ਅਰਥ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਰਥ : ‘ ਅਰਥ` ਕਈ ਖੇਤਰਾਂ ਵਿੱਚ ਵਰਤਿਆ ਜਾਣ ਵਾਲਾ ਤਕਨੀਕੀ ਸ਼ਬਦ ਹੈ । ਇਸ ਦੀ ਪਰਿਭਾਸ਼ਾ ਅਤੇ ਪ੍ਰਕਿਰਤੀ ਦਾ ਅਧਿਐਨ , ਮਨੋਵਿਗਿਆਨ , ਤਰਕ ਸ਼ਾਸਤਰ ਅਤੇ ਭਾਸ਼ਾ-ਵਿਗਿਆਨ ਵਿੱਚ ਕੀਤਾ ਜਾਂਦਾ ਹੈ । ਮਾਨਵੀ ਵਸਤੂ ਜਗਤ ਦੇ ਪਦਾਰਥਾਂ , ਪ੍ਰਕਿਰਿਆਵਾਂ , ਸੰਕਲਪਾਂ ਅਤੇ ਸੰਬੰਧਾਂ ਬਾਰੇ ਸ਼ਬਦਾਂ ਦੁਆਰਾ ਪ੍ਰਗਟ ਸੂਚਨਾ ਤੇ ਸੁਨੇਹੇ ਨੂੰ ‘ ਅਰਥ` ਕਿਹਾ ਜਾ ਸਕਦਾ ਹੈ ।

        ਮਨੁੱਖ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਭਾਸ਼ਾ ਰਾਹੀਂ ਮਨ ਵਿੱਚ ਗ੍ਰਹਿਣ ਕਰਦਾ ਹੈ । ਉਸ ਦਾ ਵਸਤੂ- ਜਗਤ ਮਾਨਸਿਕ ਸੰਕਲਪਾਂ ਦੇ ਰੂਪ ਵਿੱਚ ਉਸ ਦੇ ਦਿਮਾਗ਼ ਅੰਦਰ ਜਮ੍ਹਾਂ ਹੁੰਦਾ ਰਹਿੰਦਾ ਹੈ । ਸੰਚਾਰ ਪ੍ਰਕਿਰਿਆ ਦੌਰਾਨ ਇਹਨਾਂ ਮਾਨਸਿਕ ਸੰਕਲਪਾਂ ਨੂੰ ਭਾਸ਼ਾ ਰਾਹੀਂ ਜਾਂ ਗ਼ੈਰ-ਭਾਸ਼ਾਈ ਚਿੰਨ੍ਹਾਂ ਦੁਆਰਾ ਸੰਚਾਰਿਤ ਕੀਤਾ ਜਾਂਦਾ ਹੈ । ਇਹ ਮਾਨਸਿਕ ਵਜੂਦ ਉਸ ਦੇ ਦਿਮਾਗ਼ ਅੰਦਰ ਸੋਚ , ਸੂਝ ਭਾਵ ਤੇ ਭਾਵਨਾਵਾਂ ਪੈਦਾ ਕਰਦੇ ਹਨ । ਇਹਨਾਂ ਸੰਬੰਧੀ ਹਰੇਕ ਤਰ੍ਹਾਂ ਦੀ ਸੂਚਨਾ ਤੇ ਸੁਨੇਹੇ ਦਾ ਸੰਚਾਰ ਦੋ ਤਰ੍ਹਾਂ ਕੀਤਾ ਜਾ ਸਕਦਾ ਹੈ । ਇੱਕ ਭਾਸ਼ਾ ਦੇ ਮਾਧਿਅਮ ਰਾਹੀਂ , ਵਾਕਾਂ ਤੇ ਉਚਾਰਾਂ ਦੀ ਸਿਰਜਣਾ ਕਰ ਕੇ ਜਿਵੇਂ ਇਸ ਕੁੜੀ ਦਾ ਵਿਆਹ ਹੋ ਗਿਆ ਹੈ । ਦੂਜਾ ਗ਼ੈਰ- ਭਾਸ਼ਾਈ ਮਾਧਿਅਮ ਰਾਹੀਂ; ਦਿੱਖ ਪੱਧਰ ਦੇ ਸਥੂਲ ਸੰਚਾਰ ਚਿੰਨ੍ਹਾਂ ਜਿਵੇਂ ਚੂੜਾ , ਸੰਧੂਰ , ਲਾਲ ਰੰਗ ਦੇ ਕਪੜੇ , ਵੰਗਾਂ ਦਾ ਪ੍ਰਦਰਸ਼ਨ ਕਰ ਕੇ । ਦੋਹਾਂ ਸਥਿਤੀਆਂ ਵਿੱਚ ਇਸ ਸੰਚਾਰ ਦਾ ਇੱਕ ਮਾਨਸਿਕ ਪੱਧਰ ਹੁੰਦਾ ਹੈ ਅਤੇ ਦੂਜਾ ਭਾਸ਼ਾਈ ਪੱਧਰ । ਇਸੇ ਲਈ ‘ ਅਰਥ` ਦੇ ਸੰਕਲਪ ਦੀ ਸਿਰਜਣਾ ਵੀ ਇਹਨਾਂ ਦੋਹਾਂ ਖੇਤਰਾਂ ( ਮਨੋਵਿਗਿਆਨ ਅਤੇ ਭਾਸ਼ਾ-ਵਿਗਿਆਨ ) ਦੇ ਅਧਿਐਨ ਸਦਕਾ ਹੋਈ ਹੈ ।

