ਸੰਤ-ਸਿਪਾਹੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੰਤ-ਸਿਪਾਹੀ: ਪ੍ਰਤੀਤ ਹੁੰਦਾ ਹੈ ਕਿ ਇਹ ਸ਼ਬਦ-ਜੁਟ ਵੀਹਵੀਂ ਸਦੀ ਵਿਚ ‘ਸਿੰਘ ’ (ਖ਼ਾਲਸਾ) ਲਈ ਵਰਤਿਆ ਜਾਣਾ ਸ਼ੁਰੂ ਹੋਇਆ। ਖ਼ਾਲਸਾ-ਸਿਰਜਨ ਤੋਂ ਪਹਿਲਾਂ ਗੁਰੂ ਨਾਨਕ ਨਾਮ-ਲੇਵਾ ਨੂੰ ‘ਸਿੱਖਪਦ ਨਾਲ ਵਿਸ਼ਿਸ਼ਟ ਕੀਤਾ ਜਾਂਦਾ ਸੀ। ਜਿਸ ਦੇ ਚਿੱਤ ਵਿਚ ਗੁਰੂ ਦੇ ਉਪਦੇਸ਼ ਦਾ ਅਸਰ ਹੈ ਅਤੇ ਜਿਸ ਦੀ ਸੁਰਤ ਗੁਰੂ ਸ਼ਬਦ ਵਿਚ ਲੀਨ ਹੈ, ਉਹੀ ‘ਸਿੱਖ’ ਹੈ। ਸਿੱਖ ਦੇ ਸਰੂਪ ਸੰਬੰਧੀ ਅਧਿਕ ਵਿਸਤਾਰ ਸਹਿਤ ਗੱਲ ‘ਸਿੱਖ’ (ਵੇਖੋ) ਇੰਦਰਾਜ ਵਿਚ ਕੀਤੀ ਗਈ ਹੈ। ਕੁਲ ਮਿਲਾ ਕੇ ਸਿੱਖ ‘ਸੰਤ ’ ਸਰੂਪੀ ਹੈ।

            ਪ੍ਰਸਤੁਤ ਸੰਦਰਭ ਵਿਚ ਇਸ ਦਾ ਪ੍ਰਯੋਗ ‘ਸਿਪਾਹੀ’ ਸ਼ਬਦ ਨਾਲ ਹੋਇਆ ਹੈ। ‘ਸਿਪਾਹੀ’ ਦਾ ਆਚਾਰ ਹਿੰਸਕ ਹੈ, ਸੰਤ ਦਾ ਅਹਿੰਸਕ। ਗੁਰੂ ਨਾਨਕ ਦੇਵ ਜੀ ਨੇ ‘ਮਾਝ ਦੀ ਵਾਰ ’ ਵਿਚ ਸੰਤ ਨੂੰ ਹਿੰਸਾ ਤੋਂ ਵਰਜਦਿਆਂ ਕਿਹਾ ਹੈ— ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ (ਗੁ.ਗ੍ਰੰ.147)। ਫਿਰ ‘ਸੰਤ’ ਨਾਲ ‘ਸਿਪਾਹੀ’ ਸ਼ਬਦ ਦਾ ਸੰਯੋਗ ਕਿਵੇਂ ਬੈਠਦਾ ਹੈ ? ਇਸ ਦਾ ਮੂਲ ਕਾਰਣ ਮੁਗ਼ਲ ਸਰਕਾਰ ਦੇ ਜਬਰ ਅਤੇ ਧਾਰਮਿਕ ਅੰਧਤਾ ਤੋਂ ਪੈਦਾ ਹੋਈਆਂ ਪਰਿਸਥਿਤੀਆਂ ਸਨ , ਜਿਨ੍ਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਸ਼ਸਤ੍ਰ ਧਾਰਣ ਕਰਨ ਲਈ ਮਜਬੂਰ ਕੀਤਾ ਅਤੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ਾਲਸਾ ਸਿਰਜਨ ਲਈ ਪ੍ਰੇਰਿਤ ਕੀਤਾ। ‘ਖ਼ਾਲਸਾ’ ਸ਼ਸਤ੍ਰਧਾਰੀ ਹੋਣ ਕਰਕੇ ਸਿਪਾਹੀ ਹੈ, ਪਰ ਪਹਿਲਾਂ ਸੰਤ ਹੈ। ਸੰਤ ਹੋਣਾ ਖ਼ਾਲਸੇ ਦੀ ਬੁਨਿਆਦੀ ਲੋੜ ਹੈ। ਉਸ ਤੋਂ ਬਾਦ ਸਿਪਾਹੀ ਦੀ ਸਥਿਤੀ ਹੈ। ਅਜਿਹੇ ਸਿਪਾਹੀ ਦਾ ਕਰਮਾਚਾਰ ਹਿੰਸਕ ਨਹੀਂ , ਨ ਹੀ ਨਰ-ਸੰਘਾਰ ਕਰਨਾ ਉਸ ਦਾ ਉਦੇਸ਼ ਹੈ। ਸ਼ਸਤ੍ਰ ਵਰਤਣ ਸੰਬੰਧੀ ਦਸਮ ਗੁਰੂ ਜੀ ਦੀ ਸਪੱਸ਼ਟ ਸਥਾਪਨਾ ਹੈ ਕਿ ਜਦੋਂ ਕਿਸੇ ਸਮਸਿਆ-ਸਮਾਧਾਨ ਲਈ ਸਾਰੇ ਸਾਧਨ ਵਿਅਰਥ ਸਿੱਧ ਹੋ ਜਾਣ ਤਾਂ ਉਦੋਂ ਤਲਵਾਰ ਨੂੰ ਹੱਥ ਵਿਚ ਲੈਣਾ ਜਾਇਜ਼ ਹੈ—ਚੂ ਕਾਰ ਅਜ਼ ਹਮਾ ਹੀਲਤ ਦਰ ਗੁਜ਼ਤ ਹਲਾਲ ਅਸਤ ਬੁਰਦਨ ਸ਼ਮਸ਼ੀਰ ਦਸਤ

            ਸਪੱਸ਼ਟ ਹੈ ਕਿ ਸੰਤ-ਸਿਪਾਹੀ ਭਗਤੀ ਅਤੇ ਸ਼ਕਤੀ ਦਾ ਸੁਮੇਲ ਹੈ। ਇਸ ਦਾ ਮੂਲਾਧਾਰ ਭਗਤੀ (ਸੰਤ) ਹੈ ਅਤੇ ਪਰਿਸਥਿਤੀ ਅਨੁਸਾਰ ਉਸ ਦੀ ਸੁਰਖਿਆ ਲਈ ਸ਼ਕਤੀ (ਸਿਪਾਹੀ) ਹੈ। ਭਗਤੀ ਸ਼ਕਤੀ ਨੂੰ ਲੋੜ ਅਨੁਸਾਰ ਸਿਰਜਦੀ ਹੈ। ਸਮਸਿਆ ਦੇ ਸਮਾਧਾਨ ਤੋਂ ਬਾਦ ਉਹ ਫਿਰ ਭਗਤੀ ਵਿਚ ਹੀ ਸਮਾ ਜਾਂਦੀ ਹੈ। ਇਸ ਤਰ੍ਹਾਂ ਸ਼ਕਤੀ ਭਗਤੀ ਦੀ ਇਕ ਵਿਸਤ੍ਰਿਤੀ ਹੈ। ਇਸ ਦਾ ਵਿਸਤਾਰ ਸਥਾਈ ਨਹੀਂ, ਸਮੇਂ ਦੀ ਲੋੜ ਤਕ ਸੀਮਿਤ ਹੈ। ਉਸ ਤੋਂ ਬਾਦ ‘ਭਗਤੀ’ ਦੀ ਪ੍ਰਭੁਤਾ ਹੈ। ਇਹ ਵਿਰੋਧਾਭਾਸੀ ਸ਼ਬਦ-ਜੁਟ ਮੂਲ ਰੂਪ ਵਿਚ ਸੰਤ (ਭਗਤੀ) ਦਾ ਲਖਾਇਕ ਹੈ। ਸਿਪਾਹੀ (ਸ਼ਕਤੀ) ਲੋੜ ਅਨੁਸਾਰ ਇਸ ਵਿਚੋਂ ਪੈਦਾ ਹੋ ਕੇ ਫਿਰ ਇਸੇ ਵਿਚ ਸਮਾ ਜਾਂਦਾ ਹੈ। ਸੰਖੇਪ ਵਿਚ ਇਹ ਸ਼ਬਦ-ਜੁਟ ਸੰਤ ਦਾ ਹੀ ਵਾਚਕ ਹੈ। ਹਾਂ, ਸੰਤ ਦਾ ਸਰੂਪ ਪਰੰਪਰਾ ਨੂੰ ਨ ਅਪਣਾ ਕੇ ਯੁਗੀਨ ਪਰਿਸਥਿਤੀਆਂ ਅਨੁਸਾਰ ਆਪਣੇ ਵਿਚ ਕੁਝ ਪਰਿਵਰਤਨ ਲਿਆਉਂਦਾ ਹੈ। ਉਸੇ ਕਰਕੇ ‘ਸੰਤ-ਸਿਪਾਹੀ’ ਦੀ ਭੂਮਿਕਾ ਨਿਭਾਉਂਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2526, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.