ਆਗਮ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਗਮ. ਸੰ. ਸੰਗ੍ਯਾ—ਆਮਦ. ਅਵਾਈ. “ਮਨ ਚਾਉ ਭਇਆ ਪ੍ਰਭੁ ਆਗਮ ਸੁਣਿਆ.” (ਅਨੰਦੁ) ੨ ਭਵਿ ਕਾਲ. ਆਉਣ ਵਾਲਾ ਸਮਾਂ. “ਅਗੂਆ ਜਨੁ ਆਗਮ ਕਾਨ੍ਹ ਜਨਾਏ.” (ਕ੍ਰਿਸਨਾਵ) ੩ ਵੇਦ । ੪ ਸ਼ਾਸਤ੍ਰ। ੫ ਤੰਤ੍ਰ ਸ਼ਾਸਤ੍ਰ. ਜਿਸ ਵਿੱਚ ਸੱਤ ਅੰਗ ਹੋਣ—ਉਤਪੱਤਿ, ਪ੍ਰਲੈ, ਦੇਵਪੂਜਨ, ਮੰਤ੍ਰਸਾਧਨ, ਪੁਰਸ਼੍ਚਰਣ. ਖਟ ਕਰਮਾਂ ਦੇ ਸਾਧਨ ਅਤੇ ਧ੍ਯਾਨ. “ਆਗਮ ਨਿਗਮ ਕਹੈ ਜਨੁ ਨਾਨਕ ਸਭ ਦੇਖੈ ਲੋਕੁ ਸਬਾਇਆ.” (ਟੋਡੀ ਮ: ੫)1
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਆਗਮ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਆਗਮ: ਇਸ ਦਾ ਸ਼ਾਬਦਿਕ ਅਰਥ ਹੈ ‘ਪਰੰਪਰਾ-ਗਤ ਸਿੱਧਾਂਤ ਜਾਂ ਵਿਧੀ’। ਆਮ ਤੌਰ ’ਤੇ ਇਹ ਸ਼ਬਦ ਤਾਂਤ੍ਰਿਕ ਪਰੰਪਰਾ ਦਾ ਵਾਚਕ ਹੈ। ਸਨਾਤਨ ਹਿੰਦੂ-ਧਰਮ ਦੀ ਭਾਵਨਾ ਅਨੁਸਾਰ ਆਗਮਾਂ ਨੂੰ ਸ਼ਿਵ ਨੇ ਉਚਾਰਿਆ ਅਤੇ ਪਾਰਬਤੀ ਨੇ ਸੁਣਿਆ। ‘ਮਹਾਨਿਰਵਾਣ ਤੰਤ੍ਰ ’ ਵਿਚ ਲਿਖਿਆ ਹੈ ਕਿ ਕਲਿਯੁਗ ਵਿਚ ਪ੍ਰਾਣੀ ਪਵਿੱਤਰ ਅਤੇ ਅਪਵਿੱਤਰ ਦੇ ਵਿਚਾਰਾਂ ਤੋਂ ਹੀਣ ਹੁੰਦੇ ਸਨ। ਉਨ੍ਹਾਂ ਦੇ ਕਲਿਆਣ ਲਈ ਮਹਾਦੇਵ ਨੇ ਆਗਮਾਂ ਦਾ ਉਪਦੇਸ਼ ਪਾਰਬਤੀ ਨੂੰ ਖ਼ੁਦ ਦਿੱਤਾ। ਇਸੇ ਲਈ ਕਲਿਯੁਗ ਵਿਚ ਆਗਮ ਦੀ ਪੂਜਾ ਵਿਸ਼ੇਸ਼ ਰੂਪ ਵਿਚ ਲਾਭਦਾਇਕ ਮੰਨੀ ਜਾਂਦੀ ਹੈ।
ਸ਼ਿਵ-ਰਚਿਤ ਤੰਤ੍ਰ-ਸ਼ਾਸਤ੍ਰ ਨੂੰ ਮੁੱਖ ਤੌਰ’ਤੇ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ — ਆਗਮ, ਯਾਮਲ ਅਤੇ ਮੁੱਖ ਤੰਤ੍ਰ। ‘ਵਾਰਾਹੀ ਤੰਤ੍ਰ’ ਅਨੁਸਾਰ ਜਿਸ ਵਿਚ ਸ੍ਰਿਸ਼ਟੀ , ਪ੍ਰਲਯ , ਦੇਵ-ਪੂਜਾ, ਸਰਵ-ਕਾਰਜ-ਸਾਧਨ, ਪੁਰਸ਼ਚਰਣ (ਗੁਰੂ-ਮੰਤ੍ਰ ਦਾ ਸਿੱਧੀ ਦੀ ਪ੍ਰਾਪਤੀ ਲਈ ਕੀਤਾ ਜਾਪ), ਖਟ- ਕਰਮ ਅਤੇ ਚਾਰ ਤਰ੍ਹਾਂ ਦੇ ਧਿਆਨ-ਯੋਗ ਦਾ ਵਰਣਨ ਹੋਵੇ, ਉਹ ‘ਆਗਮ’ ਹੈ। ਆਗਮਾਂ ਦੀ ਗਿਣਤੀ 28 ਦਸੀ ਜਾਂਦੀ ਹੈ ਜੋ ਸ਼ੈਵਿਕ ਅਤੇ ਰੌਦ੍ਰਿਕ ਦੋ ਵਰਗਾਂ ਵਿਚ ਵੰਡੇ ਹੋਏ ਹਨ। ਇਨ੍ਹਾਂ ਆਗਮਾਂ ਵਿਚ ਅਗੋਂ ਕਈ ਕਈ ਉਪ-ਆਗਮ ਹਨ ਜਿਨ੍ਹਾਂ ਦੀ ਕੁਲ ਗਿਣਤੀ 198 ਹੈ।
