ਕਨੂੰਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਨੂੰਨ [ਨਾਂਪੁ] ਉਹ ਵਿਧੀ ਜਿਸ ਦੇ ਅਨੁਸਾਰ ਮੁਕੱਦਮਿਆਂ ਦੇ ਫ਼ੈਸਲੇ ਹੋਣ; ਨੀਤੀ ਪ੍ਰਬੰਧ , ਰਾਜ-ਪ੍ਰਬੰਧ ਦੇ ਨੇਮ; ਵਿਧਾਨ , ਮਰਯਾਦਾ, ਨੇਮ, ਜ਼ਾਬਤਾ, ਰੂਲ, ਵਿਧੀ, ਕਾਇਦਾ , ਦਸਤੂਰ, ਨਿਯਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਨੂੰਨ ਸਰੋਤ :
ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼
ਕਨੂੰਨ (statute)
ਕਿਸੇ ਕਨੂੰਨ ਘੜਨ ਵਾਲੀ ਸਥਾਪਿਤ ਏਜੰਸੀ ਰਾਜ ਸਭਾ, ਲੋਕ ਸਭਾ, ਵਿਧਾਨ ਸਭਾ ਆਦਿ, ਦੇ ਕਾਰਜ ਦੁਆਰਾ ਰਸਮੀ ਤੌਰ ਉੱਤੇ ਪਾਸ ਕੀਤਾ ਗਿਆ ਕਨੂੰਨ। ਕਨੂੰਨ ਅੰਤਰਰਾਸ਼ਟਰੀ (law international) ਮੁਆਹਿਦਿਆ ਅਤੇ ਰਵਾਜ਼ਾਂ ਉੱਤੇ ਆਧਾਰਿਤ ਵੱਖ-ਵੱਖ ਰਾਜਾਂ ਵਿਚਲੇ ਸੰਬੰਧਾਂ ਉੱਤੇ ਲਾਗੂ ਹੋਣ ਵਾਲੇ ਕਨੂੰਨ। ਇਹ ਸਿਵਲ ਕਨੂੰਨਾਂ ਤੋਂ ਉਤਪਤੀ ਅਤੇ ਲਾਗੂ ਕਰਨ ਵਾਲੀ ਏਜੰਸੀ, ਦੋਹਾਂ ਤੋਂ ਵੱਖਰੇ ਹੁੰਦੇ ਹਨ। ਇਹਨਾਂ ਦੇ ਨਿਪਟਾਰੇ ਲਈ ਪਰਮਾਨੈਂਟ ਕੋਰਟ ਆਫ ਇੰਟਰਨੈਸ਼ਨਲ ਜਸਟਿਸ ਸਥਾਪਿਤ ਕੀਤੀ ਗਈ ਹੈ। ਸਰਬਸ਼ਕਤੀਮਾਨ/ਪ੍ਰਭੂਸੱਤ (sovereign) ਰਾਜਾਂ ਨਾਲ ਸੰਬੰਧਿਤ ਹੋਣ ਕਾਰਨ ਇਸ ਦੀ ਅਧਿਕਾਰਸੀਮਾ ਸੀਮਤ ਹੁੰਦੀ ਹੈ। ਕਨੂੰਨ, ਅਪਰਾਧ ਸੰਬੰਧੀ (law criminal) ਅਪਰਾਧ ਦੇ ਕਾਰਨਾ ਅਤੇ ਅਪਰਾਧੀ ਵਤੀਰੇ ਬਾਰੇ ਵਿਗਿਆਨਿਕ ਖੋਜਾਂ ਉੱਤੇ ਆਧਾਰਿਤ ਬਣੇ ਅਪਰਾਧ ਸੰਬੰਧੀ ਕਨੂੰਨ, ਜਿਨ੍ਹਾਂ ਉੱਤੇ ਕਾਮਤੇ ਦੇ ਸਕਾਰਤਮਵਾਦ ਦਾ ਵੀ ਅਸਰ ਸੀ ਅਤੇ ਮਾਨਵਵਿਗਿਆਨਿਕ ਖੋਜੀਆਂ ਦਾ ਵੀ। ਕਨੂੰਨ, ਸਧਾਰਨ (law common) ਅਜਿਹੇ ਕਨੂੰਨ, ਜਿਨ੍ਹਾਂ ਦੀਆਂ ਜੜ੍ਹਾਂ ਕਨੂੰਨੀ ਪੁਸਤਕਾਂ ਜਾਂ ਰਿਵਾਜਾਂ ਵਿੱਚ ਹੁੰਦੀਆਂ ਹਨ। ਪਰ ਕਿਉਂਕਿ ਰਵਾਜੀ ਕਨੂੰਨਾਂ ਨੂੰ ਬਹੁਤੇ ਮੁਲਕਾਂ ਵਿੱਚ ਸਰਕਾਰ/ਅਦਾਲਤਾਂ ਦੁਆਰਾ ਪ੍ਰਵਾਨਿਤ ਕਨੂੰਨੀ ਪੁਸਤਕਾਂ ਦਾ ਰੂਪ ਦੇ ਦਿੱਤਾ ਗਿਆ ਹੈ, ਇਸ ਲਈ ਕਿਤਾਬੀ ਅਤੇ ਰਿਵਾਜੀ ਕਨੂੰਨਾਂ ਵਿੱਚ ਹੁਣ ਫਰਕ ਕੱਢਣਾ ਮੁਸ਼ਕਲ ਹੋ ਗਿਆ ਹੈ। ਭਾਰਤ ਵਿੱਚ ਅੰਗਰੇਜ਼ਾਂ ਦੁਆਰਾ ਹਿੰਦੂਆਂ ਅਤੇ ਮੁਸਲਮਾਨਾਂ ਦੇ ਕਨੂੰਨਾਂ ਨੂੰ, ਜਿਨ੍ਹਾਂ ਵਿੱਚ ਇਹਨਾਂ ਦੇ (ਧਾਰਮਿਕ) ਕਿਤਾਬੀ ਅਤੇ ਰਿਵਾਜੀ ਕਨੂੰਨ ਸ਼ਾਮਲ ਸਨ, ਕਿਤਾਬੀ ਰੂਪ ਦੇ ਦਿੱਤਾ ਗਿਆ ਸੀ ਅਤੇ ਇਹਨਾਂ ਦੇ ਝਗੜਿਆਂ ਦੇ ਨਿਪਟਾਰੇ ਇਹਨਾਂ ਧਾਰਮਿਕ ਸਮੁਦਾਵਾਂ ਦੇ ਕਨੂੰਨਾਂ (ਮੁਸਲਿਮ ਲਾਅ ਅਤੇ ਹਿੰਦੂ ਲਾਅ) ਅਨੁਸਾਰ ਕਰਦੇ ਸਨ। ਇਹਨਾਂ ਦੇ ਘੇਰੇ ਤੋਂ ਬਾਹਰਲੇ ਖੇਤਰਾਂ ਉੱਤੇ ਅੰਗਰੇਜ਼ੀ ਕਨੂੰਨ ਲਾਗੂ ਹੁੰਦੇ ਸਨ। ਕਨੂੰਨ ਸਮਾਜ-ਵਿਗਿਆਨਿਕ (law sociological) ਪ੍ਰਵਾਨਿਤ ਪਰਮਾਪ (ਮੈਲਿਨਉਸਕੀ); ਅਜਿਹੇ ਪਰਮਾਪ, ਜਿਨ੍ਹਾਂ ਵਿਰੁੱਧ ਸਜ਼ਾਵਾਂ ਮਿਲਦੀਆਂ ਹਨ, ਰਾਜਨੀਤਿਕ ਤੌਰ ਉੱਤੇ ਪ੍ਰਬੰਧਿਤ ਸਮਾਜ ਦੀ ਤਾਕਤ ਅਧੀਨ ਪਰਮਾਪ (ਰੈਡਕਲਿਫ ਬਰਾਊਨ), ਅਜਿਹੇ ਲੋਕਾਂ ਦੇ ਦਾਖਲੇ ਬਾਰੇ ਪਰਮਾਪ, ਜੋ ਆਪ ਸ਼ਾਮਲ ਨਹੀਂ ਹੁੰਦੇ (ਵਿਲਸਨ); ਅਜਿਹੇ ਪਰਮਾਪ ਸੂਝ ਨਾਲ ਬਣਾਏ ਗਏ ਹੁੰਦੇ ਹਨ, ਜਿਨ੍ਹਾਂ ਦੀ ਮਾਨਤਾ ਜ਼ਰੂਰੀ ਹੈ, ਜਿਨ੍ਹਾਂ ਦੀ ਉਲੰਘਣਾ ਉਪਰੰਤ ਸਜ਼ਾਵਾਂ ਮਿਲਦੀਆਂ ਹਨ ਅਤੇ ਜਿਨ੍ਹਾਂ ਨੂੰ ਲਾਗੂ ਕਰਨ ਲਈ ਪ੍ਰਬੰਧਿਤ ਅਧਿਕਾਰ ਪ੍ਰਨਾਲੀ ਮੌਜੂਦ ਹੁੰਦੀ ਹੈ (ਫਰਥ)। ਕਿਸੇ ਸਮੁਦਾ ਦੇ ਬਹੁਤੇ ਲੋਕਾਂ ਦੁਆਰਾ ਲਾਜ਼ਮੀ ਮੰਨਿਆ ਜਾਣ ਵਾਲਾ ਕੋਈ ਵੀ ਨਿਯਮ (ਗੁੱਡਹਾਰਟ)। ਅਜਿਹਾ ਪਰਮਾਪ, ਜਿਸ ਦੀ ਉਲੰਘਣਾ ਕਰਨ ਉੱਤੇ ਵਿਰੋਧੀ ਕਾਰਜ ਹੁੰਦਾ ਹੈ (ਬੋਹਾਨਨ)। ਠੀਕ ਸਮਝੇ ਜਾਂਦੇ ਪਰਮਾਪ, ਜਿਨ੍ਹਾਂ ਦੀ ਉਲੰਘਣਾ ਕਰਨ ਉੱਤੇ ਸਜ਼ਾ ਮਿਲਦੀ ਹੈ (ਕਾਰਲਸਟਨ), ਅਜਿਹੇ ਪਰਮਾਪ, ਜਿਨ੍ਹਾਂ ਦੀ ਪਿੱਠ ਪਿੱਛੇ ਸੱਤਾ ਦੀ ਪ੍ਰਬੰਧਿਤ ਵਰਤੋਂ ਦਾ ਪ੍ਰਬੰਧ ਹੁੰਦਾ ਹੈ (ਹੋਬਲ), ਕੁਦਰਤ ਵਿਚਲੀ ਏਕਤਾ। ਕਨੂੰਨ ਸੰਵਿਧਾਨਕ (law constitutional) ਸਰਕਾਰ ਦੇ ਮੁੱਖ ਅੰਗਾਂ ਅਤੇ ਉਹਨਾਂ ਵਿੱਚ ਅੰਤਰ ਸੰਬੰਧਾਂ ਨੂੰ ਨਿਯਮਬੱਧ ਕਰਨ ਵਾਲਾ ਕਨੂੰਨ। ਕਨੂੰਨ ਕੁਦਰਤ ਦਾ (law of nature) ਉਹ ਕਨੂੰਨ/ਨਿਯਮ, ਜਿਨ੍ਹਾਂ ਅਨੁਸਾਰ ਕੁਦਰਤ ਚਲਦੀ ਹੈ। ਪਾਣੀ, ਹਵਾ, ਅੱਗ, ਰੋਸ਼ਨੀ, ਪੁਲਾੜ ਦੀਆਂ ਹਸਤੀਆਂ ਧਰਤੀ ਆਦਿ ਦੀ ਬਣਤਰ ਸਥਾਪਿਤ ਰੱਖਣ ਅਤੇ ਇਹਨਾਂ ਦੀ ਗਤੀ ਸੰਬੰਧੀ ਕਨੂੰਨ, ਜਿਨ੍ਹਾਂ ਨੂੰ ਸਮਝ ਕੇ ਮਨੁੱਖ ਆਪਣੇ ਹਿਤਾਂ ਲਈ ਕੁਦਰਤ ਦੀ ਵਰਤੋਂ ਕਰਦਾ ਹੈ। ਕਨੂੰਨ, ਕੁਦਰਤੀ (law, natural) ਪੁਲਾੜ ਦੀ ਬਣਤਰ ਵਿੱਚ ਲੁਪਤ ਤਰਤੀਬਬੱਧ ਅਤੇ ਭਰੋਸੇਯੋਗ ਲੜੀਆਂ ਦਾ ਜੋੜ। ਕੁਦਰਤ ਦੇ ਕਨੂੰਨਾਂ ਬਾਰੇ ਉਹ ਸਭ ਕੁਝ ਜੋ ਮਨੁੱਖ ਜਾਣਦੇ ਹਨ, ਵਿਗਿਆਨਿਕ ਪ੍ਰੇਖਣਾ ਦੇ ਠੀਕ ਰਿਕਾਰਡਾਂ ਉੱਤੇ ਆਧਾਰਿਤ ਹੈ। ਇਸ ਤੋਂ ਅਗਲੀਆਂ ਗੱਲਾਂ ਵਿਸ਼ਵਾਸ ਦੀਆਂ ਗੱਲਾਂ ਹਨ। ਇਹ ਗਿਆਤ ਅਤੇ ਅਗਿਆਤ ਖੋਜ ਸਮਗਰੀ ਵਿੱਚ ਇਕਸਾਰਤਾ ਅਤੇ ਭਵਿੱਖ ਵਿੱਚ ਇਹਨਾਂ ਸੰਬੰਧਾਂ ਦੀ ਲੜੀ ਦੀ ਸਥਾਪਿਤੀ ਉੱਤੇ ਨਿਰਭਰ ਕਰਦਾ ਹੈ। ਕੁਦਰਤ ਦੇ ਕਨੂੰਨ ਪਹਿਲਾਂ ਰਿਕਾਡਰ ਕੀਤੀ ਗਈ ਇਕਸਾਰਤਾ ਉੱਤੇ ਆਧਾਰਿਤ ਹਨ। ਕਨੂੰਨ ਜੰਤਕ (law public) ਸੰਵਿਧਾਨਿਕ ਕਨੂੰਨ, ਪ੍ਰਸ਼ਾਸਕ ਕਨੂੰਨ ਅਤੇ ਜੁਰਮ ਕਨੂੰਨ, ਸਾਰੇ ਖੇਤਰਾਂ ਦੇ ਕਨੂੰਨ; ਸਿਆਸਤ ਅਤੇ ਸਰਕਾਰ ਨਾਲ ਸੰਬੰਧਿਤ ਕਨੂੰਨੀ ਪ੍ਰਪੰਚ ਦਾ ਅਧਿਐਨ। ਕਨੂੰਨ ਨਿੱਜੀ (law personal) ਕਿਸੇ ਸਮਾਜ ਵਿੱਚ ਕਿਸੇ ਸਮੁਦਾ, ਤਬਕੇ, ਕਬੀਲੇ ਦੇ ਕਨੂੰਨ, ਜੋ ਸਰਕਾਰ ਸਵੀਕਾਰ ਕਰਦੀ ਹੈ। ਕਨੂੰਨ ਮਾਨਵਵਿਗਿਆਨਿਕ (anthropological) ਸਮਾਜਿਕ ਪ੍ਰਸੰਗ ਵਿੱਚ ਪ੍ਰਾਚੀਨ ਸਮਾਜਾਂ ਦੇ ਕਨੂੰਨ ਦਾ ਅਧਿਐਨ; ਸਮਾਜਿਕ ਪ੍ਰਸੰਗ ਵਿੱਚ ਵੱਖ-ਵੱਖ ਸੱਭਿਆਚਾਰਾਂ ਦੇ ਕਨੂੰਨਾਂ ਦਾ ਤੁਲਨਾਤਮਿਕ ਅਧਿਐਨ। ਕਨੂੰਨ ਰਵਾਜੀ (law customary) ਸਰਕਾਰਾਂ ਦੁਆਰਾ ਕਨੂੰਨਸਾਜ਼ੀ ਤੋਂ ਪਹਿਲਾਂ ਵੱਖ-ਵੱਖ ਸਮੁਦਾਵਾਂ ਦੁਆਰਾ ਆਪਣਾ ਕੰਮ ਚਲਾਉਣ ਲਈ ਬਣਾਏ ਗਏ ਕਨੂੰਨ ਜੋ ਰਿਵਾਜਾਂ, ਪਿਰਤਾਂ ਰਵਾਇਤਾਂ ਦੁਆਰਾ ਹੋਂਦ ਵਿੱਚ ਆਉਂਦੇ ਸਨ। ਬਹੁਤਿਆਂ ਮੁਲਕਾਂ ਦੀਆਂ ਸਰਕਾਰਾਂ ਇਹਨਾਂ ਨੂੰ ਸਰਕਾਰੀ ਮਾਨਤਾ ਪ੍ਰਦਾਨ ਕਰ ਦਿੰਦੀਆਂ ਹਨ। ਕਨੂੰਨ ਰਾਜਨੀਤਿਕ (law political) ਰਾਜ ਦੀ ਪ੍ਰਗਟ ਇੱਛਾ, ਰਾਜ ਦੀਆਂ ਏਜੰਸੀਆਂ ਦੁਆਰਾ ਦਿੱਤਾ ਜਾਣ ਵਾਲਾ ਹੁਕਮ ਜਾਂ ਕੋਈ ਮਨਾਹੀ, ਜਿਸ ਨੂੰ ਲਾਗੂ ਕਰਨ ਲਈ ਸੱਤਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਿਸੇ ਵੀ ਰਾਜ ਵਿੱਚ ਬਣਾਏ ਗਏ ਸਟੇਚਿਊਟ ਅਤੇ ਕਨੂੰਨ।
ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2889, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no
ਕਨੂੰਨ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਕਨੂੰਨ : ਸਰਕਾਰਾਂ ਆਪਣੇ ਨਾਗਰਿਕਾਂ ਦੀ ਸੁੱਖ-ਸਹੂਲਤਾਂ, ਸਿੱਖਿਆ, ਸਿਹਤ ਅਤੇ ਸੁਰੱਖਿਆ ਆਦਿ ਲਈ ਕਨੂੰਨ ਬਣਾਉਂਦੀਆਂ ਹਨ। ਕਨੂੰਨ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ ਕਿ ਇਹ ਉਹ ਮਾਪ-ਦੰਡ ਹਨ, ਜਿਨ੍ਹਾਂ ਰਾਹੀਂ ਨਾਗਰਿਕਾਂ ਦੇ ਵਤੀਰਿਆਂ ਨੂੰ ਨਿਯੰਤਰਨ ਕੀਤਾ ਜਾਂਦਾ ਹੈ। ਹਰ ਇੱਕ ਸਰਕਾਰ ਦੇ ਤਿੰਨ ਅੰਗ ਹੁੰਦੇ ਹਨ :
1. ਵਿਧਾਨਪਾਲਿਕਾ- ਜੋ ਕਨੂੰਨ ਬਣਾਉਂਦੀ ਹੈ;
2. ਕਾਰਜਪਾਲਿਕਾ- ਜੋ ਕਨੂੰਨਾਂ ਨੂੰ ਲਾਗੂ ਕਰਦੀ ਹੈ ਅਤੇ
3. ਨਿਆਂਪਾਲਿਕਾ- ਜੋ ਕਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਜੁਰਮਾਂ ਲਈ ਵੱਖ-ਵੱਖ ਪ੍ਰਕਾਰ ਦੀ ਸਜ਼ਾ ਦਿੰਦੀ ਹੈ।
ਹਰ ਇੱਕ ਲੋਕਤੰਤਰੀ ਦੇਸ ਵਿੱਚ ਕਨੂੰਨ ਦਾ ਪ੍ਰਸ਼ਾਸਨ (rule of law) ਕੰਮ ਕਰਦਾ ਹੈ, ਜਿਸ ਅਨੁਸਾਰ ਕਨੂੰਨ ਸਭ ਲਈ ਇੱਕੋ ਜਿਹਾ ਹੁੰਦਾ ਹੈ। ਅਰਥਾਤ ਕਨੂੰਨ ਦੇ ਸਾਮ੍ਹਣੇ ਸਭ ਬਰਾਬਰ ਹੁੰਦੇ ਹਨ। ਕਨੂੰਨ ਕਿਸੇ ਅਮੀਰ-ਗ਼ਰੀਬ, ਵੱਡੇ-ਛੋਟੇ, ਪੜ੍ਹੇ-ਅਨਪੜ੍ਹ, ਅਧਿਕਾਰੀ ਜਾਂ ਆਮ ਜਨਤਾ ਵਿਚਕਾਰ ਕੋਈ ਭੇਦ-ਭਾਵ ਨਹੀਂ ਕਰਦਾ, ਜੋ ਕੋਈ ਵੀ ਕਿਸੇ ਕਨੂੰਨ ਦੀ ਉਲੰਘਣਾ ਕਰਦਾ ਹੈ, ਤਾਂ ਉਸ ਲਈ ਉਸ ਨੂੰ ਉਚਿਤ ਸਜ਼ਾ ਦਿੱਤੀ ਜਾਂਦੀ ਹੈ, ਜੋ ਜਰਮਾਨੇ, ਸਾਦਾ ਜੇਲ੍ਹ (simple imprisonment) ਜਾ ਬਾਮੁਸ਼ੱਕਤ (rigorous imprisonment) ਅਤੇ ਕੈਦ ਤੇ ਜਰਮਾਨਾ ਦੋਹਾਂ ਦੀ ਸਜ਼ਾ ਵੀ ਹੋ ਸਕਦੀ ਹੈ, ਜਿਵੇਂ ਕਿ ਪੂਨੇ (ਮਹਾਰਾਸ਼ਟਰ) ਦੀ ਹਾਈਕੋਰਟ ਨੇ ਜਾਲ੍ਹੀ ਅਸ਼ਟਾਮ ਪੇਪਰ ਛਾਪਣ ਅਤੇ ਵੇਚਣ ਦੇ ਜੁਰਮ ਵਿੱਚ ਅਬਦੁਲ ਕਰੀਮ ਤੇਲੀ ਨੂੰ ਤੇਰ੍ਹਾਂ ਸਾਲ ਦੀ ਬਾਮੁਸ਼ੱਕਤ ਕੈਦ ਅਤੇ 2 ਕਰੋੜ ਰੁਪਏ ਜਰਮਾਨਾ (ਜੋ ਹੁਣ ਤੱਕ ਦਿੱਤੇ ਗਏ ਜਰਮਾਨੇ ਤੋਂ ਵੱਧ ਹੈ) ਦੀ 29 ਜੁਲਾਈ, 2007 ਨੂੰ ਸਜ਼ਾ ਦਿੱਤੀ ਸੀ ਅਤੇ ਜਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ 3 ਸਾਲ ਦੀ ਵਾਧੂ ਬਾਮੁਸ਼ੱਕਤ ਕੈਦ ਭੁਗਤਣੀ ਪਵੇਗੀ।
