ਨਜ਼ਰੁਲ-ਇਸਲਾਮ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਜ਼ਰੁਲ-ਇਸਲਾਮ (1899–1976): ਕਾਜ਼ੀ ਨਜ਼ਰੁਲ- ਇਸਲਾਮ ਦੇ ਪੁਰਖੇ ਬਾਦਸ਼ਾਹ ਸ਼ਾਹ ਆਲਮ ਦੇ ਸਮੇਂ ਪਟਨੇ ਤੋਂ ਬੰਗਾਲ ਆ ਕੇ ਬਰਦਵਾਨ ਜ਼ਿਲ੍ਹੇ ਦੇ ਕਸਬਾ ਚੁਰੁਲੀਆ ਵਿੱਚ ਵੱਸ ਗਏ ਸਨ। ਇੱਥੇ ਹੀ ਪਿਤਾ ਕਾਜ਼ੀ ਫ਼ਕੀਰ ਮੁਹੰਮਦ ਦੇ ਘਰ 24 ਮਈ 1899 ਨੂੰ ਮਾਤਾ ਜ਼ਾਹਿਦਾ ਖ਼ਾਤਗ਼ਨ ਦੀ ਕੁੱਖੋਂ ਨਜ਼ਰੁਲ ਇਸਲਾਮ ਦਾ ਜਨਮ ਹੋਇਆ। ਉਸ ਦਾ ਪਿਤਾ ‘ਪੀਰ ਸਾਹਿਬ` ਦੇ ਮਜ਼ਾਰ ਦਾ ਮੁਤਵੱਲੀ ਸੀ। ਗ਼ਰੀਬ ਪਰਿਵਾਰ ਵਿੱਚ ਜੰਮੇ ਨਜ਼ਰੁਲ-ਇਸਲਾਮ ਦੀ ਮੁਢਲੀ ਸਿੱਖਿਆ ਪਰੰਪਰਾਗਤ ਮਕਤਬ ਵਿੱਚ ਹੋਈ, ਜਿੱਥੇ ਉਸ ਨੇ ਫ਼ਾਰਸੀ ਅਤੇ ਅਰਬੀ ਭਾਸ਼ਾਵਾਂ ਪੜ੍ਹੀਆਂ।

     ਛੋਟੀ ਉਮਰੇ ਹੀ ਉਹ ਪਿੰਡ ਦੀ ਲੋਕ-ਨਾਟਕ ਖੇਡਣ ਵਾਲੀ ‘ਲੇਟੋ ਪਾਰਟੀ` ਨਾਂ ਦੀ ਮੰਡਲੀ ਨਾਲ ਜੁੜ ਗਿਆ ਤੇ ਨਾਟਕਾਂ ਲਈ ਗਾਣੇ ਲਿਖਣ ਲੱਗਾ। ਉਸ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਇੱਕ ਪੁਲੀਸ ਅਫ਼ਸਰ ਕਾਜ਼ੀ ਰਫ਼ੀ ਉੱਲਾ ਉਸ ਨੂੰ ਤ੍ਰਿਸ਼ਾਲ ਲੈ ਗਿਆ ਤੇ ਦਰੀਰਾਮਪੁਰ ਸਕੂਲ ਵਿਖੇ ਦਾਖ਼ਲ ਕਰਾ ਦਿੱਤਾ। ਛੇਤੀ ਹੀ ਉਹ ਪੜ੍ਹਾਈ ਛੱਡ ਕੇ ਘਰ ਮੁੜ ਆਇਆ। ਇੱਕ ਸਥਾਨਿਕ ਜ਼ਿਮੀਂਦਾਰ ਨੇ ਉਸ ਨੂੰ ਵਜ਼ੀਫ਼ਾ ਦਿਵਾ ਕੇ ਸਿਆਰਸੋਲ ਰਾਜ ਹਾਈ ਸਕੂਲ ਵਿੱਚ ਦਾਖ਼ਲ ਕਰਾ ਦਿੱਤਾ। ਇੱਥੇ ਉਸ ਦਾ ਹੋਸਟਲ ਤੇ ਖਾਣ-ਪੀਣ ਦਾ ਖ਼ਰਚਾ ਵੀ ਮਾਫ਼ ਸੀ।

     1917 ਵਿੱਚ ਉਹ ਕ੍ਰਾਂਤੀਕਾਰੀ ਯੁਗਾਂਤਰ ਪਾਰਟੀ ਦੇ ਪ੍ਰਭਾਵ ਅਧੀਨ ਦਸਵੀਂ ਦੀ ਪੜ੍ਹਾਈ ਵਿੱਚੇ ਛੱਡ ਕੇ, ਫ਼ੌਜ ਵਿੱਚ ਭਰਤੀ ਹੋ ਗਿਆ ਕਿਉਂਕਿ ਪਾਰਟੀ ਸਮਝਦੀ ਸੀ ਫ਼ੌਜੀ ਟ੍ਰੇਨਿੰਗ ਲਏ ਬਿਨਾਂ ਭਾਰਤ ਨੂੰ ਅੰਗਰੇਜ਼ੀ ਰਾਜ ਤੋਂ ਮੁਕਤੀ ਦਿਵਾਉਣੀ ਸੰਭਵ ਨਹੀਂ। 49 ਬੰਗਾਲ ਰਜਮੈਂਟ ਵਿੱਚ ਨੌਸ਼ਹਿਰਾ ਵਿਖੇ ਟ੍ਰੇਿਨੰਗ ਲੈਂਦਿਆਂ ਤੇ ਮਗਰੋਂ ਕਰਾਚੀ ਛਾਉਣੀ ਰਹਿੰਦਿਆਂ ਇੱਕ ਪੰਜਾਬੀ ਮੌਲਵੀ ਉਸ ਦਾ ਮਿੱਤਰ ਬਣਿਆ ਜਿਸ ਦੀ ਪ੍ਰੇਰਨਾ ਸਦਕਾ ਉਸ ਨੇ ਕਾਫ਼ੀ ਸਾਰੀ ਫ਼ਾਰਸੀ ਕਵਿਤਾ ਦਾ ਬੰਗਲਾ ਵਿੱਚ ਅਨੁਵਾਦ ਕੀਤਾ। 1919 ਵਿੱਚ ਉਹ ਛੁੱਟੀ ਆਇਆ ਹੋਇਆ ਸੀ ਤਾਂ ਸਰਕਾਰ ਨੇ ਇਹ ਰਜਮੈਂਟ ਹੀ ਤੋੜ ਦਿੱਤੀ ਤੇ ਉਸ ਦੀ ਫ਼ੌਜ ਦੀ ਨੌਕਰੀ ਜਾਂਦੀ ਰਹੀ।

     ਉਹ ਬੰਗੀਆ ਮੁਸਲਮਾਨ ਸਾਹਿਤ ਪ੍ਰਤਿਕਾ ਲਈ ਲਿਖਣ ਲੱਗਾ। 1922 ਵਿੱਚ ਉਸ ਦਾ ਕਵਿਤਾ-ਸੰਗ੍ਰਹਿ ਅਗਨੀ ਵੀਣਾ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਉਸ ਦੀਆਂ ਅਮਰ ਕਵਿਤਾਵਾਂ ਪ੍ਰਲਯੋਲਾਸ ਤੇ ਵਿਦਰੋਹੀ ਸ਼ਾਮਲ ਸਨ। ਇਸੇ ਵਰ੍ਹੇ ਉਸ ਦਾ ਕਹਾਣੀ-ਸੰਗ੍ਰਹਿ ਬਈਠਰ ਦਾਨ ਤੇ ਲੇਖ-ਸੰਗ੍ਰਹਿ ਯੁਗਵਾਣੀ ਪ੍ਰਕਾਸ਼ਿਤ ਹੋਏ। ਯੁਗਵਾਣੀ ਵਿੱਚ ਉਸ ਦੇ ਉਹ ਲੇਖ ਪ੍ਰਕਾਸ਼ਿਤ ਹੋਏ ਸਨ, ਜੋ ਉਸ ਨੇ 1920 ਵਿੱਚ ਜਾਰੀ ਹੋਏ ਸ਼ੇਰੇ-ਬੰਗਾਲ ਫਜ਼ਲੁਲ-ਹਕ ਦੇ ਅਖ਼ਬਾਰ ਨਵਯੁਗ ਲਈ ਲਿਖੇ ਸਨ। ਸਰਕਾਰ ਨੇ ਇਹ ਕਿਤਾਬ ਜ਼ਬਤ ਕਰ ਲਈ। ਇਸੇ ਵਰ੍ਹੇ ਉਸ ਨੇ ਧੂਮਕੇਤੂ ਨਾ ਦਾ ਰਸਾਲਾ ਕੱਢਿਆ। 22 ਸਤੰਬਰ 1922 ਦੇ ਅਖ਼ਬਾਰ ਵਿੱਚ ਛਪੀ ਉਸ ਦੀ ਕਵਿਤਾ ਆਨੰਦਮਈਰ ਆਗਮਨੀ ਦੀ ਬਾਗ਼ੀ ਸੁਰ ਤੋਂ ਤ੍ਰਭਕ ਕੇ ਅੰਗਰੇਜ਼ ਸਰਕਾਰ ਨੇ ਉਸ ਨੂੰ ਗਰਿਫ਼ਤਾਰ ਕਰ ਲਿਆ। ਪੁਲੀਸ ਦੀਆਂ ਵਧੀਕੀਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਉਸ ਨੇ ਜੇਲ੍ਹ ਵਿੱਚ ਭੁੱਖ-ਹੜਤਾਲ ਕਰ ਦਿੱਤੀ ਜੋ ਚਾਲ੍ਹੀ ਦਿਨ ਚੱਲੀ।

     ਰਿਹਾਅ ਹੋਣ ਮਗਰੋਂ ਉਸ ਨੇ 1924 ਵਿੱਚ ਪ੍ਰਮਿਲਾ ਸੇਨ ਗੁਪਤਾ ਨਾਂ ਦੀ ਇੱਕ ਹਿੰਦੂ ਕੁੜੀ ਨਾਲ ਵਿਆਹ ਕਰ ਲਿਆ। 1925 ਵਿੱਚ ਉਹ ਬੰਗਾਲ ਪ੍ਰਾਵਿੰਸ਼ਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਤੇ ਉਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਅਧੀਨ ‘ਸ਼੍ਰਾਮਿਕ-ਪ੍ਰਜਾ ਸਵਰਾਜ ਦਲ` ਦਾ ਮੁੱਢ ਬੰਨ੍ਹਿਆ।

     1923 ਵਿੱਚ ਉਸ ਦਾ ਕਵਿਤਾ-ਸੰਗ੍ਰਹਿ ਦੋਲਨ ਚੰਪਾ ਦੇ ਨਾਂ ਹੇਠ ਛਪਿਆ। ਇਸ ਵਿੱਚ ਉਸ ਦੀਆਂ ਪਿਆਰ ਅਤੇ ਕੁਦਰਤ ਸੰਬੰਧੀ ਕਵਿਤਾਵਾਂ ਸਨ। 1924 ਵਿੱਚ ਉਸ ਦੇ ਦੋ ਹੋਰ ਕਵਿਤਾ-ਸੰਗ੍ਰਹਿ ਬਾਈਸੇਰ ਬੰਸ਼ੀ ਤੇ ਭੰਗੋਰ ਗਾਨ ਪ੍ਰਕਾਸ਼ਿਤ ਹੋਏ। ਇਹ ਦੋਵੇਂ ਸੰਗ੍ਰਹਿ ਸਰਕਾਰ ਨੇ ਜ਼ਬਤ ਕਰ ਲਏ। 1925 ਵਿੱਚ ਉਸ ਦੀਆਂ ਕ੍ਰਾਂਤੀਕਾਰੀ ਕਵਿਤਾਵਾਂ ਦਾ ਸੰਗ੍ਰਹਿ ਸਾੱਮਯਵਾਦੀ ਓ ਸਰਬਹਾਰਾਂ ਛਪਿਆ। ਇਸੇ ਵਰ੍ਹੇ ਉਸ ਦੇ ਚਾਰ ਹੋਰ ਕਾਵਿ-ਸੰਗ੍ਰਹਿ ਚਿੱਤਰਨਾਮਾ, ਛਾਯਾਨਾਦ, ਸਾੱਮਯਵਾਦੀ ਤੇ ਪੁਬੇਰ ਹਵਾ ਅਤੇ ਇੱਕ ਕਹਾਣੀ-ਸੰਗ੍ਰਹਿ ਰਿਕਤੇਰ ਬੇਦਨ ਪ੍ਰਕਾਸ਼ਿਤ ਹੋਏ। 1927 ਵਿੱਚ ਉਸ ਦੇ ਕਵਿਤਾ-ਸੰਗ੍ਰਹਿ ਫਾਨੀ ਮਾਨਸਾ ਤੇ ਨਾਵਲ ਬੰਧਨਹਾਰ ਪ੍ਰਕਾਸ਼ਿਤ ਹੋਏ। 1928 ਵਿੱਚ ਉਸ ਦੇ ਚਾਰ ਹੋਰ ਕਵਿਤਾ-ਸੰਗ੍ਰਹਿ ਸਿੰਧੂ-ਹਿੰਡੋਲ, ਸੰਚਿਤਾ, ਬੁਲਬੁਲ ਤੇ ਜੰਜ਼ੀਰ ਛਪੇ। 1929 ਵਿੱਚ ਉਸ ਦਾ ਕਵਿਤਾ-ਸੰਗ੍ਰਹਿ ਚੱਕ੍ਰਵਾਕ ਪ੍ਰਕਾਸ਼ਿਤ ਹੋਇਆ। 1930 ਵਿੱਚ ਉਸ ਦੇ ਕਵਿਤਾ-ਸੰਗ੍ਰਹਿ ਨਜ਼ਰੁਲ-ਗੀਤਿਕਾ, ਪ੍ਰਲਯਸ਼ਿਖਾ, ਚੰਦਰਬਿੰਦੂ, ਨਾਵਲ ਮ੍ਰਿੱਤੂਯੁਕਸ਼ੁਧਾ ਤੇ ਨਾਟਕ ਝਿਲਮਿਲੀ ਛਪੇ। 1931 ਵਿੱਚ ਉਸ ਦਾ ਇੱਕ ਹੋਰ ਨਾਵਲ ਕੁਹੇ ਲਿਕਾ, ਕਹਾਣੀ-ਸੰਗ੍ਰਹਿ ਅਲਯਾ ਤੇ ਗੀਤ-ਸੰਗ੍ਰਹਿ ਸ਼ਯੂਲੀਮਾਲਾ ਪ੍ਰਕਾਸ਼ਿਤ ਹੋਏ।