        ਭਾਸ਼ਾ-ਵਿਗਿਆਨ ਵਿੱਚ ‘ ਅਰਥ` ਨੂੰ ਸ਼ਬਦ , ਵਾਕ ਤੇ ਪਾਠ ( text ) ਤਿੰਨ੍ਹਾਂ ਪੱਧਰਾਂ ਦੇ ਪਰਿਪੇਖ ਵਿੱਚ ਸਮਝਣ ਦੇ ਯਤਨ ਕੀਤੇ ਗਏ ਹਨ । ਇਸੇ ਲਈ ਸ਼ਬਦਾਂ ਦੇ ਹਵਾਲੇ ਨਾਲ ਅਰਥਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ ਅਤੇ ਵਰਤੋਂ ਦੇ ਆਧਾਰ `ਤੇ ਅਰਥਾਂ ਨੂੰ ਛੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ :

          1. ਕੇਂਦਰੀ ਜਾਂ ਅਭਿਧਾ ਅਰਥ : ਇੱਕ ਸ਼ਬਦ ਦੇ ਆਮ ਪ੍ਰਚਲਿਤ ਅਤੇ ਕੋਸ਼ ਵਿੱਚ ਦਰਜ ਅਰਥਾਂ ਨੂੰ ਕੇਂਦਰੀ ਜਾਂ ਅਭਿਧਾ ਅਰਥ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ‘ ਗਊ` ਸ਼ਬਦ ਦਾ ਕੇਂਦਰੀ ਜਾਂ ਅਭਿਧਾ ਹੈ ਦੁਧਾਰੂ ਪਸ਼ੂ

          2. ਪਰਿਵਰਤਤ ਜਾਂ ਲਕਸ਼ਣਾਂ ਅਰਥ : ਇੱਕ ਸ਼ਬਦ ਦੀ ਜਦੋਂ ਵਾਕ ਵਿੱਚ ਵਰਤੋਂ ਕੀਤੀ ਜਾਂਦੀ ਹੈ ਤਾਂ ਪ੍ਰਸੰਗ ਅਨੁਸਾਰ ਉਸ ਦੇ ਅਰਥਾਂ ਵਿੱਚ ਤਬਦੀਲੀ ਆ ਸਕਦੀ ਹੈ । ਇਸ ਤਰ੍ਹਾਂ ਸੰਚਾਰਿਤ ਅਰਥ ਨੂੰ ਪਰਿਵਰਤਤ ਜਾਂ ਲਕਸ਼ਣਾ ਅਰਥ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ‘ ਇਹ ਮੁੰਡਾ ਤਾਂ ਨਿਰਾ ਗਊ ਹੈ` ਵਾਕ ਵਿੱਚ ‘ ਗਊ` ਅਭਿਧਾ ਅਰਥ ਦਾ ਸੰਚਾਰ ਨਹੀਂ ਕਰ ਰਿਹਾ ਬਲਕਿ ਇਹ ‘ ਸਾਊ ਸੁਭਾਅ` ਬਾਰੇ ਸੂਚਨਾ ਸੰਚਾਰਿਤ ਕਰ ਰਿਹਾ ਹੈ । ਇਸ ਲਈ ਇਹ ਇਸ ਦਾ ਪਰਿਵਰਤਤ ਜਾਂ ਲਕਸ਼ਣਾ ਅਰਥ ਹੈ ।

