ਗੋਲਡਿੰਗ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੋਲਡਿੰਗ (1911–1993): ਨੋਬੇਲ ਇਨਾਮ ਵਿਜੇਤਾ ਵਿਲੀਅਮ ਜੈਰਲਡ ਗੋਲਡਿੰਗ (William Golding) ਇੰਗਲੈਂਡ ਦਾ ਇੱਕ ਪ੍ਰਸਿੱਧ ਨਾਵਲਕਾਰ ਹੋਇਆ ਹੈ, ਜਿਸ ਨੇ ਵਿਸ਼ਵ ਭਰ ਦੇ ਸਮਕਾਲੀ ਨਾਵਲਕਾਰਾਂ ਅਤੇ ਅੰਗਰੇਜ਼ੀ ਨਾਵਲਕਲਾ ਨੂੰ ਵਿਸ਼ਾਲ ਪੱਧਰ ’ਤੇ ਪ੍ਰਭਾਵਿਤ ਕੀਤਾ। ਗੋਲਡਿੰਗ ਦਾ ਜਨਮ 1911 ਵਿੱਚ ਹੋਇਆ। ਉਸ ਦਾ ਪਿਤਾ ਅਗਾਂਹ-ਵਧੂ ਵਿਚਾਰਾਂ ਵਾਲਾ, ਰਾਜਨੀਤੀ ਵਿੱਚ ਦਿਲਚਸਪੀ ਲੈਣ ਵਾਲਾ, ਇੱਕ ਉਤਸ਼ਾਹੀ ਵਿਅਕਤੀ ਸੀ, ਜਿਸ ਦਾ ਵਿਗਿਆਨ ਅਤੇ ਭਵਿੱਖ ਵਿੱਚ ਡੂੰਘਾ ਵਿਸ਼ਵਾਸ ਸੀ। ਗੋਲਡਿੰਗ ਦੀਆਂ ਆਪਣੀਆਂ ਰਚਨਾਵਾਂ ਭਾਵੇਂ ਸਪਸ਼ਟ ਰੂਪ ਵਿੱਚ ਨਹੀਂ ਪਰ ਅਪ੍ਰਤੱਖ ਰੂਪ ਵਿੱਚ ਧਾਰਮਿਕ ਬਿਰਤੀ ਵਾਲੀਆਂ ਹਨ, ਕਿਉਂਕਿ ਗੋਲਡਿੰਗ ਨੇ ਈਸਾਈ ਧਰਮ ਦੀ ‘ਮੁਢਲੇ ਪਾਪ’ ਵਾਲੀ ਕਥਾ ਨੂੰ ਮੁੜ-ਮੁੜ ਪੇਸ਼ ਕੀਤਾ ਹੈ। ਗੋਲਡਿੰਗ ਦਾ ਧਿਆਨ ਮਨੁੱਖੀ ਵਿਹਾਰ ਦੇ ਮਨਫ਼ੀ ਪੱਖਾਂ ਵੱਲ ਵਧੇਰੇ ਗਿਆ ਹੈ। ਗੋਲਡਿੰਗ ਨੇ ਉਨ੍ਹੀਵੀਂ ਸਦੀ ਦੇ ਆਸ਼ਾਵਾਦ ਅਤੇ ਆਦਰਸ਼ਵਾਦ ਨੂੰ ਵੀਹਵੀਂ ਸਦੀ ਦੇ ਕਰੂਪ ਯਥਾਰਥਵਾਦ ਨਾਲ ਟਕਰਾਉਂਦਿਆਂ ਵਿਖਾਇਆ ਹੈ। ਗੋਲਡਿੰਗ ਨੇ ਲਿਖਣ ਦਾ ਕਾਰਜ 1945 ਦੇ ਨੇੜੇ-ਤੇੜੇ ਅਰੰਭ ਕੀਤਾ, ਜਦੋਂ ਸਾਰੇ ਸੰਸਾਰ ਵਿੱਚ ਅਤੇ ਵਿਸ਼ੇਸ਼ ਕਰ ਕੇ ਯੂਰਪ ਵਿੱਚ ਦੂਜੇ ਵਿਸ਼ਵ ਯੁੱਧ ਉਪਰੰਤ ਸੰਘਣੀ ਉਦਾਸੀ ਅਤੇ ਮਾਯੂਸੀ ਵਾਲਾ ਵਾਤਾਵਰਨ ਸੀ।

