ਭੱਟਨਾਰਾਇਣ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭੱਟਨਾਰਾਇਣ: ਸੰਸਕ੍ਰਿਤ ਨਾਟ ਸਾਹਿਤ ਵਿੱਚ ਮਹਾਂਕਵੀ ਭੱਟਨਾਰਾਇਣ ਦੀ ਉੱਘੀ ਥਾਂ ਹੈ। ਭੱਟਨਾਰਾਇਣ ਦਾ ਸੰਬੰਧ ਕਨੌਜ ਨਾਲ ਅਤੇ ਕਾਰਜ-ਖੇਤਰ ਬੰਗਾਲ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਭੱਟਨਾਰਾਇਣ ਗੌਡ ਦੇਸ਼ ਦੇ ਰਾਜਾ ਆਦੀਸੂਰ ਦੇ ਬੁਲਾਵੇ ਤੇ ਧਰਮ ਦੇ ਪ੍ਰਚਾਰ ਲਈ ਬੰਗਾਲ ਵਿੱਚ ਗਿਆ ਸੀ। ਉਸ ਦਾ ਸਮਾਂ ਸੱਤਵੀਂ ਤੇ ਅੱਠਵੀਂ ਸ਼ਤਾਬਦੀ ਮੰਨਿਆ ਜਾਂਦਾ ਹੈ।

     ਸੰਸਕ੍ਰਿਤ ਦਾ ਬਹੁਤ ਸਾਰਾ ਕਾਵਿ-ਸਾਹਿਤ ਅਤੇ ਨਾਟ ਸਾਹਿਤ ਮਹਾਂਭਾਰਤ ਦੀਆਂ ਘਟਨਾਵਾਂ ਤੇ ਆਧਾਰਿਤ ਹੈ। ਭੱਟਨਾਰਾਇਣ ਦਾ ਇੱਕ ਨਾਟਕ ਵੇਣੀਸੰਹਾਰ ਹੀ ਪ੍ਰਾਪਤ ਹੁੰਦਾ ਹੈ, ਜੋ ਕਿ ਮਹਾਂਭਾਰਤ ਦੀ ਇੱਕ ਉੱਘੀ ਘਟਨਾ `ਤੇ ਆਧਾਰਿਤ ਹੈ। ਮਹਾਂਭਾਰਤ ਅਨੁਸਾਰ ਕੌਰਵਾਂ ਨੇ ਭਰੀ ਸਭਾ ਵਿੱਚ ਦਰੋਪਦੀ ਦਾ ਅਪਮਾਨ ਕੀਤਾ। ਉਹਨਾਂ ਨੇ ਦਰੋਪਦੀ ਦੀ ਸਾੜ੍ਹੀ ਤੇ ਵਾਲ ਖਿੱਚ ਕੇ ਉਸ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਖਿੱਚ-ਧੂਹ ਵਿੱਚ ਉਸ ਦੇ ਵਾਲ ਖਿੱਲਰ ਗਏ। ਇਸ ਘਟਨਾ ਨੂੰ ਮੁੱਖ ਰੱਖਦੇ ਹੋਏ ਵੇਣੀਸੰਹਾਰ ਦੀ ਰਚਨਾ ਹੋਈ ਹੈ। ਵੇਣੀ ਦਾ ਅਰਥ ‘ਗੁੱਤ’ ਹੁੰਦਾ ਹੈ ਅਤੇ ਗੁੱਤ ਦੇ ਸਵਾਰਨ ਨੂੰ ਸੰਹਾਰ ਕਿਹਾ ਜਾਂਦਾ ਹੈ। ਦਰੋਪਦੀ ਦੇ ਖਿੱਲਰੇ ਵਾਲਾਂ ਨੂੰ ਵੇਖ ਕੇ ਭੀਮਸੈਨ ਕਹਿੰਦਾ ਹੈ:

     ਹੇ ਦਰੋਪਦੀ ਮੈਂ ਦੁਰਯੋਧਨ ਦੇ ਖ਼ੂਨ ਨਾਲ ਭਰੇ ਹੋਏ ਹੱਥਾਂ ਨਾਲ ਜਦ ਤੱਕ ਤੇਰੀ ਗੁੱਤ ਨੂੰ ਨਹੀਂ ਸਵਾਰਦਾ ਉਸ ਵੇਲੇ ਤੱਕ ਆਪਣੇ ਵਾਲ ਖੁੱਲ੍ਹੇ ਹੀ ਰਹਿਣ ਦੇ।

     ਨਾਟਕ ਦੇ ਅੰਤ ਵਿੱਚ ਭੀਮ ਦੁਰਯੋਧਨ ਦੇ ਖ਼ੂਨ ਨਾਲ ਲਿਬੜੇ ਹੋਏ ਹੱਥਾਂ ਨਾਲ ਉਸ ਦੀ ਗੁੱਤ ਸਵਾਰ ਕੇ ਆਪਣੀ ਪ੍ਰਤਿੱਗਿਆ ਪੂਰੀ ਕਰਦਾ ਹੈ ਤੇ ਗੁੱਤ ਸਵਾਰਨ ਅਰਥਾਤ ਵੇਣੀਸੰਹਾਰ ਦੀ ਇਹ ਘਟਨਾ ਇਸ ਨਾਟਕ ਦੇ ਨਾਮਕਰਨ ਦੀ ਪਿੱਠ-ਭੂਮੀ ਵਿੱਚ ਹੈ। ਇਸ ਨਾਟਕ ਦੇ ਪ੍ਰਮੁਖ ਪਾਤਰ ਦਰੋਪਦੀ, ਗੰਧਾਰੀ, ਭਾਨੂਮਤੀ, ਕ੍ਰਿਸ਼ਨ, ਯੁਧਿਸ਼ਟਰ, ਭੀਮਸੈਨ, ਦੁਰਯੋਧਨ, ਧ੍ਰਿਤਰਾਸ਼ਟਰ, ਦਰੋਣਾਚਾਰੀਆ ਅਤੇ ਅਸ਼ਵਥਾਮਾ ਆਦਿ ਹਨ।

     ਇਹ ਨਾਟਕ ਛੇ ਅੰਕਾਂ ਵਿੱਚ ਵੰਡਿਆ ਹੋਇਆ ਹੈ। ਪਹਿਲੇ ਅੰਕ ਵਿੱਚ ਸੂਤਰਧਾਰ ਦੱਸਦਾ ਹੈ ਕਿ ਭਗਵਾਨ ਕ੍ਰਿਸ਼ਨ ਕੌਰਵਾਂ ਨਾਲ ਪਾਂਡਵਾਂ ਦੀ ਸੰਧੀ ਕਰਵਾਉਣ ਲਈ ਗਏ ਹੋਏ ਹਨ। ਸੂਤਰਧਾਰ ਤੋਂ ਇਹ ਸੁਣ ਕੇ ਭੀਮਸੈਨ ਗੁੱਸੇ ਨਾਲ ਲਾਲ-ਪੀਲਾ ਹੋ ਜਾਂਦਾ ਹੈ ਅਤੇ ਉਹ ਕੋਈ ਵੀ ਸੰਧੀ ਪ੍ਰਸਤਾਵ ਮਨਜੂਰ ਕਰਨ ਤੋਂ ਮਨ੍ਹਾਂ ਕਰ ਦਿੰਦਾ ਹੈ ਅਤੇ ਉਹ ਕੌਰਵਾਂ ਵੱਲੋਂ ਕੀਤੇ ਜਾ ਰਹੇ ਅਤਿਆਚਾਰਾਂ `ਤੇ ਰੋਸ਼ਨੀ ਪਾਉਂਦਾ ਹੈ। ਇਸੇ ਦੌਰਾਨ ਉਹ ਦਰੋਪਦੀ ਨੂੰ ਉਦਾਸ ਵੇਖ ਕੇ ਉਸ ਦੀ ਉਦਾਸੀ ਦਾ ਕਾਰਨ ਪੁੱਛਦਾ ਹੈ। ਇਸ ਤੋਂ ਪਹਿਲਾਂ ਕਿ ਦਰੋਪਦੀ ਕੁਝ ਬੋਲੇ, ਉਸ ਦੀ ਦਾਸੀ ਕਹਿੰਦੀ ਹੈ, ਮਹਾਰਾਜ ਦੁਰਯੋਧਨ ਦੀ ਪਤੀ ਭਾਨੂਮਤੀ ਨੇ ਮਹਾਰਾਣੀ ਦਰੋਪਦੀ ਨੂੰ ਤਾਹਨੇ-ਮਿਹਣੇ ਮਾਰਦੇ ਹੋਏ ਕਿਹਾ ਕਿ ਹੁਣ ਤਾਂ ਪਾਂਡਵ ਸਾਡੇ ਨਾਲ ਸੰਧੀ ਕਰਨ ਨੂੰ ਤਿਆਰ ਹਨ ਅਤੇ ਤੂੰ ਆਪਣੇ ਖਿੱਲਰੇ ਵਾਲਾਂ ਨੂੰ ਵਾਹ ਲੈ। ਇਹ ਸੁਣ ਕੇ ਮੈਂ ਉਸ ਨੂੰ ਕਿਹਾ ਕਿ ਜਦ ਤੱਕ ਤੁਹਾਡੇ ਵਾਲ ਨਹੀਂ ਖੁੱਲ੍ਹ ਜਾਂਦੇ, ਉਸ ਸਮੇਂ ਤੱਕ ਦਰੋਪਦੀ ਆਪਣੇ ਵਾਲ ਕਿਵੇਂ ਬੰਨ੍ਹ ਸਕਦੀ ਹੈ। ਇਹ ਸੁਣ ਕੇ ਭੀਮ ਬਹੁਤ ਖ਼ੁਸ਼ ਹੁੰਦਾ ਹੈ ਅਤੇ ਦਰੋਪਦੀ ਦੇ ਵਾਲਾਂ ਨੂੰ ਖ਼ੂਨ ਨਾਲ ਭਿੱਜੇ ਹੋਏ ਹੱਥਾਂ ਨਾਲ ਸੰਵਾਰਨ ਦੀ ਪ੍ਰਤਿੱਗਿਆ ਕਰਦਾ ਹੈ। ਇਸੇ ਦੌਰਾਨ ਪਤਾ ਲੱਗਦਾ ਹੈ ਕਿ ਦੁਰਯੋਧਨ ਨੇ ਸੰਧੀ ਪ੍ਰਸਤਾਵ ਠੁਕਰਾ ਦਿੱਤਾ ਹੈ ਅਤੇ ਯੁੱਧ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ।