          3. ਸੁਝਾਊ ਜਾਂ ਵਿਅੰਜਨਾ ਅਰਥ : ਜਦੋਂ ਇੱਕ ਸ਼ਬਦ ਦੀ ਪ੍ਰਸੰਗਿਕ ਵਰਤੋਂ ਕੇਂਦਰੀ ਜਾਂ ਪਰਿਵਰਤਤ ਅਰਥਾਂ ਦੀ ਥਾਂ ਸੁਝਾਊ ਅਰਥ ਨੂੰ ਸੰਚਾਰਿਤ ਕਰੇ ਤਾਂ ਇਸ ਅਰਥ ਨੂੰ ਸੁਝਾਊ ਜਾਂ ਵਿਅੰਜਨਾ ਅਰਥ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ‘ ਮੁੰਡੇ ਨੂੰ ਗੁੱਸੇ ਨਾ ਹੋ । ਕਹਿੰਦੇ ਐ ਬਈ ਦੁੱਧ ਦੇਣ ਵਾਲੀ ਗਾਂ ਦੀਆਂ ਛੜਾਂ ਵੀ ਸਹਿਣੀਆਂ ਪੈਂਦੀਆਂ ਨੇ` ਵਾਕ ਵਿੱਚ ‘ ਗਾਂ` ਸ਼ਬਦ ਕੇਂਦਰੀ ਜਾਂ ਪਰਿਵਰਤਤ ਅਰਥਾਂ ਦੀ ਥਾਂ ‘ ਮੁੰਡੇ` ਦੀਆਂ ਵਿਸ਼ੇਸ਼ਤਾਵਾਂ ਨੂੰ , ਨਫ਼ੇ ਤੇ ਨੁਕਸਾਨ ਦੇ ਪਰਿਪੇਖ ਵਿੱਚ ਸੁਝਾਊ ਰੂਪ ਵਿੱਚ ਸੰਚਾਰਿਤ ਕਰਦਾ ਹੈ । ਇਸ ਲਈ ਇਹ ਇਸ ਦੇ ਵਿਅੰਜਨਾ ਅਰਥ ਹਨ ।

          4. ਕੋਸ਼ੀ ਅਰਥ : ਇੱਕ ਸ਼ਬਦ ਦੇ ਆਮ ਪ੍ਰਚਲਿਤ ਅਤੇ ਕੋਸ਼ ਵਿੱਚ ਦਰਜ ਅਰਥਾਂ ਨੂੰ ਕੋਸ਼ੀ ਅਰਥ ਕਿਹਾ ਜਾਂਦਾ ਹੈ ਜਿਵੇਂ ‘ ਬੱਚਾ` ਦਾ ਅਰਥ ਹੈ ਬਾਲ , ਨਿਆਣਾ ਆਦਿ ।

          5. ਵਿਆਕਰਨਿਕ ਅਰਥ : ਇੱਕ ਸ਼ਬਦ ਦੇ ਰੂਪਾਂਤ੍ਰਿਤ ਰੂਪਾਂ ਰਾਹੀਂ ਸੰਚਾਰਿਤ ਅਰਥਾਂ ਨੂੰ ਵਿਆਕਰਨਿਕ ਅਰਥ ਕਿਹਾ ਜਾ ਸਕਦਾ ਹੈ । ਉਦਾਹਰਨ ਵਜੋਂ ਬੱਚਾ , ਬੱਚੇ , ਬੱਚੀ , ਬੱਚੀਆਂ , ਬੱਚਿਆਂ , ਬਚਿਓ , ਬੱਚੀਏ ਆਦਿ ਰੂਪਾਂਤਰੀ ਰੂਪ ‘ ਬੱਚਾ` ਦੇ ਲਿੰਗ , ਵਚਨ ਤੇ ਕਾਰਕ ਨੂੰ ਸੰਚਾਰਿਤ ਕਰਦੇ ਹਨ । ਇਹ ‘ ਬੱਚਾ` ਸ਼ਬਦ ਦੇ ਵਿਆਕਰਨਿਕ ਅਰਥ ਹਨ । ਇਸ ਤਰ੍ਹਾਂ ਸ਼ਬਦ-ਰੂਪਾਂ ਦੇ ਕੋਸ਼ੀ ਤੇ ਵਿਆਕਰਨਿਕ ਅਰਥ ਹੋ ਸਕਦੇ ਹਨ ਪਰ ਕੁਝ ਸ਼ਬਦਾਂ ਦੇ ਕੋਸ਼ੀ ਅਰਥ ਨਹੀਂ ਹੁੰਦੇ ਕੇਵਲ ਵਿਆਕਰਨਿਕ ਅਰਥ ਹੀ ਹੁੰਦੇ ਹਨ । ਉਦਾਹਰਨ ਵਜੋਂ ‘ ਨੇ` , ‘ ਤੋਂ` ਦੇ ਵਿਆਕਰਨਿਕ ਕਾਰਜ ਤਾਂ ਹਨ ਪਰ ਕੋਸ਼ੀ ਅਰਥ ਨਹੀਂ । ਇਹੋ ਵਿਆਕਰਨ ਕਾਰਜ ਇਹਨਾਂ ਦੇ ਵਿਆਕਰਨਿਕ ਅਰਥ ਹੁੰਦੇ ਹਨ ।

