ਅਖਾਣ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਖਾਣ : ਕਿਸੇ ਅਜਿਹੀ ਆਖੀ ਹੋਈ ਗੱਲ ਨੂੰ ਅਖਾਣ ਕਹਿੰਦੇ ਹਨ ਜਿਸ ਦੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਜੀਵਨ ਦਾ ਤੱਤ ਨਿਚੋੜ ਸਮੋਇਆ ਹੋਵੇ । ਅਖਾਣਾਂ ਦੇ ਸ਼ਬਦਾਂ ਵਿੱਚ ਸਦੀਵੀ ਸੱਚ ਹੁੰਦਾ ਹੈ ਜਿਸ ਨੂੰ ਥੋੜ੍ਹੀ ਕੀਤੇ ਝੁਠਲਾਇਆ ਨਹੀਂ ਜਾ ਸਕਦਾ । ਇਸ ਲਈ ਅਖਾਣ ਕਾਫ਼ੀ ਹੱਦ ਤੱਕ ਸਰਬ ਪ੍ਰਵਾਨਿਤ ਹੁੰਦੇ ਹਨ । ਵਿਦਵਾਨਾਂ ਵੱਲੋਂ ਇਹ ਗੱਲ ਮੰਨੀ ਗਈ ਹੈ ਕਿ ਕਿਸੇ ਵੀ ਭਾਸ਼ਾ ਨੂੰ ਚੁਸਤ ਅਤੇ ਟਕਸਾਲੀ ( ਸਿੱਕੇ ਬੰਦ ) ਬਣਾਉਣ ਵਿੱਚ ਮੁਹਾਵਰੇ ਅਤੇ ਅਖਾਣਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ । ਕਿਉਂਕਿ ਅਖਾਣ ਰੂਪਕ ਪੱਖ ਤੋਂ ( ਆਕਾਰ ਵਿੱਚ ) ਛੋਟੇ , ਭਾਵ ਵਿੱਚ ਤਿੱਖੇ ਅਤੇ ਸ਼ੈਲੀ ਪੱਖੋਂ ਗੁੰਦਵੀਂ ਵਿਧੀ ਵਾਲੇ ਹੁੰਦੇ ਹਨ । ਇਹਨਾਂ ਦੀ ਘਾੜਤ ਬੜੀ ਜੋਖਵੀਂ ( ਸੰਤੁਲਿਤ ) ਅਤੇ ਚਾਲ ਲੈਅ ਭਰਪੂਰ ਹੁੰਦੀ ਹੈ । ਇਸੇ ਲਈ ਇਹਨਾਂ ਦਾ ਰੂਪ ਕਾਵਿਕ ਹੋਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਗੁਣਾਂ ਵਾਲਾ ਹੁੰਦਾ ਹੈ । ਇਹੋ ਕਾਰਨ ਹੈ ਕਿ ਸਦੀਆਂ ਬੀਤ ਜਾਣ ਤੇ ਵੀ ਅਖਾਣਾਂ ਦੀ ਨੁਹਾਰ ਵਿੱਚ ਕੋਈ ਫ਼ਰਕ ਨਹੀਂ ਪੈਂਦਾ ।

        ਅਖਾਣ ਅਜਿਹੇ ਗਿਆਨ ਦਾ ਸੋਮਾ ਸਮਝੇ ਜਾਂਦੇ ਹਨ ਜੋ ਸਾਡੇ ਜੀਵਨ ਦੇ ਕਈ ਪੱਖਾਂ ਦੀ ਅਗਵਾਈ ਕਰਦੇ ਹਨ ਕਿਉਂਕਿ ਕਈ ਅਖਾਣਾਂ ਦਾ ਸੁਭਾਅ ਵਿਅੰਗ ਦੀ ਵਿਧੀ ਰਾਹੀਂ ਸਹੀ ਪੱਖ ਦਾ ਬੋਧ ਕਰਵਾਉਣਾ ਹੁੰਦਾ ਹੈ । ਅਖਾਣ ਏਨਾ ਸਰਲ , ਕਾਵਿਕ ਅਤੇ ਛੋਟਾ ਹੁੰਦਾ ਹੈ ਕਿ ਛੇਤੀ ਹੀ ਯਾਦ ਹੋ ਜਾਂਦਾ ਹੈ । ਇਸ ਦੇ ਅਰਥਾਂ ਵਿੱਚ ਸੁਆਦੀ ਚਟਖਾਰਾ ਵੀ ਹੁੰਦਾ ਹੈ , ਤਦ ਹੀ ਲੋਕ ਆਪਣੀ ਆਮ ਬੋਲ-ਚਾਲ ਵਿੱਚ ਇਸ ਦੀ ਸੁਭਾਵਿਕ ਵਰਤੋਂ ਕਰਦੇ ਹਨ ।

        ਅਖਾਣ ਕਿਵੇਂ ਹੋਂਦ ਵਿੱਚ ਆਉਂਦੇ ਹਨ ਅਤੇ ਇਹਨਾਂ ਦੀ ਸਿਰਜਣਾ ਕਿਵੇਂ ਹੁੰਦੀ ਹੈ ? ਇਸ ਬਾਰੇ ਕੋਈ ਇੱਕ ਨਿਰਨਾ ਦੇਣਾ ਸੰਭਵ ਨਹੀਂ ਹੈ ਕਿਉਂਕਿ ਅਖਾਣਾਂ ਦੀ ਉਤਪਤੀ ਦੇ ਕਈ ਸੋਮੇ ਹਨ । ਕਈ ਵੇਰ ਵਿਸ਼ਿਸ਼ਟ ( ਮਿਆਰੀ ) ਸਾਹਿਤ ਵਿੱਚ ਪ੍ਰਬੁੱਧ ਅਤੇ ਗਿਆਨਵਾਨ ਲੇਖਕਾਂ ਨੇ ਆਪਣੀ ਕਿਸੇ ਰਚਨਾ ਵਿੱਚ ਕੋਈ ਅਜਿਹਾ ਕਾਵਿਕ ਵਾਕ ਲਿਖਿਆ ਹੁੰਦਾ ਹੈ ਜਿਸ ਵਿਚਲੇ ਸੱਚ ਨੂੰ ਲੋਕ ਮੂੰਹੋਂ-ਮੂੰਹ ਅਪਣਾ ਲੈਂਦੇ ਹਨ ਅਤੇ ਸਮਾਂ ਪਾ ਕੇ ਉਹ ਮੁਹਾਵਰਾ ਬਣ ਜਾਂਦਾ ਹੈ । ਜਿਵੇਂ ਵਾਰਿਸ ਦੀ ਹੀਰ ਵਿਚਲਾ ਇਹ ਵਾਕ ਕਿ :

          ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ,

          ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ

        ਕਈ ਵਾਰ ਕੋਈ ਸੰਤ ਮਹਾਤਮਾ ਆਪਣੇ ਬਚਨਾਂ ਵਿੱਚ ਅਟੱਲ ਸਚਾਈ ਵਾਲਾ ਕੋਈ ਅਜਿਹਾ ਵਾਕ , ਸ਼ਬਦ ਜਾਂ ਕਾਵਿ-ਬੰਦ ਕਹਿ ਜਾਂ ਲਿਖ ਦਿੰਦੇ ਹਨ , ਜਿਸਨੂੰ ਲੋਕ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦੇ ਹਨ ਅਤੇ ਵਾਰ-ਵਾਰ ਵਰਤੋਂ ਕਰ ਕੇ ਉਸਨੂੰ ਅਖਾਣ ਦੀ ਕੋਟੀ ਵਿੱਚ ਸ਼ਾਮਲ ਕਰ ਲੈਂਦੇ ਹਨ । ਜਿਵੇਂ ਗੁਰਬਾਣੀ ਦਾ ਇਹ ਵਾਕ ਕਿ :

          ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ

        ਜਾਂ ਭਾਈ ਗੁਰਦਾਸ ਦੀ ਇਹ ਪੰਕਤੀ ਕਿ :

          ਕੁਤਾ ਰਾਜ ਬਹਾਲੀਏ ਫਿਰ ਚਕੀ ਚਟੇ

        ਵੀ ਲੋਕ-ਮਨ ਨੇ ਇੱਕ ਅਖਾਣ ਵਜੋਂ ਪ੍ਰਵਾਨ ਕਰ ਲਿਆ ਹੋਇਆ ਹੈ ।

      ਮੁਹਾਵਰਿਆਂ ਦਾ ਇਤਿਹਾਸ ਬਹੁਤ ਪ੍ਰਾਚੀਨ ਹੈ । ਫ਼ਰੀਦ ਦੀ ਬਾਣੀ ਇਸ ਦਾ ਵੱਡਾ ਸਬੂਤ ਹੈ ਕਿਉਂਕਿ ਫ਼ਰੀਦ ਦੀ ਬਾਣੀ ਵਿੱਚ ਮੁਹਾਵਰਿਆਂ ਦੀ ਬਹੁਤਾਤ ਹੈ । ਅਖਾਣਾਂ ਦੀ ਬਣਤਰ ਦਾ ਸੰਬੰਧ ਭਾਸ਼ਾ ਨਾਲ ਹੈ ਅਤੇ ਵਰਤੋਂ ਦਾ ਸੰਬੰਧ ਮਨੁੱਖੀ ਰਹਿਤਲ ਨਾਲ ਹੈ । ਵਿਦਵਾਨਾਂ ਦੇ ਬਹੁਮਤ ਅਨੁਸਾਰ , ਜਿਤਨੀ ਕਿਸੇ ਕੌਮ ਦੀ ਉਮਰ ਵਧਦੀ ਜਾਂਦੀ ਹੈ , ਉਤਨੀ ਉਸ ਦੀ ਸੱਭਿਅਤਾ ਅਤੇ ਬੋਲੀ ਵੀ ਵਿਕਾਸ ਕਰਦੀ ਹੈ । ਬੋਲੀ ਦੇ ਵਿਕਾਸ ਨਾਲ ਵੀ ਅਖਾਣਾਂ ਦੀ ਗਿਣਤੀ ਜੁੜੀ ਹੋਈ ਹੈ ਕਿਉਂਕਿ ਜਿਵੇਂ-ਜਿਵੇਂ ਕਿਸੇ ਕੌਮ ਦਾ ਤਜਰਬਾ ਵਧਦਾ ਜਾਂਦਾ ਹੈ ਤਿਵੇਂ ਅਖਾਣ ਵੀ ਵਧਦੇ ਜਾਂਦੇ ਹਨ । ਅਖਾਣਾਂ ਦੀ ਸਿਰਜਣ ਪ੍ਰਕਿਰਿਆ ਮਨੁੱਖ ਦੇ ਤਜਰਬਿਆਂ ਨਾਲ ਵੀ ਜੁੜੀ ਹੋਈ ਹੈ । ਅਨੇਕਾਂ ਅਖਾਣ ਤਜਰਬੇ ਤੋਂ ਨਿਕਲਣ ਵਾਲੇ ਸਿੱਟਿਆਂ ਤੇ ਆਧਾਰਿਤ ਵੀ ਵੇਖੇ ਜਾ ਸਕਦੇ ਹਨ । ਜਿਵੇਂ :

  -     ਸਰਫਾ ਕਰ ਕੇ ਸੁੱਤੀ , ਆਟਾ ਖਾ ਗਈ ਕੁੱਤੀ

  -     ਸਖੀ ਨਾਲੋਂ ਸ਼ੂਮ ਚੰਗਾ , ਜਿਹੜਾ ਤੁਰਤ ਦੇ ਜਵਾਬ

  -     ਸੋਗ ਦਿਲ ਦਾ ਰੋਗ

  -     ਗੁਰੂ ਬਿਨਾਂ ਗਤ ਨਹੀਂ , ਸ਼ਾਹ ਬਿਨਾਂ ਪਤ ਨਹੀਂ

  -     ਝੂਠ ਦੇ ਪੈਰ ਨਹੀਂ ਹੁੰਦੇ

            -      ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ

          ਅਜਿਹੇ ਅਨੇਕਾਂ ਅਖਾਣ ਹਨ ਜੋ ਮਨੁੱਖੀ ਤਜਰਬਿਆਂ ਵਿੱਚੋਂ ਜਨਮੇ ਹਨ । ਅਖਾਣਾਂ ਦੇ ਜਨਮ ਲੈਣ ਦਾ ਸੋਮਾ ਲੋਕ-ਸਿਆਣਪ ਵੀ ਹੈ । ਕਈ ਵੇਰ ਕੋਈ ਅਕਲਮੰਦ ਅਤੇ ਸਿਆਣਾ ਪੁਰਸ਼ , ਕਿਸੇ ਦੂਜੇ ਮਨੁੱਖ ਦਾ ਵਿਵਹਾਰ ਦੇਖਦਾ ਹੈ , ਉਸ ਦੇ ਮਨ ਵਿਚਲੀ ਭਾਵਨਾ ਨੂੰ ਪੜ੍ਹਦਾ ਹੈ ਜਾਂ ਉਸ ਦੀਆਂ ਹਰਕਤਾਂ ਨੂੰ ਵੇਖ ਕੇ ਜੋ ਸਿੱਟਾ ਕੱਢ ਕੇ ਲਿਖਦਾ ਜਾਂ ਬੋਲਦਾ ਹੈ , ਜੇਕਰ ਉਹਨਾਂ ਬੋਲਾਂ ਵਿੱਚ ਅਖਾਣ ਬਣਨ ਦੇ ਗੁਣ ਹੋਣ ਅਤੇ ਲੋਕ ਉਹਨਾਂ ਨੂੰ ਅਪਣਾ ਲੈਣ ਤਾਂ ਸਮਾਂ ਪਾ ਕੇ ਉਹਨਾਂ ਬੋਲਾਂ ਦੇ ਦੁਹਰਾਓ , ਅਖਾਣ ਬਣ ਜਾਂਦੇ ਹਨ । ਅਸਲ ਵਿੱਚ ਮਨੁੱਖੀ ਸੁਭਾਅ ਅਤੇ ਆਲੇ- ਦੁਆਲੇ ਦੀ ਸਮਝ ਹੀ ਮਨੁੱਖੀ ਸੱਭਿਅਤਾ ਦਾ ਵਿਕਾਸ ਮੰਨਿਆ ਜਾਂਦਾ ਹੈ । ਅਜਿਹੀ ਸਿਆਣਪ ਵਿੱਚੋਂ ਵੀ ਅਨੇਕਾਂ ਅਖਾਣ ਘੜੇ ਮਿਲਦੇ ਹਨ , ਜਿਵੇਂ :

          -    ਹੱਥ ਨਾ ਅੱਪੜੇ , ਥੂਹ ਕੌੜੀ

          -    ਅੰਨ੍ਹਾ ਵੰਡੇ ਸ਼ੀਰਨੀਆਂ , ਮੁੜ ਮੁੜ ਆਪਣਿਆਂ ਨੂੰ

          -   ਉਠ ਸਕੇ ਨਾ ਫਿੱਟੇ ਮੂੰਹ ਗੋਡਿਆਂ ਦਾ

          -   ਆਪਣਾ ਮਾਰੇਗਾ , ਤਾਂ ਛਾਵੇਂ ਸਿਟੇਗਾ

          -   ਆਪਣੀ ਲੱਸੀ ਨੂੰ ਕੋਈ ਖੱਟੀ ਨਹੀਂ ਕਹਿੰਦਾ

  ਹਰ ਅਖਾਣ ਵਿੱਚ ਇੱਕ ਖ਼ਾਸ ਕਿਸਮ ਦੀ ਵਿਰੋਧਤਾਈ ਹੁੰਦੀ ਹੈ , ਜਿਹੜੀ ਸੋਚਣ ਲਈ ਮਨੁੱਖ ਨੂੰ ਟੁੰਬਦੀ ਹੈ । ਜਿਵੇਂ :

