ਜਿਲਾਵਤਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਿਲਾਵਤਨੀ. ਦੇਖੋ, ਜਲਾਵਤਨੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਿਲਾਵਤਨੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Banishment_ਜਿਲਾਵਤਨੀ: ਭਾਰਤੀ ਦੰਡ ਸੰਘਤਾ 1860 ਵਿਚ ਜਿਲਾਵਤਨੀ ਦੀ ਸਜ਼ਾ ਦਾ ਉਪਬੰਧ ਸੀ। ਪਰ ਜ਼ਾਬਤਾ ਫ਼ੌਜਦਾਰੀ (ਸੋਧ) ਐਕਟ, 1955 ਦੁਆਰਾ ਇਹ ਸਜ਼ਾ ਉਡਾ ਦਿੱਤੀ ਗਈ ਹੈ। ਇਥੇ ਇਹ ਗੱਲ ਵੇਖਣ ਵਾਲੀ ਹੈ ਕਿ 1860 ਦੀ ਸੰਘਤਾ ਵਿਚ ਵੀ ਜਿਲਾਵਤਨੀ ਲਈ ਅੰਗਰੇਜ਼ੀ ਸ਼ਬਦ Bainshment ਨਹੀਂ ਸੀ ਵਰਤਿਆ ਗਿਆ ਸਗੋਂ ਉਸ ਲਈ Transportation for life ਵਰਤਿਆ ਗਿਆ ਸੀ। ਡਾ. ਹਰੀ ਸਿੰਘ ਗੌੜ ਨੇ ਆਪਣੀ ਪੁਸਤਕ ‘‘ਪੀਨਲ ਲਾਅ ਔਫ਼ ਇੰਡੀਆ (ਦਸਵੀਂ ਐਡੀਸ਼ਨ) ਦੇ ਪੰਨਾ 415 ਤੇ ਸਪਸ਼ਟ ਕੀਤਾ ਹੈ ਕਿ ‘ਟਰਾਂਸਪੋਰਟੇਸ਼ਨ ਫ਼ਾਰ ਲਾਈਫ਼’ ਜਿਲਾਵਤਨੀ ਦਾ ਹੀ ਦੂਜਾ ਨਾਂ ਹੈ। ਜਦੋਂ 1860 ਦੀ ਦੰਡ ਸੰਘਤਾ ਬਣਾਏ ਜਾਣ ਦੇ ਸਮੇਂ ਜਿਲਾਵਤਨੀ ਦਾ ਮਤਲਬ ਸਮੁੰਦਰੋਂ ਪਾਰ ਭੇਜੇ ਜਾਣ ਤੋਂ ਲਿਆ ਜਾਂਦਾ ਸੀ। ਪਹਿਲਾਂ ਪਹਿਲ ਕੇਵਲ ਅੰਡੇਮਾਨ ਦਾ ਹੀ ਇਕ ਟਾਪੂ ਸੀ ਜਿਥੇ ਕਿ ਇਸ ਸਜ਼ਾ ਨਾਲ ਦੰਡਤ ਵਿਅਕਤੀ ਨੂੰ ਭੇਜਿਆ ਜਾਂਦਾ ਸੀ। ਮੌਤ ਦੀ ਸਜ਼ਾ ਤੋਂ ਬਾਦ ਜਿਲਾਵਤਨੀ ਦੀ ਸਜ਼ਾ ਸਭ ਤੋਂ ਗੰਭੀਰ ਸਮਝੀ ਜਾਂਦੀ ਸੀ।

       ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 368(2) ਅਨੁਸਾਰ ਜਿਲਾਵਤਨੀ ਦੇ ਦੰਡ-ਹੁਕਮ ਵਿਚ ਉਹ ਥਾਂ ਨਹੀਂ ਸੀ ਉਲਿਖਤ ਕੀਤੀ ਜਾਂਦੀ ਜਿਥੇ ਕਿ ਦੰਡਤ ਵਿਅਕਤੀ ਨੂੰ ਭੇਜਿਆ ਜਾਵੇਗਾ। ‘ਦ ਪ੍ਰਿਜਨਰਜ਼ ਐਕਟ, 1900 ਦੀ ਧਾਰਾਵਾਂ 29 ਤੋਂ 32 ਵਿਚ ਇਹ ਸਪਸ਼ਟ ਕੀਤਾ ਗਿਆ ਕਿ ਜਦ ਜਿਲਾਵਤਨੀ ਦੀ ਸਜ਼ਾ ਦਿੱਤੀ ਜਾਵੇ ਤਾਂ ਇਹ ਜ਼ਰੂਰੀ ਨਹੀਂ ਕਿ ਦੰਡਤ ਵਿਅਕਤੀ ਨੂੰ ਸਮੁੰਦਰੋਂ ਪਾਰ ਹੀ ਭੇਜਿਆ ਜਾਵੇ। ਭਾਰਤ ਸਰਕਾਰ ਜਾਂ ਪ੍ਰਾਂਤਾਂ ਦੀਆਂ ਸਰਕਾਰਾਂ ਇਸ ਗੱਲ ਦੀਆਂ ਪਾਬੰਦ ਨਹੀਂ ਸਨ ਕਿ ਕੈਦੀਆਂ ਨੂੰ ਸਮੁੰਦਰੋਂ ਪਾਰ ਰਖਣ ਦਾ ਉਹ ਪ੍ਰਬੰਧ ਕਰਨ। ‘ਦ ਪ੍ਰਿਜ਼ਨਰਜ਼ ਐਕਟ 1900 ਦੀ ਧਾਰਾ 32 ਅਨੁਸਾਰ ਰਾਜ ਸਰਕਾਰ ਆਪਣੇ ਹੀ ਰਾਜ ਵਿਚ ਜਾਂ ਕਿਸੇ ਹੋਰ ਰਾਜ ਵਿਚ ਕੋਈ ਥਾਂ ਨਿਯਤ ਕਰ ਸਕਦੀ ਸੀ ਜਿਥੇ ਉਮਰ ਕੈਦ ਦੀ ਸਜ਼ਾ ਨਾਲ ਦੰਡਤ ਕੈਦੀਆਂ ਨੂੰ ਰਖਿਆ ਜਾ ਸਕਦਾ ਸੀ।

