ਮੋਹਨ ਸਿੰਘ ਵੈਦ, ਭਾਈ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੋਹਨ ਸਿੰਘ ਵੈਦ, ਭਾਈ (1881-1936 ਈ.): ਗੁਰਮਤਿ ਅਤੇ ਵਿਦਿਆ ਦੇ ਵਿਸਤਾਰ ਲਈ ਪ੍ਰਤਿਬਧ ਭਾਈ ਮੋਹਨ ਸਿੰਘ ਵੈਦ ਦਾ ਜਨਮ 7 ਮਾਰਚ 1881 ਈ. ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਤਰਨਤਾਰਨ ਨਗਰ ਵਿਚ ਹੋਇਆ। ਆਪ ਦੇ ਪਿਤਾ ਸ. ਜੈਮਲ ਸਿੰਘ ਤਰਨਤਾਰਨ ਦੇ ਪ੍ਰਸਿੱਧ ਵੈਦ ਸਨ। ਚਾਰ ਭਰਾਵਾਂ ਵਿਚੋਂ ਸਭ ਤੋਂ ਛੋਟੇ ਮੋਹਨ ਸਿੰਘ ਨੇ ਵੈਦਗਦੀ ਦੇ ਕਿੱਤੇ ਨੂੰ ਅਪਣਾਇਆ। ਉਹ ਵਿਦਿਆ ਪ੍ਰਾਪਤੀ ਲਈ ਕਿਸੇ ਸਕੂਲ ਵਿਚ ਦਾਖ਼ਲ ਨ ਹੋਏ, ਬਸ ਤਰਨਤਾਰਨ ਦੀ ਗੁਰਮੁਖੀ ਪਾਠਸ਼ਾਲਾ ਵਿਚੋਂ ਭਾਈ ਨਰਾਇਣ ਸਿੰਘ, ਭਾਈ ਮੰਗਲ ਸਿੰਘ ਅਤੇ ਭਾਈ ਜੀਵਨ ਸਿੰਘ ਤੋਂ ਗੁਰਮੁਖੀ ਅੱਖਰ-ਬੋਧ ਪ੍ਰਾਪਤ ਕੀਤਾ ਅਤੇ ਭਾਰਤੀ ਸੰਸਕ੍ਰਿਤੀ ਨਾਲ ਸੰਬੰਧਿਤ ਗ੍ਰੰਥਾਂ ਤੋਂ ਇਲਾਵਾ ਗੁਰਬਾਣੀ ਦਾ ਨਿਠ ਕੇ ਅਧਿਐਨ ਕੀਤਾ। ਫਿਰ ਪੰਡਿਤ ਸ਼ਿਵ ਦਿਆਲ ਦੀ ਦੇਖ-ਰੇਖ ਵਿਚ 18 ਵਰ੍ਹਿਆਂ ਦੀ ਉਮਰ ਤਕ ਵੈਦਗੀ ਵਿਚ ਨਿਪੁਣਤਾ ਹਾਸਲ ਕੀਤੀ ਅਤੇ ਨਾਲ ਨਾਲ ਸਿੱਖ ਇਤਿਹਾਸ ਨਾਲ ਸੰਬੰਧਿਤ ਗ੍ਰੰਥਾਂ ਦਾ ਅਧਿਐਨ ਕੀਤਾ।

ਵੈਦ ਜੀ ਨੂੰ ਧਾਰਮਿਕ ਸੰਸਕਾਰ ਘਰੋਂ ਹੀ ਪ੍ਰਾਪਤ ਹੋਏ ਸਨ। ਸਿੱਖ ਧਰਮ ਦੇ ਪ੍ਰਚਾਰ ਵਲ ਰੁਚਿਤ ਹੋਣਾ ਉਨ੍ਹਾਂ ਨੂੰ ਵਿਰਸੇ ਵਿਚ ਮਿਲਿਆ ਸੀ। ਸੰਨ 1894 ਈ. ਵਿਚ ਆਪ ਨੇ ‘ਖ਼ਾਲਸਾ ਵਿਦਿਆਰਥੀ ਸਭਾ ’ ਕਾਇਮ ਕੀਤੀ ਅਤੇ ਖ਼ੁਦ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ। ਸੰਨ 1905 ਈ. ਵਿਚ ‘ਖ਼ਾਲਸਾ ਭੁਜੰਗੀ ਸਭਾ’ ਦੀ ਸਥਾਪਨਾ ਕੀਤੀ। ਧਾਰਮਿਕ ਸੇਵਾ , ਸਮਾਜ ਸੇਵਾ ਅਤੇ ਸਾਹਿਤ ਸੇਵਾ ਪ੍ਰਤਿ ਵੈਦ ਜੀ ਦੀ ਵਿਸ਼ੇਸ਼ ਰੁਚੀ ਰਹੀ ਸੀ। ਆਪ ਸਚੇ ਸੁੱਚੇ ਵਿਦਵਾਨ ਸਨ। ਇਨ੍ਹਾਂ ਦੀ ਧਾਰਣਾ ਸੀ ਕਿ ਮਨੁੱਖ ਦੇ ਜੀਵਨ ਦੀ ਪੂਰਣਤਾ ਲਈ ਸਭ ਤੋਂ ਪਹਿਲੀ ਅਤੇ ਬੁਨਿਆਦੀ ਲੋੜ ਵਿਦਿਆ ਹੈ। ਇਸੇ ਆਸ਼ੇ ਨੂੰ ਮੁਖ ਰਖਦਿਆਂ ਵੈਦ ਜੀ ਨੇ ਜੀਵਨ ਭਰ ਵਿਦਿਆ ਦੇ ਪ੍ਰਚਾਰ ਲਈ ਘਾਲਣਾ ਘਾਲੀ ਅਤੇ ਵਿਦਿਅਕ ਸੰਸਥਾਵਾਂ ਨੂੰ ਵਿਕਾਸ ਲਈ ਉਤਸਾਹਿਤ ਕੀਤਾ। ਸੰਨ 1914 ਈ. ਵਿਚ ਤਰਨਤਾਰਨ ਨਗਰ ਅੰਦਰ ‘ਗੁਰੂ ਅਰਜਨ ਦੇਵ ਪ੍ਰਾਇਮਰੀ ਸਕੂਲ’ ਖੋਲ੍ਹਿਆ, ਜੋ 1919 ਈ. ਵਿਚ ਹਾਈ ਸਕੂਲ ਬਣ ਗਿਆ। ਲੜਕੀਆਂ ਦੀ ਵਿਦਿਅਕ ਉਨਤੀ ਵਲ ਉਚੇਚਾ ਧਿਆਨ ਦਿੱਤਾ। ਸੰਨ 1924 ਈ. ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਤਾ ਨਾਲ ‘ਗੁਰੂ ਅਰਜਨ ਦੇਵ ਕੰਨਿਆ ਪਾਠਸ਼ਾਲਾ’ ਸ਼ੁਰੂ ਕੀਤੀ।

ਵੈਦ ਜੀ ਦਾ ਪੰਜਾਬੀ ਭਾਸ਼ਾ ਅਤੇ ਸਾਹਿਤ ਵਲ ਉਚੇਚਾ ਝੁਕਾ ਸੀ। ਇਨ੍ਹਾਂ ਦੇ ਵਿਚਾਰ ਅਨੁਸਾਰ ਕੋਈ ਦੇਸ਼ ਤਦ ਤਕ ਉਨਤੀ ਨਹੀਂ ਕਰ ਸਕਦਾ, ਜਦ ਤਕ ਉਸ ਦੇਸ਼ ਦੀ ਭਾਸ਼ਾ ਉੱਨਤ ਨਹੀਂ ਹੁੰਦੀ। ਇਸ ਤੋਂ ਇਲਾਵਾ ਇਨ੍ਹਾਂ ਦਾ ਇਸ ਗੱਲ ਵਿਚ ਵੀ ਦ੍ਰਿੜ੍ਹ ਵਿਸ਼ਵਾਸ ਸੀ ਕਿ ਵਿਚਾਰਾਂ ਨੂੰ ਜਿਤਨੇ ਸੌਖ ਅਤੇ ਉਚਿਤ ਢੰਗ ਨਾਲ ਆਪਣੀ ਮਾਤ ਭਾਸ਼ਾ ਵਿਚ ਪ੍ਰਗਟ ਕੀਤਾ ਜਾ ਸਕਦਾ ਹੈ, ਉਤਨੀ ਸਫਲਤਾ ਨਾਲ ਦੂਜੀ ਭਾਸ਼ਾ ਵਿਚ ਪ੍ਰਗਟ ਨਹੀਂ ਕੀਤਾ ਜਾ ਸਕਦਾ। ਪੰਜਾਬੀ ਭਾਸ਼ਾ ਦੇ ਭੰਡਾਰ ਨੂੰ ਭਰਨ ਲਈ ਅਤੇ ਉਸ ਵਿਚ ਹਰ ਪ੍ਰਕਾਰ ਦੇ ਗਿਆਨ ਨਾਲ ਸੰਬੰਧਿਤ ਅਨੇਕ ਪ੍ਰਕਾਰ ਦੀਆਂ ਪੁਸਤਕਾਂ ਲਿਖਵਾਉਣ ਲਈ ਆਪ ਨੇ ‘ਸਵਦੇਸ਼ ਭਾਸ਼ਾ ਪ੍ਰਚਾਰਕ ਲੜੀ ’ ਜਾਰੀ ਕੀਤੀ। ਇਨ੍ਹਾਂ ਨੇ ਵਖ ਵਖ ਵਿਸ਼ਿਆਂ’ਤੇ ਪੰਜਾਬੀ ਵਿਚ ਕਿਤਾਬਾਂ ਅਤੇ ਕਿਤਾਬਚੇ ਲਿਖੇ ਅਤੇ ਹੋਰਨਾਂ ਵਿਦਵਾਨਾਂ ਨੂੰ ਵੀ ਪੰਜਾਬੀ ਵਿਚ ਲਿਖਣ ਲਈ ਪ੍ਰੇਰਿਆ। ਵੈਦ ਜੀ ਨੇ ਆਪਣੇ ਰਚੇ ਸਾਹਿਤ (ਨਾਵਲ, ਵਾਰਤਾਵਾਂ, ਕਹਾਣੀਆਂ ਅਤੇ ਵਿਖਿਆਨ) ਵਿਚ ਨੈਤਿਕ ਗਿਰਾਵਟਾਂ, ਸਮਾਜਿਕ ਸਮਸਿਆਵਾਂ ਅਤੇ ਪੱਛਮੀ ਸਭਿਅਤਾ ਦੇ ਕੁਪ੍ਰਭਾਵਾਂ ਉਤੇ ਵਿਅੰਗਾਤਮਕ ਢੰਗ ਨਾਲ ਚਾਨਣਾ ਪਾਇਆ। ਇਨ੍ਹਾਂ ਨੇ ਆਪਣੀ ਕਵਿਤਾ ਵਿਚ ਦੇਸ਼ -ਪਿਆਰ, ਸਮਾਜ-ਸੁਧਾਰ ਅਤੇ ਧਰਮ-ਪ੍ਰਚਾਰ ਨੂੰ ਅਭਿਵਿਅਕਤ ਕੀਤਾ।

ਵੈਦ ਜੀ ਨੇ ਆਪਣੀ ਨਿੱਤ ਦੀ ਗਤਿਵਿਧੀ ਨੂੰ ਲਿਖਣ ਲਈ ਡਾਇਰੀ-ਵਿਧੀ ਦੀ ਵਰਤੋਂ ਸ਼ੁਰੂ ਕੀਤੀ। ਇਨ੍ਹਾਂ ਦੀ ਡਾਇਰੀ ਤੋਂ ਸਮਕਾਲੀ ਧਾਰਮਿਕ ਲਹਿਰਾਂ ਅਤੇ ਰਾਜਨੈਤਿਕ ਉਤਾਰ-ਚੜ੍ਹਾਵਾਂ ਦਾ ਭਰਪੂਰ ਅਤੇ ਵਿਸ਼ਵਸਤ ਗਿਆਨ ਪ੍ਰਾਪਤ ਹੁੰਦਾ ਹੈ। ਆਪ ਨੇ ਪੰਜਾਬੀ ਪੱਤਰਕਾਰੀ ਦੇ ਵਿਕਾਸ ਵਿਚ ਵੀ ਉਚੇਚੀ ਰੁਚੀ ਵਿਖਾਈ। ਇਨ੍ਹਾਂ ਨੇ ਸੰਨ 1906 ਈ. ਵਿਚ ‘ਦੂਖਨਿਵਾਰਨ’ ਨਾਂ ਦਾ ਮਾਸਿਕ ਪੱਤਰ ਸ਼ੁਰੂ ਕੀਤਾ ਅਤੇ ਆਪਣੇ ਵਿਚਾਰਾਂ ਨੂੰ ਲੋਕਾਂ ਤਕ ਪਹੁੰਚਾਇਆ। ਪੰਜਾਬੀ ਭਾਸ਼ਾ ਦੀ ਗੋਦ ਨੂੰ ਭਰਨ ਲਈ ਆਪ ਨੇ ਹੋਰਨਾਂ ਭਾਸ਼ਾਵਾਂ ਵਿਚ ਛਪੀਆਂ ਉੱਤਮ ਪੁਸਤਕਾਂ ਦੇ ਖ਼ੁਦ ਅਨੁਵਾਦ ਕੀਤੇ ਅਤੇ ਛਪਵਾਏ ਅਤੇ ਅਜਿਹਾ ਕਰਨ ਲਈ ਹੋਰਨਾਂ ਨੂੰ ਵੀ ਪ੍ਰੇਰਿਤ ਕੀਤਾ।