  -             ਨਾਲੇ ਚੋਰ , ਨਾਲੇ ਚਤਰ

                    -                      ਚਿੜੀਆਂ ਦੀ ਮੌਤ , ਗਵਾਰਾਂ ਦਾ ਹਾਸਾ

                    -                      ਮੂੰਹ ਵਿੱਚ ਰਾਮ ਰਾਮ , ਬਗਲ ਵਿੱਚ ਛੁਰੀ

        ਅਖਾਣ ਬੋਲ-ਚਾਲ ਵਿੱਚ ਆਮ ਵਰਤੇ ਜਾਂਦੇ ਹਨ ਕਿਉਂਕਿ ਇਹਨਾਂ ਦਾ ਉਚਾਰਨ ਸਹਿਜ-ਸੁਭਾਅ ਹੀ ਹੋ ਜਾਂਦਾ ਹੈ । ਵਿਦਵਾਨਾਂ ਦਾ ਕਥਨ ਹੈ ਕਿ ਕਿਸੇ ਵੀ ਅਖਾਣ ਨੂੰ ਲੋਕਾਂ ਦੀ ਜ਼ਬਾਨ ਤੇ ਚੜ੍ਹਦਿਆਂ ਅਨੇਕਾਂ ਵਰ੍ਹੇ ਲੱਗ ਜਾਂਦੇ ਹਨ । ਇਉਂ ਸਮੇਂ ਦੇ ਬੀਤਣ ਨਾਲ ਇਹਨਾਂ ਵਿੱਚ ਬਹੁਤ ਪਕਿਆਈ ਆ ਜਾਂਦੀ ਹੈ । ਜਿਵੇਂ ਕਈ ਪੱਥਰ ਪਾਣੀ ਦੇ ਵਹਾਅ ਨਾਲ ਦਰਿਆਵਾਂ ਵਿੱਚ ਰਿੜਦੇ-ਰਿੜਦੇ ਗੋਲ ਅਤੇ ਮੁਲਾਇਮ ਹੋ ਜਾਂਦੇ ਹਨ , ਇਵੇਂ ਹੀ ਸਦੀਆਂ ਦੀ ਵਰਤੋਂ ਨਾਲ ਅਖਾਣ ਵੀ ਭਾਸ਼ਾ ਅਤੇ ਅਰਥਾਂ ਦੇ ਪੱਖੋਂ ਚਮਕਣ ਲੱਗਦੇ ਹਨ ਅਤੇ ਇੱਕ ਦਿਲ-ਖਿਚਵਾਂ ਰੂਪ ਇਖ਼ਤਿਆਰ ਕਰ ਲੈਂਦੇ ਹਨ । ਅਖਾਣਾਂ ਦੇ ਚਾਰ ਮੁੱਖ ਲੱਛਣ ਮੰਨੇ ਗਏ ਹਨ :

          1. ਮਨੁੱਖੀ ਜੀਵਨ ਅਨੁਭਵ ਦਾ ਤਿੱਖਾ ਸੂਤਰ ਹੋਵੇ

          2. ਸੰਖੇਪ ਹੋਵੇ

          3. ਸਰਲ ਅਤੇ ਢੁੱਕਵੀਂ ਸ਼ੈਲੀ ਹੋਵੇ

          4. ਸਰਬ ਪ੍ਰਵਾਨਗੀ ਵਾਲਾ ਹੋਵੇ

      ਅਖਾਣ ਦਾ ਜੀਵਨ ਵਿੱਚ ਬੜਾ ਮਹੱਤਵਪੂਰਨ ਸਥਾਨ ਮੰਨਿਆ ਗਿਆ ਹੈ , ਕਿਉਂਕਿ ਇਹ ਗੱਲ-ਬਾਤ ਕਰਦੇ ਸਮੇਂ ਥੋੜ੍ਹੇ ਸ਼ਬਦਾਂ ਵਿੱਚ ਵੱਡੀ ਗੱਲ ਕਹਿ ਜਾਂਦੇ ਹਨ । ਅਖਾਣ ਮੂਰਖ ਅਤੇ ਝੂਠੇ ਵਿਅਕਤੀ ਦੀ ਖਿੱਲੀ ਵੀ ਉਡਾਉਂਦੇ ਹਨ । ਅਖਾਣ ਅਨੇਕਾਂ ਕਿਸਮਾਂ ਦੇ ਹੁੰਦੇ ਹਨ , ਜਿਵੇਂ ਇਤਿਹਾਸ ਸੰਬੰਧੀ :

        -        ਖਾਧਾ ਪੀਤਾ ਲਾਹੇ ਦਾ ,

                      ਰਹਿੰਦਾ ਅਹਿਮਦ ਸ਼ਾਹੇ ਦਾ

              ਪਸ਼ੂ-ਪੰਛੀਆਂ ਸੰਬੰਧੀ :

        -       ਸੱਪ ਕੁੰਜ ਛਡਦੈ ,

                        ਜ਼ਹਿਰ ਨਹੀਂ ਛੱਡਦਾ

      ਜਾਤਾਂ ਗੋਤਾਂ ਸੰਬੰਧੀ :

        -       ਚਿੱਟਾ ਕੱਪੜਾ ਕੁੱਕੜ ਖਾਣਾ ,

                  ਉਸ ਜੱਟ ਦਾ ਨਹੀਂ ਟਿਕਾਣਾ

        -        ਡਿੱਗੀ ਖੋਤੇ ਤੋਂ ,

                      ਗੁੱਸਾ ਘੁਮਿਆਰ ` ਤੇ

        ਇਹ ਵੀ ਕਿਹਾ ਜਾਂਦਾ ਹੈ ਕਿ ਅਖਾਣ ਹਵਾ ਦੀ ਤੋਰੇ ਤੁਰਦੇ ਹਨ ਅਤੇ ਇੱਕ ਪ੍ਰਾਂਤ ਤੋਂ ਦੂਜੇ ਪ੍ਰਾਂਤ ਅਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਪੁੱਜ ਜਾਂਦੇ ਹਨ । ਕਈ ਵਿਦਵਾਨਾਂ ਦਾ ਮੱਤ ਹੈ ਕਿ ਪੇਂਡੂ ਸੱਭਿਆਚਾਰ ਵਿੱਚ ਇਸਤਰੀਆਂ ਅਖਾਣਾਂ ਦਾ ਵਧੇਰੇ ਪ੍ਰਯੋਗ ਕਰਦੀਆਂ ਹਨ ਕਿਉਂਕਿ ਉਹਨਾਂ ਦੀ ਬੋਲੀ ਵਧੇਰੇ ਸਾਦੀ ਅਤੇ ਵਿਅੰਗ ਵਾਲੀ ਹੁੰਦੀ ਹੈ ।

        ਇਉਂ ਅਖਾਣਾਂ ਰਾਹੀਂ ਪੁਰਖਿਆਂ ਦਾ ਜੀਵਨ ਅਨੁਭਵ ਮੂੰਹੋਂ-ਮੂੰਹ ਅੱਗੇ-ਅੱਗੇ ਤੁਰਦਾ ਯੁੱਗਾਂ ਦਾ ਪੈਂਡਾ ਤਹਿ ਕਰ ਲੈਂਦਾ ਹੈ । ਕਈ ਅਖਾਣ ਜੋ ਅੱਜ ਸਾਡੀ ਬੋਲ-ਚਾਲ ਦਾ ਹਿੱਸਾ ਹਨ , ਉਹ ਆਰੀਆ ਜਾਤੀ ਦੇ ਮੁਢਲੇ ਅਨੁਭਵ ਸਨ । ਇੱਕ ਧਾਰਨਾ ਅਨੁਸਾਰ ਜਦੋਂ ਪੰਜਾਬ ਦੇ ਦਰਿਆਵਾਂ ਕੰਢੇ ਰਿਗਵੇਦਾਂ ਦੇ ਮੁਢਲੇ ਸ਼ਲੋਕ ਰਚੇ ਗਏ ਤਾਂ ਲੋਕੀਂ ਉਦੋਂ ਦੀ ਭਾਸ਼ਾ ਵਿੱਚ ਵੀ ਆਮ ਮੁਹਾਵਰੇ ਬੋਲਿਆ ਕਰਦੇ ਸਨ ਜੋ ਰਿਗਵੇਦਾਂ ਦੀਆਂ ਰਿਚਾਂ ( ਸ਼ਲੋਕਾਂ ) ਵਿੱਚ ਮਿਲਦੇ ਹਨ । ਜਿਵੇਂ , ਅੱਗ ਬਿਨਾਂ ਧੂੰ ਨਹੀਂ , ਨਦੀ ਨਾਵ ਸੰਜੋਗੀ ਮੇਲੇ ਜਾਂ ਪਿਆਸਾ ਖੂਹ ਕੋਲ ਜਾਂਦਾ ਹੈ ਖੂਹ ਪਿਆਸੇ ਕੋਲ ਨਹੀਂ ਆਉਂਦਾ , ਇਤਿਆਦਿ । ਅਸੀਂ ਅੱਜ ਵੀ ਉਹ ਸਦੀਆਂ ਪਹਿਲਾਂ ਦੇ ਅਖਾਣ ਉਸੇ ਭਾਵਨਾ ਨਾਲ ਬੋਲਦੇ ਹਾਂ ।

