹ ਪੇਸ਼ਕਾਰੀ ਗੁਰਦਿਆਲ ਸਿੰਘ ਦਾ ਇਕ ਨਾਵਲਕਾਰ ਵੱਜੋਂ ਕੱਦ ਹੋਰ ਵੀ ਵਡੇਰਾ ਕਰਦੀ ਹੈ ।

ਸੁਰਜੀਤ ਸਿੰਘ ਸੇਠੀ ਨੇ ਆਪਣੇ ਨਾਵਲਾਂ ਵਿਚ ਸ਼ੈਲੀ ਤੇ ਵਸਤੂ ਪੱਖੋਂ  ਅਨੇਕ ਤਜਰਬੇ ਕੀਤੇ । ‘ਜਨਤਾ ਜਾਗੀ ', ‘ਰੇਤ ਤੇ ਪਹਾੜ ', ‘ਕੰਧੀ ਉੱਤੇ ਰੁੱਖੜਾ ', ‘ਆਬਰਾ ਕਡਾਬਰਾ ', ‘ਕੱਲ੍ਹ ਵੀ ਸੂਰਜ ਨਹੀ ਚੜ੍ਹੇਗਾ ' ਇਸ ਲੇਖਕ ਦੇ ਪ੍ਰਮੁੱਖ ਨਾਵਲ ਹਨ ।

ਸੋਹਣ ਸਿੰਘ ਸੀਤਲ ਨੇ ਨਾਨਕ ਸਿੰਘ ਦੇ ਪ੍ਰਭਾਵ ਅਧੀਨ ਸਮਾਜ ਸੁਧਾਰਕ ਨਾਵਲਾਂ ਦੀ ਸਿਰਜਣਾ ਤੋਂ ਸ਼ੁਰੂ ਕਰ ਕੇ ਉੱਚ ਪੱਧਰੇ ਯਥਾਰਥਵਾਦੀ ਨਾਵਲ ਲਿਖਣ ਤੱਕ ਦਾ ਸਫ਼ਰ ਤੈਅ ਕੀਤਾ । ਉਸ ਦੇ ਨਾਵਲਾਂ ਵਿਚ ਸਮਾਜਕ ਬੁਰਾਈਆਂ , ਕੁਹਜ ਤੇ ਜੰਗ ਪ੍ਰਤੀ ਨਫ਼ਰਤ ਪੈਦਾ ਕਰਨ ਵਾਲੇ ਭਾਵਾਂ ਨੂੰ ਮਹੱਤਤਾ ਪ੍ਰਾਪਤ ਹੈ । ‘ਜੰਗ ਜਾਂ ਅਮਨ ', ‘ਈਛੋਗਿਲ ਨਹਿਰ ਤੱਕ ' ਉਸ ਦੇ ਚਰਚਿਤ ਨਾਵਲ ਹਨ । ‘ਜੁਗ ਬਦਲ ਗਿਆ ' ਵਿਚ ਲੇਖਕ ਬਦਲਦੀਆਂ ਕਦਰਾਂ ਕੀਮਤਾਂ ਤੇ ਟਿੱਪਣੀ ਕਰਦਾ ਹੈ ।

ਸੰਤ ਸਿੰਘ ਸੇਖੋਂ ਦਾ ਬਿੰਬ ਭਾਵੇਂ ਇਕ ਆਲੋਚਕ ਵੱਜੋਂ  ਬਣਿਆ ਹੈ ਪਰ ‘ਲਹੂ ਮਿੱਟੀ ' ਤੇ ‘ਬਾਬਾ ਅਸਮਾਨ ' ਰਾਹੀਂ ਉਹ ਜੀਵਨ ਗਤੀ ਨੂੰ ਰਾਜਨੀਤਕ ਅਤੇ ਆਰਥਿਕ ਪਿਛੋਕੜ ਵਿਚ ਰੱਖ ਕੇ ਇਤਿਹਾਸ ਦਾ ਇਕ ਅਨਿੱਖੜ ਅੰਗ ਬਣਾਉਂਦਾ ਹੈ ।

