ਅਰੋਪ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Charge _ ਅਰੋਪ : ਇਹ ਸ਼ਬਦ ਜ਼ਾਬਤਾ ਫ਼ੌਜਦਾਰੀ ਸੰਘਤਾ , 1973 ਜਾਂ ਹੋਰ ਕਿਸੇ ਐਕਟ ਵਿਚ ਪਰਿਭਾਸ਼ਤ ਨਹੀਂ ਕੀਤਾ ਗਿਆ । ਵਾਰਟਨ ਦੀ ‘ ਲਾ ਲੈਕਸੀਕਨ’ ਵਿਚ ਇਸ ਦਾ ਅਰਥ ‘ ਕਿਸੇ ਦੇ ਵਿਰੁਧ ਇਲਜ਼ਾਮ ਲਾਉਣਾ’ ਦਿੱਤਾ ਗਿਆ ਹੈ ।

            ਲਛਮਨ ਨੰਦਾ ( ਏ ਆਈ ਆਰ 1966 ਐਮ ਪੀ 261 ) ਵਿਚ ਉੱਚ ਅਦਾਲਤ ਦੇ ਪ੍ਰੇਖਣ ਅਨੁਸਾਰ ਅਰੋਪ ਵਿਚ ਕੇਵਲ ਅਪਰਾਧ ਦਾ ਤਤ ਨਹੀਂ ਹੁੰਦਾ ਸਗੋਂ ਉਸ ਵਿਅਕਤੀ ਦਾ ਵੀ ਜ਼ਿਕਰ ਹੁੰਦਾ ਹੈ ਜਿਸ ਬਾਰੇ ਕਥਤ ਕੀਤਾ ਜਾਂਦਾ ਹੈ ਕਿ ਉਸ ਨੇ ਉਹ ਅਪਰਾਧ ਕੀਤਾ ਹੈ । ਇਸ ਤਰ੍ਹਾਂ ਅਰੋਪਾਂ ਦੇ ਕੁਜੋੜ ਦਾ ਮਤਲਬ ਹੈ ਜਾਂ ਤਾਂ ਅਪਰਾਧਾਂ ਦਾ ਕੁਜੋੜ ਜਾਂ ਉਨ੍ਹਾਂ ਵਿਅਕਤੀਆਂ ਦਾ ਕੁਜੋੜ ਜਿਨ੍ਹਾਂ ਅਨੁਸਾਰ ਉਸ ਅਪਰਾਧ ਦਾ ਕੀਤਾ ਜਾਣਾ ਕਥਤ ਕੀਤਾ ਗਿਆ ਹੋਵੇ । ਅਦਾਲਤ ਅਨੁਸਾਰ ਇਹ ਕਹਿਣਾ ਕਿ ਕੁਜੋੜ ਕੇਵਲ ਅਪਰਾਧਾਂ ਦਾ ਹੀ ਹੋ ਸਕਦਾ ਹੈ , ਇਸ ਧਾਰਾ ਦੇ ਤਾਤਪਰਜ ਨੂੰ ਗ਼ੈਰਜਰੂਰੀ ਤੌਰ ਤੇ ਸੀਮਤ ਕਰਨਾ ਹੋਵੇਗਾ ।

            ਅਰੋਪ ਦੇ ਵਿਚ ਇਹ ਗੱਲ ਅਰਥਾਵੀਂ ਹੁੰਦੀ ਹੈ ਕਿ ਕਿਸੇ ਵਿਅਕਤੀ ਦੇ ਵਿਰੁਧ ਅਪਰਾਧ ਦਾ ਦੂਸ਼ਣ ਜਾਂ ਕਥਤ ਇਲਜ਼ਾਮ ਕਿਸੇ ਹੋਰ ਅਜਿਹੇ ਵਿਅਕਤੀ ਜਾਂ ਟ੍ਰਿਬਿਊਨਲ ਅੱਗੇ ਲਾਇਆ ਜਾਂਦਾ ਹੈ ਜੋ ਉਸ ਵਿਅਕਤੀ ਦੇ ਵਿਰੁਧ ਕਾਰਵਾਈ ਕਰਨ ਲਈ ਸ਼ਕਤਵਾਨ ਹੋਵੇ । ਇਸ ਦਾ ਸਹੀ ਟੈਸਟ ਇਹ ਕਿ ਸ਼ਿਕਾਇਤਕਾਰ ਦਾ ਇਰਾਦਾ ਇਹ ਹੋਣਾ ਚਾਹੀਦਾ ਹੈ ਕਿ ਉਸ ਵਿਅਕਤੀ ਦੇ ਵਿਰੁਧ ਫ਼ੌਜਦਾਰੀ ਕਾਨੂੰਨ ਪ੍ਰਚਾਲਤ ਕੀਤਾ ਜਾਵੇ ਜਿਸਦੇ ਵਿਰੁਧ ਸ਼ਿਕਾਇਤ ਕੀਤੀ ਜਾ ਰਹੀ ਹੈ ।

            ਮੁਜਰਮਾਨਾ ਇਲਜ਼ਾਮ ਤੋਂ ਇਲਾਵਾ ਅੰਗਰੇਜ਼ੀ ਦੇ ਇਸ ਸ਼ਬਦ ਦੇ ਕਾਨੂੰਨੀ ਖੇਤਰ ਵਿਚ ਦੋ ਅਰਥ ਹੋਰ ਵੀ ਲਏ ਜਾਂਦੇ ਹਨ । ਜਦੋਂ ਜਿਉਰੀ ਦੁਆਰਾ ਵਿਚਾਰਣ ਵਿਚ ਜਜ ਜਿਉਰੀ ਨੂੰ ਉਨ੍ਹਾਂ ਦੇ ਅੱਗੇ ਪੇਸ਼ ਮਾਮਲੇ ਨਾਲ ਸਬੰਧਤ ਕਾਨੂੰਨ ਬਾਰੇ ਹਦਾਇਤਾਂ ਦਿੰਦਾ ਹੈ ਤਾਂ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ।

            ਇਸ ਸ਼ਬਦ ਦਾ ਤੀਜਾ ਅਰਥ ਭਾਰ ਜਾਂ ਦਾਅਵੇ ਦਾ ਲਿਆ ਜਾਂਦਾ ਹੈ , ਮਿਸਾਲ ਲਈ ਕਿਸੇ ਜ਼ਮੀਨ ਉਤੇ ਭਾਰ । ਇਸ ਦੀ ਪਰਿਭਾਸ਼ਾ ਸੰਪਤੀ ਇੰਤਕਾਲ ਐਕਟ ਦੀ ਧਾਰਾ 100 ਵਿਚ ਦਿੱਤੀ ਗਈ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3091, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.