              ਅਖਾਣ ਸਾਡੇ ਜੀਵਨ ਵਿੱਚ ਲਹੂ ਮਾਸ ਵਾਂਗ ਰਚੇ ਹੋਏ ਹਨ । ਨਿਤ ਜੀਵਨ ਵਿਹਾਰ ਵਿੱਚ ਅਜੋਕੇ ਸਮੇਂ ਵੀ ਪੇਂਡੂ ਲੋਕ , ਅਖਾਣਾਂ ਤੋਂ ਅਗਵਾਈ ਲੈਂਦੇ ਹੋਏ ਉਹਨਾਂ ਦੀ ਆਮ ਵਰਤੋਂ ਕਰਦੇ ਹਨ । ਜਿਵੇਂ :

                      - ਉੱਦਮ ਅੱਗੇ ਲੱਛਮੀ , ਪੱਖੇ ਅੱਗੇ ਪੌਣ

                      - ਖੁਆਜੇ ਦਾ ਗੁਆਹ ਡੱਡੂ

                      - ਬਹੁਤੀ ਘਰੀਂ ਪ੍ਰਾਹੁਣਾ ਰਹਿੰਦਾ ਭੁੱਖਾ

                      - ਗੁਰੂ ਬਿਨਾਂ ਗਤ ਨਹੀਂ , ਸ਼ਾਹ ਬਿਨਾ ਪਤ ਨਹੀਂ

        ਇਉਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਅਖਾਣਾਂ ਵਿੱਚ ਜੀਵਨ ਦੀ ਸਾਰੀ ਸ਼ੋਖ਼ੀ ਅਤੇ ਰੰਗਤ ਭਰੀ ਹੋਈ ਹੈ । ਇਹਨਾਂ ਅਖਾਣਾਂ ਨਾਲ ਮਨੁੱਖ ਦੀ ਸਾਂਝ ਸਦੀਵੀ ਹੈ । ਅਖਾਣ ਪਥ ਪ੍ਰਦਰਸ਼ਕ ਦੀ ਭੂਮਿਕਾ ਨਿਭਾਉਂਦੇ ਹਨ । ਅਖਾਣ ਆਪਣੀ ਵਿਅੰਗ ਵਿਧੀ ਰਾਹੀਂ ਕਈ ਕੁਝ ਸੁਝਾਅ ਦਿੰਦੇ ਹਨ ਪਰ ਉਹ ਬੁਰੇ ਨਹੀਂ ਲੱਗਦੇ , ਕਿਉਂਕਿ ਉਹਨਾਂ ਦੇ ਅਰਥਾਂ ਵਿੱਚ ਜੀਵਨ ਦੀ ਮਿਠਾਸ ਭਰੀ ਹੋਈ ਹੁੰਦੀ ਹੈ ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 57354, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅਖਾਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਖਾਣ ( ਨਾਂ , ਪੁ ) ਅਲੰਕਾਰਕ ਸ਼ੈਲੀ ਵਿੱਚ ਬੰਨ੍ਹਿਆ ਗਿਆ ਪ੍ਰਮਾਣਿਕ ਵਾਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 57292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਖਾਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਖਾਣ [ ਨਾਂਪੁ ] ਵੇਖੋ ਅਖਾਉਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 57280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਖਾਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਖਾਣ. ਸੰ. ਆਖ੍ਯਾਨ. ਸੰਗ੍ਯਾ— ਕਥਾ. ਪ੍ਰਸੰਗ. ਕਹਾਣੀ । ੨ ਕਹਾਵਤ. ੒ਰਬੁਲਮ੆ਲ. Proverb. ਦੇਖੋ , ਲੋਕੋਕ੍ਤਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 57306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਖਾਣ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਖਾਣ : ਅਖਾਣ ਜਾਂ ਅਖਾਉਤ ਕਿਸੇ ਭਾਸ਼ਾ ਦੇ ਬੜੇ ਬਲਵਾਨ ਅੰਗ ਹਨ । ਇਹ ਵੀ ਮੁਹਾਵਰਿਆਂ ਵਾਂਗ ਲੋਕ ਭਾਸ਼ਾ ਤੋਂ ਸਾਹਿੱਤ ਵਲ ਆਪਣੀ ਯਾਤਰਾ ਕਰਦੇ ਹਨ । ਪਰੰਤੂ ਮੁਹਾਵੇਰੇ ਸ਼ਬਦਾਂ ਅਤੇ ਕ੍ਰਿਆ– ਪ੍ਰਯੋਗਾਂ ਦੇ ਮੇਲ ਨਾਲ ਇਕ ਵਿਸ਼ੇਸ਼ ਵਾਕਾਂਸ਼ ਦਾ ਰੂਪ ਧਾਰਣ ਕਰਦੇ ਹਨ । ਇਨ੍ਹਾਂ ਵਿਚ ਪੂਰੀ ਗੱਲ ਸਮਾਈ ਨਹੀਂ ਹੁੰਦੀ , ਵਾਕਾਂ ਵਿਚ ਵਰਤੇ ਜਾਣ ਤੇ ਹੀ ਇਨ੍ਹਾਂ ਵਿਚ ਲੁਕੇ ਭਾਵਾਂ ਦਾ ਬੋਧ ਹੁੰਦਾ ਹੈ । ਇਸ ਦੇ ਮੁਕਾਬਲੇ ਅਖਾਣ ਇਕ ਅਟਲ ਸਚਾਈ ਜਾਂ ਵਿਚਾਰ ਜਾਂ ਭਾਵ ਆਦਿ ਦੀ ਪੂਰੀ ਅਭਿਵਿਅਕਤੀ ਕਰਦਾ ਹੈ । ਹਰ ਅਖਾਣ ਪਿੱਛੇ ਕੋਈ ਘਟਨਾ ਜਾਂ ਕਥਾ– ਪ੍ਰਸੰਗ ਆਦਿ ਹੁੰਦਾ ਹੈ । ਇਹ ਘਟਨਾ ਜਾਂ ਕਥਾ– ਪ੍ਰਸੰਗ ਸਮਾਜ ਵਿਚ ਘਟਿਤ ਹੋ ਕੇ ਸਮੇਂ ਦੇ ਪਰਦੇ ਪਿੱਛੇ ਲੁਕ ਛਿਪ ਜਾਂਦੇ ਹਨ ਪਰੰਤੂ ਉਨ੍ਹਾਂ ਦਾ ਸਾਰ ਰੂਪ ਅਖਾਣ ਦੇ ਰੂਪ ਵਿਚ ਪੀੜ੍ਰਿਓਂ ਪੀੜ੍ਹੀ ਜਨ– ਜੀਵਨ ਵਿਚ ਵਰਤੀਂਦਾ ਚਲਿਆ ਆਉਂਦਾ ਹੈ । ਅਖਾਣ ਨੂੰ ਅਖਾਉਤ , ਲੋਕੋਕਤੀ , ਕਹਾਵਤ ਅਤੇ ਜ਼ਰਬ– ਉਲ– ਮਿਸਲ ਦੀ ਆਖਦੇ ਹਨ ।

                  ਮੁਹਾਵਰਿਆਂ ਵਾਂਗ ਪੰਜਾਬੀ ਵਿਚ ਅਖਾਣਾਂ ਦੀ ਵੀ ਭਰਮਾਰ ਹੈ । ਮੁਹਾਵਰਿਆਂ ਦੀ ਸਿਰਜਣਾ ਦਾ ਆਧਾਰ ਠੁਕ ਨਾਲ ਗੱਲ ਕਰਨ ਹੈ , ਪਰ ਅਖਾਣ ਦਾ ਆਧਾਰ ਕੋਈ ਘਟਨਾ , ਪ੍ਰਸੰਗ , ਸਾਕਾ ਜਾਂ ਤਜਰਬਾ ਹੈ । ਪੰਜਾਬੀ ਭਾਸ਼ਾ ਬੋਲਣ ਵਾਲੇ ਜ਼ਿਆਦਾ ਉਦਯੋਗਸ਼ੀਲ ਪਰਾਕ੍ਰਮੀ , ਉਤਸਾਹੀ , ਮਿਹਨਤੀ ਹੁੰਦੇ ਹਨ , ਇਸ ਲਈ ਇਨ੍ਹਾਂ ਦੇ ਜੀਵਨ ਨਾਲ ਅਨੇਕ ਘਟਨਾ– ਪ੍ਰਸੰਗਾਂ ਜਾਂ ਅਨੁਭਵਾਂ ਦਾ ਸੰਬੰਧਿਤ ਹੋਣਾ ਸੁਭਾਵਿਕ ਹੈ । ਅਖਾਣ ਮਨੁੱਖਾਂ ਦੇ ਸਦੀਆਂ ਤੇ ਅਨੁਭਵਾਂ ਦਾ ਨਿਚੋੜ ਹਨ । ਇਨ੍ਹਾਂ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਲੰਬਾ ਹੁੰਦਾ ਹੈ । ਇਹ ਕੋਈ ਝਟਪਟ ਸੁਝੀ ਗੱਲ ਨਹੀਂ । ਇਸ ਵਿਚ ਮਨੁੱਖੀ ਜੀਵਨ ਦੇ ਕਿਸੇ ਵੀ ਪੱਖ ਦੇ ਗਿਆਨ ਦੇ ਸੰਘਣੇ ਨਿਚੋੜ ਨੂੰ ਸੰਖਿਪਤ ਅਤੇ ਸੰਜਮ– ਭਰੀ ਢੁੱਕਵੀਂ ਸ਼ੈਲੀ ਵਿਚ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਜਨ– ਸਾਧਾਰਣ ਵਿਚ ਉਸ ਨੂੰ ਪ੍ਰਵਾਨਗੀ ਪ੍ਰਾਪਤ ਹੋ ਸਕੇ । ਵਣਜਾਰਾ ਬੇਦੀ ਅਨੁਸਾਰ ਸੰਜਮ ਤੇ ਲੈਅ ਭਰਪੂਰ ਚੁਸਤ ਵਾਕ , ਜਿਨ੍ਹਾਂ ਵਿਚ ਜੀਵਨ ਬਾਰੇ ਕੋਈ ਤੱਥ ਜਾਂ ਨਿਰਣਾ ਪ੍ਰਭਾਵਸ਼ਾਲੀ ਵਿਧੀ ਨਾਲ ਸਮੋਇਆ ਹੋਵੇ , ‘ ਅਖਾਣ’ ਹਨ ।

                  ਅਖਾਣ ਲੋਕ ਸਾਹਿੱਤ ਦਾ ਮਹੱਤਵਪੂਰਣ ਅੰਗ ਹਨ । ਅਸਲ ਵਿਚ ਇਹ ਆਦਿ ਸਾਹਿੱਤ ਹਨ । ਇਨ੍ਹਾਂ ਰਾਹੀਂ ਹੀ ਮਨੁੱਖ ਨੇ ਸਭ ਤੋਂ ਪਹਿਲਾਂ ਆਪਣੇ ਅਨੁਭਵ ਦੇ ਆਧਾਰਿਤ ਤੱਥ ਜਾਂ ਪ੍ਰਤਿਕਰਮ ਪੇਸ਼ ਕੀਤੇ । ਇਨ੍ਹਾਂ ਰਾਹੀਂ ਹੀ ਉਪਮਾਵਾਂ ਅਤੇ ਰੂਪਕਾਂ ਨੇ ਜਨਮ ਲਿਆ । ਇਸ ਲਈ ਜਿਉਂ ਜਿਉਂ ਕਿਸੇ ਕੌਮ ਦਾ ਵਿਕਾਸ ਹੁੰਦਾ ਗਿਆ , ਤਜਰਬਾ ਵਧਦਾ ਗਿਆ , ਉਸ ਵਿਚ ਅਖਾਣ ਵੀ ਵਧਦੇ ਗਏ । ਇਨ੍ਹਾਂ ਵਿਚ ਨਿਰੰਤਰ ਵਿਕਾਸ ਹੁੰਦਾ ਰਹਿੰਦਾ ਹੈ । ਕਈ ਵਾਰ ਕੁਝ ਅਖਾਣ ਸਮੇਂ ਦੇ ਵਿਕਾਸ– ਕ੍ਰਮ ਨਾਲ ਕਦਮ ਨਾ ਮੇਚ ਸਕਣ ਕਾਰਣ ਕਾਲ– ਚੱਕਰ ਵਿਚ ਸਮਾ ਜਾਂਦੇ ਹਨ । ਲੋਕ ਸਾਹਿੱਤ ਦਾ ਅੰਗ ਹੋਣ ਕਾਰਣ ਇਨ੍ਹਾਂ ਦਾ ਅਧਿਕ ਵਿਕਾਸ ਸਾਧਾਰਣ ਜਨ– ਜੀਵਨ ਅਤੇ ਪੇਂਡੂ ਜੀਵਨ ਵਿਚ ਅਧਿਕ ਹੈ । ਭਾਵੇਂ ਪੰਜਾਬੀ ਅਖਾਣਾਂ ਵਿਚ ਨਿਰਵਿਘਨ ਰੂਪ ਵਿਚ ਵਿਕਾਸ ਹੁੰਦਾ ਰਿਹਾ ਹੈ , ਪਰ ਨਾਗਰਿਕਤਾ ਦੇ ਵਿਕਾਸ ਕਾਰਣ ਇਨ੍ਹਾਂ ਦੀ ਸਿਰਜਨ– ਪ੍ਰਕ੍ਰਿਆ ਦੇ ਮੱਠੇ ਪੈਣ ਦੀ ਸੰਭਾਵਨਾ ਵਧ ਰਹੀ ਹੈ ।

