ਈਸ਼ਵਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਈਸ਼ਵਰ [ ਨਾਂਪੁ ] ਵੇਖੋ ਈਸ਼ਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2785, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਈਸ਼ਵਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸ਼ਵਰ : ਸੰਸਕ੍ਰਿਤ ਦੇ ਇਸ ਸ਼ਬਦ ਦਾ ਅਰਥ ਹੈ ਐਸ਼ਵਰਜ ਵਾਲਾ , ਪਰਮਾਤਮਾ , ਸੁਆਮੀ । ਇਸ ਨਾਲ ਸੰਬੰਧਿਤ ਸੰਕਲਪ ਦੀ ਸਥਾਪਨਾ ਵੇਦਾਂਤ-ਦਰਸ਼ਨ ਵਿਚ ਵਿਸਤਾਰ ਨਾਲ ਹੋਈ ਹੈ । ਡਾ. ਰਾਜਬਲੀ ਪਾਂਡੇਯ ( ਹਿੰਦੂ ਧਰਮ - ਕੋਸ਼ ) ਅਨੁਸਾਰ ਵੇਦਾਂਤ ਦੀ ਪਰਿਭਾਸ਼ਾ ਵਿਚ ਸ਼ੁੱਧ ਸੱਤ੍ਵ ਪ੍ਰਧਾਨ , ਅਗਿਆਨ- ਯੁਕਤ ਚੈਤਨੑਯ ਨੂੰ ‘ ਈਸ਼ਵਰ’ ਕਹਿੰਦੇ ਹਨ । ਇਹ ਅੰਤਿਮ ਜਾਂ ਪਰ-ਤੱਤ੍ਵ ਨਹੀਂ ਹੈ; ਸਗੋਂ ਅਪਰ ਜਾਂ ਸਗੁਣ ਬ੍ਰਹਮ ਹੈ । ਪਰ-ਬ੍ਰਹਮ ਤਾਂ ਨਿਰਗੁਣ ਜਾਂ ਨਿਸ਼ਕਰਮਾ ਹੈ । ਅਪਰ ਈਸ਼੍ਵਰ ਸਗੁਣ ਰੂਪ ਵਿਚ ਸ੍ਰਿਸ਼ਟੀ ਦਾ ਕਰਤਾ ਅਤੇ ਨਿਯਾਮਕ ਹੈ , ਭਗਤਾਂ ਅਤੇ ਸਾਧਕਾਂ ਦਾ ਜੀਵਨ-ਮਨੋਰਥ ਹੈ । ਸਗੁਣ ਬ੍ਰਹਮ ਹੀ ਪੁਰਸ਼ ( ਪੁਰਸ਼ੋਤਮ ) ਜਾਂ ਈਸ਼੍ਵਰ ਨਾਂ ਨਾਲ ਸ੍ਰਿਸ਼ਟੀ ਦਾ ਕਰਤਾ , ਧਰਤਾ ਅਤੇ ਸੰਘਾਰਕ ਰੂਪ ਵਿਚ ਪੂਜਿਤ ਹੁੰਦਾ ਹੈ । ਉਹ ਦੇਵਾਂ ਦਾ ਦੇਵ ਹੈ ਅਤੇ ਸਾਰੇ ਦੇਵਤੇ ਉਸੇ ਦੀ ਵਖਰੀ ਵਖਰੀ ਅਭਿਵਿਅਕਤੀ ਹਨ । ਆਪਣੀ ਯੋਗ ਮਾਇਆ ਨਾਲ ਯੁਕਤ ਹੋ ਕੇ ਈਸ਼੍ਵਰ ਵਿਸ਼ਵ ਉਤੇ ਸ਼ਾਸਨ ਕਰਦਾ ਹੈ ਅਤੇ ਕਰਮਾਂ ਅਨੁਸਾਰ ਫਲ ਪ੍ਰਦਾਨ ਕਰਦਾ ਹੈ ।

                      ਨਿਆਇ ਅਤੇ ਵੈਸ਼ੇਸ਼ਿਕ ਦਰਸ਼ਨਾਂ ਵਾਲੇ ਇਸ ਨੂੰ ਸਗੁਣ ਅਤੇ ਸ੍ਰਿਸ਼ਟੀ ਦਾ ਨਿਮਿਤ ਕਾਰਣ ਮੰਨਦੇ ਹਨ । ਯੋਗ-ਦਰਸ਼ਨ ਵਿਚ ਈਸ਼ਵਰ ਪੁਰਸ਼ ਰੂਪ ਹੈ । ਸਾਂਖੑਯ ਅਤੇ ਪੂਰਵ-ਮੀਮਾਂਸਾ ਨਾਂ ਦੇ ਆਸਤਿਕ ਦਰਸ਼ਨਾਂ ਤੋਂ ਇਲਾਵਾ ਜੈਨ , ਬੌਧ ਅਤੇ ਚਾਰਵਾਕ ਦਰਸ਼ਨਾਂ ਵਿਚ ਵੀ ਇਸ ਦੀ ਸੱਤਾ ਨੂੰ ਸਵੀਕਾਰ ਨਹੀਂ ਕੀਤਾ ਗਿਆ ।

                      ਉਪਨਿਸ਼ਦਾਂ ਵਿਚ ਇਸ ਸ਼ਬਦ ਨੂੰ ਪਰਮਾਤਮਾ ਜਾਂ ਬ੍ਰਹਮ ਲਈ ਵਰਤਿਆ ਗਿਆ ਹੈ । ਪੁਰਾਣਾਂ ਵਿਚ ਇਹ ਬ੍ਰਹਮਾ , ਵਿਸ਼ਣੂ ਅਤੇ ਸ਼ਿਵ ਦਾ ਵਾਚਕ ਬਣ ਗਿਆ ਹੈ । ਪਰੰਤੂ ਪਰਵਰਤੀ ਕਾਲ ਵਿਚ ਇਸ ਦੀ ਵਰਤੋਂ ‘ ਸ਼ਿਵ’ ਲਈ ਰੂੜ੍ਹ ਹੁੰਦੀ ਗਈ ਹੈ ।

                      ਸਪੱਸ਼ਟ ਹੈ ਕਿ ਭਾਰਤੀ ਦਰਸ਼ਨ ਵਿਚ ਇਸ ਦੀ ਸੱਤਾ , ਸਮਰਥਤਾ ਅਤੇ ਸਰੂਪ ਬਾਰੇ ਭਿੰਨ ਭਿੰਨ ਅਧਿਆਤਮਿਕ ਸਾਧਕਾਂ ਨੇ ਵਖਰੇ ਵਖਰੇ ਢੰਗ ਨਾਲ ਵਿਆਖਿਆ ਕੀਤੀ ਹੈ । ਪਰ ਭਗਤੀ ਸਾਹਿਤ ਦੇ ਬਾਣੀਕਾਰ ਬਹੁਤੀਆਂ ਬਾਰੀਕੀਆਂ ਵਿਚ ਨਹੀਂ ਪਏ ਅਤੇ ਮੁੱਖ ਤੌਰ ’ ਤੇ ਇਸ ਨੂੰ ਬ੍ਰਹਮ ਵਾਚਕ ਹੀ ਮੰਨਿਆ ਹੈ ।

                      ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਵਰਤੋਂ ਪੰਜ ਅਰਥਾਂ ਵਿਚ ਹੋਈ ਹੈ ਜਿਵੇਂ ਕਰਤਾਰ , ਵਿਸ਼ਣੂ , ਸ਼ਿਵ , ਇਕ ਨਾਥ ਦਾ ਨਾਂ ਅਤੇ ਰਾਜਾ ਅਤੇ ਕਈ ਸ਼ਬਦ-ਜੋੜਾਂ ਵਿਚ ਵਰਤਿਆ ਗਿਆ ਹੈ , ਜਿਵੇਂ ਈਸਰ , ਈਸਰੁ , ਈਸੁਰ , ਈਸ , ਈਸੈ ਆਦਿ । ਜਿਵੇਂ — ਤਉ ਗੁਨ ਈਸ ਬਰਨਿ ਨਹੀ ਸਾਕਉ ਤੁਮ ਮੰਦਰ ਹਮ ਨਿਕ ਕੀਰੇ ( ਗੁ.ਗ੍ਰੰ.983 ) , ਬਲਿ ਬਲਿ ਜਾਈ ਪ੍ਰਭ ਅਪੁਨੈ ਈਸੈ ( ਗੁ.