ਉਪਨਿਸ਼ਦ ਸਾਹਿਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਨਿਸ਼ਦ ਸਾਹਿਤ: ‘ਉਪਨਿਸ਼ਦ ’ ਦਾ ਸ਼ਾਬਦਿਕ ਅਰਥ ਹੈ ‘ਨੇੜੇ ਬੈਠਣਾ’। ਨੇੜੇ ਬੈਠਣ ਤੋਂ ਭਾਵ ਹੈ ਕਿ ਪ੍ਰਾਚੀਨ ਕਾਲ ਵਿਚ ਸ਼ਿਸ਼ ਸ਼ਰਧਾ ਨਾਲ ਆਪਣੇ ਗੁਰੂਆਂ (ਅਧਿਆਪਕਾਂ) ਕੋਲ ਬੈਠ ਕੇ ਤੱਤ੍ਵ-ਜਿਗਿਆਸਾ ਦੇ ਸਮਾਧਾਨ ਲਈ ਗਿਆਨ ਪ੍ਰਾਪਤ ਕਰਦੇ ਸਨ। ਇਹੀ ਤੱਤ੍ਵ-ਗਿਆਨ ਉਪਨਿਸ਼ਦਾਂ ਦਾ ਮੂਲ ਵਿਸ਼ਾ ਹੈ। ਉਪਨਿਸ਼ਦਾਂ ਵਿਚ ਬ੍ਰਹਮ ਦੇ ਸਰੂਪ ਅਤੇ ਜੀਵ , ਜਗਤ ਅਤੇ ਮੋਕਸ਼ ਸੰਬੰਧੀ ਵਿਵੇਚਨ ਹੋਇਆ ਹੈ। ਵੇਦਾਂਤ-ਸ਼ਾਸਤ੍ਰ ਦਾ ਮੂਲ ਆਧਾਰ ਉਪਨਿਸ਼ਦਾਂ ਹੀ ਹਨ।

            ਉਪਨਿਸ਼ਦ ਕਿਸੇ ਇਕ ਵਿਸ਼ੇਸ਼ ਪੁਸਤਕ ਦਾ ਨਾਂ ਨਹੀਂ , ਸਗੋਂ ਇਹ ਪ੍ਰਾਚੀਨ ਭਾਰਤੀ ਦਾਰਸ਼ਨਿਕ ਸਾਹਿਤ ਦੀ ਇਕ ਮਹੱਤਵਪੂਰਣ ਪਰੰਪਰਾ ਹੈ। ਇਸ ਲਈ ਇਸ ਵਿਚ ਸਮੇਂ ਸਮੇਂ ਲਿਖੀਆਂ ਅਨੇਕ ਪੁਸਤਕਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਦੀ ਗਿਣਤੀ ਇਕ ਸੌ ਤੋਂ ਵਧ ਮੰਨੀ ਜਾਂਦੀ ਹੈ, ਪਰ ਇਨ੍ਹਾਂ ਵਿਚੋਂ ਬਹੁਤੀਆਂ ਨਵੀਆਂ ਹਨ। ਪ੍ਰਮਾਣਿਕ ਉਪਨਿਸ਼ਦਾਂ ਉਹੀ ਹਨ ਜਿਨ੍ਹਾਂ ਉਤੇ ਸ਼ੰਕਰਾਚਾਰਯ ਨੇ ਭਾਸ਼ੑਯ ਲਿਖੇ ਹਨ ਜਾਂ ਜੋ ਮਹਾਤਮਾ ਬੁੱਧ ਦੇ ਜਨਮ ਤੋਂ ਪਹਿਲਾਂ ਲਿਖੀਆਂ ਜਾ ਚੁਕੀਆਂ ਸਨ, ਜਿਵੇਂ ਈਸ਼ਵਾਸੑਯ, ਕੇਨ , ਕਠ , ਪ੍ਰਸ਼ਨ, ਮੁੰਡਕ, ਮਾਂਡੂਕੑਯ, ਤੈਤਿੱਰੀਯ, ਐਤਰੇਯ, ਛਾਂਦੋਗੑਯ, ਬ੍ਰਹਦਾਰਣੑਯਕ, ਸ਼੍ਵੇਤਾਸ਼੍ਵਤਰ। ਕਈ ਵਿਦਵਾਨ ‘ਕੌਸ਼ੀਤਕਿ’ ਅਤੇ ‘ਮਹਾਨਾਰਾਯਣ’ ਨਾਂ ਦੀਆਂ ਉਪਨਿਸ਼ਦਾਂ ਨੂੰ ਵੀ ਇਸ ਸੂਚੀ ਵਿਚ ਸ਼ਾਮਲ ਕਰਦੇ ਹਨ।