     ਦੂਸਰੇ ਅੰਕ ਵਿੱਚ ਭਾਨੂਮਤੀ ਵੱਲੋਂ ਬੁਰਾ ਸੁਪਨਾ ਵੇਖਣਾ, ਅਭਿਮੰਨਿਊ ਦਾ ਕਤਲ ਅਤੇ ਅਰਜੁਨ ਵੱਲੋਂ ਜਯਦਰੱਥ ਨੂੰ ਮਾਰਨ ਦੀ ਪ੍ਰਤਿੱਗਿਆ ਦਾ ਵਰਣਨ ਹੈ। ਤੀਜੇ ਅੰਕ ਵਿੱਚ ਮਹਾਂਭਾਰਤ ਦੀ ਲੜਾਈ ਦਾ ਵਿਸਤਾਰ ਨਾਲ ਵਰਣਨ ਹੋਇਆ ਹੈ। ਇਸ ਵਿੱਚ ਜਯਦਰੱਥ ਦਰੁਪਦ ਆਦਿ ਦੀ ਮੌਤ ਵੀ ਦੱਸੀ ਗਈ ਹੈ। ਇਸੇ ਅੰਕ ਵਿੱਚ ਦਰੋਣਾਚਾਰੀਆ ਦੇ ਲੜਕੇ ਅਸ਼ਵਥਾਮਾ ਅਤੇ ਕਰਣ ਵਿੱਚ ਯੁੱਧ ਦੇ ਮੁੱਦੇ `ਤੇ ਵਾਰਤਾਲਾਪ ਹੁੰਦਾ ਹੈ। ਚੌਥੇ ਅੰਕ ਵਿੱਚ ਦੁਰਯੋਧਨ ਯੁੱਧ ਵਿੱਚ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਜਾਂਦਾ ਹੈ। ਕਰਣ ਵੀ ਲੜਾਈ ਵਿੱਚ ਸ਼ਾਮਲ ਹੋ ਜਾਂਦਾ ਹੈ ਅਤੇ ਜ਼ਖ਼ਮੀ ਦੁਰਯੋਧਨ ਕੋਲ ਉਸ ਦੇ ਮਾਤਾ-ਪਿਤਾ ਧ੍ਰਿਤਰਾਸ਼ਟਰ ਅਤੇ ਗੰਧਾਰੀ ਆ ਜਾਂਦੇ ਹਨ। ਪੰਜਵੇਂ ਅੰਕ ਵਿੱਚ ਗੰਧਾਰੀ ਅਤੇ ਧ੍ਰਿਤਰਾਸ਼ਟਰ ਦੁਰਯੋਧਨ ਨੂੰ ਪਾਂਡਵਾਂ ਨਾਲ ਸੰਧੀ ਕਰਨ ਦੀ ਸਲਾਹ ਦਿੰਦੇ ਹਨ। ਪਰ ਦੁਰਯੋਧਨ ਇਸ ਨੂੰ ਨਹੀਂ ਮੰਨਦਾ। ਇਸੇ ਅੰਕ ਵਿੱਚ ਕਰਣ ਮਾਰਿਆ ਜਾਂਦਾ ਹੈ। ਦੁਰਯੋਧਨ ਦੇ ਕਹਿਣ `ਤੇ ਅਸ਼ਵਥਾਮਾ ਵੀ ਯੁੱਧ ਲਈ ਤਿਆਰ ਹੋ ਜਾਂਦਾ ਹੈ। ਛੇਵੇਂ ਅੰਕ ਦੀ ਕਥਾਵਸਤੂ ਕੌਰਵਾਂ ਦੇ ਵੱਡੇ-ਵੱਡੇ ਮਹਾਰਥੀ ਨਸ਼ਟ ਹੋ ਜਾਣ `ਤੇ ਦੁਰਯੋਧਨ ਇੱਕ ਤਲਾਅ ਵਿੱਚ ਡੁੱਬ ਜਾਂਦਾ ਹੈ। ਬੜੀ ਮੁਸ਼ਕਲ ਨਾਲ ਦੁਰਯੋਧਨ ਦੇ ਮਿਲਣ `ਤੇ ਭੀਮ ਉਸ ਨੂੰ ਮਾਰ ਦਿੰਦਾ ਹੈ ਅਤੇ ਉਸ ਦੇ ਖ਼ੂਨ ਨਾਲ ਲਿਬੜੇ ਹੋਏ ਹੱਥਾਂ ਨਾਲ ਦਰੋਪਦੀ ਦੀ ਗੁੱਤ ਸਵਾਰ ਕੇ ਆਪਣੀ ਪ੍ਰਤਿੱਗਿਆ ਪੂਰੀ ਕਰਦਾ ਹੈ ਅਤੇ ਸਾਰੇ ਪਾਂਡਵ ਖ਼ੁਸ਼ੀ ਨਾਲ ਝੂੰਮਦੇ ਹੋਏ ਭਗਵਾਨ ਕ੍ਰਿਸ਼ਨ ਨੂੰ ਪ੍ਰਣਾਮ ਕਰਦੇ ਹਨ।

          ਮਹਾਂਭਾਰਤ ਦੀ ਘਟਨਾ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਇਹ ਨਾਟਕ ਬਹੁਤ ਹੀ ਰੋਚਕ ਅਤੇ ਪ੍ਰਭਾਵਸ਼ਾਲੀ ਹੈ। ਇਸ ਵਿੱਚ ਪਤੀ ਪਤਨੀ ਦੇ ਰਿਸ਼ਤੇ, ਮਾਂ-ਬਾਪ ਅਤੇ ਔਲਾਦ ਦੇ ਰਿਸ਼ਤੇ, ਯੁੱਧ ਭੂਮੀ ਵਿੱਚ ਨਿਭਾਏ ਜਾਣ ਵਾਲੇ ਧਰਮ ਆਦਿ `ਤੇ ਬਹੁਤ ਹੀ ਸੁੰਦਰ ਰੋਸ਼ਨੀ ਪਾਈ ਗਈ ਹੈ।


ਲੇਖਕ : ਰੇਣੂ ਬਾਲਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1570, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.