ਲੁਹਾਰਾ-ਧੰਦਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੁਹਾਰਾ-ਧੰਦਾ : ਲੁਹਾਰਾ-ਧੰਦਾ ਲੋਹੇ ਦੀਆਂ ਨਵੀਆਂ ਵਸਤਾਂ ਬਣਾਉਣ ਅਤੇ ਮੁਰੰਮਤ ਕਰਨ ਨਾਲ ਸੰਬੰਧਿਤ ਹੈ। ਭਾਰਤ ਵਿੱਚ ਲੁਹਾਰਾ ਕਿੱਤਾ ਮੁਢਲੇ ਤੌਰ ਤੇ ਕਿਰਸਾਣੀ-ਕਿੱਤੇ ਨਾਲ ਸੰਬੰਧਿਤ ਰਿਹਾ ਹੈ, ਕਿਉਂਕਿ ਲੱਕੜ ਦੇ ਸਮਾਨ ਦੇ ਨਾਲ-ਨਾਲ ਜਦੋਂ ਲੋਹਾ ਈਜਾਦ ਹੋਇਆ ਤਾਂ ਪੇਂਡੂ ਕਾਰੀਗਰ (ਲੁਹਾਰ-ਸੇਪੀ) ਨੇ ਲੋਹੇ ਨੂੰ ਵੀ ਆਪਣੇ ਕੰਮ ਦੇ ਘੇਰੇ ਵਿੱਚ ਲੈ ਆਂਦਾ। ਉਹ ਕਿਰਸਾਣਾਂ ਲਈ ਲੋਹੇ ਦੇ ਫਾਲੇ, ਰੰਬੀਆਂ, ਦਾਤਰੀਆਂ ਤੋਂ ਇਲਾਵਾ ਕਹੀਆਂ ਆਦਿ ਬਣਾਉਣ ਲੱਗਾ ਤਾਂ ਜੋ ਉਸ ਨੂੰ ਇਵਜ਼ ਵਜੋਂ ਵੱਧ ਇਵਜ਼ਾਨਾ ਮਿਲ ਸਕੇ।

     ਲੁਹਾਰ ਆਪਣੀ ਭੱਠੀ ਨੂੰ ਧੌਂਕਣੀ ਦੀ ਮਦਦ ਨਾਲ ਫੂਕ ਮਾਰ ਕੇ ਤਪਾਉਂਦਾ ਸੀ ਜੋ ਚਮੜੇ ਦੀ ਬਣੀ ਹੁੰਦੀ ਸੀ। ਉਹ ਭੱਠੀ ਵਿੱਚ ਲੱਕੜੀ ਦੇ ਕੋਲੇ ਦੀ ਮਦਦ ਨਾਲ ਲੋਹੇ ਨੂੰ ਗਰਮ ਕਰਦਾ ਤੇ ਉਸ ਨੂੰ ਲੋਹੇ ਦੀ ਹੀ ਅਹਿਰਨ (ਲੋਹੇ ਦਾ ਭਾਰਾ ਚੌਰਸ ਟੁਕੜਾ) ਉੱਤੇ ਰੱਖ ਕੇ ਗਰਮ ਲੋਹੇ ਨੂੰ ਲੋੜ ਅਨੁਸਾਰ ਵੱਢਦਾ, ਢਾਲਦਾ ਤੇ ਨਵੀਂ ਸ਼ਕਲ ਦਿੰਦਾ ਹੈ। ਇਸ ਤਰ੍ਹਾਂ ਲੁਹਾਰ ਗਰਮ ਲੋਹੇ ਨੂੰ ਛੈਣੀ (ਲੋਹਾ ਕੱਟਣ ਵਾਲਾ ਸੰਦ) ਨਾਲ ਕੱਟ ਕੇ ਕਦੇ ਕਿੱਲ, ਗੁੱਲ-ਮੇਖ (ਟੋਪੀ ਵਾਲੀ ਕਿੱਲ), ਰੰਭਾ, ਦਾਤੀ-ਫਾਲਾ, ਕਹੀ, ਖੁਰਪਾ, ਕੁੰਡੇ, ਕਬਜ਼ੇ, ਅਰਲਾਂ, ਕੜਾਹੇ, ਕੜਾਹੀਆਂ, ਤਸਲੇ (ਬੱਠਲ), ਸੰਗਠਲ, ਸੰਗਲੀਆਂ ਆਦਿ ਬਣਾਉਂਦਾ ਹੈ।

