ਸਿਲਾਜੀਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਲਾਜੀਤ (ਨਾਂ,ਇ) ਸੂਰਜ ਦੀ ਤਪਸ਼ ਕਾਰਨ ਪੱਥਰ ਵਿੱਚੋਂ ਚੋਣ ਵਾਲਾ ਇੱਕ ਬੋ-ਦਾਰ ਪਦਾਰਥ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਿਲਾਜੀਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਲਾਜੀਤ [ਨਾਂਇ] ਦਵਾਈਆਂ ਵਿੱਚ ਵਰਤਿਆ ਜਾਂਦਾ ਇੱਕ ਕਾਲ਼ਾ ਪਦਾਰਥ ਜੋ ਪੱਥਰਾਂ ਵਿੱਚੋਂ ਨਿਕਲ਼ਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2095, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿਲਾਜੀਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਲਾਜੀਤ. ਸੰ. शिलाजतु. ਸੰਗ੍ਯਾ—ਸ਼ਿਲਾ ਦੀ ਜਤੁ (ਲਾਖ). ਸੁਸ਼੍ਰੁਤ ਅਨੁਸਾਰ ਸੂਰਜ ਦੀ ਤਪਤ ਦੇ ਕਾਰਣ ਸ਼ਿਲਾ ਵਿੱਚੋਂ ਚੋਕੇ ਨਿਕਲਿਆ ਇੱਕ ਪਦਾਰਥ, ਜੋ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. Rock-exudation. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਵੈਦਾਂ ਨੇ ਇਸ ਨੂੰ ਪੇਟ ਦੇ ਕੀੜੇ, ਸੋਜ, ਖਈ, ਮਿਰਗੀ , ਪੀਲੀਆ (ਸਟਕਾ) ਆਦਿ ਰੋਗਾਂ ਦੇ ਦੂਰ ਕਰਨ ਵਾਲਾ ਮੰਨਿਆ ਹੈ. ਇਹ ਗਠੀਆ , ਜਲੋਦਰ, ਦਮਾ ਆਦਿਕ ਰੋਗਾਂ ਨੂੰ ਭੀ ਹਟਾਉਂਦਾ ਹੈ, ਪੱਠਿਆਂ ਨੂੰ ਤਾਕਤ ਦਿੰਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2012, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਲਾਜੀਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿਲਾਜੀਤ : ਇਸ ਨੂੰ ਸੰਸਕ੍ਰਿਤ ਵਿਚ ‘ਸ਼ਿਲਾਰਸ’, ਬੰਗਾਲੀ ਵਿਚ ‘ਸਿਲਾਜਾਤੀ’ ਅਤੇ ਅਰਬੀ ਵਿਚ ‘ਹਿਜਰੁਲ ਮੂਸੇ’ ਕਿਹਾ ਜਾਂਦਾ ਹੈ ਪਰ ਭਾਰਤ ਵਿਚ ਵਧੇਰੇ ਕਰਕੇ ਇਹ ਉਪਰੋਕਤ ਨਾਂ ਨਾਲ ਹੀ ਮਸ਼ਹੂਰ ਹੈ। ਇਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਜੇਠ ਹਾੜ ਦੇ ਮਹੀਨਿਆਂ ਵਿਚ ਜਦੋਂ ਪਹਾੜ ਹੱਦ ਤੋਂ ਵੱਧ ਤੱਪ ਜਾਂਦੇ ਹਨ ਤਾਂ ਉਨ੍ਹਾਂ ਵਿਚੋਂ ਇਕ ਕਿਸਮ ਦਾ ਰਸ ਰਿਸ ਕੇ ਬਾਹਰ ਨਿਕਲਦਾ ਹੈ ਅਤੇ ਲਗਾਤਾਰ ਜੰਮਦਾ ਰਹਿੰਦਾ ਹੈ। ਇਸ ਜੰਮੇਂ ਹੋਏ ਰਸ ਨੂੰ ਹੀ ਸਿਲਾਜੀਤ ਕਿਹਾ ਜਾਂਦਾ ਹੈ। ਭਾਰਤ ਵਿਚ ਵਧੇਰੇ ਇਹ ਹਰਦਵਾਰ ਤੇ ਸ਼ਿਮਲੇ ਵਿਚ ਅਤੇ ਨੈਪਾਲ ਵਿਚ ਕਠਮੰਡੂ ਦੇ ਸਥਾਨ ਤੇ ਮਿਲਦੀ ਹੈ।

          ਇਸ ਦੀਆਂ ਚਾਰ ਕਿਸਮਾਂ ਹੁੰਦੀਆਂ ਹਨ। ਪਹਿਲੀ ਕਿਸਮ ਸਵਰਨ ਸਿਲਾਜੀਤ ਹੁੰਦੀ ਹੈ ਅਤੇ ਇਸ ਦਾ ਰੰਗ ਸੁਰਖ਼ ਹੁੰਦਾ ਹੈ। ਦੂਜੀ ਕਿਸਮ ਚਾਂਦੀ ਰੰਗੀ ਹੁੰਦੀ ਹੈ ਜਿਸ ਦਾ ਚੰਦਰ ਸਿਲਾਜੀਤ ਕਿਹਾ ਜਾਂਦਾ ਹੈ। ਇਹ ਕਿਸਮ ਕੇਵਲ ਕੋਹ ਆਬੂ (ਆਬੂ ਪਹਾੜ) ਤੋਂ ਹੀ ਮਿਲਦੀ ਹੈ। ਤੀਜੀ ਤਾਂਬੇ ਰੰਗੀ ਜਿਹੀ ਹੁੰਦੀ ਹੈ। ਚੌਥੀ ਕਿਸਮ ਲੋਹ-ਸਿਲਾਜੀਤ ਹੈ ਜਿਸ ਦਾ ਰੰਗ ਸਿਆਹੀ ਮਾਇਲ ਹੁੰਦਾ ਹੈ। ਇਹ ਕਿਸਮ ਸਭ ਤੋਂ ਵਧੇਰੇ ਮਿਲਦੀ ਹੈ। ਸਿਲਾਜੀਤ ਹੱਦ ਤੋਂ ਵੱਧ ਉੱਚੇ ਪਹਾੜਾਂ ਉੱਤੇ ਮਿਲਦੀ ਹੈ। ਇਸ ਨੂੰ ਪ੍ਰਾਪਤ ਕਰਨ ਲਈ ਲੋਕ ਪਹਾੜਾਂ ਦੀਆਂ ਚੋਟੀਆਂ ਤੇ ਲੋਹੇ ਦੇ ਡੂੰਘੇ ਕੀਲੇ ਗੱਡ ਕੇ ਅਤੇ ਉਸ ਨਾਲ ਰੱਸੇ ਬੰਨ੍ਹ ਕੇ ਇਨ੍ਹਾਂ ਰਾਹੀਂ ਪਹਾੜਾਂ ਦੀਆਂ ਗਾਰਾਂ ਵਿਚ ਉੱਤਰ ਜਾਂਦੇ ਹਨ ਤੇ ਫੇਰ ਤਿੱਖੇ ਸੰਦਾਂ ਨਾਲ ਖੁਰਚ ਕੇ ਇਸ ਨੂੰ ਇਕੱਠੀ ਕਰ ਲੈਂਦੇ ਹਨ। ਕਿਹਾ ਜਾਂਦਾ ਹੈ ਕਿ ਸਿਲਾਜੀਤ ਲੰਗੂਰਾਂ ਦੀ ਮਨਭਾਉਂਦੀ ਸ਼ੈ ਹੈ।

          ਸ਼ੁੱਧ ਸਿਲਾਜੀਤ ਬੜੀ ਮੁਸ਼ਕਲ ਨਾਲ ਪ੍ਰਾਪਤ ਹੁੰਦੀ ਹੈ। ਕਈ ਲੋਕ ਲੰਗੂਰਾਂ ਦਾ ਪਾਖ਼ਾਨਾ ਹੀ ਸਿਲਾਜੀਤ ਕਹਿਕੇ ਵੇਚ ਦਿੰਦੇ ਹਨ ਅਤੇ ਬਹੁਤੀ ਵਪਾਰੀ ਗੁੜ ਨੂੰ ਕਾੜ੍ਹ ਕੇ ਤੇ ਸਿਲਾਜੀਤ ਵਿਚ ਮਿਲਾਕੇ ਵੇਖ ਦਿੰਦੇ ਹਨ।