ਸੁਖਬੀਰ ਇਕ ਅਜਿਹਾ ਨਾਵਲਕਾਰ ਹੈ ਜਿਸ ਨੇ ਪੰਜਾਬੀ ਵਿਚ ਮਹਾਨਗਰੀ ਚੇਤਨਾ ਨੂੰ ਪਹਿਲੀ ਵਾਰ ਆਪਣੇ ਨਾਵਲਾਂ ਦੀ ਵਸਤੂ ਬਣਾ ਕੇ ਪੇਸ਼ ਕੀਤਾ ਹੈ। ‘ਰਾਤ ਦਾ ਚਿਹਰਾ ', ਪਾਣੀ ਤੇ ਪੁਲ ', ‘ਸੜਕਾਂ ਤੇ ਕਮਰੇ ' ਵਿਚ ਸੁਖਬੀਰ ਦੇ ਪਾਤਰ ਆਧੁਨਿਕ ਜੀਵਨ ਦੀ ਸਚਾਈ ਦੇ ਜਲੌਅ ਨੂੰ ਭਾਲਦੇ , ਭਟਕਦੇ, ਬਿੱਖਰਦੇ ਤੇ ਟੁੱਟਦੇ ਮਹਿਸੂਸ ਹੁੰਦੇ ਹਨ । ਪ੍ਰੀਤ ਕਹਾਣੀ ਪ੍ਰਯੋਗ ਨਾਲ ਭਰਪੂਰ ਇਹ ਨਾਵਲ ਪੰਜਾਬੀ ਨਾਵਲ ਵਿਚ ਵਿਸ਼ੇਸ਼ ਮਹੱਤਵ ਦੇ ਧਾਰਨੀ ਬਣਦੇ ਹਨ ।

ਉਪਰੋਕਤ ਨਾਵਲਕਾਰਾਂ ਤੋਂ ਬਿਨਾਂ ਪੰਜਾਬੀ ਸਾਹਿਤ ਵਿਚ ਅਨੇਕ ਨਾਵਲਕਾਰਾਂ ਦੀ ਆਮਦ ਹੁੰਦੀ ਹੈ ਜਿਹੜੇ ਨਵੀਂ ਚੇਤਨਾ, ਨਵੀਆਂ ਸਮੱਸਿਆਵਾਂ ਨੂੰ ਆਪਣੇ ਨਾਵਲਾਂ ਵਿਚ ਰਚਨਾ-ਵਸਤੂ ਵੱਜੋਂ ਪੇਸ਼ ਕਰ ਰਹੇ ਹਨ। ਕਰਮਜੀਤ ਕੁੱਸਾ, ਜਗਦੇਵ ਧਾਲੀਵਾਲ, ਸਵਰਨ ਚੰਦਨ ਅਜਿਹੇ ਹੀ ਨਾਂ ਹਨ। ਕਰਮਜੀਤ ਕੁੱਸਾ ਨੇ ‘ਰਾਤ ਦੇ ਰਾਹੀ', ‘ਅੱਗ ਦਾ ਗੀਤ', ‘ਰੋਹੀ ਬੀਆਬਾਨ ', ‘ਬੁਰਕੇ ਵਾਲੇ ਲੁਟੇਰੇ ', ‘ਜ਼ਖਮੀ ਦਰਿਆ ' ਅਤੇ ‘ਅਕਾਲਕੀ' ਰਾਹੀਂ ਮਲਵਈ ਸਭਿਆਚਾਰ ਦਾ ਠੇਠ ਚਿਤਰਣ ਅਤੇ ਪੰਜਾਬ ਤ੍ਰਾਸਦੀ ਨਾਲ ਹੀ ਸਬੰਧਤ ਨਾਵਲਾਂ ਵਿਚ ਜਸਦੇਵ ਧਾਲੀਵਾਲ ਦੇ ‘ਚੰਗੇ ਦਿਨਾਂ ਦੀ ਉਡੀਕ ' ਅਤੇ ‘ਕਾਲੇ ਦਿਨ' ਦਾ ਜ਼ਿਕਰ ਵੀ ਜ਼ਰੂਰ ਕੀਤਾ ਜਾਣਾ ਬਣਦਾ ਹੈ।