            ਉਪਨਿਸ਼ਦਾਂ ਨੂੰ ਅਕਸਰ ‘ਵੇਦਾਂਤ ’ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਇਸ ਦਾ ਕਾਰਣ ਇਹ ਹੈ ਕਿ ਇਕ ਤਾਂ ਇਹ ਵੇਦਾਂ ਦਾ ਅੰਤਿਮ ਭਾਗ ਹਨ ਅਤੇ ਦੂਜੇ ਵੇਦਾਂ ਦੀ ਦਾਰਸ਼ਨਿਕ ਵਿਚਾਰਧਾਰਾ ਨੂੰ ਅੰਤ ਜਾਂ ਸਿਖਰ ਤਕ ਪਹੁੰਚਾਉਂਦੀਆਂ ਹਨ। ਵੇਦਾਂਤ ਦਰਸ਼ਨ ਦੇ ਤਿੰਨ ਉਪਦੇਸ਼-ਸਾਧਨ (ਪ੍ਰਸੑਥਾਨ-ਤ੍ਰਈ) ਹਨ — ਉਪਨਿਸ਼ਦ, ਬ੍ਰਹਮਸੂਤ੍ਰ ਅਤੇ ਗੀਤਾ। ਇਨ੍ਹਾਂ ਵਿਚੋਂ ਉਪਨਿਸ਼ਦਾਂ ਦਾ ਪਹਿਲਾ ਸਥਾਨ ਹੈ। ਇਨ੍ਹਾਂ ਵਿਚ ਗਿਆਨ ਦੀ ਪ੍ਰਧਾਨਤਾ ਹੈ, ਇਸ ਲਈ ਇਨ੍ਹਾਂ ਨੂੰ ਵੇਦਾਂ ਦਾ ‘ਗਿਆਨ-ਕਾਂਡ’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਵਿਚ ਯੱਗਾਂ, ਕਰਮ-ਕਾਂਡਾਂ ਅਤੇ ਸੰਸਕਾਰਾਂ ਦੀ ਥਾਂ’ਤੇ ਪਰਾ ਜਾਂ ਬ੍ਰਹਮ-ਵਿਦਿਆ (ਬ੍ਰਹਮ, ਜੀਵ, ਜਗਤ ਅਤੇ ਮੁਕਤੀ ਦੇ ਸਾਧਨਾਂ) ਦਾ ਵਿਵੇਚਨ ਹੋਇਆ ਹੈ। ਇਨ੍ਹਾਂ ਵਿਚੋਂ ਬਹੁਤੀਆਂ ਉਪਨਿਸ਼ਦਾਂ ਦਾ ਸੰਬੰਧ ਵੇਦਾਂ, ਆਰਣੑਯਕਾਂ ਅਤੇ ਬ੍ਰਾਹਮਣਾਂ ਨਾਲ ਹੈ ਅਤੇ ਕਈ ਤਾਂ ਇਨ੍ਹਾਂ ਗ੍ਰੰਥਾਂ ਦਾ ਅੰਸ਼ ਹੀ ਹਨ। ਮੱਧ-ਯੁਗ ਦੇ ਵਿਦਵਾਨਾਂ /ਆਚਾਰਯਾਂ ਦੀ ਇਕ ਪ੍ਰਵ੍ਰਿੱਤੀ ਰਹੀ ਹੈ ਕਿ ਉਹ ਉਪਨਿਸ਼ਦਾਂ ਦੀ ਵਿਆਖਿਆ ਆਪਣੇ ਆਪਣੇ ਢੰਗ ਨਾਲ ਕਰਦੇ ਸਨ। ਸ਼ੰਕਰ ਤੋਂ ਬਾਦ ਰਾਮਾਨੁਜ, ਮਧ੍ਵ, ਨਿੰਬਾਰਕ, ਵੱਲਭ ਆਦਿ ਆਚਾਰਯਾਂ ਨੇ ਆਪਣੇ ਆਪਣੇ ਸਿੱਧਾਂਤਾਂ ਦਾ ਮੂਲ ਉਪਨਿਸ਼ਦਾਂ ਵਿਚੋਂ ਹੀ ਲਭਿਆ ਹੈ।

            ਸਗੁਣ ਭਗਤਾਂ ਤੋਂ ਇਲਾਵਾ ਨਿਰਗੁਣ ਸੰਤਾਂ ਨੇ ਵੀ ਉਪਨਿਸ਼ਦਾਂ ਦੇ ਪਰਾ-ਗਿਆਨ ਤੋਂ ਕਾਫ਼ੀ ਲਾਭ ਉਠਾਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅਨੇਕ ਕਥਨ ਉਪਨਿਸ਼ਦਾਂ ਨਾਲ ਦੂਰ ਤਕ ਸਮਾਨਤਾ ਰਖਦੇ ਹਨ। ਅਸਲ ਵਿਚ, ਮੱਧ-ਯੁਗ ਦਾ ਪੰਜਾਬੀ ਜੀਵਨ , ਸਭਿਆਚਾਰ ਅਤੇ ਸਾਹਿਤ ਉਪਨਿਸ਼ਦਿਕ ਵਿਚਾਰਧਾਰਾ ਨੂੰ ਆਤਮਸਾਤ ਕਰਕੇ ਚਲਿਆ ਹੈ। ਨਮੂਨੇ ਵਜੋਂ ਗੁਰਬਾਣੀ ਦੀਆਂ ਹੇਠ ਲਿਖੀਆਂ ਟੂਕਾਂ :

(1)        ਭੈ ਵਿਚਿ ਪਵਣੁ ਵਹੈ ਸਦ ਵਾਉ ਭੈ ਵਿਚਿ ਚਲਹਿ ਲਖ ਦਰੀਆਉ ਭੈ ਵਿਚਿ ਅਗਨਿ ਕਢੈ ਵੇਗਾਰਿ ਭੈ ਵਿਚਿ ਧਰਤੀ ਦਬੀ ਭਾਰਿ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ਭੈ ਵਿਚਿ ਰਾਜਾ ਧਰਮੁ ਦੁਆਰੁ (ਗੁ.ਗ੍ਰੰ.464)

(2)       ਸਰਬ ਭੂਤ ਆਪਿ ਵਰਤਾਰਾ ਸਰਬ ਨੈਨ ਆਪਿ ਪੇਖਨਹਾਰਾ ਸਗਲ ਸਮਗ੍ਰੀ ਜਾ ਕਾ ਤਨਾ ਆਪਨ ਜਸੁ ਆਪ ਹੀ ਸੁਨਾ ਆਵਨ ਜਾਨੁ ਇਕੁ ਖੇਲੁ ਬਨਾਇਆ ਆਗਿਆਕਾਰੀ ਕੀਨੀ ਮਾਇਆ (ਗੁ.ਗ੍ਰੰ.294)

