ਕਾਰ ਭੇਟ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰ ਭੇਟ: ਫ਼ਾਰਸੀ ਸ਼ਬਦ ‘ਕਾਰ` (ਸ਼ਬਦੀ ਅਰਥ: ਕੰਮ , ਮਿਹਨਤ , ਕਿੱਤਾ) ਅਤੇ ਹਿੰਦੀ ਸ਼ਬਦ ‘ਭੇਂਟ` (ਸ਼ਬਦੀ ਅਰਥ: ਮਿਲਣੀ, ਭੇਟਾ ਕਰਨਾ) ਤੋਂ ਬਣਿਆ ਹੈ ਜਿਸ ਦਾ ਭਾਵ ਹੈ ਇਕ ਸ਼ਰਧਾਲੂ ਦੁਆਰਾ ਆਪਣੇ ਗੁਰੂ ਅੱਗੇ ਸਵੈ-ਇੱਛਾ ਨਾਲ ਕੋਈ ਭੇਟਾ ਦੇਣੀ। ਖ਼ਾਸ ਕਰਕੇ ਭਾਰਤ ਵਿਚ ਜਦੋਂ ਵੀ ਕੋਈ ਮਨੁੱਖ ਕਿਸੇ ਸੰਤ , ਗੁਰੂ, ਦੇਵੀ- ਦੇਵਤਾ ਜਾਂ ਰਾਜੇ ਨੂੰ ਮਿਲਣ ਜਾਂਦਾ ਹੈ ਤਾਂ ਉਹ ਆਪਣੇ ਨਾਲ ਕੋਈ ਨਾ ਕੋਈ ਚੀਜ਼ ਭੇਟਾ ਕਰਨ ਲਈ ਲੈ ਕੇ ਜਾਂਦਾ ਹੈ। ਇਹ ਇਕ ਆਮ ਰਿਵਾਜ ਹੈ। ਇਹ ਭੇਟ ਕਾਨੂੰਨੀ ਜਾਂ ਆਮ ਟੈਕਸਾਂ ਅਤੇ ਦਸਵੰਧ ਤੋਂ ਵੱਖਰੀ ਹੈ। ਇਹ ਨਕਦ, ਗਹਿਣੇ , ਦਾਣੇ ਜਾਂ ਖੇਤੀ ਦੀ ਹੋਰ ਕਿਸੇ ਉਪਜ ਦੇ ਰੂਪ ਵਿਚ ਹੋ ਸਕਦੀ ਹੈ। ਜੇ ਕਿਸੇ ਕੋਲ ਕੋਈ ਚੰਗੀ ਚੀਜ਼ ਭੇਟ ਕਰਨ ਲਈ ਨਹੀਂ ਹੈ ਤਾਂ ਫੁੱਲ ਜਾਂ ਫੁੱਲ ਦੀ ਪੱਤੀ ਜਾਂ ਇਕ ਹਰਾ ਪੱਤਾ ਹੀ ਭੇਟ ਕਰਨ ਲਈ ਲੈ ਜਾਇਆ ਜਾ ਸਕਦਾ ਹੈ। ਕਾਰ ਭੇਟ ਸ਼ਬਦ ਸਿੱਖ ਧਰਮ ਦੇ ਮੁਢਲੇ ਦੌਰ ਵਿਚ ਹੀ ਪ੍ਰਚਲਿਤ ਹੋ ਗਿਆ ਸੀ ਜਿਸਦਾ ਭਾਵ ਸੀ ਸਿੱਖਾਂ ਦੁਆਰਾ ਗੁਰੂ ਨੂੰ ਪੇਸ਼ ਕੀਤੀਆਂ ਭੇਟਾਵਾਂ। ਇਕ ਖ਼ਾਸ ਅਰਥ ਇਸਦਾ ਇਹ ਸੀ ਕਿ ਕਾਰ ਭੇਟ ਇਮਾਨਦਾਰੀ ਨਾਲ ਕੀਤੀ ਕਮਾਈ (ਕਾਰ) ਰਾਹੀਂ ਆਉਣੀ ਚਾਹੀਦੀ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਕਿਰਤ ਕਾਰ ਅਤੇ ਘਾਲ (ਸਖ਼ਤ ਸਰੀਰਿਕ ਕੰਮ ਜਾਂ ਮਿਹਨਤ) ਕਿਰਤ ਦੇ ਹੀ ਸਮਾਨਾਰਥੀ ਸ਼ਬਦ ਹਨ ਜਿਨ੍ਹਾਂ ਨੂੰ ਬਹੁਤ ਵਡਿਆਇਆ ਗਿਆ ਹੈ। ਆਮ ਤੌਰ ਤੇ ਇਕ ਵਾਰ ਅਰਪਣ ਕੀਤੀ ਗਈ ਭੇਟ ਜਿਸਨੂੰ ਇਹ ਭੇਟ ਕੀਤੀ ਜਾਂਦੀ ਸੀ ਉਸਦੀ ਮਲਕੀਅਤ ਬਣ ਜਾਂਦੀ ਸੀ। ਪਰੰਤੂ ਇਸ ਦੇ ਉਲਟ ਸਿੱਖ ਪਰੰਪਰਾ ਵਿਚ ਕਾਰ ਭੇਟ ਸੇਵਾ ਦੇ ਕੰਮਾਂ ਉੱਤੇ ਖ਼ਰਚਣ ਲਈ ਹੁੰਦੀ ਸੀ ਜਿਵੇਂ ਗੁਰੂ ਕਾ ਲੰਗਰ , ਖੂਹਾਂ ਅਤੇ ਤਲਾਵਾਂ ਦੀ ਖੁਦਾਈ, ਧਰਮਸਾਲਾਵਾਂ ਜਾਂ ਪੂਜਾ ਅਸਥਾਨਾਂ ਦੀ ਉਸਾਰੀ ਆਦਿ। ਸਿੱਖ ਸਿੱਧੇ ਆਪ ਹੀ ਗੁਰੂ ਨੂੰ ਭੇਟਾਵਾਂ ਦਿੰਦੇ ਸਨ ਜਾਂ ਗੁਰੂ ਦੁਆਰਾ ਨਿਯੁਕਤ ਮੰਜੀਦਾਰਾਂ/ਮਸੰਦਾਂ ਰਾਹੀਂ ਭੇਜਦੇ ਸਨ। ਮੰਜੀਦਾਰ/ ਮਸੰਦ ਜਦੋਂ ਆਪਣੇ ਇਲਾਕੇ ਦੀ ਸੰਗਤ ਨੂੰ ਗੁਰੂ ਦੀ ਹਜ਼ੂਰੀ ਵਿਚ ਲਿਆਉਂਦੇ ਸਨ ਜਾਂ ਆਪ ਦਰਸ਼ਨ ਕਰਨ ਆਉਂਦੇ ਸਨ ਤਾਂ ਅਜਿਹੀ ਭੇਟਾ ਵੀ ਨਾਲ ਲਿਆਉਂਦੇ ਸਨ। ਇਹ ਵਿਧੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਕ ਚੱਲਦੀ ਰਹੀ। ਪਰੰਤੂ ਜਦੋਂ ਗੁਰੂ ਜੀ ਨੂੰ ਮਸੰਦਾਂ ਦੇ ਖ਼ਿਲਾਫ਼ ਸ਼ਿਕਾਇਤਾਂ ਮਿਲੀਆਂ ਤਾਂ ਉਹਨਾਂ ਮਸੰਦ ਪਰੰਪਰਾ ਨੂੰ ਖ਼ਤਮ ਕਰ ਦਿੱਤਾ ਅਤੇ ਸੰਗਤਾਂ ਜਾਂ ਸਥਾਨਿਕ ਸ਼ਰਧਾਲੂਆਂ ਨੂੰ ਆਪਣੇ ਪੱਧਰ ਉੱਪਰ ਭੇਟ ਦੀ ਉਗਰਾਹੀ ਕਰਨ ਲਈ ਹਿਦਾਇਤ ਕੀਤੀ। ਇਹ ਭੇਟ ਹੁੰਡੀ , ਜੋ ਅੱਜ-ਕੱਲ੍ਹ ਦੇ ਬੈਂਕ ਡਰਾਫਟ ਦੀ ਤਰ੍ਹਾਂ ਹੁੰਦੀ ਸੀ, ਗੁਰੂ ਸਾਹਿਬ ਨੂੰ ਭੇਜ ਦਿੱਤੀ ਜਾਂਦੀ ਸੀ। ਅੱਜ-ਕੱਲ੍ਹ ਸ਼ਰਧਾਲੂ ਜਦੋਂ ਉਹ ਗੁਰਦੁਆਰੇ ਮੱਥਾ ਟੇਕਣ ਜਾਂ ਧਾਰਮਿਕ ਸ਼ਰਧਾ ਭਾਵਨਾ ਪ੍ਰਗਟ ਕਰਨ ਜਾਂਦੇ ਹਨ ਤਾਂ ਇਹ ਭੇਟਾ ਗੁਰੂ ਗ੍ਰੰਥ ਸਾਹਿਬ ਅੱਗੇ ਅਰਪਣ ਕੀਤੀ ਜਾਂਦੀ ਹੈ। ਇਹ ਭੇਟ ਆਮ ਤੌਰ ਤੇ ਨਕਦੀ ਦੇ ਰੂਪ ਵਿਚ ਹੁੰਦੀ ਹੈ। ਅੱਜ-ਕੱਲ੍ਹ ਕਾਰ ਭੇਟ ਲਈ ਵਰਤਿਆ ਜਾਂਦਾ ਆਮ ਸ਼ਬਦ ਹੈ ਦਸਵੰਧ ਜਾਂ ਆਮਦਨ ਦਾ ਦਸਵਾਂ ਹਿੱਸਾ ਜੋ ਹਰ ਸਿੱਖ ਨੂੰ ਕੌਮ ਦੇ ਸਾਂਝੇ ਫੰਡਾਂ ਲਈ ਗੁਰੂ ਦੇ ਨਾਂ ਤੇ ਦੇਣਾ ਚਾਹੀਦਾ ਹੈ।

      ਕਾਰ ਭੇਟ ਦੀ ਕਾਰ-ਸੇਵਾ ਨਾਲ ਤੁਲਨਾ ਕਰਨੀ ਠੀਕ ਜਾਪਦੀ ਹੈ ਜੋ ਇਕ ਹੋਰ ਖ਼ਾਸ ਸਿੱਖ ਰਿਵਾਜ ਹੈ। ਕਾਰ-ਸੇਵਾ ਤੋਂ ਭਾਵ ਹੈ ਮੁਫ਼ਤ ਸਵੈ-ਇੱਛਾ ਨਾਲ ਸੇਵਾ ਕਰਨੀ ਜਿਵੇਂ ਸਰੋਵਰਾਂ ਜਾਂ ਪਵਿੱਤਰ ਤਲਾਵਾਂ ਦੀ ਗਾਰ ਕੱਢਣ ਅਤੇ ਇਮਾਰਤਾਂ ਜਾਂ ਗੁਰਦੁਆਰਿਆਂ ਦੀ ਮੁਰੰਮਤ ਕਰਨ ਦਾ ਕੰਮ।


ਲੇਖਕ : ਤ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1214, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.