       ਇਸ ਸਜ਼ਾ ਦਾ ਮਤਲਬ ਦੰਡਤ ਵਿਅਕਤੀ ਨੂੰ ਉਸ ਦੀ ਬਾਕੀ ਉਮਰ ਲਈ ਕੈਦ ਰਖਣਾ ਸੀ। ਪਰ ਇਹ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਚੰਗੇ ਆਚਰਣ ਕਾਰਨ ਕੈਦ ਵਿਚ ਛੋਟ ਦਿੱਤੀ ਜਾ ਸਕਦੀ ਸੀ ਅਤੇ ਉਮਰ ਕੈਦ ਦੀ ਸੂਰਤ ਵਿਚ ਛੋਟ ਦਾ ਹਿਸਾਬ ਲਾਉਣ ਲਈ ਸ਼ਜਾ ਦੀ ਲੰਮਾਈ 20 ਸਾਲ ਸਮਝੀ ਜਾਂਦੀ ਸੀ।

       ਜਿਲਾਵਤਨੀ ਦੀ ਸਜ਼ਾ ਦਾ ਪਿਛੋਕੜ ਇਹ ਹੈ ਕਿ ਭਾਰਤ ਦੇ ਲੋਕ , ਖ਼ਾਸ ਕਰ ਜੋ ਸਮੁੰਦਰ ਤੋਂ ਦੂਰਦਰਾਜ਼ ਇਲਾਕਿਆਂ ਵਿਚ ਰਹਿੰਦੇ ਸਨ, ਦੇ ਮਨਾਂ ਵਿਚ ਇਸ ਸਜ਼ਾ ਦਾ ਬਹੁਤ ਡਰ ਸੀ। ਇਸ ਨਾਲ ਕੈਦੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਹੋ ਜਾਂਦੀ ਸੀ। ਕਾਲੇਪਾਣੀ ਭੇਜੇ ਜਾਣ ਦਾ ਡਰ ਅਪਰਾਧੀਆਂ ਦੇ ਮਨ ਵਿਚ ਅਪਰਾਧ ਤੋਂ ਬਾਜ਼ ਰਹਿਣ ਦੀ ਪ੍ਰੇਰਨਾ ਦਿੰਦਾ ਸੀ। ਸੱਕੇ ਸਬੰਧੀਆਂ ਤੋਂ ਸਦਾ ਲਈ ਵਿਛੋੜੇ ਜਾਣ ਦਾ ਡਰ ਮੌਤ ਦੇ ਡਰ ਨਾਲੋਂ ਵੀ ਭਿਆਨਕ ਸੀ। ਇਸ ਤੋਂ ਇਲਾਵਾ ਸਮੁੰਦਰ ਦਾ ਸਫ਼ਰ ਕਰਨ ਵਾਲੇ ਵਿਅਕਤੀ ਨੂੰ ਜਾਤ ਵਿਚੋਂ ਵੀ ਛੇਕ ਦਿੱਤਾ ਜਾਂਦਾ ਸੀ।

       ਜਿਲਾਵਤਨੀ ਦੀ ਸਜ਼ਾ ਨਿਹਾਇਤ ਹੀ ਪ੍ਰਾਚੀਨ ਸਜ਼ਾਵਾਂ ਵਿਚੋਂ ਇਕ ਸੀ ਅਤੇ ਸਿਆਸੀ ਅਪਰਾਧੀਆਂ ਬਾਗ਼ੀਆਂ, ਇਨਕਲਾਬੀਆਂ, ਦੇਸ਼ਭਗਤਾਂ ਅਤੇ ਸੁਧਾਰਕਾਂ ਨੂੰ ਆਪਣੇ ਰਸਤੇ ਵਿਚੋਂ ਹਟਾਉਣ ਲਈ ਸਰਕਾਰ ਦੇ ਹੱਥ ਵਿਚ ਕਾਰਗਰ ਹੱਥਿਆਰ ਸੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.