ਪ੍ਰਵਾਸੀ ਧਰਤੀ ਦੇ ਦਰਪੇਸ਼ ਸਮੱਸਿਆਵਾਂ, ਪੱਛਮੀ ਚੇਤਨਾ ਦੇ ਦੁਖਾਂਤ ਨੂੰ ਭੁਗਤਦੀਆਂ ਪੀੜ੍ਹੀਆਂ ਦਾ ਦਵੰਦ, ਤਣਾਅ ਤੇ ਟਕਰਾਅ ਨਾਲੋ ਨਾਲ ਭੂ ਹੇਰਵੇ, ਉਦਰੇਵੇਂ ਜਿਹੀਆਂ ਮਾਨਸਿਕ ਸਮੱਸਿਆਵਾਂ ਦਾ ਚਿਤਰਣ ਸਵਰਨ ਚੰਦਨ ਦੇ ਨਾਵਲਾਂ ‘ਨਵੇਂ ਰਿਸ਼ਤੇ', ‘ਕੱਚੇ ਘਰ' ‘ਕਦਰਾਂ ਕੀਮਤਾਂ’ ਅਤੇ ‘ਕੰਜਕਾਂ', ਵਿੱਚ ਰੂਪਮਾਨ ਹੁੰਦਾ ਹੈ । ‘ਕੰਜਕਾਂ' ਨਾਵਲ ਪ੍ਰਵਾਸੀ ਚੇਤਨਾ ਨੂੰ ਸਮਰਪਿਤ ਨਾਵਲ ਦੀ ਸਿਖ਼ਰ ਹੈ।

ਰਾਮ ਸਰੂਪ ਅਣਖੀ ਮੂਲ ਰੂਪ ਵਿਚ ਭਾਵੇਂ ਕਹਾਣੀਕਾਰ ਹੈ ਪਰ ‘ਕੋਠੇ ਖੜਕ ਸਿੰਘ' ਜਿਹਾ ਯਥਾਰਥਵਾਦੀ ਨਾਵਲ ਲਿਖਣ ਉਪਰੰਤ ‘ਪਰਤਾਪੀ' ਬਿਲਕੁਲ ਹੀ ਉੱਤਰਆਧੁਨਿਕ ਚੇਤਨਾ ਨਾਲ ਸਬੰਧਤ ਨਾਵਲ ਰਿਹਾ ਹੈ । ਇਸ ਨਾਵਲ ਵਿਚ ਪੂੰਜੀਵਾਦੀ ਪ੍ਰਬੰਧ ਵਿਚ ਰਿਸ਼ਤਿਆਂ ਦੀ ਟੁੱਟ ਭੱਜ, ਪਰਿਵਾਰਾਂ ਵਿਚੋਂ ਖ਼ਤਮ ਹੋ ਰਿਹਾ ਮੋਹ ਅਤੇ ਸਵਾਰਥੀ ਰੁਚੀਆਂ ਦੀ ਵਿਗਸਦੀ ਫ਼ਸਲ ਜਿਸ ਤਰ੍ਹਾਂ ਰੂਪਮਾਨ ਹੁੰਦੀ ਹੈ ਉਸ ਨਾਲ ਇਹ ਨਾਵਲ ਪੰਜਾਬੀ ਸਾਹਿਤ ਵਿਚ ਅਹਿਮ ਸਥਾਨ ਬਣਾਉਂਦਾ ਹੈ ।