                  ਅਖਾਣਾਂ ਦੀਆਂ ਮੌਟੇ ਤੌਰ ਤੇ ਦੋ ਕਿਸਮਾਂ ਹਨ । ਇਕ ਉਹ ਅਖਾਣ ਜੋ ਸੁਤੇ ਸਿਧ ਹੋਂਦ ਵਿਚ ਆਉਂਦੇ ਹਨ । ਇਹ ਜਨਤਾ ਦੁਆਰਾ ਆਪਣੇ ਆਪ ਸਿਰਜੇ ਜਾਂਦੇ ਹਨ । ਕਿਸੇ ਖ਼ਾਸ ਪਰਿਸਥਿਤੀ ਜਾਂ ਪ੍ਰਸੰਗ ਵਿਚ ਕਿਸੇ ਸਿਆਣੇ ਸੁਲਝੇ ਹੋਏ ਵਿਅਕਤੀ ਦੇ ਮੁਖ ਤੋਂ ਆਪ– ਮੁਹਾਰੇ ਕੋਈ ਵਾਰ ਨਿਕਲ ਜਾਂਦਾ ਹੈ ਜੋ ਆਪਣੀ ਠੁਕ ਅਤੇ ਅਨੁਰੂਪਤਾ ਕਾਰਣ ਲੋਕ ਸੂਝ ਉਤੇ ਛਾ ਜਾਂਦਾ ਹੈ । ਇਹੀ ਲੋਕ ਮੁੱਖ ਦੀ ਟਕਸਾਲ ਦਾ ਸਿੱਕਾ ਸੁਤੇ ਸਿਧ ਹੋਂਦ ਵਿਚ ਆਉਣ ਵਾਲਾ ’ ਅਖਾਣ’ ਹੈ । ਇਸ ਦੇ ਵਿਕਾਸ ਦੀਆਂ ਤਿੰਨ ਅਵਸਥਾਵਾਂ ਹਨ– ਪਹਿਲੀ ਬੀਜ ਰੂਪ ਵਾਲੀ ਜਦੋਂ ਕਿਸ ਸਿਆਣੇ ਵਿਅਕਤੀ ਦੇ ਮੂੰਹ ਵਿਚੋਂ ਅਖਾਣ ਬਣਨ ਵਾਲਾ ਵਾਕ ਨਿਕਲਦਾ ਹੈ , ਦੂਜੀ ਜਦੋਂ ਉਹ ਵਾਂਕ ਜਾਂ ਕਥਨ ਉਸੇ ਵਰਗੀਆਂ ਪਰਿਸਥਿਤੀਆਂ ਵਿਚ ਵਰਤਿਆ ਜਾਣ ਲਗਦਾ ਹੈ ਅਤੇ ਤੀਜੀ ਉਸ ਵਿਚੋਂ ਕੋਈ ਵਾਧੂ ਸ਼ਬਦ ਮੁਖ ਸੁਖ ਸਿਧਾਂਤ ਦੇ ਸੰਦ ਦੁਆਰਾ ਛਿਲੇ ਤਰਾਸ਼ੇ ਜਾ ਕੇ ਆਪਣਾ ਸਿੱਕੇ– ਬੰਦ ਰੂਪ ਧਾਰਣ ਕਰਦਾ ਹੈ । ਇਸ ਕਿਸਮ ਦੇ ਅਖਾਣਾਂ ਦੇ ਕੁਝ ਨਮੂਨੇ ਇਸ ਪ੍ਰਕਾਰ ਹਨ– ‘ ਸੋ ਸਿਆਣੇ ਇਕੋ ਮਤ , ਮੂਰਖ ਆਪੋ ਆਪਣੀ; ਸੌ ਸੁਨਿਆਰ ਦੀ ਇਕ ਲੁਹਾਰ ਦੀ; ਸੌ ਚਾਚਾ ਇਕ ਪਿਉ , ਸੌ ਦਾਰੂ ਇਕ ਘਿਉ; ਸੌ ਦਿਨ ਚੋਰ ਦੇ , ਇਕ ਦਿਨ ਸਾਧ ਦਾ; ਹੱਛਾ  ਸਭ ਦਾ ਵੱਛਾ; ਹੱਥ ਕਾਰ ਵਲ , ਚਿਤ ਯਾਰ ਵਲ; ਹੱਥ ਪੁਰਾਣੇ ਖੋਸੜੇ ਬਸੰਤੇ ਹੋਰੀਂ ਆਏ; ਹਥਿਆਰ ਉਹ ਜਿਹੜਾ ਵੇਲੇ ਸਿਰ ਕੰਮ ਆਏ , ਹਮਸਾਏ ਮਾਂ ਪਿਉ ਜਾਏ; ਲਾਈਏ ਤਾਂ ਤੋੜ ਨਿਭਾਈਏ; ਲਾਡ ਆਇਆ ਮਲਿਆਰੀ ਨੂੰ , ਠੁੱਡੇ ਮਾਰੇ ਖਾਰੀ ਨੂੰ; ਲਲੂ ਕਰੇ ਵਲਲੀਆਂ ਰੱਬ ਸਿਧੀਆਂ ਪਾਏ । ’ ਇਸ ਪ੍ਰਕਾਰ ਦੇ ਅਖਾਣਾਂ ਪਿਛੇ ਕੋਈ ਨਾ ਕੋਈ ਘਟਨਾ ਪ੍ਰਸੰਗ ਮੌਜੂਦ ਹੈ ।   ਉਹ ਭਾਵੇਂ ਹੁਣ ਸਮੇਂ ਦੀ ਕੁਖ ਵਿਚ ਲੁਕ ਗਿਆ ਹੋਵੇ ਪਰ ਉਸ ਦਾ ਅਨੁਮਾਨ ਸਹਿਜ ਹੀ ਲਗਾਇਆ ਜਾ ਸਕਦਾ ਹੈ ।          

                  ਦੂਜੀ ਕਿਸਮ ਦੇ ਅਖਾਣ ਚੇਤਨ ਤੌਰ ਤੇ ਹੋਂਦ ਵਿਚ ਆਉਂਦੇ ਹਨ । ਇਨ੍ਹਾਂ ਦੀ ਸਿਰਜਣਾ ਸ੍ਰੇਸ਼ਠ ਸਾਹਿੱਤਕਾਰਾਂ ਦੁਆਰਾ ਹੁੰਦੀ ਹੈ । ਜਦੋਂ ਕੋਈ ਸਾਹਿੱਤਕਾਰ ਮਨੁੱਖੀ ਸੁਭਾਅ ’ ਤੇ ਆਧਆਰਿਤ ਜਾਂ ਜੀਵਨ ਦੇ ਕਿਸੇ ਵੀ ਪੱਖ ਬਾਰੇ ਸਾਲਾਂ ਬੱਧੀ ਅਨੁਭਵ ਦੇ ਨਿਚੋੜ ਵਜੋਂ ਹਾਸਲ ਕੀਤੇ ਸਚ ਨੂੰ , ਸੁੰਦਰ ਸ਼ਬਦ ਯੋਜਨਾ ਨਾਲ ਵਾਕ ਵਿਚ ਬੀੜ ਦਿੰਦਾ ਹੈ ਤਾਂ ਉਹ ਸੀਤ ਕਥਨ ਬਾਰ ਬਾਰ ਲੋਕਾਂ ਵਿਚ ਵਰਤੇ ਜਾਣ ਨਾਲ ਅਖਾਣ ਬਣਨ ਦਾ ਅਧਿਕਾਰੀ ਹੋ ਜਾਂਦਾ ਹੈ । ਧਰਮ ਅਤੇ ਸਦਾਚਾਰ ਨਾਲ ਸੰਬੰਧਿਤ ਨੀਤੀ ਕਥਨ ਵੀ ਇਸੇ ਵਰਗ ਅਧੀਨ ਰੱਖੇ ਜਾ ਸਕਦੇ ਹਨ । ਲੌਕਿਕ ਅਖਾਣਾਂ ਨਾਲੋਂ ਇਨ੍ਹਾਂ ਅਖਾਣਾਂ ਦਾ ਉੱਨਾ ਹੀ ਫਰਕ ਹੈ ਜਿਤਨਾ ਜੰਗਲੀ ਫੁੱਲ ਦਾ ਬਗੀਚੇ ਦੇ ਫੁੱਲ ਨਾਲੋਂ ਹੁੰਦਾ ਹੈ । ਪਹਿਲੇ ਦਾ ਸੋਹਜ ਕੁਦਰਤੀ ਹੈ ਅਤੇ ਦੂਜੇ ਦਾ ਕਲਾਤਮਕ । ਪਹਿਲੇ ਉਤੇ ਲੋਕ ਸੂਝ ਦੀ ਮੋਹਰ ਲਗੀ ਹੁੰਦੀ ਹੈ ਅਤੇ ਦੂਜੇ ਉਤੇ ਸਾਹਿੱਤਕਾਰ ਦੀ ਪ੍ਰਤਿਭਾ ਦੀ । ਪਰ ਪ੍ਰਯੋਗ ਵਿਚ ਇਹ ਦੋਵੇਂ ਕਿਸੇ ਅੰਤਰ ਦੇ ਲਖਾਇਕ ਨਹੀਂ । ਪੰਜਾਬੀ ਸਾਹਿੱਤ ਵਿਚ ਸ਼ੁਰੂ ਤੋਂ  ਹੀ ਅਜਿਹੇ ਕਥਨ ਉਪਲਬਧ ਹਨ , ਜਿਵੇਂ ਫਰੀਦ ਬਾਣੀ ਵਿਚ ਲਿਖਿਆ ਹੈ– “ ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁਖ” ਜਾਂ “ ਫੀਰਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ” । ਗੁਰਬਾਣੀ ਦੀਆਂ ਸੈਂਕੜੇ ਤੁਕਾਂ ਸੁਚੱਜੇ ਅਖਾਣਾਂ ਦਾ ਰੂਪ ਧਾਰਣ ਕਰਦੀਆਂ ਹਨ ਜਿਵੇਂ ‘ ਰੋਟੀਆਂ ਕਾਰੀਣ ਪੂਰਹਿ ਤਾਲ’ , ‘ ਦੁਖ ਦਾਰੂ ਸੁਖ ਰੋਗੁ ਭਇਆ’ , ‘ ਮਿਠਤੂ ਨੀਵੀ ਨਾਨਕਾ ਗੁਣ ਚੰਗੀਆਈਆ ਤਤੁ’ , ‘ ਆਪਿ ਬੀਜਿ ਆਪੇ ਹੀ ਖਾਇ’ । ਭਾਈ ਗੁਰਦਾਸ ਦੀਆਂ ਵਾਰਾਂ ਅਖਾਣਾਂ ਨਾਲ ਭਰਪੂਰ ਹਨ ।   ਹਰ ਪਉੜੀ ਵਿਚ ਇਕ ਜਾਂ ਦੋ ਅਖਾਣ ਮਿਲ ਜਾਂਦੇ ਹਨ । ਉਨ੍ਹਾਂ ਨੇ ਕੁਝ ਕਥਾ– ਪ੍ਰਸੰਗਾਂ ਦੇ ਆਧਾਰ ਤੇ ਵੀ ਅਖਾਣਾਂ ਦੀ ਨਿਰਮਾਣ ਕੀਤਾ ਹੈ । ਉਦਾਹਰਣ ਵਜੋਂ ‘ ਕਾਵਾਂ ਰੌਲੀ ਮੂਰਖ ਸੰਗੇ’ ਅਖਾਣ ਨੂੰ ਚਿਤਰਨ ਵੇਲੇ ਉਨ੍ਹਾਂ ਨੇ ਪੂਰੀ ਪਉੜੀ ਲਿਖੀ ਹੈ :

                                    ਠੰਢੇ ਖੂਹਹੰ ਨ੍ਹਾਇਕੈ ਪਗੁ ਵਿਸਾਰ ਆਯਾ ਸਿਰ ਨੰਗੇ ।

                                    ਘਰ ਵਿਚ ਰੰਨਾ ਕਮਲੀਆਂ ਧੁਸੀ ਲੀਤੀ ਦੇਖ ਕੁਢੰਗੈ ।

                                    ਰੰਨਾਂ ਦੇਖ ਪਿਟੰਦੀਆਂ ਢਾਹਾਂ ਮਾਰੈ ਹੋਇ ਨਿਸੰਗੈ ।

                                    ਲੋਕ ਸਿਆਪੇ ਆਇਆ ਰੰਨਾ ਪੁਰਸ ਜੁੜੇ ਲੈ ਪੰਗੈ ।

                                    ਨਾਇਣ ਪੁਛਦੀ ਪਿਟਦੀਆਂ ਕਿਤ ਦੇ ਨਾਇ ਅਲਾਹਨੀ ਅੰਗੈ ।

                                    ਸਹੁਰੇ ਪੁਛਹੁ ਜਾਇ ਕੈ ਕਉਣ ਮੁਆ ਨੂੰਹ ਉਤਰ ਮੰਗੈ ।

                                    ਕਾਵਾਂ ਰੌਲੀ ਮੂਰਖ ਸੰਗੈ ।

                  ਪੰਜਾਬੀ ਕਿੱਸਿਆ ਵਿਚ ਵੀ ਅਨੇਕ ਸਤਿ ਕਥਨ ਅਖਾਣ ਵਜੋਂ ਉਪਲਬਧ ਹਨ । ਵਾਰਸ ਅਤੇ ਹਾਸ਼ਮ ਦੀਆਂ ਅਨੇਕ ਤੁਕਾਂ ਸੁੰਦਰ ਅਖਾਣਾਂ ਦੀ ਭੂਮਿਕਾ ਨਿਭਾਉਂਦੀਆਂ ਹਨ– ‘ ਵਾਰਸ ਸ਼ਾਹ’ ਨਾ ਆਦਤਾਂ ਜਾਂਦੀਆਂ ਨੀ ਭਾਵੇਂ ਕਟੀਏ ਪੋਰੀਆਂ ਪੋਰੀਆਂ ਜੀ’ ; ‘ ਹਾਸ਼ਮ ਹੋਣ ਜਿਨ੍ਹਾਂ ਦਿਨ ਉਲਟੇ , ਸਭ ਉਲਟੀ ਬਣ ਜਾਵੇ । ’ ਇਹ ਗੱਲ ਆਧੁਨਿਕ ਕਵੀਆਂ ਅਤੇ ਕਈ ਹੋਰ ਸਾਹਿੱਤ ਵੰਨਗੀਆਂ ਵਿਚ ਵੀ ਵੇਖੀ ਜਾ ਸਕਦੀ ਹੈ ।

                  ਪੰਜਾਬੀ ਅਖਾਣਾਂ ਵਿਚ ਪੰਜਾਬੀਆਂ ਦੇ ਸਮੁੱਚੇ ਜੀਵਨ ਦਾ ਬਿੰਬ ਮਿਲਦਾ ਹੈ । ਜੀਵਨ ਦਾ ਕੋਈ ਵੀ ਪਹਿਲੂ ਅਖਾਣਾਂ ਤੋਂ ਅਛੂਤਾ ਨਹੀਂ । ਇਤਨੀ ਵੰਨ– ਸੁਵੰਨਤਾ ਹੋਰਨਾਂ ਭਾਸ਼ਾਵਾਂ ਦੀ ਅਖਾਣ– ਸਾਮਗ੍ਰੀ ਵਿਚ ਘਟ ਹੀ ਮਿਲਦੀ ਹੈ । ਇਨ੍ਹਾਂ ਅਖਾਣਾਂ ਤੋਂ ਪੰਜਾਬੀਆਂ ਦੀ ਵਿਚਾਰਧਾਰਾ ਦਾ ਬੋਧ ਹੁੰਦਾ ਹੈ । ਰੱਬ ਦੀ ਪ੍ਰਾਪਤੀ ਲਈ ਸੰਸਾਰਿਕ ਪ੍ਰਪੰਚ ਤੋਂ ਮਨ ਹਟ ਕੇ ਅਧਿਆਤਮਿਕਤਾ ਚਿਵ ਲਗਾਉਣ ਦਾ ਕਿਤਨਾ ਸਰਲ ਉਪਾਅ ਬੁਲ੍ਹੇ ਸ਼ਾਹ ਨੂੰ ਆਪਣੇ ਮੁਰਸ਼ਿਦ ਸ਼ਾਹ ਅਨਾਇਤ ਦੁਆਰਾ ਸਮਝਾਇਆ ਗਿਆ ਹੈ– ‘ ਰੱਬ ਦਾ ਕੀ ਪਾਉਣਾ , ਇਧਰੋਂ ਪੁਟਣਾ ਤੇ ਉਧਰ ਲਾਉਣਾ । ’ ਪਿੰਡਾਂ ਦੀ ਪ੍ਰਧਾਨਤਾ ਹੋਣ ਕਾਰਣ ਪੰਜਾਬ ਦੇ ਬਹੁਤੇ ਅਖਾਣਾਂ ਦਾ ਸੰਬੰਧ ਪੇਂਡੂ ਜੀਵਨ ਅਤੇ ਖੇਤੀ ਬਾੜੀ ਨਾਲ ਹੈ ਜਿਵੇਂ ‘ ਜਿਹਾ ਡੋਡਾ ਪਿਆ ਤਿਹਾ ਚਿੜੀਆਂ ਚੁਗ ਲਿਆ , ਖੇਤੀ ਖਸਮਾਂ ਸੇਤੀ , ਦਬ ਕੇ ਵਾਹ ਤੇ ਰਜ ਕੇ ਖਾਹ , ਕਰ ਮਜੂਰੀ ਤੇ ਖਾਹ ਚੂਰੀ , ਉਦਮ ਅਗੇ ਲਛਮੀ ਪੱਖੇ ਅੱਗੇ ਪਉਣ , ਉਜੜੇ ਖੇਤਾਂ ਦੇ ਗਾਲੜ ਪਟਵਾਰੀ । ’ ਇਨ੍ਹਾਂ ਅਖਾਣਾਂ ਤੋਂ ਪੰਜਾਬੀਆਂ ਦੇ ਮਨ ਦੀਆਂ ਅਵਸਥਾਵਾਂ ਦਾ ਵੀ ਬੋਧ ਹੁੰਦਾ ਹੈ ।

