ਸਹਿ-ਧੁਨੀਗ੍ਰਾਮ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸਹਿ-ਧੁਨੀਗ੍ਰਾਮ: ਮਨੁੱਖੀ ਉਚਾਰ-ਯੰਤਰ ਅਨੇਕ ਪਰਕਾਰ ਦੀਆਂ ਧੁਨੀਆਂ ਪੈਦਾ ਕਰਨ ਦੇ ਸਮਰੱਥ ਹੁੰਦਾ ਹੈ ਪਰ ਭਾਸ਼ਾ ਲਈ, ਇਨ੍ਹਾਂ ਦੀ ਵਰਤੋਂ ਦੀ ਇਕ ਨਿਸ਼ਚਤ ਸੀਮਾ ਹੈ। ਹਰ ਭਾਸ਼ਾ ਲਈ ਇਨ੍ਹਾਂ ਦੀ ਤਾਦਾਦ ਸੀਮਤ ਹੁੰਦੀ ਹੈ। ਭਾਸ਼ਾ ਨੇ ਸਮੁੱਚ ਵਿਚੋਂ ਇਕ ਸਿਸਟਮ ਨੂੰ ਸਿਰਜਣਾ ਹੁੰਦਾ ਹੈ। ਧੁਨੀਆਂ ਦੇ ਇਸ ਸਿਸਟਮ ਨੂੰ ਵਿਸ਼ੇਸ਼ ਭਾਸ਼ਾ ਵਿਚ ਧੁਨੀ ਵਿਉਂਤ ਕਿਹਾ ਜਾਂਦਾ ਹੈ। ਇਸ ਸੰਕਲਪ ਦੀ ਵਰਤੋਂ ਧੁਨੀ-ਵਿਉਂਤ ਵਿਚ ਕੀਤੀ ਜਾਂਦੀ ਹੈ। ਸਹਿ-ਧੁਨੀਗ੍ਰਾਮ ਦੇ ਸੰਕਲਪ ਨੂੰ ਸਮਝਣ ਲਈ ਧੁਨੀ ਅਤੇ ਧੁਨੀਗ੍ਰਾਮ ਦੇ ਸੰਕਲਪ ਨੂੰ ਜਾਣਨਾ ਜ਼ਰੂਰੀ ਹੈ। ਧੁਨੀ ਇਕ ਧੁਨਾਤਮਕ ਇਕਾਈ ਹੈ ਜਿਸ ਦਾ ਆਪਣਾ ਇਕ ਸਰੂਪ ਹੁੰਦਾ ਹੈ ਅਤੇ ਇਸ ਦਾ ਅਧਿਅਨ ਧੁਨੀ ਵਿਗਿਆਨ ਵਿਚ ਕੀਤਾ ਜਾਂਦਾ ਹੈ। ਧੁਨੀਗ੍ਰਾਮ ਨੂੰ ਇਕ ਆਦਰਸ਼ਕੀ ਅਮੂਰਤ ਇਕਾਈ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਵਿਭਿੰਨ ਪਰਗਟਾਵੀ ਰੂਪ ਹਨ ਜਿਵੇਂ (ਕ) ਪੰਜਾਬੀ ਵਿਚ ਅਘੋਸ਼, ਅਲਪ-ਪਰਾਣ, ਕੰਠੀ, ਡੱਕਵੀਂ ਵਿਅੰਜਨ ਧੁਨੀ ਹੈ। ਇਹ ਇਸ ਦਾ ਆਦਰਸ਼ਕ ਰੂਪ ਹੈ ਪਰ ਇਸ ਦੀ ਵਰਤੋਂ (ਕਰ, ਲਕ, ਲਕੀਰ) ਸ਼ਬਦਾਂ ਵਿਚ ਭਿੰਨ ਪਰਕਾਰ ਦੀ ਹੈ ਇਸ ਲਈ (ਕ) ਪੰਜਾਬੀ ਵਿਚ ਇਕ ਧੁਨੀਗ੍ਰਾਮ ਹੈ। ਧੁਨੀਗ੍ਰਾਮ ਦੇ ਵਿਭਿੰਨ ਵਰਤਾਰਿਆਂ ਨੂੰ ਸਹਿ-ਧੁਨੀਗ੍ਰਾਮ ਕਿਹਾ ਜਾਂਦਾ ਹੈ। ਇਸ ਲਈ ਉਪਰੋਕਤ ਸ਼ਬਦਾਂ ਵਿਚ (ਕ) ਦੇ ਤਿੰਨ ਸਹਿ-ਧੁਨੀਗ੍ਰਾਮ ਹਨ। ਜਦੋਂ ਇਕ ਵਾਤਾਵਰਨ ਵਿਚ ਦੂਜਾ ਧੁਨੀ ਰੂਪ ਵਿਚਰ ਸਕੇ ਅਤੇ ਅਰਥ ਵਿਚ ਭਿੰਨਤਾ ਹੁੰਦੀ ਹੋਵੇ ਤਾਂ ਇਸ ਪਰਕਾਰ ਦੇ ਧੁਨੀ ਪਰਿਵਰਤਨ ਨੂੰ ਧੁਨੀਗ੍ਰਾਮ ਕਿਹਾ ਜਾਂਦਾ ਹੈ ਜਿਵੇਂ (ਪ ਤੇ ਫ) ਪੰਜਾਬੀ ਵਿਚ ਦੋ ਹੋਂਠੀ ਧੁਨੀਆਂ ਹਨ। ਇਨ੍ਹਾਂ ਵਿਚ ਧੁਨਾਤਮਕ ਪੱਧਰ ’ਤੇ ਪਰਾਣਤਾ ਦਾ ਅੰਤਰ ਹੈ ਭਾਵ (ਪ) ਅਲਪ-ਪਰਾਣ ਹੈ ਅਤੇ (ਫ) ਮਹਾਂ-ਪਰਾਣ ਹੈ। ਇਹ ਦੋਵੇਂ ਜਦੋਂ ਕਿਸੇ ਸ਼ਬਦ ਬਣਤਰ ਵਿਚ ਵਿਚਰਦੀਆਂ ਹਨ ਤਾਂ ਅਰਥਾਂ ਵਿਚ ਅੰਤਰ ਆ ਜਾਂਦਾ ਹੈ ਜਿਵੇਂ : ਪਲ\ਪ, ਅਲ\ਫਲ\ਫਅਲ\ਪਲ ਅਤੇ ਫਲ ਵਿਚ ਕੇਵਲ ਪਰਾਣਤਾ ਦਾ ਅੰਤਰ ਹੈ ਇਸ ਭੇਦ ਨਾਲ ਸ਼ਬਦਾਂ ਦੇ ਅਰਥ ਵੱਖੋ-ਵੱਖਰੇ ਹਨ। ਇਸ ਲਈ ਇਹ ਦੋ ਵੱਖਰੇ ਧੁਨੀਗ੍ਰਾਮ ਹਨ ਪਰ ਪਲ, ਲਪ, ਲਾਪਰ ਵਿਚ (ਪ) ਧੁਨੀਗ੍ਰਾਮ ਦਾ ਵੱਖਰਾ ਵਰਤਾਰਾ ਹੈ ਇਸ ਲਈ (ਪ) ਇਕ ਧੁਨੀਗ੍ਰਾਮ ਹੈ ਅਤੇ ਇਨ੍ਹਾਂ ਤਿੰਨਾਂ ਵਿਚ ਵਿਚਰਨ ਵਾਲੇ (ਪ) ਸਹਿ-ਧੁਨੀਗ੍ਰਾਮ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.