ਆਰਥਰ ਮਿਲਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਆਰਥਰ ਮਿਲਰ (1915–2005) : ਅਮਰੀਕਨ ਨਾਟਕਕਾਰ ਆਰਥਰ ਮਿਲਰ ਦਾ ਜਨਮ 17 ਅਕਤੂਬਰ 1915 ਨੂੰ ਨਿਊਯਾਰਕ ਵਿਖੇ ਹੋਇਆ। ਉਸ ਦਾ ਪਿਤਾ ਇਜ਼ਾਡੋਰ ਮਿਲਰ ਔਰਤਾਂ ਦੇ ਲਿਬਾਸ ਦਾ ਨਿਰਮਾਣ ਕਰਦਾ ਸੀ। 1932 ਵਿੱਚ ਸਕੂਲੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਉਸ ਨੇ ਦੋ ਸਾਲ ਕਾਲਜ ਦੀ ਪੜ੍ਹਾਈ ਕਰਨ ਲਈ ਪੈਸੇ ਕਮਾਉਣ ਲਈ ਕੰਮ ਕੀਤਾ ਅਤੇ 1934 ਵਿੱਚ ਉਸ ਨੇ ਯੂਨੀਵਰਸਿਟੀ ਆਫ਼ ਮਿਸ਼ੀਗਨ ਵਿੱਚ ਦਾਖ਼ਲਾ ਲੈ ਲਿਆ। ਇਸ ਯੂਨੀਵਰਸਿਟੀ ਵਿੱਚ ਉਸ ਨੇ ਨਾਟਕ ਲਿਖਣ ਲਈ ਦੋ ਵਾਰ ਐਵਰੀ ਹੋਪਵੁੱਡ ਇਨਾਮ ਪ੍ਰਾਪਤ ਕੀਤਾ। 1937 ਵਿੱਚ ਮਿਲਰ ਡਿਗਰੀ ਪ੍ਰਾਪਤ ਕਰ ਕੇ ਫਿਰ ਨਿਊਯਾਰਕ ਪਰਤ ਆਇਆ। ਇੱਥੇ ਉਹ ਫੈਡਰਲ ਥੀਏਟਰ ਪ੍ਰਾਜੈਕਟ ਵਿੱਚ ਸ਼ਾਮਲ ਹੋ ਗਿਆ ਪਰ ਇਹ ਪ੍ਰਾਜੈਕਟ ਥੋੜ੍ਹੇ ਸਮੇਂ ਬਾਅਦ ਖ਼ਤਮ ਹੋ ਗਿਆ ਅਤੇ ਉਸ ਨੇ ਰੇਡੀਓ ਲਈ ਪਟ ਕਥਾਵਾਂ ਲਿਖਣੀਆਂ ਸ਼ੁਰੂ ਕੀਤੀਆਂ।

     ਮਿਲਰ ਦਾ ਪਹਿਲਾ ਨਾਟਕ ਦਾ ਮੈਨ ਹੂ ਹੈਡ ਆਲ ਦਾ ਲੱਕ ਪਹਿਲੀ ਵਾਰ 1944 ਵਿੱਚ ਬ੍ਰੋਡਵੇ ਤੇ ਪੇਸ਼ ਕੀਤਾ ਗਿਆ ਜਿਸ ਦੇ ਕੇਵਲ ਚਾਰ ਸ਼ੋ ਹੀ ਦਿਖਾਏ ਗਏ। ਇਸ ਦਾ ਅਗਲਾ ਯਤਨ ਵੱਧ ਸਫਲ ਹੋਇਆ। ਆਲ ਮਾਈ ਸਨਜ਼ (1947) ਕਾਫ਼ੀ ਦੇਰ ਤੱਕ ਚੱਲਿਆ ਤੇ ਇਸ ਨੂੰ ਨਿਊਯਾਰਕ ਡਰਾਮਾ ਕ੍ਰਿਟਿਕਸ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। 