ਗ੍ਰੰ.1072 ) ਤੁਕਾਂ ਵਿਚ ਇਹ ਪਰਮਾਤਮਾ ਵਾਚਕ ਹੈ । ਈਸ ਮਹੇਸੁਰੁ ਸੇਵ ਤਿਨ੍ਹੀ ਅੰਤੁ ਪਾਇਆ ( ਗੁ.ਗ੍ਰੰ.1279 ) ਵਿਚ ਇਸ ਦੀ ਵਰਤੋਂ ਵਿਸ਼ਣੂ ਲਈ ਹੋਈ ਹੈ । ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹੀ ਲਹੀਆ ( ਗੁ.ਗ੍ਰੰ.516 ) ਵਿਚ ‘ ਸ਼ਿਵ’ ਲਈ ਵਰਤਿਆ ਗਿਆ ਹੈ । ਹੁਣ ਸਿੱਖ-ਜਗਤ ਵਿਚ ਇਹ ਪਰਮ-ਸੱਤਾ ਦਾ ਵਾਚਕ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਈਸ਼ਵਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਈਸ਼ਵਰ : ( ਈਸ਼ , ਸ਼ਾਸਕ , ਮਾਲਕ , ਪਰਮਾਤਮਾ + ਵਰ = ਜੋ ਸ੍ਰੇਸ਼ਠ ਅਤੇ ਸਰਬ ਵਿਆਪਕ ਹੋਵੇ ) ਭਾਰਤੀ ਦਰਸ਼ਨ ਵਿਚ ਅੰਤਮ ਸੱਤਾ ਪਰਮਾਤਮਾ ਜਿਸਨੂੰ ਬ੍ਰਹਮ ਵੀ ਕਿਹਾ ਜਾਂਦਾ ਹੈ ਲਈ ਵਰਤੇ ਜਾਂਦੇ ਅਨੇਕਾਂ ਨਾਵਾਂ ਵਿਚੋਂ ਇਕ ਹੈ । ਵੇਦਾਂਤ ਦੇ ਫਿਲਾਸਫ਼ਰ ਸ਼ੰਕਰਾਚਾਰੀਆ ਦੁਆਰਾ ਕੀਤੀ ਗਈ ਵਿਆਖਿਆ ਵਿਚ ਈਸ਼ਵਰ ਅਤੇ ਬ੍ਰਹਮ ਵਿਚ ਸੂਖਮ ਸੰਕਲਪਾਤਮਿਕ ਅੰਤਰ ਹੈ । ਉਸ ਅਨੁਸਾਰ ਬ੍ਰਹਮ ਅੰਤਮ ਸੱਤਾ ਅਥਵਾ ਸ਼ੁੱਧ ਚੇਤਨਾ ਹੈ ਜੋ ਗੁਣਾਂ ਤੋਂ ਪਰ੍ਹਾਂ ਨਿਰਗੁਣ ਹੈ ਅਤੇ ਬੁੱਧੀ ਦੀਆਂ ਸਾਰੀਆਂ ਸੀਮਾਵਾਂ ਤੋਂ ਪਰ੍ਹੇ ਨਿਰਵਿਸ਼ੇਸ਼ ਹੈ ਜਦੋਂ ਕਿ ਈਸ਼ਵਰ ਅਵਿਅਕਤ ( ਗੁਪਤ ) ਬ੍ਰਹਮ ਦਾ ਵਿਅਕਤ ( ਪ੍ਰਗਟ ) ਪਹਿਲੂ ਹੈ । ਅੰਤਮ ਸੱਚ ਜਿਸਨੂੰ ਪਰਬ੍ਰਹਮ ਕਿਹਾ ਜਾਂਦਾ ਹੈ ਦੇ ਮੁਕਾਬਲੇ ਈਸ਼ਵਰ ਅਪਰਬ੍ਰਹਮ ਹੈ । ਈਸ਼ਵਰ ਪਰਬ੍ਰਹਮ ਦਾ ਦ੍ਰਿਸ਼ਟਮਾਨ ਪੱਖ ਹੈ ਜਿਹੜਾ ਅਨੰਤ ਹੈ , ਸੀਮਾਬੱਧ ਵਿਚਾਰ ਦੀ ਪਹੁੰਚ ਤੋਂ ਪਰ੍ਹੇ ਹੈ ਅਤੇ ਜਿਸਨੂੰ ਅਸੀਂ ਕੇਵਲ ਨਾਂਹ ਵਾਚਕ ਸ਼ਬਦਾਂ ਰਾਹੀਂ ਹੀ ਬਿਆਨ ਕਰ ਸਕਦੇ ਹਾਂ ਜਿਵੇਂ ਅਕਥ , ਅਕਹਿ , ਪਰਾਬ੍ਰਹਿਮੰਡੀ ਅਕਾਲ ਆਦਿ । ਇਸ ਲਈ ਆਮ ਤੌਰ ਤੇ ਕੀਤੀ ਗਈ ਗੱਲਬਾਤ ਈਸ਼ਵਰ ਬਾਰੇ ਹੀ ਹੁੰਦੀ ਹੈ । ਇਥੋਂ ਤਕ ਕਿ ਹਾਂ ਵਾਚਕ ਗੁਣ ਜਿਵੇਂ ਪਾਰਗਾਮੀ , ਸਵੈ ਸਥਿਤ , ਪੂਰਨ ਆਦਿ ਵੀ ਦਰਅਸਲ ਅਸੀਮਿਤ ਬ੍ਰਹਮ ਦੀ ਥਾਂ ਸੀਮਿਤ ਈਸ਼ਵਰ ਬਾਰੇ ਸੰਕੇਤ ਦਿੰਦੇ ਹਨ । ਸੰਖੇਪ ਵਿਚ ਈਸ਼ਵਰ ਉਹ ਪਰਮਾਤਮਾ ਹੈ ਜਿਹੜਾ ਇਸ ਦ੍ਰਿਸ਼ਟਮਾਨ ਸੱਤਾ ਨਾਲ ਸੰਬੰਧਿਤ ਹੈ ਅਤੇ ਅਪ੍ਰਗਟ ਸੱਤਾ ਦੇ ਪ੍ਰਗਟ ਪਹਿਲੂ ਨਾਲ ਸੰਬੰਧਿਤ ਹੈ । ਉਹ ਮਾਇਆ ਦਾ ਮਾਲਕ ਹੈ , ਪੈਦਾ ਕਰਨ ਵਾਲਾ , ਸੰਭਾਲ ਕਰਨ ਅਤੇ ਖਤਮ ਕਰਨ ਵਾਲਾ ਅਤੇ ਆਪਣੀ ਸਾਰੀ ਰਚਨਾ ਵਿਚ ਸਰਬ ਵਿਆਪਿਤ ਹੈ ।

      ਸੰਸਕ੍ਰਿਤ ਵਿਚ ਈਸ਼ ਅਤੇ ਈਸ਼ਵਰ ਹਿੰਦੂ ਦੇਵਤੇ ਸ਼ਿਵ , ਕੁਬੇਰ ਅਤੇ ਰੁਦ੍ਰ ਦੇ ਨਾਂਵਾਂ ਵਿਚੋਂ ਇਕ ਨਾਂ ਹੈ ਅਤੇ ਇਥੋਂ ਤਕ ਕਿ “ ਦੇਵੀ ਦੁਰਗਾ ਦੇ ਨਾਂ ਦੇ ਤੌਰ ਤੇ ਜਾਂ ਕਿਸੇ ਵੀ ਦੇਵਤਾ ਦੀ ਸ਼ਕਤੀ ਦੇ ਨਾਂ ਵਜੋਂ” ਵੀ ਵਰਤਿਆ ਜਾਂਦਾ ਹੈ । ਸਿੱਖ ਧਰਮ ਦੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿਚ ਈਸ ਈਸਰ ਜਾਂ ਈਸੁਰੁ ਜੋ ਈਸ਼ਵਰ ਦਾ ਹੀ ਪੰਜਾਬੀ ਰੂਪ ਹੈ ਸ਼ਿਵ ਅਤੇ ਪਰਮਾਤਮਾ ਲਈ ਬਹੁਤ ਘੱਟ ਵਰਤੇ ਗਏ ਹਨ ( ਗੁ.ਗ੍ਰੰ. 2 , 6 , 316 , 516 , 923 , 925 , 1082 ) । ਈਸਰੁ ਇਕ ਵਾਰ ਮਹਾਨ ਵਿਅਕਤੀਆਂ ਲਈ ਵਰਤਿਆ ਗਿਆ ਹੈ ( ਗੁ.ਗ੍ਰੰ.816 ) ਅਤੇ ਈਸਰੁ ਨੂੰ ਸ਼ਿਵ ਤੋਂ ਇਲਾਵਾ ( ਗੁ.ਗ੍ਰੰ. 952 ) ਕਿਸੇ ਹੋਰ ਮਨੁੱਖ ਲਈ ਵਰਤਿਆ ਗਿਆ ਹੈ । ਸੰਯੁਕਤ ਸ਼ਬਦ ਪਰਮੇਸਰ ( ਸੰਸਕ੍ਰਿਤ ਪਰਮੇਸ਼ਵਰ-ਪਰਮ = ਸਰਬੋਤੱਮ ਸਭ ਤੋਂ ਉੱਚਾ + ਈਸ਼ਵਰ ) ਪਰਮਾਤਮਾ ਲਈ ਇਕ ਤੋਂ ਵੱਧ ਵਾਰੀ ਵਰਤਿਆ ਗਿਆ ਹੈ; ਇਕ ਥਾਂ ਤੇ ਇਹ ‘ ਪਰਮੇਸਵਰ` ਦੇ ਤੌਰ ਤੇ ਵੀ ਲਿਖਿਆ ਹੋਇਆ ਹੈ ( ਗੁ.ਗ੍ਰੰ. 300 ) ।