ਗੁਰਮਤਿ ਦੀ ਸਿੱਧਾਂਤਿਕ ਵਿਆਖਿਆ ਵਿਚ ਆਪ ਦੀ ਬਹੁਤ ਰੁਚੀ ਸੀ। ਛੋਟੀ ਉਮਰ ਵਿਚ ਹੀ ਇਹ ਸਿੰਘ ਸਭਾ ਦੇ ਮੈਂਬਰ ਬਣ ਗਏ। ਭ੍ਰਸ਼ਟਾਚਾਰ ਅਤੇ ਧਰਮ­ਵਿਰੋਧੀ ਤੱਤ੍ਵਾਂ ਦੇ ਇਹ ਸ਼ੁਰੂ ਤੋਂ ਖ਼ਿਲਾਫ਼ ਸਨ। ਸਿੱਖੀ ਦੇ ਪ੍ਰਚਾਰ ਲਈ ਇਹ ਸਦਾ ਤਤਪਰ ਰਹਿੰਦੇ ਸਨ। ਭਾਈ ਵੀਰ ਸਿੰਘ ਨਾਲ ਇਨ੍ਹਾਂ ਦਾ ਨਿਕਟ ਸੰਪਰਕ ਸੀ। ਸੰਨ 1921 ਈ. ਵਿਚ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣਿਆ ਗਿਆ। ਗੁਰਦੁਆਰਾ ਸੁਧਾਰ ਲਹਿਰ ਵਿਚ ਡਟ ਕੇ ਹਿੱਸਾ ਲਿਆ। ਸੰਨ 1924 ਅਤੇ 1926 ਈ. ਵਿਚ ਗ੍ਰਿਫ਼ਤਾਰ ਵੀ ਹੋਏ। ਤਰਨਤਾਰਨ ਗੁਰੂ-ਧਾਮ ਦੇ ਸੁਧਾਰ ਵਿਚ ਬਹੁਤ ਰੁਚੀ ਲਈ। ਗੁਰੂ-ਧਾਮਾਂ ਦੀ ਯਾਤ੍ਰਾ ਲਈ ਵੀ ਵਿਵਸਥਾ ਕੀਤੀ।

ਵੈਦ ਜੀ ਨੇ ਲਗਭਗ 200 ਪੁਸਤਕਾਂ ਅਤੇ ਟ੍ਰੈਕਟ ਲਿਖੇ। ਆਪ ਦੀਆਂ ਕਈ ਪੁਸਤਕਾਂ ਉਤੇ ਇਨਾਮ ਮਿਲੇ। ਪੁਸਤਕਾਂ ਪੜ੍ਹਨ ਵਿਚ ਇਨ੍ਹਾਂ ਦੀ ਅਪਾਰ ਰੁਚੀ ਸੀ। ਹਰ ਨਵੀਂ ਛਪੀ ਪੁਸਤਕ ਮੰਗਵਾਉਂਦੇ, ਪੜ੍ਹਦੇ ਅਤੇ ਫਿਰ ਆਪਣੀ ਲਾਇਬ੍ਰੇਰੀ ਵਿਚ ਸੰਭਾਲ ਰਖਦੇ। ਇਨ੍ਹਾਂ ਦੀਆਂ ਸੰਭਾਲੀਆਂ ਲਗਭਗ 20 ਹਜ਼ਾਰ ਪੁਸਤਕਾਂ/ਟ੍ਰੈਕਟ ਆਪ ਦੇ ਪੁੱਤਰਾਂ ਨੇ ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਨੂੰ ਪ੍ਰਦਾਨ ਕੀਤੇ। ਵੈਦ ਜੀ ਦਾ ਦੇਹਾਂਤ 3 ਅਕਤੂਬਰ 1936 ਈ. ਵਿਚ ਤਰਨਤਾਰਨ ਵਿਚ ਹੋਇਆ। 55 ਵਰ੍ਹਿਆਂ ਦੀ ਅਲਪ ਆਯੂ ਵਿਚ ਹੀ ਆਪ ਨੇ ਮਹੱਤਵਪੂਰਣ ਕੰਮ ਸਿਰੇ ਚੜ੍ਹਾਏ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.