ਲੁਕਣ-ਮੀਟੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੁਕਣ-ਮੀਟੀ : ਲੁਕਣ-ਮੀਟੀ ਖੇਡ ਦਾ ਦੂਜਾ ਨਾਂ ‘ਦਾਈਆਂ ਦੂਕ੍ਹੜੇ’ ਹੈ। ਇਹ ਆਥਣ ਵੇਲੇ ਜਾਂ ਚਾਨਣੀਆਂ ਰਾਤਾਂ ਵਿੱਚ ਖੇਡੀ ਜਾਣ ਵਾਲੀ ਬਾਲਾਂ ਦੀ ਉਹ ਖੇਡ ਹੈ, ਜੋ ਸਭਨਾਂ ਖੇਡਾਂ ਨਾਲੋਂ ਵਧੇਰੇ ਖੇਡੀ ਜਾਂਦੀ ਹੈ। ਇਸ ਖੇਡ ਵਾਸਤੇ ਕਿਸੇ ਵਿਸ਼ੇਸ਼ ਸਮਾਨ ਦੀ ਜ਼ਰੂਰਤ ਨਹੀਂ ਹੈ। ਆਂਢ-ਗੁਆਂਢ ਦੇ ਕੁਝ ਬਾਲ ਇੱਕ ਜਗ੍ਹਾ `ਤੇ ਇਕੱਤਰ ਹੋ ਕੇ ਇਹ ਖੇਡ, ਖੇਡ ਲੈਂਦੇ ਹਨ। ਬਹੁਤੀਆਂ ਬਾਲ-ਖੇਡਾਂ ਵਾਂਗ ਇਸ ਖੇਡ ਵਿੱਚ ਪੁੱਗਣ ਦੀ ਰੀਤੀ ਤਿੰਨ ਤਰ੍ਹਾਂ ਨਿਭਾਈ ਜਾਂਦੀ ਹੈ। ਪਹਿਲੀ ਜੁਗਤ ਵਿੱਚ ਹੱਥਾਂ ਦੀ ਪੁੱਠ ਸਿੱਧ ਨਾਲ ਪੁੱਗਿਆ ਜਾਂਦਾ ਹੈ। ਖਿਡਾਰੀ ਇੱਕ ਚੱਕਰ ਦੇ ਰੂਪ ਵਿੱਚ ਜੁੜ ਕੇ ਆਪੋ-ਆਪਣੀ ਹਥੇਲੀ ਉਪਰ ਦੂਜਾ ਹੱਥ ਸਿੱਧਾ ਜਾਂ ਪੁੱਠਾ ਧਰਦੇ ਹਨ। ਜੇ ਤਿੰਨਾਂ ਵਿੱਚੋਂ ਦੋ ਖਿਡਾਰੀਆਂ ਦੇ ਹੱਥ ਸਿੱਧੇ ਹੋਣ ਅਤੇ ਤੀਜੇ ਖਿਡਾਰੀ ਦਾ ਹੱਥ ਪੁੱਠਾ ਹੋਵੇ ਤਾਂ ਉਹ ਪੁੱਗ ਜਾਂਦਾ ਹੈ। ਇਸ ਦੇ ਵਿਪਰੀਤ ਜੇ ਦੋਵਾਂ ਖਿਡਾਰੀਆਂ ਦੇ ਹੱਥ ਪੁੱਠੇ ਤੇ ਤੀਜੇ ਦੇ ਸਿੱਧੇ ਹੋਣ ਤਾਂ ਵੀ ਉਹ ਪੁੱਗ ਜਾਂਦਾ ਹੈ। ਪੁੱਗਿਆ ਹੋਇਆ ਖਿਡਾਰੀ ਟੋਲੀ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਅਤੇ ਉਸ ਦੇ ਬਦਲ ਵਜੋਂ ਰਹਿ ਗਏ ਦੋਵਾਂ ਖਿਡਾਰੀਆਂ ਵਿੱਚ ਕੋਈ ਹੋਰ ਖਿਡਾਰੀ ਆ ਰਲਦਾ ਹੈ। ਅਖੀਰ ਵਿੱਚ ਰਹਿ ਗਏ ਖਿਡਾਰੀ ਨੂੰ ਮੀਟੀ ਦੇਣੀ ਪੈਂਦੀ ਹੈ।