ਸਰਕਾਰ ਨਾਗਰਿਕਾਂ ਦੀ ਸੁਰੱਖਿਆ ਲਈ ਕਈ ਪ੍ਰਕਾਰ ਦੇ ਕਨੂੰਨ ਬਣਾਉਂਦੀ ਹੈ ਜਿਵੇਂ ਕਿ ਭਰੂਣ ਹੱਤਿਆ ਵਿਰੁੱਧ, ਦਹੇਜ ਵਿਰੁੱਧ, ਨਸ਼ੇ ਵਾਲੀਆਂ ਚੀਜ਼ਾਂ ਦਾ ਵਪਾਰ ਅਤੇ ਤਸਕਰੀ ਕਰਨ ਵਿਰੁੱਧ, ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਕਰਨ ਵਿਰੁੱਧ ਅਤੇ ਸੁਰੱਖਿਆ ਲਈ ਆਦਿ। ਇਸੇ ਤਰ੍ਹਾਂ ਸਮਾਜ ਦੇ ਕਮਜ਼ੋਰ ਵਰਗਾਂ ਜਿਵੇਂ ਕਿ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ, ਹੋਰ ਪਛੜੇ ਵਰਗਾਂ ਲਈ ਵਿੱਦਿਅਕ ਸੰਸਥਾਵਾਂ ਅਤੇ ਸਰਕਾਰੀ ਮਹਿਕਮਿਆਂ ਵਿੱਚ ਅਸਾਮੀਆਂ ਦਾ ਰਾਖਵਾਂਕਰਨ।
ਦੇਸ ਦਾ ਸਰਬ-ਉੱਚ ਕਨੂੰਨ ਉਸ ਦਾ ਸੰਵਿਧਾਨ ਹੁੰਦਾ ਹੈ, ਜਿਸ ਵਿੱਚ ਸਰਕਾਰ ਦੇ ਵੱਖ-ਵੱਖ ਅੰਗਾਂ ਦੀਆਂ ਕਨੂੰਨ ਬਣਾਉਣ ਦੀਆਂ ਸ਼ਕਤੀਆਂ ਦੀ ਚਰਚਾ ਕੀਤੀ ਜਾਂਦੀ ਹੈ। ਸਰਕਾਰ ਕੋਈ ਐਸਾ ਕਨੂੰਨ ਨਹੀਂ ਬਣਾ ਸਕਦੀ, ਜੋ ਸੰਵਿਧਾਨ ਦੀ ਉਲੰਘਣਾ ਕਰਦਾ ਹੋਵੇ। ਦੇਸ ਦੀ ਸਰਬ-ਉੱਚ-ਅਦਾਲਤ (ਸੁਪਰੀਮ ਕੋਰਟ) ਅਜਿਹੇ ਕਨੂੰਨਾਂ ਨੂੰ ਰੱਦ ਕਰ ਸਕਦੀ ਹੈ, ਜਿਨ੍ਹਾਂ ਦੀ ਸੰਵਿਧਾਨ ਬਣਾਉਣ ਦੀ ਆਗਿਆ ਨਹੀਂ ਦਿੰਦਾ।
ਇਹ ਗੱਲ ਮੰਨਣਯੋਗ ਹੈ ਕਿ ਕਨੂੰਨ ਬਣਾਉਣ ਦਾ ਅਧਿਕਾਰ ਦੇਸ ਦੀ ਸੰਸਦ ਅਤੇ ਰਾਜਾਂ ਦੇ ਵਿਧਾਨ-ਮੰਡਲਾਂ ਨੂੰ ਪ੍ਰਾਪਤ ਹੈ ਅਤੇ ਉਹ ਅਜਿਹੇ ਕਨੂੰਨਾਂ ਵਿੱਚ ਸੋਧ ਵੀ ਕਰ ਸਕਦੇ ਹਨ ਜਾਂ ਉਹਨਾਂ ਨੂੰ ਰੱਦ ਵੀ ਕਰ ਸਕਦੇ ਹਨ, ਜਿਨ੍ਹਾਂ ਨੂੰ ਬਦਲਦੇ ਹੋਏ ਹਾਲਤਾਂ ਅਨੁਸਾਰ ਨਵਾਂ ਰੂਪ ਦੇਣ ਦੀ ਲੋੜ ਹੁੰਦੀ ਹੈ। ਸਾਡੇ ਸੰਵਿਧਾਨ ਵਿੱਚ ਵੀ ਲੋੜ ਅਨੁਸਾਰ ਸੋਧਾਂ ਕੀਤੀਆਂ ਜਾਂਦੀਆਂ ਹਨ, ਜਿਵੇਂ ਕਿ ਸੰਵਿਧਾਨ ਦੀ 42ਵੀਂ ਸੋਧ ਅਨੁਸਾਰ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦੋ ਨਵੇਂ ਸ਼ਬਦ ‘ਧਰਮ ਨਿਰਪੱਖਤਾ’ ਅਤੇ ‘ਸਮਾਜਵਾਦ’ ਜੋੜੇ ਗਏ ਹਨ। ਇਸੇ ਪ੍ਰਕਾਰ ਸੰਵਿਧਾਨ ਦੀ 73ਵੀਂ ਅਤੇ 74ਵੀਂ ਸੋਧ ਅਨੁਸਾਰ ਪੰਚਾਇਤੀ ਰਾਜ ਸੰਸਥਾਵਾਂ ਅਤੇ ਨਗਰ ਸੰਸਥਾਵਾਂ ਦਾ ਪੁਨਰ ਗਠਨ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਸ਼ਕਤੀਸ਼ਾਲੀ ਬਣਾਇਆ ਗਿਆ ਹੈ। ਸਰਕਾਰ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਕਈ ਮਹੱਤਵਪੂਰਨ ਕਨੂੰਨ ਬਣਾਉਂਦੀ ਹੈ ਜਿਵੇਂ ਕਿ ‘ਸੂਚਨਾ ਅਧਿਕਾਰ ਐਕਟ’ (right of information) 2005 ਜਿਸ ਰਾਹੀਂ ਸਰਕਾਰ ਦੇ ਕਾਰਜਾਂ ਵਿੱਚ ਪਾਰਦਰਸ਼ਤਾ ਆਉਂਦੀ ਹੈ ਅਤੇ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ (national rural empoyment guarantee act,2006) ਜਿਸ ਰਾਹੀਂ ਪਿੰਡ ਵਾਸੀਆਂ ਲਈ ਸਾਲ ਵਿੱਚ 100 ਦਿਨ ਦਾ ਰੁਜ਼ਗਾਰ ਅਤੇ ਉਹ ਵੀ ਪੰਜ ਕਿਲੋ ਮੀਟਰ ਦੇ ਅੰਦਰ ਅਤੇ ਪੰਦਰਾਂ ਦਿਨ ਰੁਜ਼ਗਾਰ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ।
ਕਈ ਦੇਸਾਂ ਵਿੱਚ ਜਿਵੇਂ ਕਿ ਫ਼੍ਰਾਂਸ ਵਿੱਚ ਪ੍ਰਸ਼ਾਸਨ ਨਾਲ ਸੰਬੰਧਿਤ ਕੇਸਾਂ ਨੂੰ ਨਿਪਟਾਉਣ ਲਈ ਪ੍ਰਸ਼ਾਸਕੀ ਕਨੂੰਨ (administrative law), ਕੌਮਾਂ ਅਤੇ ਦੇਸਾਂ ਵਿੱਚ ਝਗੜਿਆਂ ਨੂੰ ਨਿਪਟਾਉਣ ਲਈ ਅੰਤਰਰਾਸ਼ਟਰੀ ਕਨੂੰਨ (international law) ਦੀ ਵਿਵਸਥਾ ਕੀਤੀ ਗਈ ਹੈ। ਕਨੂੰਨ ਸਮਾਜਿਕ ਕੰਟ੍ਰੋਲ ਦਾ ਸਭ ਤੋਂ ਵਧੀਆ ਸਾਧਨ ਹੈ। ਇਸ ਦੀ ਪਾਲਣਾ ਕਰਨ ਨਾਲ ਸਮਾਜ ਵਿੱਚ ਸ਼ਾਂਤੀ ਅਤੇ ਵਿਵਸਥਾ ਕਾਇਮ ਰਹਿ ਸਕਦੀ ਹੈ।
ਲੇਖਕ : ਪਰਦੀਪ ਸਚਦੇਵਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 2340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-25-03-46-38, ਹਵਾਲੇ/ਟਿੱਪਣੀਆਂ:
ਕਨੂੰਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਨੂੰਨ, (ਅਰਬੀ : ਕਨੂੰਨ; ਯੂਨਾਨੀ : ਕੈਨਨ) \ ਪੁਲਿੰਗ : ਇੱਕ ਕਿਸਮ ਦਾ ਵਾਜਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 842, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-06-11-11-24, ਹਵਾਲੇ/ਟਿੱਪਣੀਆਂ:
ਕਨੂੰਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਨੂੰਨ, ਪੁਲਿੰਗ : ੧. ਕਾਨੂੰਨ; ੨. ਬੂਅਲੀ ਸੀਨਾ ਦੀ ਹਿਕਮਤ ਦੀ ਇੱਕ ਪ੍ਰਸਿੱਧ ਪੁਸਤਕ
–ਕਨੂੰਨਚਾ, ਪੁਲਿੰਗ : ਹਿਕਮਤ ਦੀ ਇੱਕ ਪ੍ਰਸਿੱਧ ਪੁਸਤਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-06-11-11-37, ਹਵਾਲੇ/ਟਿੱਪਣੀਆਂ:
ਕਨੂੰਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਨੂੰਨ, (ਅਰਬੀ : ਕਨੂੰਨ; ਯੂਨਾਨੀ : ਕੈਨਨ) \ ਪੁਲਿੰਗ : ੧. ਵਿਧੀ, ਉਹ ਕਾਇਦਾ ਜਿਸ ਦੇ ਅਨੁਸਾਰ ਮੁਕੱਦਮਿਆਂ ਦੇ ਫੈਸਲੇ ਹੋਣ, ਕਾਇਦਾ, ਦਸਤੂਰ, ਨਿਯਮ; ੨.ਨੀਤੀ ਪਰਬੰਧ, ਰਾਜ ਪਰਬੰਧ ਦੇ ਨਿਯਮ; ੩. ਵਿਧਾਨ, ਮਰਯਾਦਾ, ਸ਼ਰ੍ਹਾ
–ਕਨੂੰਨ ਸੰਗ੍ਰਹਿ, ਪੁਲਿੰਗ : ਸੰਘਤਾ, ਜ਼ਾਬਤਾ ਕਨੂੰਨ, ਨਿਯਮਾਵਲੀ, ਕਨੂੰਨਾਂ ਦਾ ਮਜਮੂਆ ਉਹ ਕਿਤਾਬ ਜਿਸ ਵਿੱਚ ਕਨੂੰਨ ਕੱਠੇ ਕਰ ਕੇ ਲਿਖੇ ਹੋਣ, ਨਿਯਮ-ਸੰਗ੍ਰਹਿ
–ਕਨੂੰਨਸਾਰ, ਪੁਲਿੰਗ : ਕਨੂੰਨ ਦਾ ਖੁਲਾਸਾ ਜਾਂ ਸਾਰ, ਸੰਗ੍ਰਹਿ ਜਿਸ ਵਿੱਚ ਕਨੂੰਨਾਂ ਨੂੰ ਸੰਖੇਪ ਕਰ ਕੇ ਵਕੀਲਾਂ ਦੀ ਸਹਾਇਤਾ ਲਈ ਕਿਤਾਬ ਵਿੱਚ ਸੰਚਿਤ ਕੀਤਾ ਹੁੰਦਾ ਹੈ
–ਕਨੂੰਨਗੋ, (ਫ਼ਾਰਸੀ : ਕਾਨੂੰਨਗੋ) / ਪੁਲਿੰਗ : ਝਗੜਾਲੂ, ਹੁਜਤੀ, ਕਨੂੰਨ ਛਾਂਟਣ ਵਾਲਾ
–ਕਨੂੰਨ ਘੜਨਾ, ਕਿਰਿਆ ਸਕਰਮਕ : ਕਨੂੰਨ ਬਣਾਉਣਾ, ਵਿਧੀ ਬਣਾਉਣਾ
–ਕਨੂੰਨ ਘੜਨੀ, ਵਿਸ਼ੇਸ਼ਣ : ਕਨੂੰਨ ਬਣਾਉਣ ਵਾਲੀ, ਕਨੂੰਨ ਸਾਜ਼
–ਕਨੂੰਨ ਘੜਨੀ ਸਭਾ, ਇਸਤਰੀ ਲਿੰਗ : ਵਿਧਾਨ ਸਭਾ
–ਕਨੂੰਨਚਾ, ਪੁਲਿੰਗ : ਹਿਕਮਤ ਦੀ ਇੱਕ ਪਰਸਿੱਧ ਕਿਤਾਬ
–ਕਨੂੰਨ ਛਾਂਟਣਾ, ਮੁਹਾਵਰਾ : ਹੁੱਜਤਾਂ ਕੱਢਣਾ, ਅੰਤਰੇ ਕੱਢਣਾ
–ਕਨੂੰਨਣ, ਇਸਤਰੀ ਲਿੰਗ : ਕਨੂੰਨ ਛਾਂਟਣ ਵਾਲੀ ਤੀਵੀਂ
–ਕਨੂੰਨਣ, ਕਿਰਿਆ ਵਿਸ਼ੇਸ਼ਣ : ਕਨੂੰਨ ਅਨੁਸਾਰ
–ਕਨੂੰਨ ਤੇ ਚਲਣਾ, ਕਿਰਿਆ ਅਕਰਮਕ : ਕਨੂੰਨ ਮੂਜਬ ਕੰਮ ਕਰਨਾ, ਕਨੂੰਨ ਦੀ ਪਾਲਨਾ ਕਰਨਾ
–ਕਨੂੰਨਦਾਨ, ਪੁਲਿੰਗ : ਕਨੂੰਨ ਜਾਣਨ ਵਾਲਾ, ਵਕੀਲ, ਕਨੂੰਨ ਦਾ ਜਾਣੂ
–ਕਨੂੰਨਦਾਨੀ, ਇਸਤਰੀ ਲਿੰਗ : ਕਨੂੰਨ ਦੀ ਵਾਕਫ਼ੀ