     ਸਾਹਿਤ-ਰਚਨਾ ਦੇ ਨਾਲ-ਨਾਲ ਉਹ ਰਾਜਨੀਤੀ ਦੇ ਖੇਤਰ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ ਸੀ। 1926 ਵਿੱਚ ਉਹ ਮਜ਼ਦੂਰ ਅੰਦੋਲਨ ਦੇ ਮੁੱਖ-ਪੱਤਰ ਗਣਵਾਣੀ ਨਾਲ ਜੁੜਿਆ ਤੇ ਸੰਨ 1930 ਵਿੱਚ ਉਸ ਨੇ ਸੈਂਟਰਲ ਲੈਜਿਸਲੇਟਿਵ ਕੌਂਸਲ ਦੀ ਚੋਣ ਲੜੀ। 1930 ਵਿੱਚ ਉਹ ਆਪਣੀ ਪੁਸਤਕ ਪ੍ਰਲਯਸ਼ਿਖਾ ਦੀ ਤਿੱਖੀ ਬਾਗ਼ੀ ਸੁਰ ਕਾਰਨ ਗਰਿਫ਼ਤਾਰ ਹੋਣ ਵਾਲਾ ਹੀ ਸੀ ਕਿ ਗਾਂਧੀ- ਇਰਵਿਨ ਪੈਕਟ ਹੋ ਗਿਆ ਤੇ ਗਰਿਫ਼ਤਾਰੀ ਟਲ ਗਈ।

     1932 ਤੋਂ 1942 ਦੇ ਦਸ ਵਰ੍ਹੇ ਉਹ ਐਚ. ਐਮ. ਵੀ., ਰੇਡੀਓ ਨਾਟਕ ਅਤੇ ਫ਼ਿਲਮਾਂ ਲਈ ਗੀਤ ਲਿਖਦਾ ਰਿਹਾ। ਭਗਤ ਧਰੁਵ ਨਾਂ ਦੀ ਇੱਕ ਫ਼ਿਲਮ ਵਿੱਚ ਉਸ ਨੇ ਨਾਰਦ ਦਾ ਰੋਲ ਵੀ ਕੀਤਾ। ਇਸ ਦੌਰਾਨ ਪ੍ਰਕਾਸ਼ਿਤ ਉਸ ਦੀਆਂ ਪੁਸਤਕਾਂ ਗੀਤੀ ਸ਼ਤਦਲ, ਗਾਨੇਰ ਮਾਲਾ, ਸੁਰਲਿਪੀ, ਸੁਰਮੁਕੁਰ ਆਦਿ ਗੀਤ-ਸੰਗੀਤ ਨਾਲ ਸੰਬੰਧਿਤ ਹਨ। ਰੋਜ਼ੀ-ਰੋਟੀ ਲਈ ਉਸ ਨੇ ਕਲਕੱਤੇ ਦੀ ਇੱਕ ਗ੍ਰਾਮੋਫ਼ੋਨ ਕੰਪਨੀ ‘ਮੈਗਾਫ਼ੋਨ ਰਿਕਾਰਡ ਕੰਪਨੀ` ਵਿੱਚ ਕੰਪੋਜ਼ਰ ਦੀ ਨੌਕਰੀ ਵੀ ਕੀਤੀ ਤੇ ਰੇਡੀਓ ਕਲਕੱਤਾ ਨਾਲ ਵੀ ਜੁੜਿਆ ਰਿਹਾ।