ਵਿਚੋਂ ਪਹਿਲੀ ਵਿਚਲੇ ਵਿਚਾਰਾਂ ਦੀ ਸਮਾਨਤਾ ਤੈਤਿੱਰੀਯ ਉਪਨਿਸ਼ਦ (ਅਧਿ. 2-8-1 ਅਰਥਾਤ —ਪਰਮੇਸ਼੍ਵਰ ਦੇ ਭੈ ਨਾਲ ਪਵਨ ਚਲਦਾ ਹੈ, ਉਸੇ ਦੇ ਭੈ ਤੋਂ ਸੂਰਜ ਉਦੈ ਹੁੰਦਾ ਹੈ, ਉਸੇ ਦੇ ਭੈ ਨਾਲ ਅਗਨੀ , ਇੰਦ੍ਰ ਅਤੇ ਪੰਜਵਾਂ ਮ੍ਰਿਤੂ ਦੌੜਦਾ ਹੈ ...। ਅਤੇ ਅਧਿ. 2-3-3 ਅਰਥਾਤ —ਪਰਮੇਸ਼੍ਵਰ ਦੇ ਭੈ ਨਾਲ ਅਗਨੀ ਤਪਦੀ ਹੈ, ਉਸੇ ਦੇ ਭੈ ਨਾਲ ਸੂਰਜ ਤਪਦਾ ਹੈ, ਉਸੇ ਦੇ ਭੈ ਨਾਲ ਇੰਦ੍ਰ, ਵਾਯੂ ਅਤੇ ਪੰਜਵਾਂ ਮ੍ਰਿਤੂ ਦੌੜਦਾ ਹੈ ...। ਅਤੇ ਦੂਜੀ ਟੂਕ ਦੀ ਮੁੰਡਕ-ਉਪਨਿਸ਼ਦ (2-1-4 ਅਰਥਾਤ — ਅਗਨੀ ਹੀ ਜਿਸ ਦਾ ਮਸਤਕ ਹੈ, ਚੰਦ੍ਰਮਾ ਅਤੇ ਸੂਰਜ ਨੇਤਰ ਹਨ, ਸਾਰੀਆਂ ਦਿਸ਼ਾਵਾਂ ਕੰਨ ਹਨ, ਵੇਦ ਆਦਿ ਬੋਲ ਹਨ, ਵਾਯੂ ਪ੍ਰਾਣ ਹੈ, ਚਰ-ਅਚਰ ਜਗਤ ਹਿਰਦਾ ਹੈ, ਪ੍ਰਿਥਵੀ ਪੈਰ ਹਨ, ਉਹ ਪਰਮੇਸ਼੍ਵਰ ਸਭ ਵਿਚ ਵਿਆਪਤ ਹੈ।) ਵਿਚ ਸਰਲਤਾ ਪੂਰਵਕ ਵੇਖੀ ਜਾ ਸਕਦੀ ਹੈ। ਇਨ੍ਹਾਂ ਵਰਗੀਆਂ ਸੈਂਕੜੇ ਟੂਕਾਂ ਦੀ ਵਿਚਾਰਧਾਰਕ ਸਦ੍ਰਿਸ਼ਤਾ ਉਪਨਿਸ਼ਦ ਸਾਹਿਤ ਵਿਚ ਮਿਲ ਜਾਂਦੀ ਹੈ। ਸਚ ਤਾਂ ਇਹ ਹੈ ਕਿ ਨਿਰਗੁਣ ਸੰਤਾਂ ਦੀ ਅਧਿਆਤਮਿਕ ਵਿਚਾਰਧਾਰਾ ਉਪਨਿਸ਼ਦ ਸਾਹਿਤ ਦੀ ਵਿਚਾਰਧਾਰਾ ਨਾਲ ਬਹੁਤ ਨੇੜੇ ਹੋ ਕੇ ਵਿਚਰੀ ਹੈ। ਇਸ ਲਈ ਮੱਧ-ਯੁਗ ਦੀ ਨਿਰਗੁਣ ਧਰਮ-ਚੇਤਨਾ ਲਈ ਉਪਨਿਸ਼ਦ ਸਾਹਿਤ ਇਕ ਖ਼ਜ਼ਾਨੇ ਦੀ ਭੂਮਿਕਾ ਨਿਭਾਉਂਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 879, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.