ਭਗਤਾ ਭਾਈ ਕਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭਗਤਾ ਭਾਈ ਕਾ (ਪਿੰਡ): ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦਾ ਇਕ ਪਿੰਡ ਜੋ ਜੈਤੋ ਨਗਰ ਤੋਂ 20 ਕਿ.ਮੀ. ਪੂਰਬ ਵਾਲੇ ਪਾਸੇ ਸਥਿਤ ਹੈ। ਇਹ ਪਿੰਡ ਭਾਈ ਬਹਿਲੋ (ਵੇਖੋ) ਦੇ ਪੋਤਰੇ ਭਾਈ ਭਗਤਾ ਨੇ ਸਤਾਰ੍ਹਵੀਂ ਸਦੀ ਦੇ ਉਤਰਾਰਧ ਵਿਚ ਵਸਾਇਆ ਸੀ। ਜਦੋਂ ਦਸੰਬਰ 1706 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਇਸ ਪਿੰਡ ਪਧਾਰੇ ਅਤੇ ਇਕ ਖੂਹ ਦੇ ਪਾਸ ਪਿੱਪਲ ਦੇ ਬ੍ਰਿਛ ਹੇਠਾਂ ਬੈਠੇ। ਉਸ ਵੇਲੇ ਭਾਈ ਭਗਤੇ ਦੇ ਪੰਜ ਪੁੱਤਰਾਂ—ਗੁਰਦਾਸ, ਤਾਰਾ , ਭਾਰਾ , ਮੋਹਰਾ ਅਤੇ ਬਖ਼ਤਾ—ਨੇ ਬੜੇ ਪ੍ਰੇਮ-ਭਾਵ ਅਤੇ ਸਿਦਕ ਨਾਲ ਗੁਰੂ ਜੀ ਦੀ ਸੇਵਾ ਕੀਤੀ। ਸਿੱਖ ਇਤਿਹਾਸ ਅਨੁਸਾਰ ਗੁਰੂ ਜੀ ਨੇ ਭਾਈ ਭਗਤੇ ਦੇ ਪੁੱਤਰਾਂ ਨੂੰ ਅਮਾਨਵੀ ਸ਼ਕਤੀਆਂ ਨੂੰ ਵਰਤਣ ਤੋਂ ਸੰਕੋਚ ਕਰਨ ਲਈ ਕਿਹਾ। ਇਨ੍ਹਾਂ ਸ਼ਕਤੀਆਂ ਨੂੰ ਉਨ੍ਹਾਂ ਨੇ ਆਪਣੇ ਪਿਤਾ ਦੁਆਰਾ ਪੁਟਵਾਏ ਖੂਹ ਵਿਚ ਠਹਿਰਾਇਆ ਹੋਇਆ ਸੀ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਉਥੇ ‘ਗੁਰਦੁਆਰਾ ਪਾਤਿਸ਼ਾਹੀ ਦਸ ’ ਬਣਵਾਇਆ ਗਿਆ। ਭਾਈ ਭਗਤੇ ਵਾਲਾ ਖੂਹ ਵੀ ਮੌਜੂਦ ਹੈ ਜਿਸ ਨੂੰ ‘ਭੂਤਾਂ ਵਾਲਾ ਖੂਹ’ ਕਿਹਾ ਜਾਂਦਾ ਹੈ। ਗੁਰਦੁਆਰੇ ਦੀ ਨਵੀਂ ਇਮਾਰਤ ਅਤੇ ਯਾਤ੍ਰੀਆਂ ਦੇ ਰਹਿਣ ਲਈ ਕਮਰੇ ਵੀ ਬਣਵਾਏ ਗਏ ਹਨ। ਸਥਾਨਕ ਰਵਾਇਤ ਅਨੁਸਾਰ ਇਥੇ ਸੰਨ 1631 ਈ. ਵਿਚ ਗੁਰੂ ਹਰਿਗੋਬਿੰਦ ਜੀ ਵੀ ਆਏ ਸਨ।
ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਹਰ ਸੰਗ੍ਰਾਂਦ ਵਾਲੇ ਦਿਨ ਵਿਸ਼ੇਸ਼ ਦੀਵਾਨ ਸਜਦੇ ਹਨ। ਮਾਘੀ ਵਾਲੇ ਦਿਨ ਸਾਲਾਨਾ ਧਾਰਮਿਕ ਮੇਲਾ ਲਗਦਾ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਦਿਨ ਵੀ ਮੰਨਾਇਆ ਜਾਂਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਭਗਤਾ ਭਾਈ ਕਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਭਗਤਾ ਭਾਈ ਕਾ : ਇਹ ਬਠਿੰਡਾ ਜ਼ਿਲ੍ਹੇ ਦੀ ਰਾਮਪੁਰਾ ਫੂਲ ਤਹਿਸੀਲ ਦਾ ਇਕ ਇਤਿਹਾਸਕ ਪਿੰਡ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਉੱਤੇ, ਭਦੌੜ ਤੋਂ 22 ਕਿ. ਮੀ. (13.5 ਮੀਲ) ਅਤੇ ਰਾਮਪੁਰਾ ਫੂਲ ਤੋਂ 19 ਕਿ. ਮੀ. (12 ਮੀਲ) ਉੱਤਰ ਪੱਛਮ ਵੱਲ ਬਰਨਾਲਾ ਬਾਜਾਖ਼ਾਨਾ ਮੁੱਖ ਸੜਕ ਉੱਪਰ ਸਥਿਤ ਹੈ।
ਇਸ ਪਿੰਡ ਨੂੰ ਭਾਈ ਬਹਿਲੋ ਦੇ ਪੋਤਰੇ ਭਾਈ ਭਗਤੇ ਨੇ ਵਸਾਇਆ ਸੀ।
ਇਸ ਪਿੰਡ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਹੈ। ਦਸਮੇਸ਼ ਪਿਤਾ ਅਨੰਦਪੁਰ ਸਾਹਿਬ ਛੱਡਣ ਪਿਛੋਂ ਜਦ ਮਾਲਵੇ ਵੱਲ ਆਏ ਤਾਂ ਇਸ ਪਿੰਡ ਵਿਚ ਵੀ ਤਿੰਨ ਦਿਨ ਠਹਿਰੇ ਸਨ। ਭਾਈ ਭਗਤਾ ਅਤੇ ਉਸ ਦੇ ਪੰਜ ਪੁੱਤਰਾਂ (ਗੁਰਦਾਸ, ਤਾਰਾ, ਭਾਰਾ, ਮੋਹਰਾ ਅਤੇ ਬਖ਼ਤਾ) ਨੇ ਗੁਰੂ ਜੀ ਦੀ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਭਾਵ ਨਾਲ ਸੇਵਾ ਕੀਤੀ।
ਭਗਤਾ ਭਾਈ ਕਾ ਵਿਚ ਗੁਰੂ ਸਾਹਿਬਾਨ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਦੇ ਨਜ਼ਦੀਕ ਹੀ ਭਾਈ ਭਗਤੇ ਦਾ ਲੁਆਇਆ ਖੂਹ ਹੈ। ਇਹ ਖੂਹ ਇੰਨੀ ਤੇਜ਼ੀ ਨਾਲ ਬਣਾਇਆ ਗਿਆ ਸੀ ਕਿ ਅੱਜ ਵੀ ਅਨੇਕ ਲੋਕ ਇਸ ਨੂੰ ਭੂਤਾਂ ਦੁਆਰਾ ਬਣਾਇਆ ਗਿਆ ਸਮਝ ਕੇ ਭੂਤਾਂ ਵਾਲਾ ਖੂਹ ਆਖਦੇ ਹਨ।
ਇਸ ਪਿੰਡ ਵਿਚ ਇਕ ਮਿਡਲ ਅਤੇ ਤਿੰਨ ਹਾਈ ਸਕੂਲਾਂ ਤੋਂ ਇਲਾਵਾ ਹਸਪਤਾਲ, ਮੁੱਢਲਾ ਸਿਹਤ ਕੇਂਦਰ, ਜੱਚਾ-ਬੱਚਾ ਭਲਾਈ ਕੇਂਦਰ, ਪਰਿਵਾਰ ਨਿਯੋਜਨ ਕੇਂਦਰ ਅਤੇ ਡਾਕਘਰ ਦੀਆਂ ਸਹੂਲਤਾਂ ਵੀ ਉਪਲੱਬਧ ਹਨ।
ਭਗਤਾ ਭਾਈ ਕਾ ਦਿਨੋਂ ਦਿਨ ਇਕ ਕਸਬੇ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਥੇ ਆਲੇ ਦੁਆਲੇ ਦੇ ਪਿੰਡਾਂ ਦੀ ਉਪਭੋਗਤਾ ਲਈ ਹਰ ਤਰ੍ਹਾਂ ਦੇ ਸਾਮਾਨ ਦੀਆਂ ਦੁਕਾਨਾਂ ਬਣ ਚੁੱਕੀਆਂ ਹਨ। ਖਾਸ ਤੌਰ ਤੇ ਖੇਤੀ-ਮਸ਼ੀਨਰੀ ਲਈ ਤਾਂ ਇਸ ਪਿੰਡ ਦਾ ਨਾਂ ਦੂਰ ਦੂਰ ਤੱਕ ਮਸ਼ਹੂਰ ਹੈ। ਇਸ ਦਾ ਕੁੱਲ ਰਕਬਾ 2,161 ਹੈਕਟੇਅਰ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1224, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-12-10-38-01, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਗੁ. ਗੋ. ਮਿ. ਮਾ. 55 ; ਡਿ. ਸੈਂ. ਹੈਂ. ਬੁ. -ਬਠਿੰਡਾ
ਵਿਚਾਰ / ਸੁਝਾਅ
Please Login First