ਕਾਲੀ ਦੇਵੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਾਲੀ ਦੇਵੀ: ‘ਦੇਵੀਅਤੇ ‘ਸ਼ਾਕਤ-ਮਤ’ ਦੇ ਪ੍ਰਸੰਗਾਂ/ ਆਖਿਆਨਾਂ ਵਿਚ ਕਾਲੀ/ਕਾਲਿਕਾ ਦਾ ਵਿਸ਼ੇਸ਼ ਨਾਮ- ਉੱਲੇਖ ਹੁੰਦਾ ਹੈ। ਇਹ ਹੰਦੂ-ਮਤ ਅਤੇ ਖ਼ਾਸ ਕਰਕੇ ਦੇਵੀ ਉਪਾਸਕਾਂ ਦੀ ਇਕ ਪੂਜੑਯ ਦੇਵੀ (ਵੇਖੋ) ਹੈ ਜਿਸ ਦੀ ਉਤਪੱਤੀ ਬਾਰੇ ‘ਮਾਰਕੰਡੇਯ-ਪੁਰਾਣ’ (ਅ.81-82) ਵਿਚ ਲਿਖਿਆ ਹੈ ਕਿ ਸ਼ੁੰਭ ਅਤੇ ਨਿਸ਼ੁੰਭ ਨਾਂ ਦੇ ਦੋ ਦੈਂਤ ਭਰਾਵਾਂ ਨੇ ਦੇਵਤਿਆਂ ਨੂੰ ਹਰਾ ਕੇ ਉਨ੍ਹਾਂ ਦਾ ਸਭ ਕੁਝ ਲੁਟ ਲਿਆ। ਦੇਵਤਿਆਂ ਨੇ ਦੁਖੀ ਹੋ ਕੇ ਦੇਵੀ ਦੁਰਗਾ ਅਗੇ ਸਹਾਇਤਾ ਲਈ ਪ੍ਰਾਰਥਨਾ ਕੀਤੀ ਕਿਉਂਕਿ ਮਹਿਖਾਸੁਰ ਉਤੇ ਵਿਜੈ ਪ੍ਰਾਪਤ ਕਰਨ ਉਪਰੰਤ ਜਦ ਦੇਵੀ ਦੁਰਾਗ ਅਲੋਪ ਹੋਣ ਲਗੀ ਤਾਂ ਲੋੜ ਪੈਣ’ਤੇ ਦੇਵਤਿਆਂ ਦੀ ਫਿਰ ਤੋਂ ਮਦਦ ਕਰਨ ਦਾ ਵਿਸ਼ਵਾਸ ਦੇ ਗਈ। ਜਦ ਦੇਵਤੇ ਸਹਾਇਤਾ ਲਈ ਲਈ ਦੇਵੀ ਦੀ ਉਸਤਤ ਕਰਨ ਲਗੇ ਤਾਂ ਗੰਗਾ ਇਸ਼ਨਾਨ ਕਰਨ ਲਈ ‘ਪਾਰਬਤੀ’ ਉਥੇ ਪਹੁੰਚੀ। ਪਾਰਬਤੀ ਵਲੋਂ ਉਸਤਤ ਦਾ ਕਾਰਣ ਪੁਛਣ’ਤੇ ਉਸ ਦੇ ਸ਼ਰੀਰ ਵਿਚੋਂ ‘ਸ਼ਿਵਾ’ ਪ੍ਰਗਟ ਹੋਈ ਅਤੇ ਉਸ ਨੇ ਉਨ੍ਹਾਂ ਦੀ ਉਸਤਤ ਦਾ ਕਾਰਣ ਦਸਿਆ। ਪਾਰਬਤੀ ਦੇ ਸ਼ਰੀਰ-ਕੋਸ਼ ਵਿਚੋਂ ਪੈਦਾ ਹੋਣ ਕਾਰਣ ਉਸ ਦਾ ਨਾਂ ‘ਕੌਸ਼ਿਕੀ’ ਪਿਆ। ਕੌਸ਼ਿਕੀ ਦੇ ਪ੍ਰਗਟ ਹੋਣ ਕਾਰਣ ਪਾਰਬਤੀ ਦਾ ਸ਼ਰੀਰ ਕਾਲਾ ਹੋ ਗਿਆ। ਉਹ ਹਿਮਾਲੇ ਉਤੇ ਰਹਿਣ ਲਗੀ ਅਤੇ ਉਸ ਦਾ ਨਾਂ ‘ਕਾਲਿਕਾ’ ਪ੍ਰਸਿੱਧ ਹੋਇਆ। ਅਗੇ ਚਲ ਕੇ ਲਿਖਿਆ ਹੈ ਕਿ ਚੰਡ ਅਤੇ ਮੁੰਡ ਨਾਂ ਦੇ ਦੈਂਤਾਂ ਨਾਲ ਯੁੱਧ ਕਰਦਿਆਂ ਚੰਡੀ ਦੇਵੀ ਦਾ ਰੰਗ ਕਾਲਾ ਪੈ ਗਿਆ। ਉਸ ਦੇ ਮਸਤਕ ਵਿਚੋਂ ਤਲਵਾਰ, ਫੰਧੇ ਅਤੇ ਹੋਰ ਸ਼ਸਤ੍ਰਾਂ- ਅਸਤ੍ਰਾਂ ਸਹਿਤ ਭਿਆਨਕ ਰੂਪ-ਆਕਾਰ ਵਾਲੀ ‘ਕਾਲੀ’ ਦੀ ਉਤਪੱਤੀ ਹੋਈ।

            ਤਾਂਤ੍ਰਿਕ ਸਾਹਿਤ ਵਿਚ ਲਿਖਿਆ ਹੈ ਕਿ ਦੈਂਤਾਂ ਤੋਂ ਹਾਰਨ ਉਪਰੰਤ ਸਹਾਇਤ ਲਈ ਦੇਵਤੇ ਵਿਸ਼ਣੂ, ਸ਼ਿਵ ਅਤੇ ਬ੍ਰਹਮਾ ਦੀ ਸ਼ਰਣ ਵਿਚ ਗਏ। ਉਨ੍ਹਾਂ ਤਿੰਨਾਂ ਨੇ ਇਸ ਕੰਮ ਲਈ ਮਹਾਕਾਲੀ ਨੂੰ ਬੇਨਤੀ ਕੀਤੀ। ਮਹਾਕਾਲੀ ਨੇ ਤਾਰਾ ਦੇਵੀ ਦੀ ਸਹਾਇਤਾ ਨਾਲ ਜਿਨ੍ਹਾਂ ਬਾਰ੍ਹਾਂ ਦੇਵੀਆਂ ਦੀ ਉਤਪੱਤੀ ਕੀਤੀ, ਉਨ੍ਹਾਂ ਵਿਚੋਂ ਕਾਲੀ ਦੇਵੀ ਦਾ ਨਾਂ ਪ੍ਰਮੁਖ ਹੈ। ‘ਕਾਲੀਤੰਤ੍ਰ’ ਅਨੁਸਾਰ ਕਾਲੀ ਦਾ ਮੁਖ ਭਿਆਨਕ ਹੈ, ਵਾਲ ਖਿਲਰੇ ਹੋਏ ਹਨ, ਉਹ ਕਪਾਲਾਂ ਦੀ ਮਾਲਾ ਨਾਲ ਸਜੀ ਹੋਈ ਹੈ ਅਤੇ ਹੱਥ ਵਿਚ ਨਰ-ਮੁੰਡ ਧਾਰਣ ਕੀਤਾ ਹੋਇਆ ਹੈ। ਉਸ ਦਾ ਰੰਗ ਕਾਲਾ ਹੈ ਅਤੇ ਬਸਤ੍ਰਾਂ ਤੋਂ ਬਿਨਾ ਸ਼ਮਾਸ਼ਾਨ-ਭੂਮੀ ਵਿਚ ਵਿਚਰਦੀ ਹੈ।

            ਪੁਰਾਣ-ਸਾਹਿਤ ਵਿਚ ਕਾਲੀ ਦੇਵੀ ਦੇ ਕਈ ਸਰੂਪ ਪ੍ਰਚਲਿਤ ਹੋਏ, ਜਿਵੇਂ ਮਹਾਕਾਲੀ, ਭਦ੍ਰਕਾਲੀ, ਰਕਸ਼ਾਕਾਲੀ, ਸ਼ਮਸ਼ਾਨਕਾਲੀ ਆਦਿ। ਪਰ , ਅਸਲ ਵਿਚ, ਉਪਾਸਕਾਂ ਨੇ ਕਾਲੀ ਨੂੰ ਹੀ ਵਖ ਵਖ ਰੂਪਾਂ ਵਿਚ ਕਲਪਿਤ ਕੀਤਾ ਹੈ।

            ਡਾ. ਰਾਜਬਲੀ ਪਾਂਡੇਯ (‘ਹਿੰਦੂ ਧਰਮ-ਕੋਸ਼’) ਅਨੁਸਾਰ ਸ਼ਾਕਤਾਂ ਵਿਚ ਸ਼ਕਤੀ ਦੇ ਅੱਠ ਮਾਤ-ਰੂਪਾਂ ਤੋਂ ਇਲਾਵਾ ਕਾਲੀ ਦੀ ਪੂਜਾ ਦਾ ਨਿਰਦੇਸ਼ ਵੀ ਹੈ। ਪ੍ਰਾਚੀਨ ਕਾਲ ਵਿਚ ਸ਼ਕਤੀ ਦਾ ਕੋਈ ਵਿਸ਼ੇਸ਼ ਨਾਂ ਨ ਲੈ ਕੇ ਦੇਵੀ ਜਾਂ ਭਵਾਨੀ ਦੇ ਨਾਂ ਨਾਲ ਪੂਜਾ ਕੀਤੀ ਜਾਂਦੀ ਸੀ। ਭਵਾਨੀ ਤੋਂ ਹੀ ਸ਼ੀਤਲਾ ਦਾ ਬੋਧ ਹੁੰਦਾ ਹੈ। ਹੌਲੀ ਹੌਲੀ ਵਿਕਾਸ ਹੋਣ’ਤੇ ਕਿਸੇ ਨ ਕਿਸੇ ਕਾਰਜ ਦਾ ਸੰਬੰਧ ਕਿਸੇ ਇਕ ਵਿਸ਼ੇਸ਼ ਦੇਵਤਾ/ਦੇਵੀ ਨਾਲ ਸਥਾਪਿਤ ਹੋਣ ਲਗਾ। ਕਾਲੀ ਦੀ ਪੂਜਾ ਵੀ ਇਸੇ ਵਿਕਾਸ-ਕ੍ਰਮ ਵਿਚ ਸ਼ੁਰੂ ਹੋਈ। ਬੰਗਾਲ, ਤ੍ਰਿਪੁਰਾ ਆਦਿ ਪ੍ਰਦੇਸ਼ਾਂ ਵਿਚ ਕਾਲੀ ਦੀ ਉਪਾਸਨਾ ਵਿਸ਼ੇਸ਼ ਰੂਪ ਵਿਚ ਕੀਤੀ ਜਾਂਦੀ ਹੈ। ਮੰਦਿਰਾਂ ਵਿਚ ਕਾਲੀ ਦੀ ਸਥਾਪਨਾ ਇਸਤਰੀ ਦੇਵੀ ਵਜੋਂ ਹੁੰਦੀ ਹੈ ਜਿਸ ਦੀਆਂ ਚਾਰ ਭੁਜਾਵਾਂ ਵਿਚੋਂ ਇਕ ਵਿਚ ਖੜਗ , ਦੂਜੀ ਵਿਚ ਦਾਨਵ ਦਾ ਸਿਰ ਹੁੰਦਾ ਹੈ ਅਤੇ ਤੀਜੀ ਵਰਦ ਮੁਦ੍ਰਾ ਅਤੇ ਚੌਥੀ ਅਭਯ ਮੁਦ੍ਰਾ ਵਿਚ ਪਸਰੀਆਂ ਹੁੰਦੀਆਂ ਹਨ। ਕੰਨਾਂ ਵਿਚ ਦੋ ਮ੍ਰਿਤਕਾਂ ਦੇ ਕੁੰਡਲ , ਗਲੇ ਵਿਚ ਨਰ-ਮੁੰਡਾਂ ਦੀ ਮਾਲਾ, ਜੀਭ ਠੋਡੀ ਤਕ ਬਾਹਰ ਨੂੰ ਨਿਕਲੀ ਹੋਈ, ਵਾਲ ਖਿਲਰੇ ਹੋਏ ਅਤੇ ਲਕ ਨਾਲ ਦਾਨਵ-ਕਰਾਂ ਦੀ ਕਰਘਨੀ ਬੰਨ੍ਹੀ ਹੋਈ ਕਾਲੀ ਜਿਤੇ ਹੋਏ ਰਾਖਸ਼ਾਂ ਦਾ ਲਹੂ ਪੀਂਦੀ ਹੋਈ ਵਿਖਾਈ ਜਾਂਦੀ ਹੈ। ਇਸ ਦੀ ਪੂਜਾ ਕੱਤਕ ਦੇ ਹਨੇਰੇ ਪੱਖ ਦੀਆਂ ਰਾਤਾਂ ਵਿਚ ਕੀਤੀ ਜਾਣੀ ਜ਼ਿਆਦਾ ਫਲਦਾਇਕ ਹੈ।

            ‘ਦਸਮ-ਗ੍ਰੰਥ ’ ਵਿਚ ਚਿਤਰਿਤ ਕਾਲੀ/ਕਾਲਕਾ ਦਾ ਸਰੂਪ ਤਾਂਤ੍ਰਿਕਾਂ ਦੇ ਸਰੂਪ ਨਾਲ ਕਾਫ਼ੀ ਮੇਲ ਖਾਂਦਾ ਹੈ। ‘ਸ਼ਿਵ-ਪੁਰਾਣ’, ਵਿਚ ਇਸ ਨੂੰ ‘ਮਹਾਕਾਲ ’ ਦੀ ਸ਼ਕਤੀ ਵਜੋਂ ਚਿਤਰਿਆ ਗਿਆ ਹੈ। ‘ਬਚਿਤ੍ਰ-ਨਾਟਕ’ ਵਿਚ ਚਰਿਤ -ਨਾਇਕ ਵਲੋਂ ਪੂਰਵ ਜਨਮ ਵਿਚ ‘ਮਹਾਕਾਲ’ ਦੇ ਨਾਲ ਇਸ ਦੀ ਵੀ ਆਰਾਧਨਾ ਕੀਤੀ ਦਸੀ ਗਈ ਹੈ— ਤਹ ਹਮ ਅਧਿਕ ਤਪਸਿਆ ਸਾਧੀ ਮਹਾਕਾਲ ਕਾਲਕਾ ਆਰਾਧੀ ਸਿੱਧਾਂਤਿਕ ਰੂਪ ਵਿਚ ਇਹ ਸਿੱਖ ਧਰਮ ਦੀ ਇਸ਼ਟ ਦੇਵੀ ਵਜੋਂ ਮਾਨੑਯ ਨਹੀਂ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕਾਲੀ ਦੇਵੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਲੀ (ਦੇਵੀ) : ਇਹ ਹਿੰਦੂਆਂ ਦੀ ਇਕ ਦੇਵੀ ਹਨ। ਇਨ੍ਹਾਂ ਦੀ ਉਤਪਤੀ ਸਬੰਧੀ ਬਹੁਤ ਸਾਰੀਆਂ ਕਥਾਵਾਂ ਪ੍ਰਾਪਤ ਹਨ। ਮਾਰਕੰਡੇ ਪੁਰਾਣ ਅਨੁਸਾਰ ਭਗਵਤੀ ਚੰਡਿਕਾ ਦੇ ਲਲਾਟ ਤੋਂ ਇਨ੍ਹਾਂ ਦੀ ਉਤਪਤੀ ਹੋਈ ਸੀ। ਚੰਡ-ਵਧ ਸਮੇਂ ਰਾਕਸ਼ਾਂ ਨਾਲ ਯੁੱਧ ਕਰਦੇ ਹੋਏ ਭਗਵਤੀ ਦਾ ਰੰਗ ਕਾਲਾ ਹੋ ਗਿਆ ਸੀ। ਉਸੇ ਸਮੇਂ ਉਨ੍ਹਾਂ ਦੇ ਮਸਤਕ ਵਿਚੋਂ ਕਰਾਲਬਦਨ ਵਾਲੀ ਕਾਲੀ ਦੇਵੀ ਦੀ ਉਤਪਤੀ ਤਲਵਾਰ ਅਤੇ ਫੰਧੇ ਆਦਿ ਸ਼ਾਸਤਰਾਂ ਸਹਿਤ ਹੋਈ। ਅਸਤਰਾਂ ਸ਼ਸਤਰਾਂ ਨਾਲ ਸਜੀ ਹੋਈ ਦੇਵੀ ਦੇ ਜਨਮ ਦੀ ਕਲਪਨਾ ਯੂਰਪ ਵਿਚ ਵੀ ਮਿਲ ਜਾਂਦੀ ਹੈ। ਯੂਨਾਨੀ ਦੇਵੀ ਮਿਨਰਵਾ ਦਾ ਜਨਮ ਵੀ ਇਸੇ ਪ੍ਰਕਾਰ ਹੋਇਆ ਸੀ। ਬ੍ਰੀਹੱਨੀਲਤੰਤਰ ਵਿਚ ਕਾਲੀ ਦੀ ਉਤਪਤੀ ਦੀ ਹੋਰ ਕਥਾ ਦਿੱਤੀ ਗਈ ਹੈ। ਰਾਕਸ਼ਾ ਕੋਲੋਂ ਹਾਰਨ ਪਿਛੋਂ ਦੇਵਤਿਆਂ ਨੇ ਬ੍ਰਹਮਾ, ਵਿਸ਼ਨੂੰ ਅਤੇ ਸ਼ੰਕਰ ਦੀ ਸ਼ਰਨ ਹੀ ਪਰੰਤੂ ਉਨ੍ਹਾਂ ਤਿੰਨਾਂ ਨੇ ਆਪਣੇ ਆਪ ਨੂੰ ਅਸਮਰਥ ਸਮਝ ਕੇ ਮਹਾਂਕਾਲੀ ਨੂੰ ਬੇਨਤੀ ਕੀਤੀ। ਮਹਾਂਕਾਲੀ ਨੇ ਤਾਰਾ ਦੇਵੀ ਦੀ ਸਹਾਇਤਾ ਨਾਲ ਬਾਰਾਂ ਦੇਵੀਆਂ ਦੀ ਉਤਪਤੀ ਕੀਤੀ ਜਿਨ੍ਹਾਂ ਵਿਚ ਕਾਲੀ ਦੇਵੀ ਦਾ ਨਾਂ ਸਭ ਤੋਂ ਪਹਿਲਾਂ ਆਇਆ ਹੈ। ਸਪੱਸ਼ਟ ਹੈ ਕਿ ਇਥੇ ਕਾਲੀ ਦੇਵੀ ਨੂੰ ਮਹਾਂਕਾਲੀ ਦਾ ਹੀ ਇਕ ਰੂਪ ਮੰਨਿਆ ਗਿਆ ਹੈ। ਮਾਰਕੰਡੇ ਪੁਰਾਣ ਵਿਚ ਕਾਲੀ ਦੇਵੀ ਨੂੰ ਲਕਸ਼ਮੀ ਦੇ ਤਿੰਨਾਂ ਰੂਪਾਂ ਵਿਚੋਂ ਇਕ ਮੰਨਿਆ ਗਿਆ ਹੈ। ਕਾਲੀ ਦੇਵੀ ਦਾ ਪੂਜਾ ਦਾ ਇਤਿਹਾਸ ਸ਼ਕਤੀ ਪੂਜਾ ਦੇ ਇਤਿਹਾਸ ਵਿਚ ਬਹੁਤ ਪੁਰਾਣਾ ਨਹੀਂ ਹੈ। ਦੂਜੀ ਈ. ਪੂ. ਤੋਂ ਪਹਿਲਾਂ ਕਾਲੀ ਦੇਵੀ ਦੀ ਪੂਜਾ ਦੀ ਹੋਂਦ ਦਾ ਪ੍ਰਮਾਣ ਨਹੀਂ ਮਿਲਦਾ। ਪਹਿਲਾਂ ਤਾਂ ਸ਼ਾਇਦ ਸ਼ਕਤੀ ਪੂਜਾ ਦੀ ਪ੍ਰਵਿਰਤੀ ਵਿਚ ਹੀ ਕਾਲੀ ਪੂਜਾ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੋਵੇਗਾ, ਬਾਅਦ ਵਿਚ ਇਨ੍ਹਾਂ ਦੀ ਤਾਂਤਰਿਕ ਪੂਜਾ ਅਤੇ ਇਨ੍ਹਾਂ ਦੇ ਦਰਸ਼ਨ ਦਾ ਵਿਕਾਸ ਹੋਇਆ ਹੋਵੇਗਾ।

          ਪੁਰਾਣਾਂ ਅਤੇ ਮੁੱਖ ਧਾਰਮਕ ਗ੍ਰੰਥਾਂ ਵਿਚ ਕਾਲੀ ਦੇ ਵੱਖ ਵੱਖ ਰੂਪ ਪ੍ਰਾਪਤ ਹੁੰਦੇ ਹਨ। ਮਹਾਂਕਾਲੀ, ਦਖਸ਼ਿਣਾਕਾਲੀ, ਭਦ੍ਰ-ਕਾਲੀ, ਸ਼ਮਸ਼ਾਨਕਾਲੀ, ਗੁਹਯਕਾਲੀ, ਰਕਸ਼ਾ-ਕਾਲੀ ਆਦਿ। ਇਹ ਸਭ ਰੂਪ ਕਾਲੀ ਦੇ ਹੀ ਹਨ। ਪਰੰਤੂ ਉਪਾਸਨਾ ਭਾਵ ਅਨੁਸਾਰ ਇਨ੍ਹਾਂ ਦੇ ਨਾਵਾਂ ਅਤੇ ਸਰੂਪਾਂ ਵਿਚ ਭਿੰਨਤਾ ਕਰ ਲਈ ਗਈ ਹੈ। ਕਾਲੀ ਪੂਜਾ ਦਾ ਵਰਣਨ ਅਨੇਕ ਤੰਤਰ-ਪੁਰਾਣਾ ਵਿਚ ਪ੍ਰਾਪਤ ਹੁੰਦਾ ਹੈ। ਕਾਲੀਤੰਤਰਮ, ਸ਼ਿਆਮਾਰਹੱਸ, ਬ੍ਰਰੀਹਨੀਲਤੰਤਰ, ਦੇਵੀ ਭਾਗਵਤਮ, ਕਾਲੀਕਾਪੁਰਾਣ, ਮਾਰਕੰਡੇਪੁਰਾਣ ਆਦਿ ਇਨ੍ਹਾਂ ਵਿਚੋਂ ਪ੍ਰਮੁੱਖ ਹਨ। ਇਸ ਵਿਚ ਤੰਤ੍ਰਰਿਕ ਖੱਟ ਕਰਮ ਕਰਨ ਦਾ ਹੁਕਮ ਹੈ। ਸ਼ਰਾਬ ਨੂੰ ਮੰਤਰ ਨਾਲ ਸ਼ੁੱਧ ਕਰਨ ਤੇ ਪੀਣ ਦਾ ਵਿਧਾਨ ਵੀ ਹੈ। ਕਾਲੀ ਪੂਜਾ ਲਈ ਸ਼ਰਾਬ ਪੀਣ ਨੂੰ ਅਤਿਅੰਤ ਮਹੱਤਵਪੂਰਨ ਦੱਸਿਆ ਗਿਆ ਹੈ। ਕਾਲੀ ਨੂੰ ਚਾਰ ਬਾਹਵਾਂ ਵਾਲੀ ਕਿਹਾ ਗਿਆ ਹੈ। ਇਨ੍ਹਾਂ ਚਾਰਾਂ ਹੱਥਾਂ ਵਿਚੋਂ ਦੋ ਹੱਥਾਂ ਵਿਚ ਵਰ ਅਤੇ ਨਿਡਰ ਮੁਦਰਾ ਦੇ ਦਰਸ਼ਨ ਹੁੰਦੇ ਹਨ ਦੂਜੇ ਦੋਹਾਂ ਵਿਚ ਖੜਗ ਅਤੇ ਮੁੰਡਮਾਲਾ ਹੁੰਦੀ ਹੈ, ਗਲੇ ਵਿਚ ਵੀ ਮੁੰਡ ਮਾਲਾ ਹੁੰਦੀ ਹੈ। ਕਾਲੀ ਦੀ ਪੂਜਾ ਕੱਤਕ ਦੇ ਹਨੇਰੇ ਪੱਖ ਵਿਚ, ਵਿਸ਼ੇਸ਼ ਕਰਕੇ ਰਾਤ ਨੂੰ, ਵਧੇਰੇ ਫਲ ਦੇਣ ਵਾਲੀ ਦੱਸੀ ਗਈ ਹੈ। ਪੂਜਾ ਵਿਚ ਕਾਲੀਸਤੋਤਰ, ਕਵਚ, ਸ਼ਤਨਾਮ, ਸਹਸਰਨਾਮ ਦਾ ਵੀ ਵਿਧਾਨ ਹੈ।

          ਕਾਲੀਤਵ ਦਾ ਤਰਕ ਸਹਿਤ ਨਿਰਨਾ ਕਰਨ ਨਾਲ ਪੂਜਾ ਢੰਗ ਦਾ ਇਕ ਦਰਸ਼ਨ ਵੀ ਵਖਰੇ ਰੂਪ ਵਿਚ ਸਾਹਮਣੇ ਆਉਂਦਾ ਹੈ ਜਿਸ ਦਾ ਵਿਕਾਸ ਪੁਰਾਣਾਂ ਅਤੇ ਉਸ ਤੋਂ ਪਿਛੋਂ ਦੇ ਸਾਹਿਤ ਵਿਚ ਕੀਤਾ ਗਿਆ ਹੈ। ਇਸ ਅਨੁਸਾਰ ਸਾਰੇ ਬ੍ਰਹਮੰਡ ਦਾ ਹਰ ਕਣ ਸ਼ਕਤੀ ਤੋਂ ਬਿਨਾਂ ਲਾਸ਼ ਜਿਹਾ ਹੈ। ਉਸ ਦਾ ਬਿੰਬ ਹੀ ਮਾਇਆ ਹੈ ਅਤੇ ਸ਼ਿਵ ਉਸ ਦਾ ਮਨ ਹੈ। ਸ੍ਰਿਸ਼ਟੀ ਦੀ ਉਤਪਤੀ ਲਈ ਇਕ ਪਰਮ ਸ਼ਕਤੀ ਨੇ ਸ਼ਿਵ ਦੀ ਪਤੀ ਰੂਪ ਵਿਚ ਕਲਪਨਾ ਕਰ ਲਈ। ਕਈ ਯੁਗਾਂ ਤਕ ਵਿਪਰੀਤ ਰਤੀ ਕਰਨ ਪਿਛੋਂ ਇਕ ਬਿੰਦੂ ਦੀ ਸ੍ਰਿਸ਼ਟੀ ਹੋਈ, ਜਿਸ ਵਿਚੋਂ ਅਤਿ ਖ਼ੂਬਸੂਰਤ ਇਕ ਸੁੰਦਰੀ ਪੈਦਾ ਹੋਈ। ਇਸੇ ਦਾ ਨਾਂ ਮਹਾਕਾਲੀ ਹੋਇਆ। ਮਹਾਕਾਲ ਜਿਸ ਦੁਆਰਾ ਮੋਹਿਤ ਕੀਤਾ ਗਿਆ ਹੈ, ਉਹ ਹੀ ਕਾਲੀ ਹੈ। ਇਹ ਅਨਾਦਿ ਰੂਪੀ ਹੈ। ਬ੍ਰਹਮਾ, ਵਿਸ਼ਨੂੰ ਆਦਿ ਦੇਵਤੇ ਇਸੇ ਤੋਂ ਉਤਪੰਨ ਹੋਏ ਹਨ।

          ਹ. ਪੁ.––ਹਿੰ. ਵਿ. ਕੋ. 2 : 494


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.