ਨਾਵਲ ਵਿਚਲੇ ਹੋਰ ਵੰਨ ਸੁਵੰਨੇ ਵਿਸ਼ਿਆਂ ਵਿਚ ਵਿਲੱਖਣਤਾ ਸਿਰਜਣ ਵਾਲੇ ਨਾਵਲਕਾਰ ਜਸਬੀਰ ਭੁੱਲਰ ਦਾ ਜ਼ਿਕਰ ਵੀ ਅਣਛੋਹਿਆ ਨਹੀਂ ਛੱਡਿਆ ਜਾ ਸਕਦਾ । ਜਸਬੀਰ ਭੁੱਲਰ ਮੂਲ ਰੂਪ ਵਿਚ ਭਾਵੇਂ ਕਹਾਣੀਕਾਰ ਹੈ ਪਰ ਮਨੁੱਖ ਦੇ ਸੂਖ਼ਮ ਅਹਿਸਾਸਾਂ ਨੂੰ ਪਕੜਦੀਆਂ ਉਸ ਦੀਆਂ ਨਾਵਲੀ ਕਿਰਤਾਂ ‘ਚਾਬੀ ਵਾਲੇ ਖਿਡਾਉਣੇ ' ਤੇ ‘ਵਾਵਰੋਲਾ' ਤੋਂ ਲੈ ਕੇ ਉਸ ਦੇ ਨਵੇਂ ਨਾਵਲ ‘ਚਿੱਟੀ ਗੁਫਾ ਤੇ ਮੌਲਸਰੀ ' ਤਕ ਭੁੱਲਰ ਅਨੇਕ ਨਵੀਨ ਅਨੁਭਵਾਂ ਨੂੰ ਆਪਣੇ ਨਾਵਲੀ ਦ੍ਰਿਸ਼ਾਂ ਰਾਹੀਂ ਰੂਪਮਾਨ ਕਰਦਾ ਹੈ । ‘ਨੋ ਮੈਨਜ਼ ਲੈਂਡ ” ਵਿਚ ਫ਼ੌਜੀ ਜੀਵਨ ਦੀਆਂ ਅਣਛੋਹੀਆਂ ਪਰਤਾਂ ਉਸ ਦੇ ਨਾਵਲ ਨੂੰ ਇਕ ਵਿਲੱਖਣ ਮੁਹਾਂਦਰਾ ਪ੍ਰਦਾਨ ਕਰਦੀਆਂ ਹਨ । ਜਸਬੀਰ ਭੁੱਲਰ ਖ਼ੁਦ ਇਕ ਫ਼ੌਜੀ ਅਫ਼ਸਰ ਰਿਹਾ ਹੋਣ ਕਾਰਨ ਇਸ ਖੇਤਰ ਦਾ ਅਨੁਭਵੀ ਲੇਖਕ ਹੈ ।

ਪੰਜਾਬ ਤ੍ਰਾਸਦੀ ਦੇ ਸਮੇਂ ਜਿਥੇ ਲੋਕਾਂ ਨੇ ਖਾੜਕੂਵਾਦ ਨੂੰ ਆਪਣੇ ਨੰਗੇ ਪਿੰਡੇ ਜਰਿਆ ਉਥੇ ਪੁਲਿਸ ਜਬਰ ਨੇ ਵੀ ਆਮ ਮਨੁੱਖ ਦਾ ਘਾਣ ਕੀਤਾ ਹੈ । ਮਿੱਤਰ ਸੈਨ ਮੀਤ ਦੇ ਨਾਵਲਾਂ ਵਿਚ ਪੁਲੀਸ ਦਾ ਇਹ ਜਬਰ ਵਿਅੰਗ-ਸੁਰ ਵਿਚ ਸਾਹਮਣੇ ਆਉਂਦਾ ਹੈ । ਹਰਿੰਦਰ ਸਿੰਘ ਰਾਏ ਦਾ ਨਾਵਲ ਯਰਗਮਾਲ ਵੀ ਪੰਜਾਬ ਤ੍ਰਾਸਦੀ ਦਾ ਇਤਿਹਾਸਕ ਪਰਿਪੇਖ ਸਿਰਜਦਾ ਨਾਵਲ ਹੈ ।

ਨਵੀਂ ਚੇਤਨਾ ਵਾਲੇ ਨਾਵਲ ਸਿਰਜ ਰਹੇ ਲੇਖਕਾਂ ਵਿਚ ਜਗਰੂਪ ਸਿੰਘ ਬੜਿੰਗ ਇਕ ਮਹੱਤਵਪੂਰਨ ਨਾਂ ਹੈ । ਇਸ ਲੇਖਕ ਦਾ ਨਾਵਲ ‘ਕਾਨਿਆਂ ਵਾਲਾ ਰਾਹ ' ਇਕ ਅਸਲੋਂ ਨਵੀਂ ਚੇਤਨਾ ਵਾਲਾ ਨਾਵਲ ਹੈ ਜਿਸ ਦਾ ਸਬੰਧ ਇਤਿਹਾਸ ਜਾਂ  ਮਿਥਿਹਾਸ ਨਾਲ ਨਹੀਂ ਸਗੋਂ ਇਹ ਨਾਵਲ ਉਸ ਮਨੁੱਖ ਦੀ ਟੁੱਟ ਭੱਜ ਨੂੰ ਰੂਪਮਾਨ ਕਰਦਾ ਹੈ ਜਿਹੜਾ ਪਰਿਵਾਰ ਦੀਆਂ ਸੌੜੀਆਂ ਵਲਗਣਾਂ ਨੂੰ ਤੋੜ ਕੇ ਅਸਮੱਰਥ ਰਹਿੰਦਾ ਆਖ਼ਰ ਰੋਮਾਂਸਵਾਦੀ-ਪ੍ਰਗਤੀਵਾਦ ਦਾ ਰਾਹ ਅਖ਼ਤਿਆਰ ਕਰਦਾ ਹੈ । ਇਸ ਦਾ ਨਾਵਲ ‘ਨਿਰੰਜਨ ਮਸ਼ਾਲਚੀ ' ਵੀ ਵਧੀਆ ਗਲਪੀ ਰਚਨਾ ਹੈ ।

ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨਵੇਂ ਪੁਰਾਣੇ ਲੇਖਕ ਨਾਵਲ ਦੇ ਵਿਹੜੇ ਨੂੰ  ਹੋਰ ਮੋਕਲਾ ਕਰ ਰਹੇ ਹਨ। ਅਨੇਕ ਨਾਵਲਕਾਰ ਇੱਕਾ ਦੁੱਕਾ ਨਾਵਲ ਲਿਖ ਕੇ ਬੱਸ ਕਰ ਗਏ । ਕਈ ਨਿਰੰਤਰ ਨਾਵਲ ਸਿਰਜਣਾ ਵਿਚ ਰੁੱਝੇ ਹਨ। ਕਈ ਨਾਂ ਨਵੇਂ ਆ ਰਹੇ ਹਨ। ਨਿਰੰਜਨ ਤਸਨੀਮ, ਮੋਹਣ ਕਾਹਲੋਂ , ਹਰੀ ਸਿੰਘ ਦਿਲਬਰ, ਕਿਰਪਾਲ ਸਿੰਘ ਕਸੇਲ, ਓਮ ਪ੍ਰਕਾਸ਼ ਗਾਸੋ, ਇੰਦਰ ਸਿੰਘ ਖਾਮੋਸ਼ ਆਦਿ ਨਾਂ ਵਰਨਣਯੋਗ ਹਨ । ਅਨੇਕ ਨਾਵਲਕਾਰਾਂ ਨੂੰ ਨਾਵਲ ਦੀਆਂ ਵਿਭਿੰਨ ਪ੍ਰਵਿਰਤੀਆਂ ਅਧੀਨ ਰੱਖਣਾ ਜਟਿਲ ਪ੍ਰਕਾਰਜ ਹੈ। ਇਨ੍ਹਾਂ ਨਾਵਲਕਾਰਾਂ ਵਿਚ ਮਹਿੰਦਰ ਸਿੰਘ ਸਰਨਾ (ਪੀੜਾਂ ਮੱਲੇ ਰਾਹ– ਕਾਂਗਾਂ ਦੇ ਕੰਢੇ , ਨੀਲਾ ਗੁਲਾਬ ) , ਇੰਦਰ ਸਿੰਘ ਚਕਰਵਰਤੀ, ਰਾਜਕੁਮਾਰ ਗਰਗ, ਕੇ. ਐਲ. ਗਰਗ, ਦਰਸ਼ਨ ਸਿੰਘ ਆਵਾਰਾ, ਮਨਜੀਤ ਸਿੰਘ ਰਾਣਾ, ਗੁਰਮੁਖ ਸਿੰਘ ਜੀਤ, ਜਗਜੀਤ ਬਰਾੜ, ਬੂਟਾ ਸਿੰਘ ਸ਼ਾਦ ਆਦਿ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਸੂਚੀ ਵਿਚ ਹੋਰ ਵੀ ਅਣਗਿਣਤ ਨਾਂ ਜੋੜੇ ਜਾ ਸਕਦੇ ਹਨ ।