          ਇਸ ਦੀ ਤਾਸੀਰ ਦੂਜੇ ਦਰਜੇ ਵਿਚ ਗਰਮ ਅਤੇ ਖ਼ੁਸ਼ਕ ਹੈ, ਅਸਲੀ ਸਿਲਾਜੀਤ ਦੀ ਪਛਾਣ ਇਹ ਹੈ ਕਿ ਇਹ ਅੱਗ ਉੱਤੇ ਰੱਖਣ ਤੇ ਉੱਪਰ ਨੂੰ ਉਂਗਲੀ ਨਾਲ ਉੱਠ ਆਉਂਦੀ ਹੈ ਅਤੇ ਇਹ ਧੂੰਆਂ ਬਿਲਕੁਲ ਨਹੀਂ ਦਿੰਦੀ। ਦੂਜੇ ਅਸਲੀ ਸਿਲਾਜੀਤ ਨੂੰ ਜੇ ਪਾਦੀ ਵਿਚ ਪਾਇਆ ਜਾਵੇ ਤਾਂ ਇਹ ਪਾਣੀ ਵਿਚ ਨਹੀਂ ਡੁਬਦੀ ਅਤੇ ਪਾਣੀ ਵਿਚ ਹੇਠ ਨੂੰ ਇਸ ਦੀ ਤਾਰ ਜੇਹੀ ਦਿਖਾਈ ਦੇਣ ਲਗ ਪੈਂਦੀ ਹੈ। ਤੀਜੇ ਇਸ ਦੀ ਬੂ ਗਾਂ ਦੇ ਪਿਸ਼ਾਬ ਜਿਹੀ ਹੁੰਦੀ ਹੈ।

          ਇਸ ਨੂੰ ਸਾਫ਼ ਕਰਨ ਦਾ ਸਭ ਤੋਂ ਸੁਖਾਲਾ ਅਤੇ ਵਧੀਆ ਤਰੀਕਾ ਇਹ ਹੈ ਕਿ ਇਸ ਨੂੰ ਪਾਣੀ ਵਿਚ ਘੋਲ ਕੇ ਤੇ ਕੱਪੜੇ ਨਾਲ ਛਾਣ ਕੇ ਪਕਾ ਲੈਣਾ ਚਾਹੀਦਾ ਹੈ।

          ਇਹ ਇਕ ਪ੍ਰਸਿਧ ਅਤੇ ਗੁਣਕਾਰੀ ਚੀਜ਼ ਹੈ। ਹਕੀਮ ਅਤੇ ਵੈਦ ਇਸ ਨੂੰ ਪੁਰਾਣੀ ਸਿੱਲ, ਨਜ਼ਲੇ, ਦਮੇ, ਮੇਹਦੇ ਅਤੇ ਮਸਾਨੇ ਦੀਆਂ ਬੀਮਾਰੀਆਂ ਦੇ ਇਲਾਜ ਲਈ ਵਰਤਦੇ ਹਨ। ਇਸ ਤੋਂ ਇਲਾਵਾ ਇਸ ਨੂੰ ਪੱਠਿਆਂ ਤੇ ਜੋੜਾਂ ਦੀਆਂ ਬੀਮਾਰੀਆਂ, ਜ਼ਿਆਬਤੀਸ (diabetes), ਟੁੱਟੀਆਂ ਹੋਈਆਂ ਹੱਡੀਆਂ ਨੂੰ ਜੋੜਨ ਲਈ, ਜਿਲਦ ਦੀਆਂ ਬੀਮਾਰੀਆਂ ਦੇ ਇਲਾਜ ਅਤੇ ਜਰਾਸੀਮਾਂ ਨੂੰ ਖ਼ਤਮ ਕਰਨ ਲਈ ਵਰਤਿਆ ਜਾਂਦਾ ਹੈ।