1949 ਵਿੱਚ ਉਸ ਨੇ ਡੈਥ ਆਫ਼ ਏ ਸੇਲਜ਼ਮੈਨ ਲਿਖਿਆ ਜੋ ਆਧੁਨਿਕ ਅਮਰੀਕਨ ਥੀਏਟਰ ਦੀਆਂ ਮੁੱਖ ਪ੍ਰਾਪਤੀਆਂ ਵਿੱਚੋਂ ਸੀ। ਮਿਲਰ ਨੂੰ ਖੱਬੇ ਪੱਖੀ ਰਾਜੀ ਹਿਤਾਂ ਦਾ ਹਿਮਾਇਤੀ ਸਮਝਿਆ ਜਾਂਦਾ ਸੀ। ਇਸ ਲਈ ਕਮਿਊਨਿਸਟ ਪ੍ਰਭਾਵ ਦੀ ਜਾਂਚ ਕਰ ਰਹੀ ਯੂਨਾਈਟਿਡ ਸਟੇਟਸ ਕਾਂਗਰਸ ਦੀ ਇੱਕ ਕਮੇਟੀ ਦੁਆਰਾ ਉਸ ਦੀ ਛਾਣ-ਬੀਣ ਅਤੇ ਪੁੱਛ-ਪੜਤਾਲ ਕੀਤੀ ਗਈ। 1953 ਵਿੱਚ ਜਦੋਂ ਦਾ ਕਰੂਸੀਬਲ ਦਾ ਪ੍ਰਦਰਸ਼ਨ ਕੀਤਾ ਤਾਂ ਉਸ ਨੂੰ ਬ੍ਰਸਲਜ਼ ਵਿਖੇ ਨਾਟਕ ਦੀ ਪਹਿਲੀ ਪੇਸ਼ਕਾਰੀ ਵਿੱਚ ਹਾਜ਼ਰ ਹੋਣ ਲਈ ਪਾਸਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਹ ਕਿਹਾ ਜਾਂਦਾ ਹੈ ਕਿ ਇਸ ਵਿੱਚ ਸੇਲਮ ਦੀਆਂ ਜਾਦੂਗਰਨੀਆਂ ਦੇ ਮੁਕੱਦਮਿਆਂ ਅਤੇ ਮਕਾਰਥੀ ਮੁਕੱਦਮਿਆਂ ਵਿਚਕਾਰ ਤੁਲਨਾ ਕੀਤੀ ਗਈ ਸੀ ਜਿਸ ਨੂੰ ਕੁਝ ਲੋਕ ਕਮਿਊਨਿਜ਼ਮ ਬਾਰੇ ਸਮਕਾਲੀ ਪਾਗਲਪਨ ਸਮਝਦੇ ਸਨ। ਭਾਵੇਂ ਏ ਵਿਊ ਫਰਾਮ ਦਾ ਬ੍ਰਿਜ ਦੇ ਸਮੂਹਿਕ ਸਿਰਲੇਖ ਹੇਠ ਦੋ ਛੋਟੇ ਨਾਟਕ 1955 ਵਿੱਚ ਸਫਲਤਾ ਨਾਲ ਪੇਸ਼ ਕੀਤੇ ਗਏ ਸਨ ਪਰ ਇਹ ਅਫਵਾਹ ਆਮ ਫੈਲ ਗਈ ਕਿ ਮਿਲਰ ਇੱਕ ਕਮਿਊਨਿਸਟ ਹੈ ਜਾਂ ਕਮਿਊਨਿਸਟਾਂ ਦਾ ਹਿਮਾਇਤੀ ਹੈ। ਇਸ ਕਰ ਕੇ ਉਸ ਨੂੰ 21 ਜੂਨ 1956 ਨੂੰ ਗ਼ੈਰ- ਅਮਰੀਕਨ ਗਤੀਵਿਧੀਆਂ ਕਾਰਨ ਹਾਊਸ ਕਮੇਟੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਅਤੇ ਕਮਿਊਨਿਸਟਾਂ ਨਾਲ ਉਸ ਦੇ ਸੰਬੰਧਾਂ ਬਾਰੇ ਪੁੱਛ-ਗਿੱਛ ਕੀਤੀ ਗਈ। ਭਾਵੇਂ ਉਸ ਨੇ ਇਹ ਸ਼ਰੇਆਮ ਸਵੀਕਾਰ ਕੀਤਾ ਕਿ ਉਹ ਕੁਝ ਮੀਟਿੰਗਾਂ ਵਿੱਚ ਜ਼ਰੂਰ ਸ਼ਾਮਲ ਹੋਇਆ ਸੀ ਪਰ ਉਸ ਨੇ ਇਹ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਇੱਕ ਕਮਿਊਨਿਸਟ ਸੀ। ਇਸ ਦੇ ਨਾਲ ਹੀ ਉਸ ਨੇ ਹੋਰ ਵਿਅਕਤੀ ਜੋ ਮੀਟਿੰਗ ਵਿੱਚ ਹਾਜ਼ਰ ਸਨ, ਦੇ ਨਾਂ ਦੱਸਣ ਤੋਂ ਵੀ ਨਾਂਹ ਕਰ ਦਿੱਤੀ। ਇਸ ਕਰ ਕੇ ਉਸ ਉਪਰ ਇਹ ਦੋਸ਼ ਲਗਾਇਆ ਗਿਆ ਕਿ ਉਸ ਨੇ ਕਾਂਗਰਸ ਦੀ ਹੱਤਕ ਕੀਤੀ ਹੈ ਪਰ 1958 ਵਿੱਚ ਇਸ ਹੁਕਮੀ ਨਿਰਣੇ ਨੂੰ ਰੱਦ ਕਰ ਦਿੱਤਾ ਗਿਆ।

      1940 ਵਿੱਚ ਮਿਲਰ ਨੇ ਮੇਰੀ ਗਰੇਸ ਸਲੇਟਰੀ ਨਾਲ ਵਿਆਹ ਕੀਤਾ ਅਤੇ 1955 ਵਿੱਚ ਉਸ ਤੋਂ ਤਲਾਕ ਲੈ ਲਿਆ। ਅਗਲੇ ਸਾਲ ਉਸ ਨੇ ਚਲ ਚਿੱਤਰ ਅਦਾਕਾਰਾ ਮੈਰੀਲਿਨ ਨਾਲ ਵਿਆਹ ਕੀਤਾ। 1960 ਵਿੱਚ ਮੈਰੀਲਿਨ ਮੁਨਰੋ ਨੂੰ ਤਲਾਕ ਦੇ ਦਿੱਤਾ ਅਤੇ ਦੋ ਸਾਲ ਬਾਅਦ ਸਵੀਡਨ ਦੀ ਫੋਟੋਗ੍ਰਾਫਰ ਨਾਲ ਸ਼ਾਦੀ ਕੀਤੀ। 1961 ਵਿੱਚ ਉਸ ਨੇ ‘ਮਿਸਫਿਟਸ` ਫ਼ਿਲਮ ਲਈ ਸਕਰੀਨ ਨਾਟਕ ਪੇਸ਼ ਕੀਤਾ ਤੇ ਕੁਝ ਛੋਟੀਆਂ ਕਹਾਣੀਆਂ ਲਿਖੀਆਂ। 1964 ਵਿੱਚ ਨੌਂ ਸਾਲ ਦੀ ਗੁਮਨਾਮੀ ਤੋਂ ਬਾਅਦ ਮਿਲਰ ਆਫਟਰ ਦਾ ਫਾਲ ਨਾਲ ਮੁੜ ਰੰਗ-ਮੰਚ ਤੇ ਆਇਆ। ਇਹ ਉਸ ਦੀ ਸ੍ਵੈਜੀਵਨੀ ਨਾਲ ਸੰਬੰਧਿਤ ਇੱਕ ਨਾਟਕ ਹੈ ਜੋ ਉਸ ਦੀ ਮੈਰੀਲਿਨ ਮੁਨਰੋ ਨਾਲ ਸ਼ਾਦੀ ਤੇ ਆਧਾਰਿਤ ਹੈ। ਇਨਸੀਡੈਂਟ ਐਟ ਵਿਚੀ (1964) ਦੂਜੇ ਵਿਸ਼ਵ ਯੁੱਧ ਦੇ ਸੰਬੰਧ ਵਿੱਚ ਸ੍ਵੈ-ਨਿਰੀਖਣ ਬਾਰੇ ਹੈ। ਮਿਲਰ ਦਾ ਨਾਟਕ ਦਾ ਪ੍ਰਾਈਸ (1968) ਦੋ ਭਰਾਵਾਂ ਵਿਚਕਾਰ ਝਗੜੇ ਨਾਲ ਸੰਬੰਧਿਤ ਹੈ ਜਿਸ ਵਿੱਚ ਪਰਿਵਾਰਿਕ ਜ਼ੁੰਮੇਵਾਰੀ ਦੇ ਪ੍ਰਸ਼ਨਾਂ ਪ੍ਰਤਿ ਉਹਨਾਂ ਦੇ ਵਿਰੋਧੀ ਦ੍ਰਿਸ਼ਟੀਕੋਣਾਂ ਨੂੰ ਪੇਸ਼ ਕੀਤਾ ਗਿਆ ਹੈ।

     ਮਿਲਰ ਦੇ 12 ਨਾਟਕਾਂ ਨੂੰ ਯਥਾਰਥਵਾਦੀ ਪੰਰਪਰਾ ਦਾ ਹਿੱਸਾ ਸਮਝਿਆ ਜਾ ਸਕਦਾ ਹੈ ਜੋ ਦੋ ਵਿਸ਼ਵ ਯੁੱਧਾਂ ਦੇ ਸਮੇਂ ਦੌਰਾਨ ਅਮਰੀਕਾ ਵਿੱਚ ਥੀਏਟਰ ਗਤੀਵਿਧੀ ਦੇ ਉਭਾਰ ਨਾਲ ਸ਼ੁਰੂ ਹੋਈ। ਮਿਲਰ ਦੀ ਸਮਾਜਿਕ ਚੇਤਨਾ, ਅਮਰੀਕੀ ਸੱਭਿਅਤਾ ਦੀਆਂ ਬੁਰਾਈਆਂ ਬਾਰੇ ਜਾਗਰੂਕਤਾ ਅਤੇ ਇਸ ਵਿਸ਼ਵਾਸ ਨੇ ਕਿ ਇਹ ਬੁਰਾਈਆਂ ਮੂਲ ਰੂਪ ਵਿੱਚ ਨੈਤਿਕ ਕਮਜ਼ੋਰੀਆਂ ਦਾ ਸਿੱਟਾ ਹਨ, ਨੇ ਉਸ ਨੂੰ ਇੱਕ ਸਮਾਜਿਕ ਨਾਟਕਕਾਰ ਤੇ ਨੈਤਿਕਵਾਦੀ ਬਣਾ ਦਿੱਤਾ। ਉਸ ਦੀ ਸਮਾਜਿਕ ਸਮੱਸਿਆਵਾਂ ਵਿੱਚ ਦਿਲਚਸਪੀ ਅਤੇ ਇਹ ਵਿਸ਼ਵਾਸ ਕਿ ਇਹਨਾਂ ਦਾ ਕਾਰਨ ਨਿੱਜੀ ਕਮਜ਼ੋਰੀਆਂ ਹਨ, ਨੇ ਉਸਨੂੰ ਮਨੁੱਖੀ ਵਰਤਾਓ ਦੇ ਮਨੋਵਿਗਿਆਨਿਕ ਕਾਰਨਾਂ ਦੀ ਘੋਖ ਕਰਨ ਲਈ ਉਤਸ਼ਾਹਿਤ ਕੀਤਾ। ਪ੍ਰਮੁਖ ਤੌਰ ਤੇ ਮਿਲਰ ਮਨੁੱਖ ਦੀ ਗੌਰਵਤਾ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਇਸ ਸੰਭਾਵਨਾ ਵਿੱਚ ਵੀ ਕਿ ਇਹ ਗੌਰਵਤਾ ਕਾਇਮ ਰਹਿ ਸਕਦੀ ਹੈ। ਡੈੱਥ ਆਫ਼ ਏ ਸੇਲਜ਼ਮੈਨ (1949), ਏ ਵਿਊ ਫਰਾਮ ਦਾ ਬ੍ਰਿਜ਼ ਅਤੇ ਆਫਟਰ ਦਾ ਫਾਲ ਲੋਕਾਂ ਦੀ ਮਾਨਸਿਕ ਸਥਿਤੀ ਦੀ ਘੋਖ ਕਰਨ ਵਾਲੇ ਨਾਟਕ ਹਨ। ਮਿਲਰ ਨੂੰ ਮੁੱਖ ਰੂਪ ਵਿੱਚ ਡੈੱਥ ਆਫ਼ ਏ ਸੇਲਜ਼ਮੈਨ ਲਈ ਮਿਲੇ ਪੁਲਿਟਜ਼ਰ ਇਨਾਮ ਕਰ ਕੇ ਜਾਣਿਆ ਜਾਂਦਾ ਹੈ। ਇਹ ਇੱਕ ਆਮ ਵਿਅਕਤੀ ਦਾ ਦੁਖਾਂਤ ਹੈ ਜੋ ਮੱਧ ਵਰਗੀ ਅਮਰੀਕਨ ਸਮਾਜ ਦੀਆਂ ਠੋਸੀਆਂ ਹੋਈਆਂ ਗ਼ਲਤ ਕੀਮਤਾਂ ਦਾ ਸ਼ਿਕਾਰ ਹੈ। ਇਸ ਦੇ ਨਾਲ ਹੀ ਇਹ ਨਾਟਕ ਉਸ ਦੇ ਇਸ ਵਿਸ਼ਵਾਸ ਦਾ ਪ੍ਰਗਟਾਵਾ ਕਰਦਾ ਹੈ ਕਿ ਆਮ ਵਿਅਕਤੀ ਵੀ ਕਿਸੇ ਦੁਖਾਂਤ ਨਾਟਕ ਲਈ ਢੁੱਕਵਾਂ ਨਾਇਕ ਹੋ ਸਕਦਾ ਹੈ। ਉਸ ਅਨੁਸਾਰ ਕੋਈ ਵੀ ਅਜਿਹਾ ਪਾਤਰ ਜੋ ਲੋੜ ਪੈਣ ਤੇ ਆਪਣੀ ਨਿੱਜੀ ਗੌਰਵਤਾ ਦੀ ਭਾਵਨਾ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਜੀਵਨ ਦੀ ਅਹੂਤੀ ਦੇਣ ਲਈ ਵੀ ਤਿਆਰ ਹੈ, ਦਰਸ਼ਕਾਂ ਵਿੱਚ ਤ੍ਰਾਸਦੀ ਵਾਲੀ ਭਾਵਨਾ ਜਗਾਉਣ ਦੇ ਸਮਰੱਥ ਹੈ।

     ਉਸ ਦਾ ਦਾ ਕਰੂਸੀਬਲ ਨਾਟਕ ਇਸ ਤੋਂ ਵੀ ਵਧੇਰੇ ਮਹੱਤਵਪੂਰਨ ਹੈ। ਇਹ ਸੇਲਮ ਵਿੱਚ ਟ੍ਰਾਇਲਜ਼ ਤੇ ਆਧਾਰਿਤ ਹੈ ਜਦੋਂ ਵਹਿਮਾਂ-ਭਰਮਾਂ ਤੇ ਤਰਕਹੀਣਤਾ ਦੀ ਜਿੱਤ ਹੋਈ। ਮਿਲਰ ਦਾ ਨਾਟਕ ਆਲ ਮਾਈ ਸਨਜ਼ ਜੋ 1947 ਵਿੱਚ ਲਿਖਿਆ ਗਿਆ, ਪਦਾਰਥਵਾਦੀ ਸਮਾਜ ਦੇ ਦੂਹਰੇ ਪਿਆਰ ਨਾਲ ਸੰਬੰਧ ਰੱਖਦਾ ਹੈ। ਦਾ ਮੈਨ ਹੂ ਹੈਡ ਆਲ ਦਾ ਲੱਕ (1944), ਮੁੱਖ ਪਾਤਰ ਦੀ ਮਨੋਰੋਗੀ ਸਥਿਤੀ ਤੇ ਆਧਾਰਿਤ ਹੈ ਜੋ ਆਪਣੇ ਵਪਾਰ ਅਤੇ ਪਰਿਵਾਰ ਦੀ ਸਫਲਤਾ ਵਿੱਚ ਵਿਸ਼ਵਾਸ ਰੱਖਦਾ ਹੈ। ਏ ਵਿਊ ਫਰਾਮ ਦਾ ਬ੍ਰਿਜ (1955) ਇੱਕ ਅਜਿਹੇ ਵਿਅਕਤੀ ਦੇ ਜੀਵਨ ਤੇ ਆਧਾਰਿਤ ਹੈ ਜੋ ਕਿ ਆਪਣੇ ਅਨੁਚਿਤ ਪਿਆਰ ਕਾਰਨ, ਵਿਸ਼ਵਾਸਘਾਤ ਅਤੇ ਅਖੀਰ ਆਤਮ- ਘਾਤ ਕਰਨ ਲਈ ਮਜਬੂਰ ਹੋ ਜਾਂਦਾ ਹੈ। ਏ ਮੈਮੋਰੀ ਆਫ਼ ਟੂ ਮੰਡੇਜ਼ (1955) ਕਾਰੋਬਾਰੀ ਵਾਤਾਵਰਨ ਵਿੱਚ ਮਨੁੱਖੀ ਸੰਬੰਧਾਂ ਦੇ ਥੋਥੇਪਣ ਅਤੇ ਖਿਨ ਭੰਗਰਤਾ ਦਾ ਪ੍ਰਗਟਾਵਾ ਕਰਦਾ ਹੈ।ਆਫਟਰ ਦਾ ਫਾਲ ਘਟਨਾਵਲੀ ਜਾਂ ਕਾਰਜ ਦੀ ਪੱਧਰ ਤੇ ਅਰਧ-ਸ੍ਵੈਜੀਵਨੀਪਰਕ ਨਾਟਕ ਹੈ ਜਿਸ ਦਾ ਕਾਰਜ ਨਾਇਕ ਦੇ ਮਨ, ਸੋਚ ਤੇ ਯਾਦ ਵਿੱਚ ਹੁੰਦਾ ਹੈ। ਇਹ ਨਾਟਕ ਮੁੱਖ ਪਾਤਰ ਦੇ ਤਿੰਨ ਔਰਤਾਂ, ਵਿਸ਼ੇਸ਼ ਕਰ ਕੇ ਉਸ ਦੀ ਦੂਜੀ ਪਤਨੀ ਨਾਲ ਸੰਬੰਧਾਂ ਦਾ ਉਲੇਖ ਕਰਦਾ ਹੈ ਜੋ ਇੱਕ ਮਨੋਰੋਗੀ ਗਾਇਕਾ ਹੈ। ਇਨਸੀਡੈਂਟ ਐਟ ਵਿਚੀ (1965) ਅਜਿਹੇ ਵਿਅਕਤੀਆਂ ਦੇ ਦੋਸ਼ ਦੇ ਸੰਬੰਧ ਵਿੱਚ ਹੈ ਜਿਨ੍ਹਾਂ ਨੇ ਅਕਿਰਿਆਸ਼ੀਲਤਾ ਰਾਹੀਂ ਨਾਜ਼ੀਆਂ ਨੂੰ ਸਹਿਯੋਗ ਦਿੱਤਾ। ਦਾ ਪ੍ਰਾਈਸ (1968) ਇੱਕ ਅਜਿਹਾ ਨਾਟਕ ਹੈ ਜਿਸ ਵਿੱਚ ਇੱਕ ਪਰਿਵਾਰਿਕ ਝਗੜੇ ਦੇ ਸੰਦਰਭ ਵਿੱਚ ਅਪਰਾਧ ਭਾਵਨਾ ਤੇ ਜ਼ੁੰਮੇਵਾਰੀ ਦੇ ਵਿਸ਼ਿਆਂ ਦਾ ਨਿਰੂਪਣ ਕੀਤਾ ਗਿਆ ਹੈ।

     ਆਰਥਰ ਮਿਲਰ ਨੇ ਆਪਣੇ ਨਾਟਕਾਂ ਰਾਹੀਂ ਅਮਰੀਕਨ ਨਾਟਕ ਅਤੇ ਰੰਗ-ਮੰਚ ਨੂੰ ਨਵੀਂ ਪਛਾਣ ਦਿੱਤੀ ਹੈ। 2005 ਵਿੱਚ ਮਿਲਰ ਦਾ ਦਿਹਾਂਤ ਹੋ ਗਿਆ।


ਲੇਖਕ : ਰਵਿੰਦਰ ਪਵਾਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.