ਪੰਜਾਬੀ ਨਾਵਲ ਵਿਚ ਅਨੁਵਾਦ ਨਾਵਲ ਸਾਹਿਤ ਦਾ ਜ਼ਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ । ਵਿਸ਼ਵ ਦੀਆਂ ਅਤੇ ਭਾਰਤ ਦੀਆਂ ਹੋਰ ਭਾਸ਼ਾਵਾਂ ਵਿਚੋਂ ਅਨੁਵਾਦ ਹੋ ਕੇ ਅਨੇਕ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਏ ਹਨ। ਨਾਨਕ ਸਿੰਘ ਨੇ ‘ਪੱਥਰ ਕਾਂਬਾ ', ‘ਪਤਝੜ ਤੇ ਪੰਛੀ ', ‘ਪ੍ਰਾਸ਼ਚਿਤ ' ਆਦਿ ਬਦੇਸ਼ੀ ਨਾਵਲਾਂ ਦਾ ਅਨੁਵਾਦ ਕੀਤਾ । ਪ੍ਰੋ. ਮੋਹਨ ਸਿੰਘ ਨੇ ‘ਧਰਤੀ ਪਾਸਾ ਪਰਤਿਆ '; ਪਿਆਰਾ ਸਿੰਘ ਦਾਤਾ ਨੇ ‘ਧਰਤੀ ਲਾਲੋ ਲਾਲ ', ਜਗਜੀਤ ਸਿੰਘ ਆਨੰਦ ਨੇ ‘ਸਤਰੰਗੀ ਪੀਘ '; ਡਾ. ਹਰਿਭਜਨ ਸਿੰਘ ਨੇ ‘ਪਲੇਗ '; ਡਾ. ਅਮਰਜੀਤ ਕੌਂਕੇ ਨੇ ‘ਨਾ ਛੂਹੀਂ ਪ੍ਰਛਾਂਵੇ ਮਨਾਂ’ ਦੇ ਅਨੁਵਾਦ ਨਾਲ ਪੰਜਾਬੀ ਨਾਵਲ ਦਾ ਵਿਹੜਾ ਮੋਕਲਾ ਕੀਤਾ । ਇਨ੍ਹਾਂ ਨਾਵਲਾਂ ਤੋਂ ਬਿਨਾਂ ਮੈਕਸਿਮ ਗੋਰਕੀ, ਤੁਰੁਗਨੇਵ , ਦੋਸਤੋਵਸਕੀ , ਫਾਈਦੇਵ, ਚੰਗੇਜ਼ ਆਈਤਮਾਤੋਵ ਜਿਹੇ ਰੂਸੀ ਲੇਖਕਾਂ ਦੇ ਨਾਵਲਾਂ ਦੇ ਅਨੁਵਾਦ ਪੰਜਾਬੀ ਪਾਠਕਾਂ ਤਕ ਪਹੁੰਚੇ ।

ਇਉਂ ਪੰਜਾਬੀ ਨਾਵਲ ਦੇ ਇਨ੍ਹਾਂ ਅੱਸੀ ਵਰ੍ਹਿਆਂ ਵਿਚ ਪੰਜਾਬੀ ਨਾਵਲ ਧਾਰਮਿਕ, ਸਮਾਜਿਕ, ਇਤਿਹਾਸਕ, ਸੁਧਾਰਕ, ਯਥਾਰਥਵਾਦ, ਸਮਾਜਵਾਦ ਤੇ ਨਵੀਂ ਚੇਤਨਾ ਦੇ ਕਈ ਪੜਾਵਾਂ ਵਿਚੋਂ ਗੁਜ਼ਰ ਕੇ ਇਕ ਪਰਪੱਕ ਵਿਧਾ ਬਣ ਗਿਆ ਹੈ । ਜੀਵਨ ਵਿਚਲੀਆਂ ਜਟਿਲਤਾਵਾਂ, ਮਨੋ-ਦਵੰਦਾਂ ਨੂੰ ਜਿਸ ਤਰ੍ਹਾਂ ਨਾਵਲ ਵਿਚ ਨਵੇਂ ਅਨੁਭਵ ਤੇ ਨਵੇਂ ਪ੍ਰਯੋਗ ਹੋ ਰਹੇ ਹਨ ਉਸ ਨਾਲ ਪੰਜਾਬੀ ਨਾਵਲ ਦਾ ਭਵਿੱਖ ਆਸ ਭਰਿਆ ਹੈ ।


ਲੇਖਕ : ਡਾ. ਅਮਰਜੀਤ ਕੌਂਕੇ ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-10-11-16-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.