     ਦੂਜੀ ਵਿਧੀ ਵਿੱਚ ਚਾਰ ਪੰਕਤੀਆਂ ਦਾ ਗੀਤ ਗਾ ਕੇ ਪੁੱਗਿਆ ਜਾਂਦਾ ਹੈ। ਇਸ ਪੁੱਗਣ ਵਿਧੀ ਵਿੱਚ ਗੋਲ ਚੱਕਰ ਵਿੱਚ ਖਲੋਤੀ ਟੋਲੀ ਦੇ ਸਾਥੀਆਂ ਨੂੰ ਇੱਕ ਬੱਚਾ ਇਹ ਗੀਤ ਗਾਉਂਦਾ ਹੋਇਆ ਵਾਰੋ-ਵਾਰੀ ਛੂੰਹਦਾ ਹੈ :

ਉੱਕੜ ਦੁੱਕੜ ਭੰਬਾ ਭਉ।

ਅੱਸੀ ਨੱਬੇ ਪੂਰਾ ਸੌ।

ਸੌ ਗਲੋਟਾ ਤਿੱਤਰ ਮੋਟਾ।

          ਚੱਲ ਮਦਾਰੀ ਪੈਸਾ ਖੋਟਾ।

ਜਿਸ ਬਾਲ ਉਪਰ ਆਖ਼ਰੀ ਸ਼ਬਦ ‘ਖੋਟਾ’ ਆਖ ਕੇ ਉਂਗਲ ਟਿਕਦੀ ਹੈ, ਉਸ ਦੇ ਸਿਰ ਮੀਟੀ ਮੰਨ ਲਈ ਜਾਂਦੀ ਹੈ।ਸਿੱਕਾ ਉਛਾਲ ਕੇ ਟਾਸ ਦੁਆਰਾ ਵੀ ਪੁੱਗਿਆ ਜਾਂਦਾ ਹੈ। ਕਈ ਵਾਰ ਕਿਸੇ ਖਿਡਾਰੀ ਕੋਲ ਸਿੱਕਾ ਨਾ ਹੋਣ ਦੀ ਸੂਰਤ ਵਿੱਚ ਕੋਈ ਠੀਕਰੀ ਚੁੱਕ ਲਈ ਜਾਂਦੀ ਹੈ। ਜੇ ਠੀਕਰੀ ਦੇ ਦੋਵੇਂ ਪਾਸੇ ਇੱਕੋ ਜਿਹੇ ਹੋਣ ਤਾਂ ਇੱਕ ਪਾਸੇ ਨੂੰ ਥੁੱਕ ਲਾ ਕੇ ਗਿੱਲਾ ਕਰ ਲਿਆ ਜਾਂਦਾ ਹੈ। ਅਸਮਾਨ ਵਿੱਚ ਉਛਾਲੀ ਗਈ ਠੀਕਰੀ ਜਦੋਂ ਜ਼ਮੀਨ `ਤੇ ਆ ਕੇ ਡਿੱਗਦੀ ਹੈ ਤਾਂ ਜਿਸ ਖਿਡਾਰੀ ਵੱਲੋਂ ਮੰਗਿਆ ਪਾਸਾ ਉਪਰ ਹੁੰਦਾ ਹੈ, ਤਾਂ ਉਹ ਪੁੱਗ ਜਾਂਦਾ ਹੈ।