      ਸਿੱਖ ਧਰਮ ਵਿਚ ਪਰੰਪਰਾਗਤ ਸ਼੍ਰੇਣੀਆਂ ਨਿਰਗੁਣ , ਭਾਵ ਬਿਨਾਂ ਗੁਣਾਂ ਤੋਂ ਅਤੇ ਸਗੁਣ , ਗੁਣਾਂ ਸਹਿਤ ਜਿਸਦਾ ਪੰਜਾਬੀ ਰੂਪ ਸਰਗੁਣ ਹੈ ਪਰਮਾਤਮਾ ਦੇ ਸੰਬੰਧ ਵਿਚ ਵਰਤਿਆ ਗਿਆ ਹੈ ਪਰੰਤੂ ਸ਼ੰਕਰਾਚਾਰੀਆ ਵਾਂਗ ਉਚੇਰੇ ਤੇ ਨੀਵੀਂ ਪੱਧਰ ਦੇ ਬ੍ਰਹਮ ਵਿਚ ਕੋਈ ਅੰਤਰ ਨਹੀਂ ਕੀਤਾ ਗਿਆ । ਸਿੱਖ ਧਰਮ ਵਿਚ ਅੰਤਮ ਸੱਤਾ ਜੋ “ ੴਅੰਕਾਰ" ਹੈ ਦੀ ਇਕਤਾ ਤੇ ਜ਼ੋਰ ਦਿੱਤਾ ਗਿਆ ਹੈ । ਇਹ ਸ਼ਬਦ ਪਾਰਬ੍ਰਹਮ ( ਸ਼ੰਕਰ ਦਾ ਪਰਬ੍ਰਹਮ ) ਗੁਰੂ ਗ੍ਰੰਥ ਸਾਹਿਬ ਵਿਚ ਅਕਸਰ ਆਉਂਦਾ ਹੈ ਪਰੰਤੂ ਅਪਰਬ੍ਰਹਮ ਦੇ ਤੌਰ ਤੇ ਕਦੇ ਵੀ ਵਰਤਿਆ ਨਹੀਂ ਗਿਆ । ਸਿੱਖਾਂ ਲਈ ਪਰਮ ਸੰਪੂਰਨ ਸੱਚ ਪਰਮਾਤਮਾ ਨਿਰਗੁਣ ਅਤੇ ਸਰਗੁਣ ਦੋਵੇਂ ਹੀ ਹੈ ( ਗੁ.ਗ੍ਰੰ. 98 , 128 , 250 , 287 , 290 , 862 ) । ਨਿਰਗੁਣ ਬ੍ਰਹਮ ਆਪਣੇ ਗੁਣਾਂ ਦੇ ਸੰਦਰਭ ਵਿਚ ਸਰਗੁਣ ਬ੍ਰਹਮ ਦੇ ਰੂਪ ਵਿਚ ਇਸ ਸੰਸਾਰ ਵਿਚ ਪਰਤੱਖ ਹੋ ਜਾਂਦਾ ਹੈ ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਈਸ਼ਵਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਈਸ਼ਵਰ : ਇਹ ਸ਼ਬਦ ਭਾਰਤੀ ਦਰਸ਼ਨ ਅਤੇ ਅਧਿਆਤਮਕ ਸ਼ਾਸਤਰਾਂ ਵਿਚ ਸੰਸਾਰ ਨੂੰ ਰਚਣ , ਪਾਲਣ ਅਤੇ ਅਧਿਆਤਮਕ ਸ਼ਾਸਤਰਾਂ ਵਿਚ ਸੰਸਾਰ ਨੂੰ ਰਚਣ , ਪਾਲਣ ਅਤੇ ਸਮੇਟਣ , ਜੀਵਾਂ ਨੂੰ ਕਰਮਾਂ ਦਾ ਫਲ ਦੇਣ ਅਤੇ ਦੁੱਖਾਂ ਦੀ ਖਾਣ ਸੰਸਾਰ ਤੋਂ ਉਨ੍ਹਾਂ ਦਾ ਕਲਿਆਣ ਕਰਨ ਵਾਲੇ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ । ਕਦੀ ਕਦੀ ਈਸ਼ਵਰ ਨੂੰ ਗੁਰੂ ਵੀ ਮੰਨਿਆ ਗਿਆ ਹੈ । ਨਿਆਏ ਵੈਸ਼ੇਸ਼ਕ ਆਦਿ ਸ਼ਾਸਤਰਾਂ ਵਿਚ ਲਗਭਗ ਇਹੋ ਭਾਵ ਲਿਆ ਗਿਆ ਹੈ : -

  ਪਤੰਜਲੀ ਯੋਗ ਸ਼ਾਸਤਰ ਵਿਚ ਵੀ ਈਸ਼ਵਰ ਨੂੰ ਪਰਮ ਗੁਰੂ ਜਾਂ ਵਿਸ਼ਵ-ਗੁਰੂ ਦੇ ਰੂਪ ਵਿਚ ਮੰਨਿਆ ਗਿਆ ਹੈ । ਇਸ ਮੱਤ ਅਨੁਸਾਰ ਜੀਵਾਂ ਨੂੰ ਕਲਿਆਣਕਾਰੀ ਗਿਆਨ ਦੇਣ ਵਾਲਾ ਈਸ਼ਵਰ ਹੀ ਹੈ ਪਰ ਜਗਤ ਦਾ ਰਚਣਹਾਰ ਈਸ਼ਵਰ ਨਹੀਂ ਹੈ । ਇਸ ਮੱਤ ਅਨੁਸਾਰ ਰਚਨਾ ਆਦਿ ਪ੍ਰਕਿਰਤੀ ਅਤੇ ਪੁਰਸ਼ ਦੇ ਸੰਜੋਗ ਤੋਂ ਸੁਭਾਵਕ ਹੀ ਹੋ ਜਾਂਦੀ ਹੈ । ਈਸ਼ਵਰ ਉੱਤਮ ਜੀਵ ਹੈ । ਈਸ਼ਵਰ 26 ਤੱਤਾਂ ਵਾਲੇ ਪੁਰਸ਼ ਵਿਸ਼ੇਸ਼ ਦੇ ਨਾਂ ਨਾਲ ਮਸ਼ਹੂਰ ਹੈ । ਅਵਿਦਿਆ ਆਦਿ ਪੰਜ ਕਲੇਸ਼ , ਸੁਭ ਅਸ਼ੁਭ ਕਰਮ , ਜਾਤੀ , ਉਮਰ ਅਤੇ ਭੋਗ ਦੇ ਪਰਿਣਾਮ ਅਤੇ ਉਦੇਸ਼ ਜਾਂ ਸੰਸਕਾਰ ਈਸ਼ਵਰ ਦੀ ਛੋਹ ਪ੍ਰਾਪਤ ਨਹੀਂ ਕਰ ਸਕਦੇ । ਪੱਚੀ ਤੱਤਾਂ ਵਾਲੇ ਪੁਰਖ ਤੋਂ ਇਹ ਵਿਲਖੱਣ ਹੈ । ਇਹ ਹਮੇਸ਼ਾ ਹੀ ਮੁਕਤ ਅਤੇ ਹਮੇਸ਼ਾ ਈਸ਼ਵਰੀ ਗੁਣਾਂ ਵਾਲਾ ਹੈ । ਨਿਰ ਈਸ਼ਵਰ ਸਾਂਖ ਮਤ ਵਿਚ ਸਦੀਵੀ ਨਿਰਲੇਪ ਈਸ਼ਵਰ ਨਹੀਂ ਮੰਨਿਆ ਜਾਂਦਾ ਪਰ ਇਸ ਵਿਚ ਸਦੀਵੀ ਨਿਰਲੇਪ ਈਸ਼ਵਰ ਨੂੰ ਪ੍ਰਵਾਨ ਨਾ ਕਰਦਿਆਂ ਵੀ ਕਾਰਜ ਕਰਨ ਵਾਲੇ ਈਸ਼ਵਰ ਦੀ ਹੋਂਦ ਮੰਨੀ ਜਾਂਦੀ ਹੈ । ਪੁਰਸ਼ ਵਿਵੇਕ ਦੀ ਪ੍ਰਾਪਤੀ ਤੋਂ ਬਗੈਂਰ ਹੀ ਵੈਰਾਗ ਦੀ ਬਹੁਲਤਾ ਨਾਲ ਜਦੋਂ ਪ੍ਰਕਿਰਤੀ ਵਿਚ ਲੀਨ ਹੋ ਜਾਂਦਾ ਹੈ ਤਾਂ ਉਸ ਦੀ ਮੁਕਤੀ ਨਹੀਂ ਹੁੰਦੀ ਅਤੇ ਉਸ ਦਾ ਜਨਮ ਫਿਰ ਨਵੀਂ ਸ੍ਰਿਸ਼ਟੀ ਵਿਚ ਹੁੰਦਾ ਹੈ । ਪਰਲੈ ਅਵਸਥਾ ਵਿਚ ਉਸ ਮਨੁੱਖ ਨੂੰ ਵਿਕਸਿਤ ਹੋ ਕੇ ਸਭ ਤੋਂ ਪਹਿਲਾਂ ਸ੍ਰਿਸ਼ਟੀ ਦੇ ਉੱਪਰ ( ਬੁਧਿਸਵਰੂਰ ) ਬੌਧਿਕ ਪੱਧਰ ਤੇ ਰੌਸ਼ਨੀ ਮਿਲਦੀ ਹੈ । ਉਹ ਸ੍ਰਿਸ਼ਟੀ ਦੇ ਉੱਪਰ ਦਾ ਅਧਿਕਾਰੀ ਪੁਰਖ ਹੈ ਅਤੇ ਸਮਾਧੀ ( ਦ੍ਰਿਸ਼ਟਾ ਅਤੇ ਦਰਸ਼ਨ ਸ਼ਕਤੀ ਦਾ ਇਕ ਹੋ ਜਾਣਾ ) ਵਿਚ ਸਥਿਤ ਰਹਿੰਦਾ ਹੈ । ਯੋਗੀ ਅਸਮਿਤਾ ਨਾਂ ਦੀ ਸੰਪ੍ਰਗਿਆਤ ਸਮਾਧੀ ਵਿਚ ਉਸੇ ਨਾਲ ਇਕ ਹੋ ਜਾਣ ਦੀ ਅਵਸਥਾ ਨੂੰ ਪ੍ਰਾਪਤ ਕਰਦੇ ਹਨ । ਉਸ ਦਾ ਈਸ਼ਵਰੀ ਜੀਵਨ ਅਧਿਕਾਰ ਸੰਪਦ ਰੂਪੀ ਜੀਵਨ-ਮੁਕਤੀ ਦੀ ਹੀ ਇਕ ਵਿਸ਼ੇਸ਼ ਅਵਸਥਾ ਹੈ । ਪ੍ਰਾਰਭਦ ਮੁਕਾਣ ਤੇ ਉਸ ਦੀ ਕੈਵਲਯ ( ਮੋਖ ) ਮੁਕਤੀ ਹੋ ਜਾਂਦੀ ਹੈ । ਨਿਆਇਕ ਜਾਂ ਵੈਸ਼ੇਸਕ ਮੱਤ ਅਨੁਸਾਰ ਈਸ਼ਵਰ ਆਤਮ ਰੂਪੀ ਦ੍ਰਵ ਹੈ ਅਤੇ ਇਸ ਨੂੰ ਸਰਬ-ਗਿਆਨ ਅਤੇ ਸਰਬ-ਸ਼ਕਤੀਮਾਨ ਪਰਮਾਤਮਾ ਕਹਿੰਦੇ ਹਨ । ਇੱਛਾ ਆਦਿ ਇਸ ਦੀਆਂ ਸ਼ਕਤੀਆਂ ਵੀ ਆਨੰਤ ਹਨ । ਇਹ ਸ੍ਰਿਸ਼ਟੀ ਦਾ ਨਮਿੱਤ ਕਾਰਨ ਹੈ । ਪਰਮਾਣੂ ਸਮੂਹ ਸ੍ਰਿਸ਼ਟੀ ਦੇ ਉਪਾਦਾਨ ਕਾਰਨ ਹਨ । ਮੀਮਾਂਸਾ ਵਾਲੇ ਈਸ਼ਵਰ ਦੀ ਹੋਂਦ ਪ੍ਰਵਾਨ ਨਹੀਂ ਕਰਦੇ । ਉਹ ਵੇਦ ਨੂੰ ਰੱਬ ਮੰਨਦੇ ਹਨ ਅਤੇ ਜਗਤ ਦੀ ਸਮੂਹਕ ਰਚਨਾ ਪਰਲੋ ਨੂੰ ਵੀ ਨਹੀਂ ਮੰਨਦੇ । ਉਪਰੋਕਤ ਮੱਤ ਵਿਚ ਈਸ਼ਵਰ ਨਾ ਕਰਨਹਾਰ ਦੇ ਰੂਪ ਵਿਚ ਹੈ ਅਤੇ ਨਾ ਹੀ ਗਿਆਨ ਦਾਤਾ ਦੇ ਰੂਪ ਦੀ ਥਾਂ ਵਿਚ । ਵੇਦਾਂਤ ਵਿਚ ਈਸ਼ਵਰ ਸਰਗੁਣ ਬਹ੍ਰਮ ਦਾ ਹੀ ਦੂਜਾ ਨਾਂ ਹੈ । ਬ੍ਰਹਮ ਸ਼ੁੱਧ ਬ੍ਰਹਮ ਰੂਪ ਅਤੇ ਨਿਰਗੁਣ ਹੈ । ਮਾਇਆ ਵਿਚ ਲਿਪਟੀ ਸੂਰਤ ਵਿਚ ਹੀ ਚੇਤਨਾ ਨੂੰ ਈਸ਼ਵਰ ਕਿਹਾ ਜਾਂਦਾ ਹੈ । ਚੇਤਨ ਦਾ ਅਵਿਦਿਆ ਨਾਲ ਮੇਲ ਹੋਣ ਤੇ ਉਹ ਜੀਵ ਹੋ ਜਾਂਦੀ ਹੈ । ਵੇਦਾਂਤ ਵਿਚ ਵੱਖ ਵੱਖ ਦ੍ਰਿਸ਼ਟੀਕੋਣ ਅਨੁਸਾਰ ਬ੍ਰਹਮ , ਈਸ਼ਵਰ ਅਤੇ ਜੀਵਨ ਤੱਤ ਦੇ ਵਿਸ਼ੇ ਵਿਚ ਅਵਛੇਦਵਾਦ , ਪ੍ਰਤਿਬਿੰਬਵਾਦ , ਆਭਾਸਵਾਦ ਅਦਿ ਮੱਤ ਪ੍ਰਵਾਨ ਕੀਤੇ ਗਏ ਹਨ । ਉਨਾਂ ਅਨੁਸਾਰ ਈਸ਼ਵਰ ਦੀ ਕਲਪਨਾ ਵਿਚ ਵੀ ਫ਼ਰਕ ਹਨ । ਸ਼ੈਵ ਮਤ ਵਿਚ ਸ਼ਿਵ ਨੂੰ ਸਦਾ ਸਿੱਧ-ਈਸ਼ਵਰ ਜਾਂ ਮਹੇਸ਼ਵਰ ਕਿਹਾ ਜਾਂਦਾ ਹੈ । ਉਹ ਸਰੂਪ ਕਰ ਕੇ ਚਿੱਤਾਤਮਕ ਹੈ ਅਤੇ ਉਹ ਚਿੱਤ ਸ਼ਕਤੀ ਭਰਪੂਰ ਹੈ । ਉਸ ਵਿਚ ਸਭ ਬਿੰਦੂ ਰੂਪੀ ਸ਼ਕਤੀਆਂ ਮੌਜੂਦ ਹਨ । ਮਾਇਆ ਨੂੰ ਉਪਾਦਾਨ ਰੂਪ ਵਿਚ ਲੈ ਕੇ ਸ਼ਿਵ ਸ਼ੁੱਧ ਜਗਤ ਦੀ ਰਚਨਾ ਕਰਦਾ ਹੈ । ਇਸ ਵਿਚ ਸਾਖਿਆਤ ਕਰਤਾ ਈਸ਼ਵਰ ਹੀ ਹੈ । ਇਸ ਤੋਂ ਪਿੱਛੋਂ ਸ਼ਿਵ ਮਾਇਆ ਦੇ ਉਪਾਦਾਨ ਅਸ਼ੁਧ ਜਗਤ ਦੀ ਰਚਨਾ ਕਰਦਾ ਹੈ ਪਰ ਉਸ ਦੀ ਰਚਨਾ ਉਨਾਂ ਰਾਹੀਂ ਸਾਖਿਆਤ ਨਹੀਂ ਹੁੰਦੀ ਸਗੋਂ ਅਨੰਤ ਆਦਿ ਵਿਦਿਏਸ਼ਵਰਾਂ ਰਾਹੀਂ ਪਰੰਪਰਾ ਤੋਂ ਹੁੰਦੀ ਹੈ । ਇਹ ਵਿਦਿਏਸ਼ਵਰ ਸਾਂਖ ਵਿਚ ਕਾਰਜ ਕਰਨ ਵਾਲੇ ਈਸ਼ਵਰ ਦੇ ਬਰਾਬਰ ਹਨ , ਪਰਮੇਸ਼ਵਰ ਦੇ ਬਰਾਬਰ ਨਹੀਂ । ਵਿਗਿਆਨ ਨਾਮੀ ਚਿਦਨ ਮਾਇਆ ਤੱਤ ਦਾ ਭੇਦ ਕਰ ਕੇ ਉਸ ਦੇ ਉੱਪਰ ਸਰੀਰ-ਰਹਿਤ ਅਤੇ ਵਿਕਰਣ ਹਾਲਤ ਵਿਚ ਕਾਇਮ ਰਹਿੰਦੇ ਹਨ । ਇਹ ਸਾਰੇ ਪ੍ਰਕਿਰਤੀ ਅਤੇ ਮਾਇਆ ਵਿਚ ਆਤਮ ਸਰੂਪ ਦੇ ਫ਼ਰਕ ਨੂੰ ਜਾਣਨ ਕਾਰਨ ਮੋਖ ਅਵਸਥਾ ਵਿਚ ਕਾਇਮ ਰਹਿੰਦੇ ਹਨ ਪਰ ਅਣੂਆ ਦੀ ਮੈਲ ਜਾਂ ਪਸ਼ੂਤਵ ਤੋਂ ਨਵਿਰਤੀ ਨਾ ਹੋਣ ਕਾਰਨ ਮਾਇਆ ਤੋਂ ਮੁਕਤ ਹੋ ਕੇ ਵੀ ਇਹ ਸ਼ਿਵ ਦੀ ਪਦਵੀ ਨਹੀ ਪ੍ਰਾਪਤ ਕਰ ਸਕਦੇ । ਪਰਮੇਸ਼ਵਰ ਇਸ ਮੈਲ ਦੇ ਪੱਕਾ ਹੋਣ ਤੇ ਉਸ ਅਨੁਸਾਰ ਚੰਗੇ ਅਧਿਕਾਰੀਆਂ ਉੱਤੇ ਮਿਹਰ ਕਰ ਕੇ ਉਨਾਂ ਨੂੰ ਸਣ-ਦੇਹ ਦਿੰਦਾ ਤੇ ਈਸ਼ਵਰ ਪਦ ਤੇ ਸਥਾਪਤ ਕਰਦਾ ਹੈ ਅਤੇ ਉਨ੍ਹਾਂ ਨੂੰ ਸ੍ਰਿਸ਼ਟੀ ਆਦਿ ਪੰਜ ਕ੍ਰਿਤੀਆਂ ਅਰਥਾਤ ਸ੍ਰਿਸ਼ਟੀ , ਸਥਿਤੀ , ਸੰਹਾਰ , ਤ੍ਰਭਵ ਅਤੇ ਅਨੁਗ੍ਰਹਿ ਦੇ ਸੰਪਾਦਨ ਦਾ ਅਧਿਕਾਰ ਵੀ ਦਿੰਦਾ ਹੈ । ਅਜਿਹੇ ਹੀ ਅਧਿਕਾਰੀ ਈਸ਼ਵਰ ਹੁੰਦੇ ਹਨ । ਇਨ੍ਹਾਂ ਵਿਚੋਂ ਜੋ ਪ੍ਰਮੁੱਖ ਹੁੰਦੇ ਹਨ ਉਨ੍ਹਾਂ ਨੂੰ ਵਿਵਹਾਰ ਜਗਤ ਵਿਚ ਈਸ਼ਵਰ ਕਹਿੰਦੇ ਹਨ । ਇਹ ਈਸ਼ਵਰ ਮਾਇਆ ਵਿਚ ਹਿਲ ਜੁਲ ਕਰ ਕੇ ਮਾਇਕ ਉਪਾਦਾਨਾਂ ਨਾਲ ਹੀ ਅਸ਼ੁੱਧ ਜਗਤ ਦੀ ਰਚਨਾ ਕਰਦਾ ਹੈ ਅਤੇ ਯੋਗ ਜੀਵਾਂ ਤੇ ਦਇਆ ਕਰ ਕੇ ਉਨ੍ਹਾਂ ਦਾ ਕਲਿਆਣ ਕਰਦਾ ਹੈ । ਇਹ ਈਸ਼ਵਰ ਆਪਣਾ ਅਧਿਕਾਰ ਸਮਾਪਤ ਕਰ ਕੇ ਸ਼ਿਵ ਪਦਵੀ ਨੂੰ ਪ੍ਰਾਪਤ ਕਰਦੇ ਹਨ । ਈਸ਼ਵਰ ਨੂੰ ਨਾ ਮੰਨਣ ਵਾਲੇ ਸਾਂਖ ਮੱਤ ਵਿਚ ਕਾਰਜ-ਈਸ਼ਵਰ ਅਤੇ ਮਾਇਆ ਵਿਚ ਕਾਇਮ ਰਹਿਣ ਅਤੇ ਈਸ਼ਵਰ ਲਗਭਗ ਇਕੋ ਜਿਹੇ ਹੀ ਹਨ । ਇਸ ਪੱਖ ਤੋਂ ਦ੍ਵੈਤ ਅਤੇ ਅਦ੍ਵੈਤ ਮੱਤ ਵਿਚ ਬਹੁਤਾ ਫ਼ਰਕ ਨਹੀਂ ਹੈ । ਫ਼ਰਕ ਇੰਨਾ ਹੀ ਹੈ ਕਿ ਅਦ੍ਵੈਤ ਮੱਤ ਵਿਚ ਪਰਮੇਸ਼ਵਰ ਸ੍ਰਿਸ਼ਟੀ ਦਾ ਕਰਤਾ ਹੈ ਅਤੇ ਉਸ ਦੀ ਚਿੱਤ-ਸ਼ਕਤੀ ਕਾਰਨ ਹੈ ਅਤੇ ਬਿੰਦੂ ਉਤਪਾਦਨ ਹੈ । ਕਾਰਜ ਈਸ਼ਵਰ ਵੀ ਲਗਭਗ ਉਸੇ ਤਰਾਂ ਦਾ ਹੈ । ਈਸ਼ਵਰ ਨਮਿੱਤ ਰੂਪ ਵਿਚ ਕਰਤਾ ਹੈ , ਵਾਮ ਆਦਿ ਨੌਂ ਸ਼ਕਤੀਆਂ ਉਸ ਦੀਆਂ ‘ ਕਾਰਨ’ ਹਨ ਅਤੇ ਮਾਇਆ ‘ ਉਪਾਦਾਨ’ ਹੈ । ਅਦ੍ਵੈਤ ਮੱਤ ਵਿਚ ਨਮਿੱਤ ਅਤੇ ਉਪਦਾਨ ਦੋਵੇਂ ਅਭਿੰਨ ਹਨ ਜਿਵੇਂ ਕਿ ਅਦ੍ਵੈਤ ਵੇਦਾਂਤ ਵਿਚ ਹੈ । ਵੈਸ਼ਨਵ ਸੰਪਰਦਾ ਦੇ ਰਾਮਾਨੁਜ ਮੱਤ ਵਿਚ ਈਸ਼ਵਰ ਚਿੱਤ ਅਤੇ ਅਚਿੱਤ ਦੋਵੇਂ ਤੱਤ ਹਨ । ਈਸ਼ਵਰ ਅੰਗੀ ਹੈ ਅਤੇ ਚਿੱਤ ਤੇ ਅਚਿੱਤ ਉਸ ਦੇ ਅੰਗ ਹਨ । ਦੋਵੇਂ ਹੀ ਸਦੀਵੀ ਹਨ । ਈਸ਼ਵਰ ਦਾ ਗਿਆਨ , ਈਸ਼ਵਰੀ ਹੋਂਦ , ਕਲਿਆਣਾਕਾਰੀ ਗੁਣ ਅਤੇ ਉਸ ਦੀ ਮੂਰਤੀ ਸਭ ਈਸ਼ਵਰੀ ਹਨ । ਇਹ ਸਭ ਅਪਰਾਕ੍ਰਿਤ ਮੱਤ ਹਨ । ਕਿਸੇ ਕਿਸੇ ਮੱਤ ਵਿਚ ਉਹ ਚਿੱਤ ਆਨੰਦ ਹਨ । ਗੌੜ ਮੱਤ ਵਿਚ ਈਸ਼ਵਰ ਸੱਚਦਾਨੰਦ ਹੈ ਅਤੇ ਉਸ ਦਾ ਵਿਗ੍ਰਹਿ ਵੀ ਅਜਿਹਾ ਹੀ ਹੈ । ਉਸ ਦੀਆਂ ਸ਼ਕਤੀਆਂ ਅੰਤਰੰਗ ( ਅੰਦਰਲੀ ) , ਬਹਿਰੰਗ ( ਬਾਹਰਲੀ ) ਅਤੇ ਤਟਸਥ ਭੇਦ ਨਾਲ ਭਿੰਨ ਕਿਸਮਾਂ ਦੀਆਂ ਹਨ । ਅੰਤਰੰਗ ਸ਼ਕਤੀ ਸੱਤ , ਚਿੱਤ , ਆਨੰਦ ਦੇ ਅਨੁਕੂਲ ਸੰਧਿਨੀ-ਸੰਵਿਤ ਸ਼ਕਤੀ ਮਾਇਆ ਰੂਪ ਹੈ । ਉਸ ਦਾ ਸਰੂਪ ਇਕੋ ਇਕ ਗਿਆਨ ਤੱਤ ਹੈ ਪਰ ਗਿਆਨੀ ਦੇ ਪੱਖ ਤੋਂ ਉਸ ਨੂੰ ਅਵਿਅਕਤ ਸ਼ਕਤੀ ਬ੍ਰਹਮ ਮੰਨਿਆ ਜਾਂਦਾ ਹੈ ਯੋਗੀ ਦੇ ਪੱਖ ਤੋਂ ਉਸ ਨੂੰ ਪਰਮਾਤਮਾ ਕਿਹਾ ਜਾਂਦਾ ਹੈ ਅਤੇ ਭਗਤ ਦੇ ਪੱਖ ਤੋਂ ਭਗਵਾਨ ਕਿਹਾ ਜਾਂਦਾ ਹੈ ਕਿਉਂਕਿ ਉਸ ਵਿਚ ਸਾਰੀਆਂ ਸ਼ਕੀਤਆਂ ਪ੍ਰਕਾਸ਼ਮਾਨ ਰਹਿੰਦੀਆਂ ਹਨ । ਇਸ ਮੱਤ ਵਿਚ ਵੀ ਕਾਰਜ ਲਈ ਈਸ਼ਵਰ ਚਿੱਤ , ਅਚਿੱਤ , ਸਰੀਰੀ ਵਾਲਾ ਅਤੇ ਜਲਾਲ ਵਾਲਾ ਹੈ । ਉਸ ਦਾ ਸਰੂਪ , ਧਰਮ-ਭੂਤ ਗਿਆਨ ਅਤੇ ਮੂਰਤੀ ਸਭ ਜਲਾਲ ਵਾਲੇ ਹਨ । ਦੇਸ , ਕਾਲ ਅਤੇ ਵਸਤੂ ਦੀ ਵੰਡ ਉਸ ਵਿਚ ਨਹੀਂ ਹੋ ਸਕਦੀ । ਉਹ ਸਭ ਕੁਝ ਜਾਣਨਵਾਲਾ ਅਤੇ ਸਰਬ-ਸ਼ਕਤੀਮਾਨ ਹੈ । ਵਾਤਸਲ , ਸਖਾਵਤ , ਕਰੁਣਾ , ਸੌਂਦਰਯ ਆਦਿ ਗੁਣ ਉਸ ਵਿਚ ਸਦਾ ਕਾਇਮ ਹਨ । ਸ੍ਰੀ ਸੰਪਰਦਾ ਅਨੁਸਾਰ ਈਸ਼ਵਰ ਦੇ ਪੰਜ ਰੂਪ-ਸਰਵ ਸ਼ਕਤੀਮਾਨ , ਵਿਯੂਹ , ਜਲਾਲ ਵਾਲਾ , ਅੰਤਰਯਾਮੀ ਅਤੇ ਪੂਜਨੀਕ ਹਨ । ਪਰਮਾਤਮਾ ਰਾਹੀਂ ਮਾਇਆ ਸ਼ਕਤੀ ਵਿਚ ਈਕਸ਼ਣ ਕਰਨ ਤੇ ਮਾਇਆ ਵਿਚ ਜਗਤ ਦੀ ਉਤਪਤੀ ਹੁੰਦੀ ਹੈ । ਵਾਸਦੇਵ-ਸਕੰਰਸ਼ਣ , ਪ੍ਰਦਯੂਮਨ ਅਤੇ ਅਨਿਰੁਧ ਅਸਲ ਵਿਚ ਪਰਮਾਤਮਾ ਦੇ ਹੀ ਚਾਰ ਰੂਪ ਹਨ । ਇਹ ਚਾਰੇ ਸ੍ਰੀ ਸੰਪਰਦਾ ਅਨੁਸਾਰ ਗੌੜ ਸੰਪਰਦਾ ਵਿਚ ਵੀ ਮੰਨੇ ਜਾਂਦੇ ਹਨ । ਵਾਸਦੇਵ ਸ਼ਾਡਗੁਣੀ ਮੂਰਤੀ ਹੈ ਪਰ ਸੰਕਰਸ਼ਣ ਆਦਿ ਵਿਚ ਦੋ ਹੀ ਗੁਣ ਹਨ । ਇਸ ਮੱਤ ਅਨੁਸਾਰ ਭਗਵਾਨ ਦੇ ਪੂਰਨ ਰੂਪ ਆਪ ਸ੍ਰੀ ਕ੍ਰਿਸ਼ਨ ਹਨ ਅਤੇ ਉਨ੍ਹਾਂ ਦੇ ਵਿਲਾਸ ਨਾਰਾਇਣ ਰੂਪੀ ਭਗਵਾਨ ਹਨ । ਭਗਵਾਨ ਦਾ ਵਿਲਾਸ ਪਰਮਾਤਮਾ ਹੈ । ਵਿਲਾਸ ਵਿਚ ਸਰੂਪ ਇਕ ਹੋ ਜਾਂਦਾ ਹੈ ਪਰ ਗੁਣਾਂ ਦੀ ਕਮੀ ਰਹਿੰਦੀ ਹੈ । ਪ੍ਰਕਾਸ਼ ਵਿਚ ਸਰੂਪ ਅਤੇ ਗੁਣ ਦੋਵੇਂ ਹੀ ਬਰਾਬਰ ਰਹਿੰਦੇ ਹਨ । ਗੀਤਾ ਅਨੁਸਾਰ ਈਸ਼ਵਰ ਨੂੰ ਪੁਰਸ਼ੋਤਮ ਜਾਂ ਉੱਤਮ ਪੁਰਖ ਕਿਹਾ ਜਾਂਦਾ ਹੈ । ਇਹ ਹੀ ਪਰਮਾਤਮਾ ਹੈ , ਨਾਸ਼ਵਾਨ ਅਤੇ ਅਰਮ ਪੁਰਖਾਂ ਵਿਚ ਉਹ ਉੱਤਮ ਹੈ । ਇਸ ਦੇ ਉੱਚੇ ਧਾਮ ਵਿਚ ਜੋ ਚਲਾ ਜਾਵੇ ਉਹ ਫਿਰ ਵਾਪਸ ਨਹੀਂ ਹੁੰਦਾ । ਇਹ ਧਾਮ ਪ੍ਰਕਾਸ਼ ਹੀ ਪ੍ਰਕਾਸ਼ ਹੈ । ਉਥੇ ਚੰਦ , ਸੂਰਜ ਆਦਿ ਦਾ ਪ੍ਰਕਾਸ਼ ਕੰਮ ਨਹੀਂ ਦਿੰਦਾ । ਸਭ ਤੱਤਾਂ ਵਿਚ ਉਹ ਪਰਮੇਸ਼ਵਰ ਮੌਜੂਦ ਹੈ ਅਤੇ ਉਹ ਹੀ ਨਿਯਮ ਬਣਾਉਣ ਵਾਲਾ ਹੈ । ਪ੍ਰਾਚੀਨ ਕਾਲ ਤੋਂ ਹੀ ਈਸ਼ਵਰ ਦੀ ਹੋਂਦ ਦੇ ਵਿਸ਼ੇ ਬਾਰੇ ਵੱਖ ਵੱਖ ਗ੍ਰੰਥ ਰਚੇ ਜਾਂਦੇ ਰਹੇ ਹਨ । ਉਨ੍ਹਾਂ ਵਿਚੋਂ ਵਿਚਾਰਾਂ ਦੇ ਪੱਖ ਤੋਂ ਉੱਤਮ ਗ੍ਰੰਥਾਂ ਉਦਯਨ ਆਚਾਰੀਆ ਦਾ ‘ ਨਿਆਏ ਕੁਸੁਮਾਂਜਲੀ’ ਹੈ । ਇਸ ਗ੍ਰੰਥ ਵਿਚ ਪੰਜ ਸਤਵਕ ਜਾਂ ਵਿਭਾਗ ਹਨ । ਇਨ੍ਹਾਂ ਵਿਚ ਦਲੀਲਾਂ ਰਾਹੀਂ ਈਸ਼ਵਰ ਦੀ ਹੋਂਦ ਸਿੱਧ ਕੀਤੀ ਗਈ ਹੈ । ਚਾਰ-ਵਾਕੀਏ , ਮੀਮਾਂਸਕ , ਜੈਨ ਅਤੇ ਬੋਧੀ ਈਸ਼ਵਰ ਨੂੰ ਨਹੀਂ ਮੰਨਦੇ ‘ ਨਿਆਏ ਕੁਸੁਮਾਂਜਲੀ’ ਵਿਚ ਨਿਆਂ ਦੇ ਪੱਖ ਤੋਂ ਉਕਤ ਦਰਸ਼ਨਾਂ ਦੀਆਂ ਵਿਰੋਧੀ ਦਲੀਲਾਂ ਦਾ ਖੰਡਨ ਕੀਤਾ ਗਿਆ ਹੈ । ਉਦਯਨ ਪਿੱਛੋਂ ਗੰਗੇਸ਼ੋਧਿਆਏ ਨੇ ਵੀ ‘ ਤੱਤਚਿੰਤਾਮਣੀ’ ਵਿਚ ਈਸ਼ਵਰ ਅਨੁਮਾਨ ਦੇ ਵਿਸ਼ੇ ਵਿਚ ਆਲੋਚਨਾ ਕੀਤੀ ਹੈ । ਇਸ ਤੋਂ ਇਲਾਵਾ ਹਰੀਦਾਸ ਤਕਰਵਾਗੀਸ਼ ਅਤੇ ਮਹਾਦੇਵ ਪੁਣਤਾਬੇਕਰ ਆਦਿ ਨੇ ਈਸ਼ਵਰਵਾਦ ਉੱਤੇ ਛੋਟੀਆਂ ਛੋਟੀਆਂ ਪੁਸਤਕਾਂ ਲਿਖੀਆਂ ਹਨ । ਰਾਮਾਨੁਜ ਸੰਪਰਦਾ ਵਿਚ ਯਾਮੂਨ ਮੁਨੀ ਦੇ ‘ ਸਿੱਧਤ੍ਰਯ’ ਵਿਚ ਈਸ਼ਵਰ ਸਿੱਧੀ ਉੱਤੇ ਇਕ ਪ੍ਰਕਰਣ ਹੈ । ਲੋਕਚਾਰੀਆ ਦੇ ‘ ਤਤਤ੍ਰਯ’ ਵਿਚ ਅਤੇ ਵੇਦਾਂਤਦੇਸ਼ਿਕ ਦੇ ‘ ਤਤਾਮੁਕਤਾਕਲਾਪ’ , ' ਨਿਆਏਪਰਿ-ਸ਼ੁੱਧੀ’ ਆਦਿ ਵਿਚ ਈਸ਼ਵਰ ਸਿੱਧੀ ਉੱਤੇ ਵਿਚਾਰ ਕੀਤੀ ਹੋਈ ਹੈ । ਇਹ ਗੱਲ ਮਸ਼ਹੂਰ ਹੈ ਕਿ ਖੰਡਨ ਸ਼੍ਰੀਹਰਸ਼ ਨੇ ਵੀ ‘ ਈਸ਼ਵਰ ਸਿੱਧੀ’ ਨਾਂ ਦਾ ਕੋਈ ਗ੍ਰੰਥ ਲਿਖਿਆ ਸੀ । ਸ਼ੈਵ ਸੰਪਰਦਾ ਵਿਚ ‘ ਨਰੇਸ਼ਵਰਪ੍ਰੀਕਸ਼ਾ’ ਮਸ਼ਹੂਰ ਗ੍ਰੰਥ ਹੈ । ਪ੍ਰਤਿਭਿਗਿਆ ਦਰਸ਼ਨ ਵਿਚ ‘ ਈਸ਼ਵਰ ਪ੍ਰਤਿਭਿਗਿਆ ਵਿਮਰਸ਼ਣੀ’ ਨੂੰ ਬਹੁਤ ਉੱਚੀ ਥਾਂ ਪ੍ਰਾਪਤ ਹੈ । ਇਸ ਦੇ ਮੂਲ ਵਿਚ ਉਤਪਲ ਆਚਾਰੀਆ ਦੀਆਂ ਕਾਰਿਕਾਂ ( ਸੂਤਰ ਦੀਆਂ ਸ਼ੋਲਕਬਧ ਵਿਆਖਿਆਵਾਂ ) ਹਨ ਅਤੇ ਉਨ੍ਹਾਂ ਉੱਤੇ ਅਭਿਨਵ ਗੁਪਤ ਜਿਹੇ ਮਸ਼ਹੂਰ ਵਿਦਵਾਨਾਂ ਦੀਆਂ ਟਿੱਪਣੀਆਂ ਅਤੇ ਵਿਆਖਿਆਵਾਂ ਵੀ ਹਨ । ਬੁੱਧ ਅਤੇ ਜੈਨ ਸੰਪਰਦਾਵਾਂ ਨੇ ਆਪਣੇ ਵੱਖ-ਵੱਖ ਗ੍ਰੰਥਾਂ ਵਿਚ ਈਸ਼ਵਰਵਾਦ ਦਾ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਹ ਲੋਕ ਈਸ਼ਵਰ ਨੂੰ ਨਹੀਂ ਮੰਨਦੇ ਸਨ ਪਰ ਸਭ ਕੁਝ ਜਾਣਨਹਾਰ ਨੂੰ ਮੰਨਦੇ ਸਨ । ਇਸੇ ਲਈ ਈਸ਼ਵਰੀ ਹੋਂਦ ਦਾ ਖੰਡਨ ਕਰ ਕੇ ਸਰਵੱਗ ਨੂੰ ਸਿੱਧ ਕਰਨ ਲਈ ਇਨ੍ਹਾਂ ਸੰਪਰਦਾਵਾਂ ਨੇ ਗ੍ਰੰਥ ਲਿਖੇ । ਮਹਾਪੰਡਤ ‘ ਰਤਨਕੀਰਤੀ’ ਦਾ ‘ ਈਸ਼ਵਰ-ਸਾਧਨ-ਦੂਸ਼ਣ’ ਅਤੇ ਉਸ ਦੇ ਗੁਰੂ ਗੌਡੀਯ ਗਿਆਨਸ੍ਰੀ ਦਾ ‘ ਈਸ਼ਵਰਵਾਦ ਦੂਸ਼ਣ’ ਅਤੇ ‘ ਵਾਰਤਿਕ ਸ਼ਤਸ਼ਲੋਕੀ’ ਵਿਆਖਿਆਨ ਮਸ਼ਹੂਰ ਹਨ । ਗਿਆਨ ਸ੍ਰੀ ਵਿਕ੍ਰਮਸ਼ੀਲ ਬਿਹਾਰ ਦਾ ਮਸ਼ਹੂਰ ਦੁਆਰ-ਪੰਡਤ ਸੀ । ਜੈਨੀਆਂ ਵਿਚ ਅਕਲੰਕ ਤੋਂ ਲੈ ਕੇ ਅਨੇਕ ਆਚਾਰੀਆਂ ਨੇ ਇਸ ਵਿਸ਼ੇ ਦੀ ਆਲੋਚਨਾ ਕੀਤੀ ਹੈ । ਸਰੱਵਗ ਸਿੱਧ ਦੇ ਪ੍ਰਸੰਗ ਵਿਚ ਬੋਧੀ ਵਿਦਵਾਨ ਰਤਨ ਕੀਰਤੀ ਦਾ ਗ੍ਰੰਥ ਮਹੱਤਵਪੂਰਨ ਹੈ । ਮੀਮਾਂਸਕ ਕੁਮਾਰਿਲ ਨੇ ਈਸ਼ਵਰ ਅਤੇ ਸਰਵੱਗ ਸਿੱਧ ਦੋਹਾਂ ਦਾ ਖੰਡਨ ਕੀਤਾ ਹੈ । ਪਰਵਰਤੀ ਬੋਧੀ ਜੈਨ ਵਿਦਵਾਨਾਂ ਨੇ ਸਰਵੱਗ ਖੰਡਨ ਬਾਰੇ ਕੁਮਾਰਿਲ ਦੀਆਂ ਦਲੀਲਾਂ ਦਾ ਵੀ ਖੰਡਨ ਕੀਤਾ ਹੈ । ਬਾਈਬਲ ਵਿਚ ਕਿਧਰੇ ਵੀ ਈਸ਼ਵਰ ਦੇ ਸਰੂਪ ਬਾਰੇ ਦਾਰਸ਼ਨਿਕ ਵਿਚਾਰ ਨਹੀਂ ਮਿਲਦੇ ਪਰ ਮਨੁੱਖਾਂ ਦੇ ਨਾਲ ਈਸ਼ਵਰ ਦੇ ਵਤੀਰੇ ਦਾ ਜੋ ਇਤਿਹਾਸ ਇਸ ਵਿਚ ਪੇਸ਼ ਕੀਤਾ ਗਿਆ ਹੈ ਉਸ ਉੱਤੇ ਈਸ਼ਵਰ ਦੀ ਹੋਂਦ ਅਤੇ ਉਸ ਦੇ ਸਰੂਪ ਦੇ ਵਿਸ਼ੇ ਵਿਚ ਈਸਾਈਆਂ ਦੇ ਸਿੱਧਾਂਤ ਆਧਾਰਿਤ ਹਨ । ( 1 ) ਬਾਈਬਲ ਦੇ ਪਹਿਲੇ ਅੱਧ ਦਾ ਵਿਸ਼ਾ ਸੰਸਾਰ ਦੀ ਉਤਪਤੀ ਅਤੇ ਯਹੂਦੀਆਂ ਦਾ ਧਾਰਮਿਕ ਇਤਿਹਾਸ ਹੈ । ਉਸ ਤੋਂ ਈਸ਼ਵਰ ਬਾਰੇ ਇਹ ਸਿੱਖਿਆ ਮਿਲਦੀ ਹੈ : ਈਸ਼ਵਰ ਇਕ ਹੀ ਹੈ ਜੋ ਅਨਾਦਿ ਅਤੇ ਆਨੰਤ ਹੈ , ਸਰਬ ਸ਼ਕਤੀਮਾਨ ਅਤੇ ਇਕ ਰਸ ਦੁਨੀਆ ਦਾ ਕਰਤਾ , ਮਨੁੱਖ ਮਾਤਰ ਦੇ ਅਰਾਧਨਾ ਕਰਨ ਦੇ ਯੋਗ ਹੈ । ਉਹ ਆਪਣੇ ਰਚੇ ਗਏ ਸੰਸਾਰ ਤੋਂ ਪਰੇ ਹੋ ਕੇ ਉਸ ਤੋਂ ਅਲੱਗ ਹੈ ਅਤੇ ਇਸ ਦੇ ਨਾਲ ਹੀ ਆਪਣੀ ਸ਼ਕਤੀ ਨਾਲ ਉਸ ਵਿਚ ਵਿਆਪਕ ਵੀ ਰਹਿੰਦਾ ਹੈ । ਕੋਈ ਮੂਰਤੀ ਉਸ ਦਾ ਸਰੂਪ ਪੇਸ਼ ਕਰ ਸਕਣ ਦੇ ਯੋਗ ਨਹੀਂ । ਉਹ ਸਭ ਤੋਂ ਪਵਿੱਤਰ ਹੈ ਅਤੇ ਮਨੁੱਖ ਨੂੰ ਪਵਿੱਤਰ ਰਹਿਣ ਦਾ ਆਦੇਸ਼ ਦਿੰਦਾ ਹੈ , ਮਨੁੱਖ ਈਸ਼ਵਰੀ ਕਾਨੂੰਨ ਅਪਣਾ ਕੇ ਈਸ਼ਵਰ ਦੀ ਆਰਾਧਨਾ ਕਰੇ ਅਤੇ ਈਸ਼ਵਰ ਦੇ ਨਿਯਮਾਂ ਅਨੁਸਾਰ ਆਪਣਾ ਜੀਵਨ ਬਿਤਾਏ । ਜੋ ਅਜਿਹਾ ਨਹੀਂ ਕਰਦਾ ਉਸ ਨੂੰ ਪਰਲੋਕ ਵਿਚ ਸਜ਼ਾ ਮਿਲੇਗੀ । ਕਿਉਂਕਿ ਈਸ਼ਵਰ ਸਭ ਮਨੁੱਖਾਂ ਦਾ ਉਨ੍ਹਾਂ ਦੇ ਕਰਮਾਂ ਅਨੁਸਾਰ ਨਿਆਂ ਕਰੇਗਾ । ਪਾਪ ਦੇ ਕਾਰਨ ਮਨੁੱਖ ਦੀ ਦੁਰਗਤੀ ਦੇਖ ਦੇ ਈਸ਼ਵਰ ਨੇ ਆਰੰਭ ਤੋਂ ਹੀ ਮੁਕਤੀ ਦਾ ਪ੍ਰਣ ਕੀਤਾ ਸੀ । ਉਸ ਮੁਕਤੀ ਦਾ ਰਾਹ ਤਿਆਰ ਕਰਨ ਲਈ ਉਸ ਨੇ ਯਹੂਦੀ ਜਾਤੀ ਨੂੰ ਆਪਣੀ ਹੀ ਪਰਜਾ ਦੇ ਰੂਪ ਵਿਚ ਅਪਣਾਇਆ ਅਤੇ ਬਹੁਤ ਸਾਰੇ ਨਬੀ ਪੈਦਾ ਕਰ ਕੇ ਉਸ ਜਾਤੀ ਵਿਚ ਸ਼ੁੱਧ ਇਕ-ਈਸ਼ਵਰਵਾਦ ਦਾ ਵਿਚਾਰ ਕਾਇਮ ਰਖਿਆ । ਭਾਵੇਂ ਬਾਈਬਲ ਦੇ ਪਹਿਲੇ ਅੱਧ ਵਿਚ ਈਸ਼ਵਰ ਦਾ ਪਰਮਪਾਵਨ ਨਿਆਂਕਰਤਾ ਦਾ ਰੂਪ ਪ੍ਰਧਾਨ ਹੈ ਪਰ ਯਹੂਦੀ ਜਾਤੀ ਨਾਲ ਉਸ ਦੇ ਵਤੀਰੇ ਦੇ ਵਰਣਨ ਵਿਚ ਈਸ਼ਵਰ ਦੀ ਦਿਆਲਤਾ ਅਤੇ ਸੱਚੇ ਇਰਾਦੇ ਉੱਤੇ ਵੀ ਬਹੁਤ ਜ਼ੋਰ ਦਿੱਤਾ ਗਿਆ ਹੈ । ( 2 ) ਬਾਈਬਲ ਦੇ ਦੂਜੇ ਅੱਧ ਤੋਂ ਪਤਾ ਲਗਦਾ ਹੈ ਕਿ ਈਸਾ ਨੇ ਈਸ਼ਵਰ ਦੇ ਸਰੂਪ ਦੇ ਵਿਸ਼ੇ ਬਾਰੇ ਇਕ ਨਵਾਂ ਭੇਦ ਪੇਸ਼ ਕੀਤਾ । ਈਸ਼ਵਰ ਤ੍ਰਿਮੂਰਤੀ ਹੈ ਅਰਥਾਤ ਇਕ ਹੀ ਈਸ਼ਵਰ ਵਿਚ ਤਿੰਨ ਵਿਅਕਤੀ ਪਿਤਾ , ਪੁੱਤਰ ਅਤੇ ਪਵਿੱਤਰ ਆਤਮਾ ਹਨ । ਤਿੰਨੇ ਇਕੋ ਜਿਹੇ ਅਨਾਦੀ , ਅਨੰਤ ਅਤੇ ਸਰਬਸ਼ਕਤੀਮਾਨ ਹਨ ਕਿਉਂਕਿ ਉਹ ਤਿੰਨੇ ਇਕ ਹਨ , ਈਸ਼ਵਰ ਦੇ ਅੰਦਰ ਜੀਵਨ ਦੇ ਅਸਲੀ ਸਰੂਪ ਅਰਥਾਤ ਪਿਤਾ , ਪੁੱਤਰ ਅਤੇ ਪਵਿੱਤਰ ਆਤਮਾ ਦਾ ਅਥਾਹ ਪ੍ਰੇਮ ਹੈ । ਪ੍ਰੇਮ ਤੋਂ ਹੀ ਪ੍ਰੇਰਿਤ ਹੋ ਕੇ ਈਸ਼ਵਰ ਨੇ ਮਨੁੱਖ ਨੂੰ ਆਪਣੇ ਅੰਦਰੂਨੀ ਜੀਵਨ ਦਾ ਭਾਗੀ ਬਣਾਉਣ ਦੇ ਉਦੇਸ਼ ਨਾਲ ਉਸ ਦੀ ਰਚਨਾ ਕੀਤੀ ਸੀ ਪਰ ਪਹਿਲੇ ਮਨੁੱਖ ਨੇ ਈਸ਼ਵਰ ਦੀ ਇਹ ਯੋਜਨਾ ਠੁਕਰਾ ਦਿੱਤੀ ਜਿਸ ਨਾਲ ਸੰਸਾਰ ਵਿਚ ਪਾਪ ਨੇ ਪ੍ਰਵੇਸ਼ ਕੀਤਾ । ਮਨੁੱਖ ਨੂੰ ਪਾਪ ਤੋਂ ਮੁਕਤ ਕਰਨ ਲਈ ਈਸ਼ਵਰ ਈਸਾ ਦੇ ਰੂਪ ਵਿਚ ਸੰਸਾਰ ਵਿਚ ਆਇਆ । ਇਸ ਨਾਲ ਈਸ਼ਵਰ ਦਾ ਪਿਆਰ ਹੋਰ ਸਪਸ਼ਟ ਰੂਪ ਵਿਚ ਸਾਹਮਣੇ ਅਉਂਦਾ ਹੈ । ਈਸਾ ਨੇ ਸੂਲੀ ਉੱਤੇ ਚੜ੍ਹ ਕੇ ਮਨੁੱਖ ਜਾਤੀ ਦੇ ਪਾਪਾਂ ਦਾ ਪ੍ਰਾਸਚਿਤ ਕੀਤਾ ਅਤੇ ਮਨੁੱਖ ਲਈ ਮੁਕਤੀ ਦਾ ਰਾਹ ਤਿਆਰ ਕੀਤਾ । ਜੋ ਕੋਈ ਸੱਚੇ ਦਿਲ ਨਾਲ ਪਛਤਾਵਾ ਕਰੇ ਉਹ ਈਸਾ ਦੁਆਰਾ ਦਿੱਤੇ ਗਏ ਬਲੀਦਾਨ ਰਾਹੀਂ ਆਪਣੇ ਪਾਪ ਮੁਆਫ਼ ਕਰਵਾ ਸਕਦਾ ਹੈ ਅਤੇ ਅਨੰਤਕਾਲ ਤਕ ਪਿਤਾ-ਪੁੱਤਰ-ਪਵਿੱਤਰ ਆਤਮਾ ਦੇ ਅੰਤਰੀਵ ਜੀਵਨ ਦਾ ਸਾਂਝੀਵਾਲ ਵੀ ਬਣ ਸਕਦਾ ਹੈ । ਇਸ ਤਰ੍ਹਾਂ ਈਸ਼ਵਰ ਦਾ ਅਸਲੀ ਸਰੂਪ ਪ੍ਰੇਮੀ ਹੀ ਹੈ । ਮਨੁੱਖੀ ਦ੍ਰਿਸ਼ਟੀ ਤੋਂ ਉਹ ਦਿਆਲੂ ਪਿਤਾ ਹੈ ਜਿਸ ਅੱਗੇ ਪ੍ਰੇਮ ਪੂਰਬਕ ਆਪਾ ਪੇਸ਼ ਕਰ ਦੇਣਾ ਚਾਹੀਦਾ ਹੈ । ਬਾਈਬਲ ਦੇ ਦੂਜੇ ਅੱਧ ਵਿਚ ਲਗਭਗ ਤਿੰਨ ਸੌ ਵਾਰ ਈਸ਼ਵਰ ਨੂੰ ਪਿਤਾ ਕਹਿ ਕੇ ਬੁਲਾਇਆ ਗਿਆ ਹੈ । ( 3 ) ਬਾਈਬਲ ਦੇ ਆਧਾਰ ਤੇ ਈਸਾਈਆਂ ਨੂੰ ਵਿਸ਼ਵਾਸ ਹੈ ਕਿ ਮਨੁੱਖ ਆਪਣੀ ਬੁੱਧੀ ਦੇ ਸਹਾਰੇ ਵੀ ਈਸ਼ਵਰ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ । ਅਧੂਰਾ ਹੁੰਦਿਆਂ ਵੀ ਇਹ ਗਿਆਨ ਪ੍ਰਮਾਣੀਕ ਹੀ ਹੈ । ਈਸਾਈ ਧਰਮ ਦਾ ਕਿਸੇ ਇਕ ਦਰਸ਼ਨ ਨਾਲ ਪੂਰੀ ਤਰਾਂ ਸਬੰਧ ਤਾਂ ਨਹੀਂ ਪਰ ਇਤਿਹਾਸਕ ਹਾਲਾਤ ਦੇ ਸਿੱਟੇ ਵਜੋਂ ਈਸਾਈ ਵਿਦਵਾਨ ਅਫ਼ਲਾਤੂਨ ਦੇ ਆਰਸਤੂ ਦੇ ਦਰਸ਼ਨ ਦਾ ਸਹਾਰਾ ਲੈ ਕੇ ਈਸ਼ਵਰਵਾਦ ਨੂੰ ਪੇਸ਼ ਕਰਦੇ ਹਨ । ਈਸ਼ਵਰ ਦੀ ਹੋਂਦ ਲਗਭਗ ਕਾਰਜ-ਕਾਰਨ ਸਬੰਧ ਦੇ ਆਧਾਰ ਤੇ ਸਿੱਧ ਕੀਤੀ ਜਾਂਦੀ ਹੈ । ਈਸ਼ਵਰ ਨਿਰਗੁਣ , ਅਮੂਰਤ ਅਤੇ ਅਭੌਤਿਕ ਹੈ । ਇਹ ਅਪਰਿਵਰਤਨਸ਼ੀਲ ਹੈ , ਸਰਵੱਗ ਹੈ ਅਤੇ ਸਰਬ ਸ਼ਕੀਤਮਾਨ , ਅਨੰਤ ਅਤੇ ਅਨਾਦੀ ਹੈ । ਇਹ ਸ੍ਰਿਸ਼ਟੀ ਤੋਂ ਪਾਸੇ ਹੁੰਦਿਆਂ ਵੀ ਇਸ ਵਿਚ ਮੌਜੂਦ ਹੈ ; ਇਹ ਅੰਤਰਯਾਮੀ ਹੈ । ਈਸਾਈ ਦਾਰਸ਼ਨਿਕ ਇਕ ਪਾਸੇ ਤਾਂ ਸਰਵੇਸ਼ਵਰਵਾਦ ਅਤੇ ਅਦ੍ਵੈਤ ਦਾ ਵਿਰੋਧ ਕਰਦੇ ਹੋਏ ਦਸਦੇ ਹਨ ਕਿ ਸਾਰੀ ਸ੍ਰਿਸ਼ਟੀ ਅਸਲ ਵਿਚ ਈਸ਼ਵਰ ਤੋਂ ਭਿੰਨ ਹੈ , ਦੂਜੇ ਪਾਸੇ ਉਹ ਆਦ੍ਵੈਤ ਨੂੰ ਵੀ ਪੂਰੀ ਤਰ੍ਹਾਂ ਨਹੀਂ ਅਪਣਾ ਸਕਦੇ ਕਿਉਂਕਿ ਉਨ੍ਹਾਂ ਦਾ ਵਿਚਾਰ ਹੈ ਕਿ ਸਾਰੀ ਸ੍ਰਿਸ਼ਟੀ ਆਪਣੀ ਹੋਂਦ ਲਈ ਈਸ਼ਵਰ ਉੱਤੇ ਨਿਰਭਰ ਹੈ ।


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1005, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.