          ਵਿਗਿਆਨੀਆਂ ਦੀ ਖੋਜ ਅਨੁਸਾਰ ਇਸ ਵਿਚ ਦੋ ਕਿਸਮ ਦੇ ਤੇਜ਼ਾਬੀ ਮਾਦੇ ਪਾਏ ਜਾਂਦੇ ਹਨ। ਪਹਿਲੇ ਤੇਜ਼ਾਬੀ ਮਾਦੇ ਨੂੰ ਅੰਗ੍ਰੇਜ਼ੀ ਵਿਚ ਬੈੱਨਜ਼ੋਇਕ ਐਸਿਡ ਅਤੇ ਦੂਜੇ ਨੂੰ ਬੈੱਨਜ਼ੋਏਟ ਐਸਿਡ ਕਿਹਾ ਜਾਂਦਾ ਹੈ। ਇਨ੍ਹਾਂ ਤੇਜ਼ਾਬੀ ਮਾਦਿਆਂ ਦੇ ਕਾਰਨ ਹੀ ਸਿਲਾਜੀਤ ਵਿਚ ਪਿਸ਼ਾਬ ਦੀਆਂ ਬੀਮਾਰੀਆਂ ਅਤੇ ਸੋਜ਼ਸ਼ ਨੂੰ ਦੂਰ ਕਰਨ ਦੇ ਗੁਣ ਮੌਜੂਦ ਹਨ। ਇਨ੍ਹਾਂ ਤੇਜ਼ਾਬੀ ਮਾਦਿਆਂ ਦੇ ਕਾਰਨ ਹੀ ਇਸ ਵਿਚ ਮੇਹਦੇ ਨੂੰ ਤਾਕਤਵਰ ਬਣਾਉਣ, ਬਲਗ਼ਮ ਨੂੰ ਖਾਰਜ ਕਰਨ ਅਤੇ ਖਾਂਸੀ ਨੂੰ ਹਟਾਉਣ ਦੇ ਗੁਣ ਮੌਜੂਦ ਹਨ।

          ਇਸ ਤੋਂ ਉਪਰੰਤ ਸਿਲਾਜੀਤ ਖ਼ੂਨ ਅਤੇ ਬਲਗ਼ਮ ਨੂੰ ਵੀ ਸਾਫ਼ ਕਰਦੀ ਹੈ। ਦਮਾ, ਤਪਦਿਕ, ਖ਼ੂਨੀ ਅਤੇ ਬਾਦੀ ਬਵਾਸੀਰ, ਜਰਿਆਨ, ਸਿਲਾਨ ਉਲ ਰਹਿਮ, ਕਮਜ਼ੋਰੀ ਅਤੇ ਬਦਨ ਦੀ ਜ਼ਰਦੀ ਨੂੰ ਦੂਰ ਕਰਨ ਲਈ ਹੱਦ ਤੋਂ ਵੱਧ ਲਾਭਦਾਇਕ ਹੈ। ਇਹ ਮਸਾਨੇ ਦੀ ਪਥਰੀ ਨੂੰ ਖੋਰ ਕੇ ਬਾਹਰ ਕੱਢ ਦਿੰਦੀ ਹੈ ਅਤੇ ਸਰੀਰ ਦੇ ਸਾਰੇ ਹਿੱਸਿਆਂ ਨੂੰ ਤਾਕਤ ਬਖਸ਼ਦੀ ਹੈ।

          ਹ. ਪੁ––ਬੁਸਤਾਨੁਲ ਮੁਫ਼ਰਦਾਤ; ਹਿੰਦੋਸਤਾਨ ਦੀ ਜੜੀ ਬੂਟੀ।


ਲੇਖਕ : ਦਿਆ ਸਿੰਘ ਹਕੀਮ ਹਾਜ਼ਕ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸਿਲਾਜੀਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿਲਾਜੀਤ, (ਸੰਸਕ੍ਰਿਤ : ਸ਼ਲਾਹਤ੍ਵ) / ਇਸਤਰੀ ਲਿੰਗ : ਸਲਾਜੀਤ, ਇੱਕ ਕਾਲਾ ਬੋਦਾਰ ਮਾਦਾ ਜੋ ਪੱਥਰਾਂ ਵਿਚੋਂ ਨਿਕਲਦਾ ਹੈ ਤੇ ਦਵਾਈ ਵਿੱਚ ਕੰਮ ਆਉਂਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 76, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-03-42-33, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.