     ਉਹ ਨਾ ਕੇਵਲ ਸ੍ਰੇਸ਼ਠ ਕਵੀ ਹੀ ਸੀ, ਬਹੁਤ ਵਧੀਆ ਸੰਗੀਤਕਾਰ ਤੇ ਗਾਇਕ ਵੀ ਸੀ। ਸੰਗੀਤ ਦੇ ਖੇਤਰ ਵਿੱਚ ਉਸ ਨੇ ਜੋ ਧੁਨਾਂ ਮਾਂ ਕਾਲੀ ਦੀ ਪੂਜਾ ਦੇ ਗੀਤਾਂ ਲਈ ਬਣਾਈਆਂ, ਉਹ ‘ਸ਼ਿਆਮਾ ਸੰਗੀਤ` ਦੇ ਨਾਂ ਨਾਲ ਪ੍ਰਸਿੱਧ ਹੋਈਆਂ। ‘ਸ਼ਿਆਮਾ ਸੰਗੀਤ` ਨਜ਼ਰੁਲ-ਇਸਲਾਮ ਦੀ ਹੀ ਦੇਣ ਹੈ।

     1930 ਵਿੱਚ ਉਸ ਦਾ ਬੇਟਾ ਬੁਲਬੁਲ ਅਕਾਲ-ਚਲਾਣਾ ਕਰ ਗਿਆ, ਜਿਸ ਦਾ ਸਦਮਾ ਉਸ ਦੇ ਦਿਲ `ਤੇ ਬਹੁਤ ਡੂੰਘਾ ਹੋਇਆ। 1940 ਵਿੱਚ ਜੀਵਨ-ਸਾਥਣ ਵੀ ਚੱਲ ਵਸੀ। ਦੋ ਵਰ੍ਹੇ ਅਧਿਆਤਮ ਵਿੱਚੋਂ ਮਾਨਸਿਕ ਸ਼ਾਂਤੀ ਲੱਭਣ ਦੀ ਅਸਫਲ ਕੋਸ਼ਿਸ਼ ਉਪਰੰਤ ਉਹ ਦਿਮਾਗ਼ੀ ਬਿਮਾਰੀ ਦਾ ਸ਼ਿਕਾਰ ਹੋ ਗਿਆ। ਲੰਦਨ ਅਤੇ ਵੀਆਨਾ ਵਿੱਚ ਕਰਾਏ ਇਲਾਜ ਵੀ ਉਸ ਨੂੰ ਠੀਕ ਨਾ ਕਰ ਸਕੇ ਤੇ ਉਹ ਆਪਣੀ ਉਮਰ ਦੇ ਤਿੰਨ ਦਹਾਕੇ ਨੀਮ-ਬੇਹੋਸ਼ੀ ਵਿੱਚ ਗੁਜ਼ਾਰ ਕੇ ਅਖੀਰ 29 ਅਗਸਤ 1976 ਨੂੰ ਚੜ੍ਹਾਈ ਕਰ ਗਿਆ।