     ਪੁੱਗਣ ਤੋਂ ਬਾਅਦ ਸਾਰੇ ਬੱਚੇ ਪਲਾਂ ਵਿੱਚ ਇੱਧਰ- ਉੱਧਰ ਜਾ ਛੁਪਦੇ ਹਨ ਅਤੇ ਮੀਟੀ ਦੇਣ ਵਾਲੇ ਖਿਡਾਰੀ ਨੂੰ ਕਿਸੇ ਨਿਸ਼ਚਿਤ ਥਾਂ `ਤੇ ਅੱਖਾਂ ਉਪਰ ਹੱਥ ਧਰ ਕੇ ਜਾਂ ਕਿਸੇ ਕੰਧ ਵੱਲ ਮੂੰਹ ਕਰ ਕੇ ਖੜ੍ਹਾ ਕਰ ਦਿੱਤਾ ਜਾਂਦਾ ਹੈ। ਜਦੋਂ ਦੂਜੇ ਬੱਚੇ ਲੁਕ ਛਿਪ ਜਾਂਦੇ ਹਨ ਤਾਂ ਅੱਖਾਂ ਮੀਟ ਕੇ ਰੱਖਣ ਵਾਲਾ ਖਿਡਾਰੀ ਉੱਚੀ ਅਵਾਜ਼ ਵਿੱਚ ਪੁੱਛਦਾ ਹੈ, ‘ਲੁਕ ਛਿਪ ਜਾਣਾ ਮਕਈ ਦਾ ਦਾਣਾ ਰਾਜੇ ਦੀ ਬੇਟੀ ਆਈ ਜੇ...।’ ਸਾਰੇ ਖਿਡਾਰੀ ਲੁਕ ਛਿਪ ਗਏ ਹੋਣ ਤਾਂ ਕੋਈ ਨਹੀਂ ਬੋਲਦਾ, ਕਿਉਂਕਿ ਬੋਲਣ ਨਾਲ ਇਹ ਅੰਦਾਜ਼ਾ ਲੱਗ ਜਾਂਦਾ ਹੈ ਕਿ ਬੋਲਣ ਵਾਲਾ ਖਿਡਾਰੀ ਕਿੱਥੇ ਅਤੇ ਕਿਹੜੀ ਦਿਸ਼ਾ ਵਿੱਚ ਛੁਪਿਆ ਹੈ। ਕਈ ਵਾਰੀ ਛਿਪੇ ਬਾਲਾਂ ਵਿੱਚੋਂ ‘ਆ ਜਾ’ ਆਖ ਕੇ ਸੰਕੇਤ ਦੇ ਦਿੱਤਾ ਜਾਵੇ ਤਾਂ ਅੱਖਾਂ ਮੀਟ ਕੇ ਰੱਖਣ ਵਾਲਾ ਖਿਡਾਰੀ ਮੀਟੀ ਦੇਣ ਵਾਲੇ ਨੂੰ ਭੁਆਂਟਲੀ ਦੇ ਦਿੰਦਾ ਹੈ ਤਾਂ ਕਿ ਉਹ ਅਵਾਜ਼ ਦੇਣ ਵਾਲੇ ਖਿਡਾਰੀ ਦੇ ਛਿਪਣ ਬਾਰੇ ਜਾਣ ਨਾ ਜਾਵੇ। ਮੀਟੀ ਦੇਣ ਵਾਲੇ ਖਿਡਾਰੀ ਨੇ ਅੰਦਾਜ਼ੇ ਨਾਲ ਛਿਪੇ ਹੋਏ ਖਿਡਾਰੀਆਂ ਨੂੰ ਖੱਲਾਂ-ਖੂੰਜਿਆਂ, ਦਰਵਾਜ਼ਿਆਂ, ਥੰਮ੍ਹਾਂ, ਪਲੰਗਾਂ ਹੇਠੋਂ ਜਾਂ ਕੰਧਾਂ ਪਿੱਛੋਂ ਲਭਣਾ ਹੁੰਦਾ ਹੈ।

     ਲੁਕਣ-ਮੀਟੀ ਖੇਡ ਦੇ ਬਝਵੇਂ ਨੇਮ ਨਹੀਂ ਹਨ। ਇਸ ਖੇਡ ਨੂੰ ਖੇਡਣ ਵਾਸਤੇ ਖਿਡਾਰੀਆਂ ਦੀ ਕੋਈ ਸੀਮਾ ਨਹੀਂ। ਇਸ ਖੇਡ ਨੂੰ ਜਿੰਨੇ ਮਰਜ਼ੀ ਖਿਡਾਰੀ ਖੇਡ ਸਕਦੇ ਹਨ। ਖਿਡਾਰੀ ਵੱਲੋਂ ਕਿਸੇ ਖਿਡਾਰੀ ਨੂੰ ਕੇਵਲ ਲੱਭਿਆ ਜਾਣਾ ਹੀ ਜ਼ਰੂਰੀ ਨਹੀਂ ਸਗੋਂ ਉਹਨੂੰ ਛੂਹਣਾ ਵੀ ਜ਼ਰੂਰੀ ਹੁੰਦਾ ਹੈ। ਜਿਸ ਖਿਡਾਰੀ ਨੂੰ ਛੂਹਿਆ ਜਾਵੇ, ਉਸ ਸਿਰ ਮੀਟੀ ਆ ਜਾਂਦੀ ਹੈ। ਜੇ ਉਹ ਛੂਹਿਆ ਨਾ ਜਾਵੇ ਅਤੇ ਦਾਈ ਵਾਲੀ ਨਿਸ਼ਚਿਤ ਥਾਂ ਜਾਂ ਵਸਤੂ ਨੂੰ ਦੌੜ ਕੇ ਛੂਹ ਲਵੇ ਤਾਂ ਉਸ ਦੇ ਸਿਰ ਮੀਟੀ ਨਹੀਂ ਆਉਂਦੀ। ਮੀਟੀ ਦੇਣ ਵਾਲਾ ਖਿਡਾਰੀ ਵਾਰੋ-ਵਾਰੀ ਇੱਕ ਖਿਡਾਰੀ ਨੂੰ ਛੱਡ ਕੇ ਦੂਜੇ ਪਿੱਛੇ ਦੌੜਦਾ ਹੈ ਤਾਂ ਜੋ ਕਿਸੇ ਨੂੰ ਪਕੜ ਸਕੇ। ਕਈ ਵਾਰੀ ਮੀਟੀ ਦੇਣ ਵਾਲਾ ਖਿਡਾਰੀ ਨਾਟਕ ਤਾਂ ਕਿਸੇ ਹੋਰ ਸਾਥੀ ਨੂੰ ਛੂਹਣ ਦਾ ਕਰਦਾ ਹੈ ਪਰ ਝਕਾਨੀ ਦੇ ਕੇ ਛੂਹ ਕਿਸੇ ਹੋਰ ਨੂੰ ਲੈਂਦਾ ਹੈ, ਜਾਂ ਅਜਿਹਾ ਕਰਦਿਆਂ ਉਹ ਦਾਈ ਵਾਲੀ ਜਗ੍ਹਾ ਤੇ ਅੱਖ ਰੱਖਦਾ ਹੈ ਤਾਂ ਜੋ ਉੱਥੇ ਪਹੁੰਚਣ ਵਾਲੇ ਨੂੰ ਛੂਹ ਸਕੇ। ਜੇ ਉਹ ਕਿਸੇ ਵੀ ਖਿਡਾਰੀ ਸਾਥੀ ਨੂੰ ਨਾ ਛੂਹ ਸਕੇ ਤਾਂ ਉਹਨੂੰ ਫਿਰ ਦੁਬਾਰਾ ਮੀਟੀ ਦੇਣੀ ਪੈਂਦੀ ਹੈ। ਬਾਲਾਂ ਦੇ ਮਾਪੇ ਅਕਸਰ ਇਸ ਖੇਡ ਨੂੰ ਨਾ-ਪਸੰਦ ਕਰਦੇ ਹਨ ਕਿਉਂਕਿ ਬਾਲਾਂ ਦੇ ਉੱਚੀ-ਨੀਵੀਂ ਥਾਂ ਅਤੇ ਖੱਲਾਂ ਖੂੰਜਿਆਂ ਵਿੱਚ ਲੁੱਕਣ ਕਾਰਨ ਸੱਟ-ਫੇਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਪਰ ਇਸ ਦੇ ਬਾਵਜੂਦ ਇਸ ਖੇਡ ਨੂੰ ਅੱਜ ਵੀ ਚਾਅ ਨਾਲ ਖੇਡਿਆ ਜਾਂਦਾ ਹੈ। ਇਹ ਖੇਡ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਇੱਕੋ ਜਿੰਨੀ ਪ੍ਰਸਿੱਧ ਹੈ। ਮੂਲ ਰੂਪ ਵਿੱਚ ਇਹ ਖੇਡ ਜਿੱਥੇ ਬਾਲ ਨੂੰ ਹਨੇਰੀਆਂ ਥਾਂਵਾਂ ਤੇ ਇਕੱਲਿਆਂ ਜਾਣ ਲਈ ਬਲ ਪ੍ਰਦਾਨ ਕਰਦੀ ਹੈ, ਉੱਥੇ ਇਸ ਖੇਡ ਦਾ ਮੂਲ ਉਦੇਸ਼ ਦੁਸ਼ਮਣ ਤੋਂ ਬਚਾਓ ਲਈ ਲੁਕਣ ਅਤੇ ਸ੍ਵੈ-ਰੱਖਿਆ ਕਰਨ ਦੀ ਜੁਗਤ ਸਿੱਖਣ ਨਾਲ ਸੰਬੰਧਿਤ ਸਮਝਿਆ ਜਾ ਸਕਦਾ ਹੈ।


ਲੇਖਕ : ਦਰਸ਼ਨ ਸਿੰਘ ਆਸ਼ਟ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5864, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਲੁਕਣ-ਮੀਟੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੁਕਣ-ਮੀਟੀ [ਨਾਂਇ] ਬੱਚਿਆਂ ਦੀ ਇੱਕ ਖੇਡ (ਜਿਸ ਵਿੱਚ ਬਾਕੀ ਬੱਚੇ ਲੁਕ ਜਾਂਦੇ ਹਨ ਅਤੇ ਇੱਕ ਬੱਚਾ ਜਿਸ ਦੀ ਮੀਟੀ ਹੋਵੇ, ਉਹਨਾਂ ਨੂੰ ਲਭਦਾ ਹੈ)


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.