–ਕਨੂੰਨ ਦੀਵਾਨੀ (Civil Law), ਪੁਲਿੰਗ : ਜਾਇਦਾਦ ਸਬੰਧੀ ਕਨੂੰਨ
–ਕਨੂੰਨਨ, ਕਿਰਿਆ ਵਿਸ਼ੇਸ਼ਣ : ਕਨੂੰਨ ਅਨੁਸਾਰ
–ਕਨੂੰਨ ਫ਼ੌਜਦਾਰੀ (Criminal Law), ਪੁਲਿੰਗ : ਉਹ ਕਨੂੰਨ ਜਿਸ ਦੇ ਮੁਤਾਬਕ ਕਿਸੇ ਅਪਰਾਧ ਦੀ ਸਜ਼ਾ ਦਿੱਤੀ ਜਾਵੇ
–ਕਨੂੰਨ ਭੰਨ, ਪੁਲਿੰਗ : ਕਨੂੰਨੀ ਬੰਦਸ਼ਾਂ ਤੋੜਨ ਵਾਲਾ ਪੁਰਖ, ਕਨੂੰਨੀ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਬੰਦਾ
–ਕਨੂੰਨ ਰਵਾਜ (Customary Law), ਇਸਤਰੀ ਲਿੰਗ : ਉਹ ਰੀਤੀ ਜਾਂ ਰਵਾਜ ਜਿਸ ਨੇ ਬਹੁਤ ਦੇਰ ਵਰਤੋਂ ਵਿੱਚ ਆਉਣ ਮਗਰੋਂ ਕਨੂੰਨ ਦੀ ਸ਼ਕਲ ਧਾਰਨ ਕਰ ਲਈ ਹੋਵੇ
–ਕਨੂੰਨੀ (ਅਰਬੀ : ਕਾਨੂੰਨ), ਵਿਸ਼ੇਸ਼ਣ : ੧. ਜੋ ਕਨੂੰਨ ਜਾਣਦਾ ਹੋਵੇ, ਕਨੂੰਨਦਾਨ, ਘੁੰਤਰਾਂ ਕੱਢਣ ਵਾਲਾ; ੨. ਕਨੂੰਨ ਸਬੰਧੀ, ਅਦਾਲਤੀ; ੩. ਜੋ ਕਨੂੰਨ ਦੇ ਮੁਤਾਬਕ ਹੋਵੇ, ਨਿਯਮਾਂ ਦੇ ਅਨੁਕੂਲ; ੪. ਤਕਰਾਰ ਕਰਨ ਵਾਲਾ, ਹੁੱਜਤੀ
–ਕਨੂੰਨੀਆ, (ਅਰਬੀ : ਕਾਨੂੰਨ) / ਵਿਸ਼ੇਸ਼ਣ / ਪੁਲਿੰਗ : ੧. ਕਨੂੰਨ ਜਾਣਨ ਵਾਲਾ, ਕਨੂੰਨਗੋ, ਕਨੂੰਨ ਤੋਂ ਵਾਕਿਫ਼; ੨. ਤਕਰਾਰ ਕਰਨ ਵਾਲਾ, ਹੁੱਜਤੀ, ਝਗੜਾਲੂ
–ਕਨੂੰਨੀ ਸਵੀਕਾਰਤਾ, ਇਸਤਰੀ ਲਿੰਗ : ਕਨੂੰਨੀ ਤੌਰ ਤੇ ਕਿਸੇ ਗੱਲ ਨੂੰ ਮੰਨ ਲੈਣ ਦਾ ਭਾਵ
–ਕਨੂੰਨੀ ਹਰਾਸਤ, ਇਸਤਰੀ ਲਿੰਗ : ਜਾਇਜ਼ ਹਫਾਜ਼ਤ, ਜਾਇਜ਼ ਅਭਿ-ਰੱਖਿਆ, ਕਿਸੇ ਸੰਪਤੀ ਨੂੰ ਜਾਇਜ਼ ਤੌਰ ਤੇ ਸੰਭਾਲ ਕੇ ਰੱਖਣ ਲਈ ਜਾਂ ਕਿਸੇ ਬੰਦੇ ਨੂੰ ਭੱਜਣ ਤੋਂ ਰੋਕਣ ਲਈ ਆਪਣੇ ਵਸ ਜਾਂ ਰੱਖਿਆ ਵਿੱਚ ਲੈਣ ਦਾ ਭਾਵ ਜਾਂ ਕਿਰਿਆ
–ਕਨੂੰਨੀ ਭਾਰ, ਪੁਲਿੰਗ : ਵਿਧਾਨਕ ਜ਼ਿੰਮੇਦਾਰੀ
–ਕਨੂੰਨੀ ਮਸ਼ੀਰ, ਪੁਲਿੰਗ : (ਸਰਕਾਰੀ) ਕਨੂੰਨੀ ਸਲਾਹਕਾਰ
–ਕਨੂੰਨੀ ਰੋਕਾਂ, ਇਸਤਰੀ ਲਿੰਗ : ਕਨੂੰਨੀ ਅੜਿੱਕੇ, ਕਨੂੰਨੀ ਬੰਧਨ, ਕਨੂੰਨੀ ਰੁਕਾਵਟਾਂ, ਕਨੂੰਨੀ ਅਸਮਰਥਾਵਾਂ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 842, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-06-11-11-49, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First