ਕਾਨਵੈਨਸ਼ਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Convention_ਕਾਨਵੈਨਸ਼ਨ: ਇਹ ਵਿਸ਼ਾਲ ਅਰਥਾਂ ਵਾਲਾ ਸ਼ਬਦ ਹੈ ਜਿਸ ਵਿਚ ਹਰ ਪ੍ਰਕਾਰ ਦੇ ਮੁਆਇਦੇ, ਸੰਧੀਆਂ, ਪੈਕਟ ਅਤੇ ਇਕਰਾਰ ਵੀ ਆ ਜਾਂਦੇ ਹਨ।
ਵਿਧਾਨਸਾਜ਼ੀ ਦੇ ਖੇਤਰ ਵਿਚ ਇਸ ਦਾ ਇਕ ਭਾਵ ਅਜਿਹੀ ਇਕੱਤਰਤਾ ਤੋਂ ਵੀ ਹੁੰਦਾ ਹੈ ਜੋ ਲੋਕਾਂ ਦੁਆਰਾ ਚੁਣੇ ਗਏ ਡੈਲੀਗੇਟਾਂ ਦੁਆਰਾ ਵਿਧਾਨਸਾਜ਼ੀ ਤੋਂ ਬਿਨਾਂ ਹੋਰ ਕਿਸੇ ਕਾਰਜ ਲਈ ਕੀਤੀ ਜਾਵੇ। ਇਸ ਦੀ ਵਰਤੋਂ ਉਸ ਸਭਾ ਲਈ ਵੀ ਕੀਤੀ ਜਾਂਦੀ ਹੈ ਜੋ ਕਿਸੇ ਰਾਜ ਦੇ ਸੰਵਿਧਾਨ ਵਿਚ ਸੋਧ ਲਈ ਕੀਤੀ ਜਾਵੇ। ਅਜਿਹੇ ਇਕੱਠ ਲਈ ਵੀ ਇਹ ਸ਼ਬਦ ਵਰਤਿਆ ਜਾਂਦਾ ਹੈ ਜੋ ਲੋਕਾਂ ਦੇ ਡੈਲੀਗੇਟਾਂ ਦੁਆਰਾ ਚੋਣ ਵਿਚ ਉਮੀਦਵਾਰ ਨਾਮਜ਼ਦ ਕਰਨ ਲਈ ਕੀਤਾ ਜਾਵੇ।
ਸੰਵਿਧਾਨਕ ਪਰੰਪਰਾਵਾਂ ਨੂੰ ਵੀ ਕਾਨਵੈਨਸ਼ਨ ਦਾ ਨਾਂ ਦਿੱਤਾ ਜਾਂਦਾ ਹੈ ਜੋ ਕਾਨੂੰਨ ਨ ਹੁੰਦੇ ਹੋਏ ਵੀ ਸੰਵਿਧਾਨ ਦਾ ਹਿੱਸਾ ਮੰਨੀਆਂ ਜਾਂਦੀਆਂ ਹਨ। ਡਾਈਸੇ ਨੇ ਸੰਵਿਧਾਨ ਦੀਆਂ ਅਨੇਕਾਂ ਪ੍ਰਥਾਵਾਂ, ਪਰੰਪਰਾਵਾਂ ਅਤੇ ਨਜ਼ੀਰਾਂ ਨੂੰ ਸੰਵਿਧਾਨ ਦੀਆਂ ਕਾਨਵੈਨਸ਼ਨਾਂ ਕਿਹਾ ਹੈ। ਕਾਨੂੰਨ ਅਤੇ ਕਾਨਵੈਨਸ਼ਨ ਵਿਚ ਮੁੱਖ ਤੌਰ ਤੇ ਤਿੰਨ ਫ਼ਰਕ ਹਨ: (1) ਕਾਨੂੰਨ ਕਿਸੇ ਵਿਧਾਨਕ ਸ਼ਕਤੀ ਤੋਂ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਨੂੰ ਮੁਕਾਬਲਤਨ ਜ਼ਿਆਦਾ ਪਵਿੱਤਰ ਗਿਣਿਆ ਜਾਂਦਾ ਹੈ; ਕਾਨਵੈਨਸ਼ਨ ਕਾਨੂੰਨ ਤੋਂ ਬਾਹਰ ਦੀ ਚੀਜ਼ ਹੈ ਅਤੇ ਪ੍ਰਥਾ ਦੁਆਰਾ ਹੋਂਦ ਵਿਚ ਆਉਂਦੀ ਹੈ। ਇਸ ਕਾਰਨ ਕਈ ਵਾਰੀ ਇਸ ਬਾਰੇ ਵੀ ਸ਼ਕ ਹੋ ਜਾਂਦਾ ਹੈ ਕਿ ਪ੍ਰਥਾ ਨੇ ਕਾਨਵੈਂਸ਼ਨ ਦਾ ਦਰਜਾ ਹਾਸਲ ਕਰ ਲਿਆ ਹੈ ਜਾਂ ਨਹੀਂ। ਤੀਜਾ ਫ਼ਰਕ ਇਹ ਹੈ ਕਿ ਅਦਾਲਤਾਂ ਕਾਨੂੰਨ ਨੂੰ ਲਾਗੂ ਕਰਦੀਆਂ ਹਨ, ਕਾਨਵੈਨਸ਼ਨ ਦਾ ਖ਼ਿਆਲ ਭਾਵੇਂ ਰਖ ਲੈਣ ਉਸ ਨੂੰ ਲਾਗੂ ਨਹੀਂ ਕਰਦੀਆਂ।
ਆਮ ਤੌਰ ਤੇ ਵੇਖਿਆ ਗਿਆ ਹੈ ਕਿ ਸੰਵਿਧਾਨ ਭਾਵੇਂ ਲਿਖਤ ਹੋਵੇ ਤਦ ਵੀ ਇਤਨਾ ਵਿਸਤ੍ਰਿਤ ਅਤੇ ਸਭ ਗੱਲਾਂ ਦਾ ਖ਼ਿਆਲ ਰਖਣਾ ਸੰਭਵ ਨਹੀਂ ਹੁੰਦਾ ਅਤੇ ਖਪੇ ਰਹਿ ਜਾਂਦੇ ਹਨ ਜਿਨ੍ਹਾਂ ਨੂੰ ਕਾਨਵੈਨਸ਼ਨਾਂ ਦੁਆਰਾ ਪੂਰਿਆ ਜਾਂਦਾ ਹੈ। ਪ੍ਰਧਾਨ ਮੰਤਰੀ ਡੇਸਾਈ ਦੇ ਅਸਤੀਫ਼ੇ ਉਪਰੰਤ ਰਾਸ਼ਟਰਪਤੀ ਨੂੰ ਔਖੀ ਸਥਿਤੀ ਵਿਚੋਂ ਲੰਘਣਾ ਪਿਆ ਅਤੇ ਉਨ੍ਹਾਂ ਦੀ ਆਲੋਚਨਾ ਵੀ ਹੋਈ ਕਿਉਂਕਿ ਕਈ ਗੱਲਾਂ ਬਾਰੇ ਕਾਨਵੈਨਸ਼ਨਾਂ ਵਿਕਸਿਤ ਨਹੀਂ ਹੋਈਆਂ। ਭਾਰਤੀ ਸੰਵਿਧਾਨ ਦੀ ਅਮਲਦਾਰੀ ਵਿਚ ਬਰਤਾਨਵੀ ਕਾਨਵੈਂਨਸ਼ਨਾਂ ਲਈ ਕਾਫ਼ੀ ਥਾਂ ਹੈ, ਭਾਵੇਂ ਕਈ ਵਾਰੀ ਮਹਿਸੂਸ ਇਹ ਕੀਤਾ ਜਾਂਦਾ ਹੈ ਕਿ ਲਿਖਤੀ ਸੰਵਿਧਾਨ ਵਿਚ ਕੈਨਵੈਨਸ਼ਨਾਂ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਪਰ ਪ੍ਰਧਾਨ ਮੰਤਰੀ ਦੀ ਚੋਣ ਕਈ ਵਾਰੀ ਐਸੀ ਡੂੰਘੀ ਸਮੱਸਿਆ ਬਣ ਜਾਂਦੀ ਹੈ ਕਿ ਉਸ ਲਈ ਕਾਨਵੈਨਸ਼ਨਾਂ ਦਾ ਸਹਾਰਾ ਲੈਣਾ ਪੈਂਦਾ ਹੈ।
ਕਾਨਵੈਨਸ਼ਨ ਨੂੰ ਭਾਵੇਂ ਕਾਨੂੰਨ ਦਾ ਦਰਜਾ ਨਹੀਂ ਦਿੱਤਾ ਜਾਂਦਾ ਫਿਰ ਵੀ ਕਾਨੂੰਨ ਅਤੇ ਕਾਨਵੈਨਸ਼ਨ ਵਿਚ ਡੂੰਘਾ ਸਬੰਧ ਹੈ। ਕਾਨਵੈਨਸ਼ਨ ਦਾ ਕਾਰਜ ਖੇਤਰ ਵੀ ਅਧਿਕਤਰ ਸਿਆਸੀ ਹੁੰਦਾ ਹੈ ਅਤੇ ਜੇ ਸਿਆਸਤਦਾਨ ਕਾਨਵੈਨਸ਼ਨ ਨੂੰ ਖੇਡ ਦੇ ਨਿਯਮ ਮੰਨ ਕੇ ਚਲਣ ਤਾਂ ਦੇਸ਼ ਵਿਚ ਸਿਆਸੀ ਸਥਿਰਤਾ ਬਣੀ ਰਹਿ ਸਕਦੀ ਹੈ ਅਤੇ ਨਿਆਂ ਵੀ ਹੋ ਸਕਦਾ ਹੈ, ਜੋ ਹਰ ਕਾਨੂੰਨ ਦਾ ਉਦੇਸ਼ ਹੁੰਦਾ ਹੈ। ਲੋਕ ਰਾਜ ਵਿਚ ਕਾਨੂੰਨ ਵਿਧਾਨ ਮੰਡਲਾਂ ਦੁਆਰਾ ਬਣਾਏ ਜਾਂਦੇ ਹਨ ਅਤੇ ਅਦਾਲਤਾਂ ਦੁਆਰਾ ਲਾਗੂ ਕੀਤੇ ਜਾਂਦੇ ਹਨ। ਪਰ ਕਾਨਵੈਨਸ਼ਨ ਕਾਨੂੰਨੀ ਖੱਪਿਆਂ ਨੂੰ ਭਰਨ ਲਈ ਹੋਂਦ ਵਿਚ ਆਉਂਦੀ ਹੈ ਅਤੇ ਜਾਗ੍ਰਿਤ ਜਨਤਾ ਦੇ ਡਰ ਕਾਰਨ ਉਸ ਨੂੰ ਲਾਗੂ ਕਰਨਾ ਜ਼ਰੂਰੀ ਹੋ ਜਾਂਦਾ ਹੈ।
ਕੌਮਾਂਤਰੀ ਕਾਨੂੰਨ ਵਿਚ ਰਾਜਾਂ ਦੁਆਰਾ ਆਪਸੀ ਤੌਰ ਤੇ ਸਵੀਕਾਰ ਕੀਤੀ ਗਈ ਕਿਸੇ ਰਸਮੀ ਲਿਖਤ ਨੂੰ ਵੀ ਕਾਨਵੈਨਸ਼ਨ ਦਾ ਨਾਂ ਦਿੱਤਾ ਜਾਂਦਾ ਹੈ। ਮਿਸਾਲ ਲਈ 1899 ਅਤੇ 1907 ਵਿਚ ਹੇਗ ਕਨਫ਼ਰੰਸ ਦੇ ਫਲਸਰੂਪ ਕੌਮਾਂਤਰੀ ਝਗੜਿਆਂ ਦੇ ਸ਼ਾਂਤੀ ਪੂਰਬਕ ਹਲ ਲਈ ਅਤੇ ਥਲ ਯੁਧ , ਨਿਰਪਖਤਾ ਆਦਿ ਬਾਰੇ ਕੀਤੀਆਂ ਗਈਆਂ ਸੰਧੀਆਂ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First