                  ਪੰਜਾਬੀ ਅਖਾਣਾਂ ਵਿਚੋਂ ਕੁਝ ਦਾ ਸੰਬੰਧ ਭੂਗੋਲ ਅਤੇ ਇਤਿਹਾਸ ਨਾਲ ਵੀ ਹੈ , ਜਿਵੇਂ “ ਪੰਜਾਬੀ ਦੇ ਜੰਮਿਆ ਨੂੰ ਨਿਤ ਮੁਹਿੰਮਾਂ , ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ , ਕਾਲਬ ਦਾ ਸਰਦਾ ਫਿਰੋਜ਼ਪੁਰ ਦਾ ਗਰਦਾ , ਆਏ ਨੀ ਨਿਹੰਗ ਬੂਹੇ ਖੋਲ੍ਹ ਦੇ ਨਿਸੰਗ” ਆਦਿ ਅਖਾਣ ਪੰਜਾਬ ਦੀ ਭੂਗੋਲਿਕ ਅਤੇ ਇਤਿਹਾਸਕ ਗਤੀ– ਵਿਧੀ ਦੀ ਸਾਖ ਭਰਦੇ ਹਨ ।

                  ਅਧਿਕਤਰ ਅਖਾਣ ਗੱਦਾਤਮਕ ਵਾਕਾਂ ਦੇ ਰੂਪ ਵਿਚ ਉਪਲਬਧ ਹੁੰਦੇ ਹਨ , ਪਰ ਕੁਝ ਵਿਚ ਕਾਵਿਕ ਲੈਅ ਵੀ ਹੁੰਦੀ ਹੈ ਜਿਵੇਂ “ ਜਿਹਾ ਦੇਸ ਤਿਹਾ ਵੇਸ , ਅਗਾ ਦੌੜ ਤੇ ਪਿਛਾ ਚੌੜ । ” ਕੁਝ ਅਖਾਣ ਛੰਦ– ਬੱਧ ਵੀ ਹੁੰਦੇ ਹਨ , ਜਿਵੇਂ :

                                    ਤਿਤਰ ਖੰਭੀ ਬਦਲੀ ਰੰਨ ਮੁਲਾਈ ਖਾ ।

                                    ਉਹ ਵਸੇ ਉਹ ਉਧਲੇ ਖਾਲੀ ਮੂਲ ਨਾ ਜਾ ।

                  ਅਖਾਣਾਂ ਦੀ ਬੋਲੀ ਸਰਲ ਅਤੇ ਲੋਕ– ਜੀਵਨ ਦੇ ਬਹੁਤ ਨੇੜੇ ਹੁੰਦੀ ਹੈ । ਔਖੇ ਅਖਾਣ ਜਨ– ਸੂਝ ਤੇ ਖਰੇ ਨਾ ਉਤਰਨ ਕਾਰਣ ਆਪਣਾ ਗੌਰਵ ਖ਼ਤਮ ਕਰ ਲੈਂਦੇ ਹਨ ।                                


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 29407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

akhan tahor v bohat hun jevn '"hath vich kana shar diwana ,dudra dure chai huea, ala kode chaka kodi ,jaat de kod kerle cheran no jaffa, kal de bhutne shivan wich ad ata hor v bohat sara akhan han


gursharan singh, ( 2014/03/26 12:00AM)

VERY GOOD AKHAN


PANKAJ KHUTTAN, ( 2014/05/22 12:00AM)

ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ ਜਿਥੇ ਦਰਿੱਦਰ ਆ ਵਸੇ ਉਥੇ ਸੁਖੀਆ ਕੌਣ , ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ ਬਹੁਤਾ ਸਿਆਣਾ ਕਾਂ ਗੰਦੇ ਤੇ ਡਿੱਗਦਾ


Charanjit Rishi, ( 2018/10/11 03:1419)

ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ ਜਿਥੇ ਦਰਿੱਦਰ ਆ ਵਸੇ ਉਥੇ ਸੁਖੀਆ ਕੌਣ , ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ ਬਹੁਤਾ ਸਿਆਣਾ ਕਾਂ ਗੰਦੇ ਤੇ ਡਿੱਗਦਾ


Charanjit Rishi, ( 2018/10/11 03:1422)

ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ ਜਿਥੇ ਦਰਿੱਦਰ ਆ ਵਸੇ ਉਥੇ ਸੁਖੀਆ ਕੌਣ , ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ ਬਹੁਤਾ ਸਿਆਣਾ ਕਾਂ ਗੰਦੇ ਤੇ ਡਿੱਗਦਾ


Charanjit Rishi, ( 2018/10/11 03:1423)

ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ ਜਿਥੇ ਦਰਿੱਦਰ ਆ ਵਸੇ ਉਥੇ ਸੁਖੀਆ ਕੌਣ , ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ ਬਹੁਤਾ ਸਿਆਣਾ ਕਾਂ ਗੰਦੇ ਤੇ ਡਿੱਗਦਾ


Charanjit Rishi, ( 2018/10/11 03:1424)

ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ ਜਿਥੇ ਦਰਿੱਦਰ ਆ ਵਸੇ ਉਥੇ ਸੁਖੀਆ ਕੌਣ , ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ ਬਹੁਤਾ ਸਿਆਣਾ ਕਾਂ ਗੰਦੇ ਤੇ ਡਿੱਗਦਾ


Charanjit Rishi, ( 2018/10/11 03:1428)

ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ ਜਿਥੇ ਦਰਿੱਦਰ ਆ ਵਸੇ ਉਥੇ ਸੁਖੀਆ ਕੌਣ , ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ ਬਹੁਤਾ ਸਿਆਣਾ ਕਾਂ ਗੰਦੇ ਤੇ ਡਿੱਗਦਾ


Charanjit Rishi, ( 2018/10/11 03:1429)

ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ ਜਿਥੇ ਦਰਿੱਦਰ ਆ ਵਸੇ ਉਥੇ ਸੁਖੀਆ ਕੌਣ , ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ ਬਹੁਤਾ ਸਿਆਣਾ ਕਾਂ ਗੰਦੇ ਤੇ ਡਿੱਗਦਾ


Charanjit Rishi, ( 2018/10/11 03:1429)

ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ ਜਿਥੇ ਦਰਿੱਦਰ ਆ ਵਸੇ ਉਥੇ ਸੁਖੀਆ ਕੌਣ , ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ ਬਹੁਤਾ ਸਿਆਣਾ ਕਾਂ ਗੰਦੇ ਤੇ ਡਿੱਗਦਾ


Charanjit Rishi, ( 2018/10/11 03:1432)

ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ ਜਿਥੇ ਦਰਿੱਦਰ ਆ ਵਸੇ ਉਥੇ ਸੁਖੀਆ ਕੌਣ , ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ ਬਹੁਤਾ ਸਿਆਣਾ ਕਾਂ ਗੰਦੇ ਤੇ ਡਿੱਗਦਾ


Charanjit Rishi, ( 2018/10/11 03:1432)

ਮਾਂ ਗੋਹੇ ਨੂੰ ਤਰਸੇ , ਪੁੱਤ ਗੁਹਾਰੇ ਬਖਸ਼ੇ (ਇਹ ਆਖਾਣ ਉਥੇ ਵਰਤੋਂ ਜਿਥੇ ਕਹਿਣਾ ਹੋਵੇ ਕਿ ਬਾਪ ਬਿਚਾਰਾ ਜੋੜ੍ਹਦਾ ਮਾਰਗਿਆ ਪੁੱਤ ਉਂਜ ਲੁਟਾਏ)


Charanjit Rishi, ( 2018/12/06 02:1324)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.