ਆਗਮਾਂ ਦੀ ਰਚਨਾ ਦੀ ਲੋੜ ਉਤੇ ਪ੍ਰਕਾਸ਼ ਪਾਉਂਦਿਆਂ ਡਾ. ਰਾਜ ਬਲੀ ਪਾਂਡੇਯ (ਹਿੰਦੂ ਧਰਮ-ਕੋਸ਼) ਨੇ ਦਸਿਆ ਹੈ ਕਿ ਵੇਦਾਂ ਦੀ ਕਠਿਨਾਈ ਅਤੇ ਮੰਤ੍ਰਾਂ ਦੇ ਬੰਨ੍ਹੇ ਹੋਏ ਸਰੂਪ ਕਾਰਣ ਮਹਾਭਾਰਤ-ਕਾਲ ਤੋਂ ਲੈ ਕੇ ਕਲਿਯੁਗ ਦੇ ਆਰੰਭ ਤਕ ਅਨੇਕਾਂ ਆਗਮਾਂ ਦੀ ਰਚਨਾ ਹੋਈ ਹੋਵੇਗੀ। ਆਗਮ ਅਤਿ-ਪ੍ਰਾਚੀਨ ਅਤੇ ਅਤਿ-ਨਵੀਨ ਦੋਹਾਂ ਤਰ੍ਹਾਂ ਦੇ ਹੋ ਸਕਦੇ ਹਨ।
ਆਗਮਾਂ ਤੋਂ ਹੀ ਸ਼ੈਵ, ਵੈਸ਼ਣਵ ਅਤੇ ਸ਼ਾਕਤ ਆਦਿ ਸੰਪ੍ਰਦਾਵਾਂ ਦੇ ਆਚਾਰ , ਵਿਚਾਰ, ਵਿਸਤਾਰ ਅਤੇ ਵਿਲੱਖਣਤਾ ਬਾਰੇ ਪਤਾ ਚਲਦਾ ਹੈ। ਆਗਮਾਂ ਦੇ ਪ੍ਰਚਲਨ ਨਾਲ ਸ਼ੈਵਾਂ ਵਿਚ ਸ਼ਾਕਤ ਵਿਚਾਰਾਂ ਦਾ ਉਦਭਵ ਹੋਇਆ ਅਤੇ ਉਸ ਪ੍ਰਭਾਵ ਕਾਰਣ ਮੰਦਿਰਾਂ ਅਤੇ ਮੂਰਤੀਆਂ ਦੀ ਉਸਾਰੀ ਅਤੇ ਧਾਰਮਿਕ ਅਨੁਸ਼ਠਾਨਾਂ ਬਾਰੇ ਨਿਯਮ ਬਣਾਏ ਜਾਣ ਲਗੇ। ਸ਼ਾਕਤ ਆਗਮਾਂ ਦੀ ਰਚਨਾ ਉਤੇ ਕੁਝ ਬਾਹਰਲੇ ਪ੍ਰਭਾਵ ਵੀ ਦਸੇ ਜਾਂਦੇ ਹਨ, ਜਿਵੇਂ ਕੌਲਾਚਾਰ ਉਤੇ ਤਿੱਬਤ ਜਾਂ ਚੀਨ ਦੇ ਪ੍ਰਭਾਵ ਦੀ ਸੰਭਾਵਨਾ ਹੈ। ਅਜ-ਕਲ ਜਿਤਨੀਆਂ ਸ਼ਾਕਤ ਸੰਪ੍ਰਦਾਵਾਂ ਹਨ, ਉਹ ਲਗਭਗ ਆਗਮਾਂ ਉਤੇ ਆਧਾਰਿਤ ਹਨ ਕਿਉਂਕਿ ਪੁਰਾਣਾਂ ਵਿਚ ਕਿਤੇ ਕਿਤੇ ਇਨ੍ਹਾਂ ਦਾ ਉੱਲੇਖ ਹੋਇਆ ਹੈ।
ਸ਼ੈਵ ਆਗਮਾਂ ਵਾਂਗ ਵੈਸ਼ਣਵ ਆਗਮ ਵੀ ਰਚੇ ਗਏ ਹਨ, ਜਿਵੇਂ ਪੰਚਰਾਤ੍ਰ ਅਤੇ ਵੈਖਾਨਸ। ਇਨ੍ਹਾਂ ਨੂੰ ‘ਸੰਹਿਤਾ’ ਨਾਂ ਵੀ ਦਿੱਤਾ ਜਾਂਦਾ ਹੈ। ਇਨ੍ਹਾਂ ਵਿਚੋਂ ‘ਨਾਰਦ- ਪੰਚ-ਰਾਤ੍ਰ’ ਅਧਿਕ ਪ੍ਰਸਿੱਧ ਹੈ। ਬੌਧ ਧਰਮ ਦੇ ਅਨੁਯਾਈਆਂ ਨੇ ਬੌਧ-ਤੰਤ੍ਰਾਂ ਨੂੰ ਮਹਾਤਮਾ ਬੁੱਧ ਦੁਆਰਾ ਉਚਾਰਿਆ ਮੰਨਿਆ ਹੈ। ਇਹ ਵੀ ਸੰਸਕ੍ਰਿਤ ਵਿਚ ਲਿਖੇ ਹਨ। ਇਸੇ ਤਰ੍ਹਾਂ ਜੈਨ-ਮਤ ਵਾਲਿਆਂ ਨੇ ਵੀ ਆਗਮਾਂ ਦੀ ਰਚਨਾ ਕੀਤੀ ਹੈ।