          6. ਬਹੁ-ਅਰਥਕ ਅਰਥ : ਇੱਕ ਸ਼ਬਦ ਦੀ ਇੱਕ ਤੋਂ ਵਧੇਰੇ ਅਰਥਾਂ ਵਿੱਚ ਵਰਤੋਂ ਨੂੰ ਬਹੁ-ਅਰਥਕਤਾ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ‘ ਸ਼ਬਦ` ਦੇ ਬਹੁ- ਅਰਥਕ ਅਰਥ ਹਨ । ਵਿਆਕਰਨਿਕ ਅਧਿਐਨ ਦੀ ਇਕਾਈ ਨੂੰ ਸ਼ਬਦ ਕਿਹਾ ਜਾਂਦਾ ਹੈ ਅਤੇ ਗੁਰਬਾਣੀ ਗਾਇਨ ਦੀ ਇੱਕ ਇਕਾਈ ਨੂੰ ਵੀ ਸ਼ਬਦ ਕਿਹਾ ਜਾਂਦਾ ਹੈ ।

        ਕੋਸ਼ਕਾਰੀ ਦੇ ਪ੍ਰਸੰਗ ਵਿੱਚ ਅਰਥਾਂ ਦੇ ਆਧਾਰ `ਤੇ ਸ਼ਬਦਾਂ ਨੂੰ ਹੇਠ ਲਿਖੇ ਅਨੁਸਾਰ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ :

          1. ਪਰਿਆਇਵਾਚੀ ਜਾਂ ਸਮਾਨਾਰਥਕ ਸ਼ਬਦ : ਜਿਨ੍ਹਾਂ ਸ਼ਬਦਾਂ ਰਾਹੀਂ ਸਮਾਨ ਸੂਚਨਾ ਦਾ ਸੰਚਾਰ ਹੁੰਦਾ ਹੋਵੇ ਉਹਨਾਂ ਨੂੰ ਪਰਿਆਇਵਾਚੀ ਜਾਂ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ । ਜਿਵੇਂ ਪਿਆਰ , ਮੋਹ , ਇਸ਼ਕ , ਮੁਹੱਬਤ ਪਰਿਆਇਵਾਚੀ ਜਾਂ ਸਮਾਨਾਰਥਕ ਸ਼ਬਦ ਹਨ ।

          2. ਵਿਪਰਿਆਇਵਾਚੀ ਜਾਂ ਵਿਰੋਧਾਰਥਕ ਸ਼ਬਦ : ਜਿਨ੍ਹਾਂ ਸ਼ਬਦਾਂ ਰਾਹੀਂ ਵਿਰੋਧੀ ਜਾਂ ਉਲਟਭਾਵੀ ਸੂਚਨਾ ਦਾ ਸੰਚਾਰ ਹੁੰਦਾ ਹੋਵੇ ਅਤੇ ਉਹਨਾਂ ਨੂੰ ਵਿਪਰਿਆਇਵਾਚੀ ਜਾਂ ਵਿਰੋਧਾਰਥਕ ਸ਼ਬਦ ਕਿਹਾ ਜਾਂਦਾ ਹੈ । ਜਿਵੇਂ ਗੋਰਾ- ਕਾਲਾ , ਉੱਚਾ-ਨੀਵਾਂ ਆਦਿ ।

