ਕਲਿਯੁਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਿਯੁਗ . ਚੌਥਾ ਯੁਗ. ਦੇਖੋ , ਕਲਿ ੩ ਅਤੇ ਯੁਗ । ੨ ਜਗੰਨਾਥ ਦਾ ਇੱਕ ਪੰਡਾ , ਜੋ ਵਡਾ ਪਾਖੰਡੀ ਅਤੇ ਕੁਕਰਮੀ ਸੀ. ਇਹ ਗੁਰੂ ਨਾਨਕ ਦੇਵ ਦੇ ਉਪਦੇਸ਼ ਨਾਲ ਸਦਾਚਾਰੀ ਅਤੇ ਮਹਾਨ ਉਪਕਾਰੀ ਹੋਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲਿਯੁਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਲਿਯੁਗ : ਭਾਰਤੀ ਸੰਸਕ੍ਰਿਤੀ , ਜਨ-ਜੀਵਨ ਅਤੇ ਸਾਹਿਤ ਵਿਚ ‘ ਕਲਿਯੁਗ’ ( ਕਲਿਕਾਲ ) ਬਹੁ ਚਰਚਿਤ ਵਿਸ਼ਾ ਰਿਹਾ ਹੈ । ਪੁਰਾਣ-ਸਾਹਿਤ ਵਿਚ ਸ੍ਰਿਸ਼ਟੀ ਦੀ ਸੰਪੂਰਣ ਅਵਧੀ ਨੂੰ ਸੌਖ ਲਈ ਚਾਰ ਯੁਗਾਂ ਵਿਚ ਵੰਡਿਆ ਗਿਆ ਹੈ , ਜਿਵੇਂ ਸਤਯੁਗ , ਤ੍ਰੇਤਾ , ਦੁਆਪਰ ਅਤੇ ਕਲਿਯੁਗ । ਗੁਪਤ -ਵੰਸ਼ ਦੇ ਰਾਜਿਆਂ ਦੇ ਇਤਿਹਾਸ ਤੋਂ ਬਾਦ ਦਾ ਸਮਾਂ ਆਮ ਤੌਰ ’ ਤੇ ਕਲਿਯੁਗ ਮੰਨਿਆ ਜਾਂਦਾ ਹੈ । ਇਸ ਵਿਚ ਪਸਰੇ ਅਨੇਕ ਦੋਸ਼ਾਂ ਦਾ ਵਰਣਨ ਮਿਲਦਾ ਹੈ । ਇਸ ਵਿਚ ਮਾਨਵ ਸਮਾਜ ਦੀ ਅਵਸਥਾ ਬਹੁਤ ਡਿਗੀ ਹੋਈ ਦਸੀ ਜਾਂਦੀ ਹੈ । ਇਸ ਦੀ ਦਸ਼ਾ ਸੁਧਾਰਨ ਲਈ ‘ ਕਲਕੀ ਅਵਤਾਰ ’ ਦੇ ਪ੍ਰਗਟ ਹੋਣ ਦੀ ਭਵਿਸ਼ਬਾਣੀ ਵੀ ਪੁਰਾਣਾਂ ਵਿਚ ਮਿਲ ਜਾਂਦੀ ਹੈ ।

                      ਯੁਗਾਂ ਦਾ ਸੰਬੰਧ ਜੋਤਿਸ਼-ਸ਼ਾਸਤ੍ਰ ਨਾਲ ਵੀ ਰਿਹਾ ਹੈ । ਆਰਯ ਭੱਟ ਨਾਂ ਦੇ ਹਿਸਾਬਦਾਨ ( ਗਣਿੱਤਗ ) ਨੇ ਮਹਾਭਾਰਤ ਦੇ ਯੁੱਧ ਦਾ ਸਮਾਂ ਅਤੇ ਕਲਿਯੁਗ ਦੇ ਆਰੰਭ ਦਾ ਸਮਾਂ 3102 ਈ.ਪੂ. ਨਿਸ਼ਚਿਤ ਕੀਤਾ ਹੈ , ਪਰ ਕੁਝ ਹੋਰ ਵਿਦਵਾਨਾਂ ਨੇ ਇਸ ਯੁਗ ਦਾ ਆਰੰਭ ਮਹਾਭਾਰਤ ਤੋਂ 635 ਵਰ੍ਹੇ ਪਹਿਲਾਂ ਦਸਿਆ ਹੈ । ਇਸ ਤਰ੍ਹਾਂ ਇਸ ਦੇ ਆਰੰਭ ਬਾਰੇ ਵਿਦਵਾਨਾਂ ਵਿਚ ਮਤ-ਏਕਤਾ ਨਹੀਂ ਹੈ , ਪਰ ਆਮ ਵਿਸ਼ਵਾਸ ਅਨੁਸਾਰ ਕਲਿਯੁਗ ਦਾ ਆਰੰਭ ਮਹਾਭਾਰਤ ਦੇ ਯੁੱਧ ਤੋਂ ਬਾਦ ਉਦੋਂ ਹੋਇਆ ਜਦੋਂ ਸ਼੍ਰੀ ਕ੍ਰਿਸ਼ਣ ਦੀ ਮ੍ਰਿਤੂ ਹੋ ਚੁਕੀ ਸੀ , ਪਾਂਡਵ ਹਿਮਾਲਾ ਪਰਬਤ’ ਤੇ ਬਰਫ਼ ਵਿਚ ਗਲ ਗਏ ਸਨ ਅਤੇ ਪਰੀਕੑਸ਼ਿਤ ਰਾਜ-ਗੱਦੀ ਉਤੇ ਬੈਠਾ ਸੀ । ਇਸ ਤਰ੍ਹਾਂ ਪਰੀਕੑਸ਼ਿਤ ਕਲਿਯੁਗ ਦਾ ਪਹਿਲਾ ਰਾਜਾ ਸੀ । ਪਰ ਇਸ ਯੁਗ ਦੇ ਆਰੰਭ ਬਾਰੇ ਸਹੀ ਜਾਣਕਾਰੀ ਉਦੋਂ ਤਕ ਪ੍ਰਾਪਤ ਨਹੀਂ ਹੋ ਸਕਦੀ , ਜਦੋਂ ਤਕ ਮਹਾਭਾਰਤ ਦਾ ਯੁੱਧ- ਕਾਲ ਨਿਸ਼ਚਿਤ ਨਹੀਂ ਹੁੰਦਾ ।

                      ਕਲਿਯੁਗ ਦੀ ਮਿਆਦ ਵਿਦਵਾਨਾਂ ਨੇ 4 , 32 , 000 ਵਰ੍ਹੇ ਦਸੀ ਹੈ । ਇਸ ਵਿਚ ਮਨੁੱਖ ਦੀ ਉਮਰ 100 ਵਰ੍ਹੇ ਅਨੁਮਾਨੀ ਗਈ ਹੈ ਅਤੇ ਧਰਮ ਤੇ ਨੇਕੀ ਦਾ ਕੇਵਲ ਚੌਥਾ ਭਾਗ ਬਾਕੀ ਬਚਿਆ ਦਸਿਆ ਗਿਆ ਹੈ । ਇਸ ਲਈ ਇਸ ਯੁਗ ਵਿਚ ਧਰਮ ਦੀ ਅਧਿਕ ਹਾਨੀ ਹੋਣ ਕਾਰਣ ਇਸ ਨੂੰ ਨੀਚ ਯੁਗ ਸਮਝਿਆ ਜਾਂਦਾ ਹੈ । ਮੱਧ-ਯੁਗ ਦੇ ਸੰਤਾਂ , ਭਗਤਾਂ ਨੇ ਇਸ ਯੁਗ ਦਾ ਆਪਣੀਆਂ ਰਚਨਾਵਾਂ ਵਿਚ ਅਧਿਕ ਵਰਣਨ ਕੀਤਾ ਹੈ । ਇਸ ਦੇ ਦੋ ਕਾਰਣ ਹਨ । ਇਕ ਇਹ ਕਿ ਸੰਤ ਅਤੇ ਭਗਤ ਲੋਕ ਖ਼ੁਦ ਇਸ ਯੁਗ ਵਿਚ ਹੋਏ ਸਨ । ਦੂਜਾ ਇਹ ਕਿ ਉਨ੍ਹਾਂ ਨੇ ਧਰਮ ਦੀ ਸਥਾਪਨਾ ਉਤੇ ਬਲ ਦੇਣ ਲਈ ਇਸ ਯੁਗ ਦੇ ਦੋਸ਼ਾਂ ਨੂੰ ਉਘਾੜਿਆ ਹੈ ।

                      ਗੁਰੂ ਨਾਨਕ ਦੇਵ ਜੀ ਅਨੁਸਾਰ ਕਲਿਯੁਗ ਵਿਚ ਧਰਮ ਦੀ ਕੇਵਲ ਇਕ ਕਲਾ ( ਸ਼ਕਤੀ ) ਰਹਿ ਗਈ ਹੈ । ਇਸ ਯੁਗ ਵਿਚ ਪੂਰੇ ਗੁਰੂ ਤੋਂ ਬਿਨਾ ਪਰਮਾਤਮਾ ਦਾ ਸੰਯੋਗ ਪ੍ਰਾਪਤ ਕਰਨਾ ਸੰਭਵ ਨਹੀਂ— ਕਲੀ ਕਾਲ ਮਹਿ ਇਕ ਕਲ ਰਾਖੀ ਬਿਨੁ ਗੁਰ ਪੂਰੇ ਕਿਨੈ ਭਾਖੀ ਮਨਮੁਖਿ ਕੂੜੁ ਵਰਤੈ ਵਰਤਾਰਾ ਬਿਨੁ ਸਤਿਗੁਰ ਭਰਮੁ ਜਾਈ ਹੇ ( ਗੁ.ਗ੍ਰੰ.1024 ) । ਗੁਰੂ ਨਾਨਕ ਦੇਵ ਜੀ ਦੀ ਕਲਿਯੁਗ ਬਾਰੇ ਇਹ ਵੀ ਧਾਰਣਾ ਹੈ ਕਿ ਇਹ ਕਿਤੇ ਨਹੀਂ ਸੁਣਿਆ ਗਿਆ ਕਿ ਕਲਿਯੁਗ ਫਲਾਣੀ ਥਾਂ ਜਾਂ ਦੇਸ਼ ਵਿਚ ਆਇਆ ਹੋਇਆ ਹੈ ਜਾਂ ਕਿਸੇ ਖ਼ਾਸ ਤੀਰਥ ਉਤੇ ਬੈਠਾ ਹੈ । ਅਸਲ ਵਿਚ , ਕਲਿਯੁਗ ਦੇ ਲੱਛਣ ਇਹ ਹਨ ਕਿ ਉਸ ਯੁਗ ਵਿਚ ਸੱਚੇ ਧਰਮ ਦੀ ਪਾਲਣਾ ਕਰਨ ਵਾਲਾ ਵਿਅਕਤੀ ਨਸ਼ਟ ਹੁੰਦਾ ਹੈ , ਤਪੋ-ਧਾਮਾਂ ਵਿਚ ਤਪਸਿਆ ਨਹੀਂ ਹੁੰਦੀ , ਹਰਿ-ਨਾਮ ਜਪਣ ਵਾਲੇ ਦਾ ਅਪਕਾਰ ਹੁੰਦਾ ਹੈ— ਕਿਤੈ ਦੇਸਿ ਆਇਆ ਸੁਣੀਐ ਤੀਰਥ ਪਾਸਿ ਬੈਠਾ ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਬੈਠਾ ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਹੋਈ ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ ... ( ਗੁ.ਗ੍ਰੰ. 902 ) । ਸਚ ਤਾਂ ਇਹ ਹੈ ਕਿ ਜਦੋਂ ਅਤੇ ਜਿਥੇ ਲੋਕ ਅਧਰਮ ਵਿਚ ਲੀਨ ਹੋਣ , ਉਥੇ ਉਦੋਂ ਕਲਿਯੁਗ ਦੀ ਅਵਸਥਾ ਸਮਝਣੀ ਚਾਹੀਦੀ ਹੈ । ਫਲਸਰੂਪ ਗੁਰੂ ਜੀ ਮਨੁੱਖ ਦੀ ਮਾਨਸਿਕਤਾ ਅਨੁਸਾਰ ਯੁਗ ਦਾ ਸਰੂਪ ਨਿਸ਼ਚਿਤ ਕਰਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1213, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕਲਿਯੁਗ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਲਿਯੁਗ : ਵਿਸ਼ਣੂ ਦਾ ਚੌਥਾ ਜਾਂ ਅਜੋਕਾ ਯੁਗ , ਜਿਸ ਦੀ ਉਮਰ 432 , 000 ਸਾਲ ਦੀ ਹੈ । ਇਸ ਦਾ ਆਰੰਭ 3102 ਪੂ. ਈ. ਤੋਂ ਹੋਇਆ ਸੀ

                  ਯੁਗ ਗਿਣਤੀ ਵਿਚ ਚਾਰ ਮੰਨੇ ਜਾਂਦੇ ਹਨ– – ਕ੍ਰਿਤ ਯੁਗ ( ਇਸ ਨੂੰ ਸਾਧਾਰਨ ਭਾਸ਼ਾ ਵਿਚ ਸਤਿਯੁਗ ਵੀ ਕਹਿੰਦੇ ਹਨ ) , ਤ੍ਰੇਤਾ ਯੁਗ , ਦ੍ਵਾਪਰ ਯੁਗ ਅਤੇ ਕਲਿਯੁਗ । ਇਨ੍ਹਾਂ ਯੁਗਾਂ ਦੀ ਅਸੀਮ ਆਯੂ ਰਿਗਵੇਦ ਵਿਚ ਦੱਸੀ ਗਈ ਹੈ । ਇਸ ਵੰਡ ਅਨੁਸਾਰ ਕਲਿਯੁਗ ਵਿਚ ਧਰਮ ਚੌਥਾ ਹਿੱਸਾ ਰਹਿ ਗਿਆ । ਵੇਦਾਂ ਦੁਆਰਾ ਦੱਸੇ ਵਿਧਾਨ ਧਾਰਮਕ , ਸੰਸਕਾਰ ਅਤੇ ਹੋਰ ਰਸਮਾਂ ਬੰਦ ਹੋ ਗਈਆਂ । ਵਿਪੱਤੀਆਂ , ਬੀਮਾਰੀਆਂ , ਕਮਜ਼ੋਰੀਆਂ ਅਤੇ ਕ੍ਰੋਧ ਆਦਿ ਜਿਹੇ ਦੋਸ਼ , ਸੰਕਟ , ਭੁੱਖ ਅਤੇ ਡਰ ਚੁਫੇਰੇ ਫੈਲ ਗਏ । ਜਿਵੇਂ ਸਮਾਂ ਲੰਘਦਾ ਹੈ , ਧਰਮ ਘਟਦਾ ਜਾਂਦਾ ਹੈ ਅਤੇ ਲੋਕ ਪਤਨਸ਼ੀਲ ਹੁੰਦੇ ਜਾਂਦੇ ਹਨ । ਜਦੋਂ ਲੋਕ ਪਤਨਸ਼ੀਲ ਹੁੰਦੇ ਹਨ ਤਾਂ ਉਨ੍ਹਾਂ ਦੇ ਮੰਤਵ ਘਟੀਆ ਬਣ ਜਾਂਦੇ ਹਨ ਅਤੇ ਸਮੁੱਚਾ ਪਤਨ ਉਨ੍ਹਾਂ ਦੇ ਮੰਤਵ ਨੂੰ ਸਮਾਪਤ ਕਰ ਦਿੰਦਾ ਹੈ ।

                  ਇਸ ਯੁਗ ਵਿਚ ਮਨੁੱਖ ਦੀ ਉਮਰ ਦੀ ਕੋਈ ਨਿਸਚਿਤ ਸੀਮਾਂ ਨਹੀਂ ਮਿਲਦੀ ।

                  ਹ. ਪੁ.– – ਹਿੰ. ਮਿ. ਕੋ. 177.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 259, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.