     ਪਹਿਲਾਂ ਲੋਹੇ ਨੂੰ ਠੰਡਾ ਹੀ ਕੁੱਟਿਆ ਤੇ ਕੱਟਿਆ ਜਾਂਦਾ ਸੀ। ਅਜੋਕੇ ਸਮੇਂ ਲੋਹੇ ਨੂੰ ਭੱਠੀ ਵਿੱਚ ਗਰਮ ਕਰ ਕੇ ਲੋਹੇ ਨੂੰ ਸੰਨ੍ਹੀ (ਜਮੂਰ/ਪਲਾਸ ਵਰਗਾ ਔਜ਼ਾਰ) ਨਾਲ ਫੜ ਕੇ ਅਤੇ ਆਹਿਰਨ ਉੱਤੇ ਰੱਖ ਕੇ ਹਥੌੜੇ ਜਾਂ ਵਦਾਨ ਦੀ ਮਦਦ ਨਾਲ ਵੱਢਿਆ-ਟੁੱਕਿਆ ਜਾਂਦਾ ਹੈ। ਲੋੜੀਂਦੀ ਸ਼ਕਲ ਤਿਆਰ ਕਰ ਕੇ ਸਖ਼ਤ ਤੇ ਮਜ਼ਬੂਤ ਕਰਨ ਲਈ ਪਾਣੀ ਵਿੱਚ ਡੁਬੋਇਆ ਜਾਂਦਾ ਹੈ। ਜੇਕਰ ਉਸ ਨੇ ਕਿਸੇ ਚੀਜ਼ ਵਿੱਚ ਸੁਰਾਖ਼/ਮੋਰੀ ਕਰਨੀ ਹੁੰਦੀ ਹੈ ਤਾਂ ਸੁੰਬੇ ਦੀ ਮਦਦ ਨਾਲ ਮੋਰੀ ਕਰਦਾ ਹੈ। ਗਰਮ ਲੋਹੇ ਹੇਠਾਂ ਕੋਈ ਮੋਰੀ ਵਾਲੀ ਲੋਹੇ ਦੀ ਚੀਜ਼ (ਨੱਟ, ਢੇਡੀ) ਵਗੈਰਾ ਰੱਖਦਾ ਹੈ। ਲੋਹੇ ਨੂੰ ਕੱਟਣ ਲਈ ਸਖ਼ਤ ਤੇ ਤਿੱਖੀ ਛੈਣੀ ਦੀ ਮਦਦ ਲੈਂਦਾ ਹੈ। ਚਾਦਰ ਨੂੰ ਕੱਟਣ ਲਈ ਕਤੀਆ/ਕੈਂਚੀ ਦੀ ਵਰਤੋਂ ਕਰਦਾ ਹੈ, ਮੋਟੀ ਚਾਦਰ ਹੋਵੇ ਤਾਂ ਛੈਣੀ ਨਾਲ ਕੱਟ ਲਈ ਜਾਂਦੀ ਹੈ।

     ਜਿਸ ਲੋਹੇ ਦੇ ਲੁਹਾਰ ਦੇ ਸੰਦ ਬਣੇ ਹੁੰਦੇ ਹਨ, ਉਸ ਲੋਹੇ ਨੂੰ ਖੇੜੀ ਕਹਿੰਦੇ ਹਨ। ਸਖ਼ਤ ਹੋਣ ਕਰ ਕੇ ਉਹ ਦੂਜੇ ਲੋਹੇ ਨੂੰ ਕੱਟਣ ਦੇ ਯੋਗ ਹੁੰਦਾ ਹੈ। ਗਰਮ ਲੋਹੇ ਨੂੰ ਹੋਰ ਸਖ਼ਤ ਕਰਨ ਲਈ ਪਾਣੀ ਵਿੱਚ ਪਾਉਂਦੇ ਹਨ, ਜਿਸ ਨੂੰ ਆਬ ਦੇਣਾ ਜਾਂ ਪਾਣ ਚੜ੍ਹਾਉਣਾ ਆਖਦੇ ਹਨ। ਲੁਹਾਰ ਰੰਬੇ, ਕਹੀਆਂ, ਫਾਲੇ ਆਦਿ ਤਿੱਖਾ ਕਰਨ ਲਈ ਹਥੌੜੇ ਨਾਲ ਕੁੱਟਦਾ ਤੇ ਤਿੱਖਾ ਕਰਦਾ ਹੈ ਜਿਸ ਨੂੰ ਡੰਗਣਾ ਆਖਿਆ ਜਾਂਦਾ ਹੈ। ਛੈਣੀ ਜਾਂ ਸੁੰਬੇ ਨੂੰ ਘੁੱਟ ਕੇ ਫੜਣ ਲਈ ਸੰਨ੍ਹੀ ਦਾ ਜਫ਼ਾ ਵਰਤਿਆ ਜਾਂਦਾ ਹੈ। ਜਿਸ ਲੋਹੇ ਦੀ ਕੜਛੀ ਨਾਲ ਭੱਠੀ ਵਿੱਚ ਕੋਲੇ ਪਾਏ ਜਾਂਦੇ ਹਨ, ਉਸ ਨੂੰ ਠੋਹਣੀ ਆਖਦੇ ਹਨ। ਇਹ ਵੀ ਗੋਲ ਜਾਂ ਚੌਰਸ ਹੁੰਦੀ ਹੈ। ਹਲ ਦੇ ਫਾਲੇ ਨੂੰ ਗਰਮ ਕਰ ਕੇ ਤਿੱਖਾ ਕਰਨ ਦੀ ਪ੍ਰਕਿਰਿਆ ਨੂੰ ਡੰਗਣਾ ਆਖਦੇ ਹਨ। ਹਥੌੜੇ ਦੇ ਪਤਲੇ ਪਾਸੇ ਨੂੰ ਡੰਗਾ ਆਖਿਆ ਜਾਂਦਾ ਹੈ। ਗਰਮ ਲੋਹੇ ਨੂੰ ਬਣਦੀ ਸ਼ਕਲ ਦੇਣ ਵਾਲੀ ਅਵਸਥਾ ਨੂੰ ਤਾਅ ਕਿਹਾ ਜਾਂਦਾ ਹੈ।

     ਲੁਹਾਰ ਲੋਹਾ ਕੱਟਣ ਲਈ ਦਾਬ ਦੇ ਹੇਠਾਂ ਲੋਹੇ ਦੀ ਟੁਕੜੀ ਰੱਖਦੇ ਹਨ, ਜਿਸ ਨੂੰ ਕੰਨੀ ਕਿਹਾ ਜਾਂਦਾ ਹੈ। ਸਰੀਆ/ਪੱਤੀ ਆਦਿ ਕੱਟਣ ਲਈ ਦਾਬ (ਮੋਟੇ ਮੂੰਹ ਵਾਲੀ ਛੈਣੀ) ਵਰਤੀ ਜਾਂਦੀ ਹੈ। ਜਿੱਥੇ ਪਹਿਲਾਂ ਲੋਹੇ ਨੂੰ ਗਰਮ ਕਰਨ ਲਈ ਭੱਠੀ ਨੂੰ ਹਵਾ ਦੇਣ ਲਈ ਧੌਂਕਣੀ ਵਰਤੀ ਜਾਂਦੀ ਸੀ, ਉੱਥੇ ਹੁਣ ਚੱਕਰ ਜਾਂ ਬਿਜਲੀ ਨਾਲ ਚੱਲਣ ਵਾਲੇ ਪੱਖੇ ਦੀ ਵਰਤੋਂ ਕੀਤੀ ਜਾਂਦੀ ਹੈ। ਭੱਠੀ ਦੇ ਕੋਲ ਹੀ ਆਹਿਰਨ ਹੁੰਦੀ ਹੈ, ਜਿਸ ਦੇ ਥੱਲੇ ਲੱਕੜ ਦਾ ਇੱਕ ਵੱਡਾ ਤੇ ਭਾਰਾ ਟੁੱਕੜਾ ਜ਼ਮੀਨ ਵਿੱਚ ਦੱਬਿਆ ਹੁੰਦਾ ਹੈ, ਜਿਸ ਨੂੰ ਮੁੱਢੀ ਕਹਿੰਦੇ ਹਨ। ਤਰਖ਼ਾਣ ਵੀ ਲੱਕੜ ਆਦਿ ਘੜਨ ਲਈ ਅਜਿਹੀ ਮੁੱਢੀ ਨੂੰ ਵਰਤਦੇ ਹਨ। ਰੇਤੀ ਨਾਲ ਲੋਹੇ ਨੂੰ ਮੁਲਾਇਮ ਅਤੇ ਤਿੱਖਾ ਕੀਤਾ ਜਾਂਦਾ ਹੈ। ਦੋ ਲੋਹੇ ਦੇ ਟੁਕੜਿਆਂ ਨੂੰ ਜੋੜਣ ਲਈ ਰਿਬਟ ਵਰਤੀ ਜਾਂਦੀ ਹੈ। ਕਈ ਵਾਰ ਨੱਟ ਬੋਲਟ ਕੱਸਿਆ ਜਾਂਦਾ ਹੈ। ਅੱਜ-ਕੱਲ੍ਹ ਵਧੇਰੇ ਕਰ ਕੇ ਵੈਲਡਿੰਗ ਕੀਤੀ ਜਾਂਦੀ ਹੈ। ਪਤਲੀਆਂ ਤੇ ਅਲਮੀਨੀਅਮ ਦੀਆਂ ਚੀਜ਼ਾਂ ਨੂੰ ਗੈਸ ਵੈਲਡਿੰਗ ਅਤੇ ਮੋਟੀਆਂ ਤੇ ਲੋਹੇ ਦੀਆਂ ਚੀਜ਼ਾਂ ਨੂੰ ਬਿਜਲੀ ਦੀ ਵੈਲਡਿੰਗ ਕੀਤੀ ਜਾਂਦੀ ਹੈ।

     ਪਹਿਲਾਂ ਪਹਿਲ ਲੁਹਾਰ ਦੇ ਕੰਮ ਵਿੱਚ ਖੇਤੀ ਤੇ ਘਰੇਲੂ ਵਰਤੋਂ ਦੇ ਸਮਾਨ ਦੀ ਤਿਆਰੀ ਕਰਨਾ ਸ਼ਾਮਲ ਸੀ, ਪਰ ਹੁਣ ਲੁਹਾਰ ਧੰਦੇ ਵਿੱਚ ਖ਼ਰਾਦ ਤੇ ਕੰਮ ਕਰਨਾ, ਪੁਰਜ਼ੇ ਬਣਾਉਣੇ, ਵੱਡੀਆਂ-ਵੱਡੀਆਂ ਮਸ਼ੀਨਾਂ, ਫਾਊਂਡਰੀਆਂ ਵਿੱਚ ਢਲਾਈ, ਵੱਡੇ-ਵੱਡੇ ਕਟਰ ਡਾਈਆਂ, ਫ਼ਰਮੇਂ, ਟਰਾਲੀਆਂ, ਟਰੈਕਟਰ ਤੇ ਉਹਨਾਂ ਦੇ ਪੁਰਜ਼ੇ, ਫ਼ਸਲਾਂ ਕੱਟਣ ਲਈ ਕੰਬਾਈਨਾਂ ਰੀਪਰ, ਫਰਾਟੇ, ਟੋਕੇ, ਗੇਟ, ਗਰਿਲਾਂ ਆਦਿ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।


ਲੇਖਕ : ਹਰਬੰਸ ਸਿੰਘ ਧੀਮਾਨ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.