          3. ਸਮਰੂਪ ਸ਼ਬਦ : ਜਿਹੜੇ ਸ਼ਬਦਾਂ ਦਾ ਔਰਥੋਗਰਾਫੀ ਪੱਧਰ ਦਾ ਰੂਪ ਅਰਥਾਤ ਲਿਖਤੀ ਰੂਪ ਸਮਾਨ ਹੋਵੇ ਪਰ ਉਹ ਵੱਖੋ-ਵੱਖਰੇ ਅਰਥਾਂ ਦਾ ਸੰਚਾਰ ਕਰਨ ਉਹਨਾਂ ਨੂੰ ਸਮਰੂਪ ਸ਼ਬਦ ਕਿਹਾ ਜਾਂਦਾ ਹੈ , ਜਿਵੇਂ ਖੰਡ ( ਹਿੱਸਾ ) ਅਤੇ ਖੰਡ ( ਚੀਨੀ ) ਵਿੱਚ ।

          4. ਸਮਧੁਨੀ ਸ਼ਬਦ : ਜਿਨ੍ਹਾਂ ਸ਼ਬਦਾਂ ਦਾ ਉਚਾਰਨ ਸਮਾਨ ਹੋਵੇ ਪਰ ਅਰਥ ਵੱਖੋ-ਵੱਖਰੇ ਹੋਣ ਉਹਨਾਂ ਨੂੰ ਸਮਧੁਨੀ ਸ਼ਬਦ ਕਿਹਾ ਜਾਂਦਾ ਹੈ । ਜਿਵੇਂ ਨਾਲਾ ( ਪਜਾਮੇਂ ਦਾ ) ਅਤੇ ਨਾਲਾ ( ਗੰਦੇ ਪਾਣੀ ਦਾ ) ।


ਲੇਖਕ : ਪਰਮਜੀਤ ਸਿੰਘ ਸਿੱਧੂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 31319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅਰਥ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਥ [ ਨਾਂਪੁ ] ਮਤਲਬ , ਮਾਅਨਾ , ਭਾਵ; ਪ੍ਰਯੋਜਨ , ਕਾਰਨ; ਧਨ , ਦੌਲਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਰਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਥ . ਸੰ. अर्थ्. ਧਾ— ਮੰਗਣਾ. ਚਾਹੁਣਾ. ਢੂੰਡਣਾ ਘੇਰਨਾ । ੨ ਸੰ. अर्थ— ਅਥ੗. ਸੰਗ੍ਯਾ— ਸ਼ਬਦ ਦਾ ਭਾਵ. ਪਦ ਦਾ ਤਾਤਪਰਯ. “ ਧਰ੍ਯੋ ਅਰਥ ਜੋ ਸਬਦ ਮਝਾਰਾ । ਬਾਰ ਬਾਰ ਉਰ ਕਰਹੁ ਵਿਚਾਰਾ.” ( ਗੁਪ੍ਰਸੂ ) ੩ ਪ੍ਰਯੋਜਨ. ਮਤਲਬ. “ ਪੁਛਿਆ ਢਾਢੀ ਸਦਿਕੈ , ਕਿਤੁ ਅਰਥਿ ਤੂੰ ਆਇਆ ? ” ( ਮ : ੪ ਵਾਰ ਸ੍ਰੀ ) “ ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ.” ( ਤੁਖਾ ਛੰਤ ਮ : ੪ ) ੪ ਧਨ. ਪਦਾਰਥ. “ ਅਰਥ ਧਰਮ ਕਾਮ ਮੋਖ ਕਾ ਦਾਤਾ.” ( ਬਿਲਾ ਮ : ੫ ) ੫ ਕਾਰਣ. ਹੇਤੁ. ਸਬਬ । ੬ ਸ਼ਬਦ , ਸਪਰਸ਼ ਰੂਪ , ਰਸ , ਗੰਧ , ਇਹ ਪੰਜ ਵਿ੄੥ । ੭ ਫਲ. ਨਤੀਜਾ । ੮ ਸੰਪਤਿ. ਵਿਭੂਤਿ. “ ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ.” ( ਧਨਾ ਮ : ੯ ) ੯ ਵਿ— ਅ-ਰਥ. ਰਥ ਰਹਿਤ. ਰਥ ਤੋਂ ਬਿਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅਰਥ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਰਥ ( ਸੰ. । ਸੰਸਕ੍ਰਿਤ ) ੧. ਧਨ , ਪਦਾਰਥ । ਯਥਾ-‘ ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ’ ।

੨. ਨਮਿੱਤ , ਵਾਸਤੇ । ਯਥਾ-‘ ਹਰਿ ਅਰਥ ਜੋ ਖਰਚਦੇ’ । ਤਥਾ-‘ ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 30717, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.