ਸਿੱਖ ਧਰਮ ਵਿਚ ਆਗਮਾਂ ਦੀ ਕੋਈ ਪ੍ਰਤਿਸ਼ਠਾ ਨਹੀਂ ਹੈ। ਉਂਜ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਦਾ ਉਲੇਖ ਹੋਇਆ ਹੈ। ਟੋਡੀ ਰਾਗ ਵਿਚ ਗੁਰੂ ਅਰਜਨ ਦੇਵ ਨੇ ‘ਆਗਮ’ ਵਲ ਸੰਕੇਤ ਕੀਤਾ ਹੈ — ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾ-ੲਆ। (ਗੁ.ਗ੍ਰੰ.714)। ‘ਆਗਮ’ ਸ਼ਬਦ ਕਈ ਵਾਰ ਸਮੁੱਚੇ ਸ਼ਾਸਤ੍ਰਾਂ ਲਈ ਵਰਤੀਂਦਾ ਵੀ ਵੇਖਿਆ ਗਿਆ ਹੈ ਜਿਵੇਂ ਭਾਈ ਗੁਰਦਾਸ ਨੇ ਕਿਹਾ ਹੈ — ਨਾਰਦ ਮੁਨੀ ਅਖਾਇਦਾ ਆਗਮੁ ਜਾਣ ਨ ਧੀਰਜੁ ਆਣੈ। (12/11)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3987, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਆਗਮ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਆਗਮ (ਕ੍ਰਿ.। ਸੰਸਕ੍ਰਿਤ) ਆਵਣਾ। ਯਥਾ-‘ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ’।
੨. (ਸੰਸਕ੍ਰਿਤ) ਸ਼ਾਸਤ੍ਰ। ਯਥਾ-‘ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ’ ਸ਼ਾਸਤ੍ਰ, ਵੇਦ , ਜੋਤਸ਼ ਤੇ ਬਹੁਤੇ ਹੀ ਵਿਆਕਰਨਾ ਨੂੰ ਜਾਣਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3987, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਆਗਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਆਗਮ, (ਸੰਸ੍ਰਕਿਤ) / ਪੁਲਿੰਗ : ੧. ਆਉਣ, ਪਹੁੰਚ, ਅਵਾਈ, ਪਰਾਪਤੀ; ੨. ਸ਼ਾਸਤਰ, ਧਰਮ ਪੁਸਤਕ; ੩. (ਵਿਆਕਰਨ) ਕਿਸੇ ਅੱਖਰ ਦਾ ਉਪਰੋਂ ਆ ਜਾਣਾ ਜਿਵੇਂ ‘ਅਸਟੇਸ਼ਨ’ ਵਿਚ ‘ਅ’
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1523, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-12-04-51-40, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First