     ਗੋਲਡਿੰਗ ਨੇ ਆਕਸਫ਼ੋਰਡ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ 1960 ਤੱਕ ਉਸ ਨੇ ਇੱਕ ਸਕੂਲ ਅਧਿਆਪਕ ਵਜੋਂ ਕਾਰਜ ਕੀਤਾ। ਉਸ ਦਾ ਪਹਿਲਾ ਨਾਵਲ 1954 ਵਿੱਚ ਛਪਿਆ, ਜਿਸ ਵਿੱਚ ਉਸ ਨੇ ਇੱਕ ਟਾਪੂ ਉੱਤੇ ਲੜਕਿਆਂ ਦੇ ਇੱਕ ਟੋਲੇ ਨੂੰ ਨਿਰਦਈ ਭਾਵਨਾਵਾਂ ਅਤੇ ਹਿੰਸਕ ਕਾਰਜਾਂ ਵਾਲਾ ਜੀਵਨ ਬਤੀਤ ਕਰਦਿਆਂ ਵਿਖਾਇਆ ਹੈ। ਗੋਲਡਿੰਗ ਦੇ ਮਗਰਲੇ ਨਾਵਲ ਵੀ ਸਮਾਜ ਦੀ ਨਿਘਰੀ ਅਵਸਥਾ ਨੂੰ ਹੀ ਪੇਸ਼ ਕਰਦੇ ਹਨ। ਗੋਲਡਿੰਗ ਦਾ ਵਿਸ਼ਵਾਸ ਸੀ ਕਿ ਮਨੁੱਖ ਬਦੀ ਨੂੰ ਓਵੇਂ ਹੀ ਉਪਜਾਉਂਦਾ ਹੈ, ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਉਪਜਾਉਂਦੀਆਂ ਹਨ। ਵਾਸਤਵ ਵਿੱਚ ਦੂਜੇ ਵਿਸ਼ਵ ਯੁੱਧ ਨਾਲ ਮੱਚੀ ਤਬਾਹੀ ਦਾ ਗੋਲਡਿੰਗ ਉੱਤੇ ਡੂੰਘਾ ਪ੍ਰਭਾਵ ਸੀ ਅਤੇ ਉਸ ਦਾ ਵਿਸ਼ਵਾਸ ਸੀ ਕਿ ਹਿੰਸਕ ਅਤੇ ਨੀਚ ਵਿਹਾਰ ਹੀ ਮਨੁੱਖ ਦਾ ਸੁਭਾਵਿਕ ਵਿਹਾਰ ਹੈ, ਜਦੋਂ ਕਿ ਸਾਊ ਅਤੇ ਸਹਿਯੋਗੀ ਵਿਹਾਰ ਬਣਾਵਟੀ ਅਤੇ ਪਖੰਡੀ ਵਿਹਾਰ ਹੈ। ਗੋਲਡਿੰਗ ਦਾ ਪ੍ਰਭਾਵ ਉਸ ਦੇ ਨਿਰਾਸ਼ਾਵਾਦੀ ਹੋਣ ਕਰ ਕੇ ਹੈ।

     ਗੋਲਡਿੰਗ ਦੇ ਨਾਵਲਾਂ ਦਾ ਛਪਣਾ 1954 ਵਿੱਚ ਅਰੰਭ ਹੋਇਆ ਅਤੇ ਇਹ 1987 ਤੱਕ ਜਾਰੀ ਰਿਹਾ। ਗੋਲਡਿੰਗ ਆਪਣੇ ਪਹਿਲੇ ਹੀ ਨਾਵਲ ਲਾਰਡ ਆਫ਼ ਦਾ ਫਲਾਈਜ਼ (1954) ਨਾਲ ਹੀ ਪ੍ਰਸਿੱਧ ਹੋ ਗਿਆ। ਇਸ ਨਾਵਲ ਨੂੰ 1963 ਵਿੱਚ ਫ਼ਿਲਮਾਇਆ ਵੀ ਗਿਆ। ਇਸ ਨਾਵਲ ਦੀ ਪ੍ਰਸਿੱਧੀ ਦਾ ਕਾਰਨ ਇਸ ਨਾਵਲ ਵਿਚਲੀ ਨਾਵਲ- ਕਲਾ ਨਹੀਂ, ਇਸ ਨਾਵਲ ਦਾ ਵਿਸ਼ਾ ਹੈ। ਇਸ ਨਾਵਲ ਰਾਹੀਂ ਗੋਲਡਿੰਗ ਨੇ ਬੈਲੇਨਟਾਈਨ ਦੀ ਕਥਾ ਦਾ ਕੋਰਲ ਆਈਲੈਂਡ ਨੂੰ ਹੀ ਅੱਗੇ ਤੋਰਿਆ ਹੈ। ਲਾਰਡ ਆਫ਼ ਦਾ ਫਲਾਈਜ਼ ਵਿੱਚ ਗੋਲਡਿੰਗ ਨੇ ਆਪਣਾ ਪਲਾਟ ਇੱਕ ਰੇਤਲੇ ਟਾਪੂ ਉੱਤੇ ਇੰਗਲੈਂਡ ਵਿੱਚ ਚਰਚ ਵੱਲੋਂ ਚਲਾਏ ਜਾਂਦੇ ਲੜਕਿਆਂ ਦੇ ਇੱਕ ਸਕੂਲ ਦੇ ਇੱਕ ਟੋਪੇ ਦੇ ਘਿਰ ਜਾਣ ਦੀ ਸਥਿਤੀ ’ਤੇ ਉਸਾਰਿਆ ਹੈ। ਲੜਕਿਆਂ ਦੀ ਇਹ ਟੋਲੀ ਸੱਭਿਆਚਾਰ ਅਤੇ ਸੱਭਿਅਤਾ ਦੇ ਸਾਰੇ ਉਪਦੇਸ਼ਾਂ ਅਤੇ ਪ੍ਰਾਪਤੀਆਂ ਨੂੰ ਭੁਲਾ ਕੇ ਅਸੱਭਿਅਕ, ਹਿੰਸਕ ਅਤੇ ਕਤਲ ਜਿਹੇ ਕਾਰਜਾਂ ਵਿੱਚ ਰੁਝ ਜਾਂਦੀ ਹੈ। ਇਹ ਟਾਪੂ ਸਾਰੇ ਸੰਸਾਰ ਤੋਂ ਕੱਟਿਆ ਹੋਇਆ ਹੈ, ਇੱਥੇ ਕੁੱਝ ਵੀ ਅਜਿਹਾ ਨਹੀਂ, ਜਿਸ ਨੂੰ ਬਾਕੀ ਦੀ ਦੁਨੀਆ ਨਾਲ ਸੰਪਰਕ ਕਿਹਾ ਜਾ ਸਕੇ। ਵੱਡਿਆਂ ਦਾ ਇੱਥੇ ਕੋਈ ਦਖ਼ਲ ਨਹੀਂ। ਇਸ ਨਾਵਲ ਰਾਹੀਂ ਗੋਲਡਿੰਗ ਨੇ ਈਸਾਈ ਧਰਮ ਦੇ ਮੁਢਲੇ ਪਾਪ ਦੀ ਕਥਾ ਦੇ ਹਵਾਲੇ ਦਿੱਤੇ ਹਨ ਅਤੇ ਬੈਲੇਨਟਾਈਨ ਦੀ ਕਥਾ ਨੂੰ ਉਲਟਾ-ਪੁਲਟਾ ਕਰ ਕੇ ਪੇਸ਼ ਕੀਤਾ ਹੈ। ਬੈਲੇਨਟਾਈਨ ਦੀ ਦਾ ਕੋਰਲ ਆਈਲੈਂਡ ਵਿੱਚ ਲੇਖਕ ਨੇ ਉਤਸ਼ਾਹੀ ਅਤੇ ਸਥਿਤੀਆਂ ਦਾ ਸੂਝ-ਬੂਝ ਨਾਲ ਸਾਮ੍ਹਣਾ ਕਰਨ ਵਾਲੇ ਲੜਕਿਆਂ ਦੀ ਕਹਾਣੀ ਨੂੰ ਪੇਸ਼ ਕੀਤਾ ਸੀ। ਦਾ ਕੋਰਲ ਆਈਲੈਂਡ ਦੀ ਕਹਾਣੀ (1857) ਵੀ ਇੱਕ ਰੇਤਲੇ ਟਾਪੂ ’ਤੇ ਵਾਪਰਦੀ ਹੈ, ਜਿੱਥੇ ਲੜਕੇ ਆਪਣੇ ਸਾਹਸ ਅਤੇ ਸਿਦਕ ਨਾਲ ਹਰ ਮੁਸ਼ਕਲ ਦਾ ਸਫਲਤਾ-ਸਹਿਤ ਮੁਕਾਬਲਾ ਕਰ ਕੇ ਸਥਿਤੀ ਨੂੰ ਆਪਣੇ ਪੱਖ ਵਿੱਚ ਕਰ ਲੈਂਦੇ ਹਨ। ਕਥਾ ਦੇ ਅੰਤ ਤੇ ਸਮੁੰਦਰੀ ਫ਼ੌਜ ਦਾ ਇੱਕ ਅਫ਼ਸਰ ਜਦੋਂ ਇਹਨਾਂ ਲੜਕਿਆਂ ਨੂੰ ਬਚਾਉਣ ਲਈ ਟਾਪੂ ’ਤੇ ਪਹੁੰਚਦਾ ਹੈ ਤਾਂ ਉਹ ਸਥਿਤੀ ਵੇਖ ਕੇ ਕਹਿੰਦਾ ਹੈ, “ਮੈਂ ਤਾਂ ਸੋਚਿਆ ਸੀ ਕਿ ਅੰਗਰੇਜ਼ੀ ਲੜਕਿਆਂ ਨੇ ਆਪਣੀ ਸੂਝ-ਸਿਆਣਪ ਨਾਲ ਚੰਗੀ ਕਾਰਗੁਜ਼ਾਰੀ ਵਿਖਾਈ ਹੋਵੇਗੀ। ਗੋਲਡਿੰਗ ਨੇ ਮਨੁੱਖੀ ਵਿਹਾਰ ਦੇ ਹਨੇਰੇ ਪੱਖਾਂ ਨੂੰ ਬਹੁ-ਪਰਤੀ ਵਿਸਤਾਰਾਂ ਵਿੱਚ ਆਪਣੇ ਮਗਰਲੇ ਨਾਵਲਾਂ ਵਿੱਚ ਵੀ ਪੇਸ਼ ਕੀਤਾ ਹੈ।"

     ਗੋਲਡਿੰਗ ਆਪਣੇ ਸਮਕਾਲੀਆਂ ਯੀਟਸ, ਈਲੀਅਟ, ਜਾਇਸ ਜਾਂ ਜੋਨਜ਼ ਵਾਂਗ ਪੁਰਾਤਨ ਮਿਥਿਹਾਸਿਕ ਕਥਾ ਨੂੰ ਜਿਉਂ ਦਾ ਤਿਉਂ ਦੁਹਰਾਉਣ ਵਿੱਚ ਵਿਸ਼ਵਾਸ ਨਹੀਂ ਸੀ ਰੱਖਦਾ। ਉਹ ਸਮੁੱਚੀ ਸਥਿਤੀ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ, ਨਵੇਂ ਅਰਥਾਂ ਵਿੱਚ, ਨਵੀਆਂ ਸਥਿਤੀਆਂ ਵਿੱਚ ਪੇਸ਼ ਕਰਨਾ ਚਾਹੁੰਦਾ ਸੀ। ਉਦਾਹਰਨ ਵਜੋਂ ਰੇਤਲੇ ਟਾਪੂ ’ਤੇ ਭੈੜੇ ਤੇ ਨੀਚ ਵਿਹਾਰ ਵਿਖਾਉਣ ਵਾਲੇ ਲੜਕੇ ਇੰਗਲੈਂਡ ਦੀ ਨਿਘਰੀ ਸਥਿਤੀ ਦੇ ਹੀ ਪ੍ਰਤਿਨਿਧ ਨਹੀਂ ਸਗੋਂ ਉਹ ਸਮੁੱਚੀ ਮਾਨਵਜਾਤੀ ਦੇ ਪ੍ਰਤਿਨਿਧ ਹਨ।

     ਆਪਣੇ ਅਗਲੇ ਨਾਵਲ ਦਾ ਇਨਹੇਰਟਰਜ਼ (1955) ਵਿੱਚ ਗੋਲਡਿੰਗ ਪ੍ਰਾਚੀਨ ਸਮਾਜ ਦੇ ਉਸ ਕਾਲ ਨੂੰ ਪੇਸ਼ ਕਰਦਾ ਹੈ, ਜਦੋਂ ਹਿੰਸਕ ਅਤੇ ਬਰਬਰ ਜਾਤੀਆਂ ਨੇ ਸਾਊ ਅਤੇ ਸੂਝਵਾਨ ਲੋਕਾਂ ਨੂੰ ਆਪਣੀ ਬਰਬਰਤਾ ਦਾ ਸ਼ਿਕਾਰ ਬਣਾਇਆ। ਏਵੇਂ ਹੀ ਉਸ ਦਾ ਇੱਕ ਹੋਰ ਨਾਵਲ ਪਿੰਚਰ ਮਾਰਟਿਨ (1956) ਇੱਕ ਲਾਲਚੀ ਅਤੇ ਹੈਂਕੜਬਾਜ਼ ਮਲਾਹ ਨੂੰ ਪੇਸ਼ ਕਰਦਾ ਹੈ, ਜਿਸ ਦਾ ਸਰੀਰ ਉਸ ਦੇ ਡੁੱਬ ਕੇ ਮਰਨ ਉਪਰੰਤ ਤਰਦਾ ਹੋਇਆ ਕਿਨਾਰੇ ਲੱਗਦਾ ਹੈ। ਆਪਣੇ ਨਾਵਲ ਫਰੀ ਫਾਲ (1959) ਵਿੱਚ ਗੋਲਡਿੰਗ ਨੇ ਨਿਘਰੀ ਹੋਈ ਮਾਨਵਜਾਤੀ ਨੂੰ ਵਿਗਿਆਨਿਕ ਲੱਭਤਾਂ ਦੇ ਸੰਦਰਭ ਵਿੱਚ ਪੇਸ਼ ਕੀਤਾ ਹੈ। ਉਸ ਦੇ ਨਾਵਲ ਦਾ ਸਪਾਇਰ (1964) ਦਾ ਵਿਸ਼ਾ ਜਿੱਥੇ ਵਧੇਰੇ ਠੋਸ ਸੀ, ਉੱਥੇ ਇਹ ਸਮਝਣਾ ਮੁਸ਼ਕਲ ਵੀ ਸੀ। ਇਸ ਨਾਵਲ ਵਿੱਚ ਇੱਕ ਭੈੜੇ ਪਾਦਰੀ ਦੀ ਇਹ ਇੱਛਾ ਵਿਖਾਈ ਗਈ ਹੈ ਕਿ ਉਸ ਦੇ ਗਿਰਜੇ ਦਾ ਸੰਗਮਰਮਰ ਦਾ ਇੱਕ ਮਿਨਾਰ ਹੋਵੇ। ਇਸ ਮਿਨਾਰ ਦੇ ਅਨੇਕਾਂ ਅਰਥ ਹਨ-ਜਿਵੇਂ ਭਵਨ ਨਿਰਮਾਣ ਕਲਾ ਦਾ ਨਮੂਨਾ, ਧਰਮ ਦੀ ਉੱਚਤਾ ਦਾ ਪ੍ਰਤੀਕ, ਵਿਸ਼ਾਲ ਸੋਚ ਦਾ ਧਾਰਨੀ, ਮਨੋਵਿਗਿਆਨਿਕ ਪੱਖੋਂ ਉੱਚੇ-ਸੁੱਚੇ ਹੋਣ ਦਾ ਅਭਿਲਾਸ਼ੀ, ਕਾਮਕ ਪ੍ਰਤੀਕ ਅਤੇ ਆਪਣੇ-ਆਪ ਲਈ ਡੰਡੇ ਦਾ ਪ੍ਰਤੀਕ। ਪਾਦਰੀ ਆਪਣੇ ਉਦੇਸ਼ ਵਿੱਚ ਸਫਲ ਵੀ ਹੁੰਦਾ ਹੈ ਪਰ ਅਸਫਲ ਵੀ ਹੁੰਦਾ ਹੈ। ਪ੍ਰਭਾਵਸ਼ਾਲੀ ਮਿਨਾਰ ਤਾਂ ਉੱਸਰ ਜਾਂਦਾ ਹੈ, ਪਰ ਨੀਹਾਂ ਕਮਜ਼ੋਰ ਹੋਣ ਕਰ ਕੇ ਉਹ ਡੋਲਣ ਲੱਗ ਪੈਂਦਾ ਹੈ। ਇਸ ਮਿਨਾਰ ਨੂੰ ਬੌਣੇ ਹੁੰਦੇ ਵੇਖਣਾ ਵੀ ਉਸ ਦੀ ਤਕਦੀਰ ਵਿੱਚ ਸ਼ਾਮਲ ਹੈ। ਉਹ ਆਪਣੇ ਉਦੇਸ਼ ਦੀ ਪੂਰਤੀ ਵਿੱਚ ਉੱਛਲਦਾ ਵੀ ਹੈ, ਪਰ ਇਸ ਦੇ ਕਾਮਿਕ ਅਰਥਾਂ ਤੋਂ ਭੈ-ਭੀਤ ਵੀ ਹੁੰਦਾ ਹੈ। ਉਹ ਕਦੀ-ਕਦੀ ਇਸ ਮਿਨਾਰ ਉਪਰ ਵੀ ਜਾਂਦਾ ਹੈ, ਪਰ ਡੋਲਦੇ ਆਕਾਰ ਕਾਰਨ ਚਿੰਤਾ ਵਿੱਚ ਵੀ ਗ੍ਰਸਿਆ ਜਾਂਦਾ ਹੈ। ਅੰਤ ਨੂੰ ਇਸ ਪਾਦਰੀ ਨੂੰ ਅਧਰੰਗ ਹੋ ਜਾਂਦਾ ਹੈ ਅਤੇ ਇੱਕ ਹੋਰ ਪਾਦਰੀ ਜਦੋਂ ਇਸ ਦੀ ਦੇਖ-ਭਾਲ ਕਰਦਾ ਹੈ ਤਾਂ ਇਹ ਆਪਣੀ ਜ਼ਿੰਦਗੀ ਦੇ ਅਰਥਾਂ ਦੀ ਤਲਾਸ਼ ਕਰਦਾ ਹੈ। ਸਮੁੱਚੀ ਮਾਨਵਜਾਤੀ ਦੀ ਵੀ ਇਹੀ ਸਥਿਤੀ ਹੈ।

     ਗੋਲਡਿੰਗ ਪੀੜਿਤ ਪਾਤਰਾਂ ਵਾਲਾ ਨਾਵਲਕਾਰ ਸੀ। ਗੋਲਡਿੰਗ ਦਾ ਇੱਕ ਹੋਰ ਪ੍ਰਸਿੱਧ ਨਾਵਲ ਦਾ ਪਿਰਾਮਿਡ 1967 ਵਿੱਚ ਛਪਿਆ। ਉਸ ਦੇ ਹੋਰ ਪ੍ਰਸਿੱਧ ਨਾਵਲ ਡਾਰਕਨੈਸ ਵਿਜ਼ੀਬਲ (1979), ਰਾਈਟਸ ਆਫ਼ ਪੈਸੇਜ (1980), ਦੀ ਪੇਪਰ ਮੈਨ (1984), ਕਲੋਸ਼ ਕੁਆਟਰਜ਼ (1987) ਸਨ। ਗੋਲਡਿੰਗ ਨੇ ਕੁੱਝ ਲਘੂ ਨਾਵਲ ਵੀ ਲਿਖੇ ਜਿਵੇਂ ਸਮਟਾਈਮ, ਨੈਵਰ ਅਤੇ ਦਾ ਸਕੋਰਪੀਅਨ ਗਾਡ ਨਾਂਵਾਂ ਅਧੀਨ ਛਪੇ। ਉਸ ਨੇ ਬਰਾਸ ਬੱਟਰ ਫਲਾਈ ਨਾਂ ਦਾ ਨਾਟਕ ਵੀ ਲਿਖਿਆ ਅਤੇ ਦਾ ਹਾਟ ਗੇਟਸ ਅਤੇ ਏ ਮੂਵਿੰਗ ਟਾਰਗੈਟ ਨਾਂ ਦੇ ਦੋ ਨਿਬੰਧ ਸੰਗ੍ਰਹਿ ਵੀ ਛਪਵਾਏ। ਗੋਲਡਿੰਗ ਨੂੰ 1983 ਵਿੱਚ ਨੋਬੇਲ ਇਨਾਮ ਨਾਲ ਸਨਮਾਨਿਆ ਗਿਆ।1993 ਵਿੱਚ ਗੋਲਡਿੰਗ ਕਾਲ-ਵੱਸ ਹੋ ਗਿਆ।


ਲੇਖਕ : ਨਰਿੰਦਰ ਸਿੰਘ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 649, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.