     ਸਾਹਿਤ ਅਤੇ ਸੰਗੀਤ ਦੇ ਖੇਤਰ ਵਿੱਚ ਨਜ਼ਰੁਲ ਇਸਲਾਮ ਦੀ ਦੇਣ ਅਤੇ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਉਸ ਦੇ ਯੋਗਦਾਨ ਦਾ ਸਤਿਕਾਰ ਕਰਦਿਆਂ ਕਲਕੱਤਾ ਯੂਨੀਵਰਸਿਟੀ ਨੇ 1945 ਵਿੱਚ ਉਸ ਨੂੰ ਆਪਣੇ ਸਰਬਉੱਚ ਸਨਮਾਨ ‘ਜਗਤਤਾਰਿਣੀ ਮੈਡਲ` ਨਾਲ ਨਿਵਾਜਿਆ। ਭਾਰਤ ਸਰਕਾਰ ਨੇ ਉਸ ਨੂੰ ‘ਪਦਮ ਵਿਭੂਸ਼ਨ` ਦਾ ਕੌਮੀ ਸਨਮਾਨ ਦਿੱਤਾ। ਭਾਰਤ ਅਤੇ ਪਾਕਿਸਤਾਨ ਦੋਵੇਂ ਸਰਕਾਰਾਂ ਨੇ ਉਸ ਨੂੰ ਪੈਨਸ਼ਨਾਂ ਦਿੱਤੀਆਂ। ਹੋਂਦ ਵਿੱਚ ਆਉਣ ਮਗਰੋਂ ਬੰਗਲਾਦੇਸ਼ ਨੇ ਉਸ ਨੂੰ ‘ਰਾਸ਼ਟਰ ਕਵੀ` ਘੋਸ਼ਿਤ ਕੀਤਾ ਤੇ ਢਾਕਾ ਯੂਨੀਵਰਸਿਟੀ ਨੇ ਵਿਸ਼ੇਸ਼ ਕਾਨਵੋਕੇਸ਼ਨ ਕਰ ਕੇ ਉਸ ਨੂੰ ਡੀ. ਲਿੱਟ ਦੀ ਡਿਗਰੀ ਪੇਸ਼ ਕੀਤੀ।

     ਨਜ਼ਰੁਲ ਇਸਲਾਮ ਦੀ ਕਵਿਤਾ ਦੇ ਦੋ ਪੱਖ ਹਨ- ਇੱਕ ਪੱਖ ਸਮਾਜਿਕ ਰਾਜਨੀਤਿਕ ਪੱਖ ਹੈ ਜਿਸ ਵਿੱਚ ਉਸ ਦੀ ਕਿਰਸਾਣਾਂ-ਮਜ਼ਦੂਰਾਂ ਪ੍ਰਤਿ ਡੂੰਘੀ ਹਮਦਰਦੀ ਭਰੀ ਹੋਈ ਹੈ। ਉਸ ਦੀਆਂ ਇਸ ਕੋਟੀ ਦੀਆਂ ਰਚਨਾਵਾਂ ਕਿਰਸਾਣਾਂ-ਮਜ਼ਦੂਰਾਂ ਅੰਦਰ ਵਿਦਰੋਹ ਦਾ ਜਜ਼ਬਾ ਭਰਨ ਦੇ ਸਮਰੱਥ ਹਨ ਅਤੇ ਸਮਾਜਿਕ-ਰਾਜਨੀਤਿਕ ਬਦਲਾਅ ਦਾ ਸੰਕਲਪ ਲੈ ਕੇ ਤੁਰਦੀਆਂ ਹਨ। ਰਾਜਨੀਤਿਕ ਪੱਖ ਤੋਂ ਇਹਨਾਂ ਕਵਿਤਾਵਾਂ ਵਿੱਚ ਗ਼ੁਲਾਮੀ ਤੋਂ ਮੁਕਤੀ ਦਾ ਠਾਠਾਂ ਮਾਰਦਾ ਕੌਮੀ ਜਜ਼ਬਾ ਪੂਰਨ ਪ੍ਰਭਾਵਸ਼ੀਲਤਾ ਨਾਲ ਮੌਜੂਦ ਹੈ। ਉਸ ਦੀ ਕਵਿਤਾ ਦਾ ਦੂਜਾ ਪੱਖ ਅਧਿਆਤਮਿਕਤਾ ਹੈ, ਜੋ ਮਾਂ ਕਾਲੀ ਪ੍ਰਤਿ ਸਮਰਪਿਤ ਹੋਣ ਕਰ ਕੇ ਹਰ ਬੰਗਾਲੀ ਦੇ ਕਲੇਜੇ ਧੂਹ ਪਾਉਣ ਦੇ ਸਮਰੱਥ ਹੈ।


ਲੇਖਕ : ਨਰੇਸ਼,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.