ਕੀਰਤਪੁਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੀਰਤਪੁਰ . ਜਿਲਾ ਹੁਸ਼ਿਆਰਪੁਰ ਤਸੀਲ ਊਂਨਾਂ ਥਾਣਾ ਆਨੰਦਪੁਰ ਵਿੱਚ ਪਹਾੜੀ ਇਲਾਕੇ ਸਤਲੁਜ ਦੇ ਕਿਨਾਰੇ ਇਹ ਨਗਰ ਹੈ , ਜੋ ਸੰਮਤ ੧੬੮੩ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕਹਲੂਰ ਦੇ ਰਾਜਾ ਤਾਰਾਚੰਦ ਤੋਂ ਜ਼ਮੀਨ ਖਰੀਦਕੇ ਬਾਬਾ ਗੁਰਦਿੱਤਾ ਜੀ ਦੀ ਮਾਰਫ਼ਤ ਆਬਾਦ ਕਰਵਾਇਆ. ਇਸ ਦੇ ਵਸਣ ਦਾ ਵਰ ਸ਼੍ਰੀ ਗੁਰੂ ਨਾਨਕ ਦੇਵ ਨੇ ਹੀ ਦਿੱਤਾ ਸੀ , ਜਦੋਂ ਗੁਰੂ ਜੀ ਇੱਥੇ ਆਏ ਹੋਏ “ ਚਰਣਕਮਲ” ਠਹਿਰੇ ਅਤੇ ਸਾਂਈਂ ਬੁੱਢਣਸ਼ਾਹ ਨੂੰ ਜੰਗਲ ਵਿੱਚ ਮਿਲੇ ਸਨ.

ਕੀਰਤਪੁਰ ਰੋਪੜ1  ਤੋਂ ੧੪ ਮੀਲ , ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੩੧ ਮੀਲ ਹੈ.

ਇਸ ਪਵਿਤ੍ਰ ਨਗਰ ਵਿੱਚ ਇਹ ਗੁਰਦ੍ਵਾਰੇ ਹਨ : —

( ੧ ) ਸ਼ੀਸ਼ਮਹਲ. ਆਬਾਦੀ ਦੇ ਵਿਚਕਾਰ ਸਤਿਗੁਰਾਂ ਦੇ ਨਿਵਾਸ ਦੇ ਮਕਾਨ. ਇਨ੍ਹਾਂ ਮਹਿਲਾਂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਸੰਮਤ ੧੬੯੧ ਵਿੱਚ ਆਏ ਅਤੇ ਅੰਤ ਤੀਕ ਇੱਥੇ ਹੀ ਰਹੇ. ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਅਤੇ ਗੁਰੂ ਹਰਿਕ੍ਰਿ੄ਨ ਜੀ ਦਾ ਜਨਮ ਇਨ੍ਹਾਂ ਹੀ ਮਹਿਲਾਂ ਵਿੱਚ ਹੋਇਆ ਹੈ. ਇਨ੍ਹਾਂ ਮਹਿਲਾਂ ਤੋਂ ਉੱਤਰ ਵੱਲ ਗੁਰੂ ਸਾਹਿਬਾਨ ਦੇ ਇਸਨਾਨ ਕਰਨ ਦੇ ਅਸਥਾਨ ਹਨ. ਗੁਰਦ੍ਵਾਰੇ ਦੀ ਹਾਲਤ ਪੱਕੀ ਆਮਦਨ ਨਾ ਹੋਣ ਕਰਕੇ ਹੱਛੀ ਨਹੀਂ ਹੈ.

( ੨ ) ਹਰਿਮੰਦਿਰ ਸਾਹਿਬ. ਕੀਰਤਪੁਰ ਦੀ ਆਬਾਦੀ ਦੇ ਵਿੱਚ ਹੀ ਇਹ ਭੀ ਗੁਰੂ ਹਰਿਗੋਬਿੰਦ ਸਾਹਿਬ ਦੇ ਨਿਵਾਸ ਦਾ ਅਸਥਾਨ ਹੈ. ਗੁਰਦ੍ਵਾਰੇ ਨਾਲ ਕ਼ਰੀਬ ਪੰਜ ਘੁਮਾਉਂ ਜ਼ਮੀਨ ਹੈ.

( ੩ ) ਖੂਹ ਗੁਰੂ ਕਾ. ਇਹ ਕੂਆ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਲਗਵਾਇਆ ਹੋਇਆ ਹੈ.

( ੪ ) ਚਰਨਕਮਲ. ਕੀਰਤਪੁਰ ਦੇ ਪਾਸ ਹੀ ਉੱਤਰ ਪੱਛਮ ਸ਼੍ਰੀ ਗੁਰੂ ਨਾਨਕ ਦੇਵ ਦਾ ਗੁਰਦ੍ਵਾਰਾ ਹੈ. ਪਹਾੜੀਯਾਤ੍ਰਾ ਸਮੇਂ ਗੁਰੂ ਸਾਹਿਬ ਏਧਰ ਆਏ ਹਨ. ਸਾਂਈ ਬੁੱਢਣਸ਼ਾਹ ਨੂੰ ਉਪਦੇਸ਼ ਦੇ ਕੇ ਕ੍ਰਿਤਾਰਥ ਕੀਤਾ. ਦੇਖੋ , ਬੁੱਢਣਸ਼ਾਹ ਅਤੇ ਗੁਰਦਿੱਤਾ ਬਾਬਾ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਛੀ ਸੌ ਰੁਪਯੇ ਸਾਲਾਨਾ ਜਾਗੀਰ ਹੈ. ਪੁਜਾਰੀ ਉਦਾਸੀ ਸਾਧੁ ਹੈ.

( ੫ ) ਚੁਬੱਚਾ ਸਾਹਿਬ. ਸ਼ਹਿਰ ਦੇ ਵਿੱਚ ਹੀ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਇੱਥੇ ਇੱਕ ਵਡੇ ਭਾਰੀ ਚੁਬੱਚੇ ਵਿੱਚ ਘੋੜਿਆਂ ਲਈ ਦਾਣਾ ਭਿਉਂਕੇ ਸਤਿਗੁਰੂ ਜੀ ਕਈ ਵਾਰੀਂ ਆਪਣੇ ਹੱਥੀਂ ਵਰਤਾਉਂਦੇ ਹੁੰਦੇ ਸਨ , ਤਿਸ ਸਮੇਂ ਦੀ ਯਾਦਗਾਰ ਵਿੱਚ ਇਹ ਗੁਰਅਸਥਾਨ ਹੈ. ਸਾਧਾਰਣ ਗੁਰਦ੍ਵਾਰਾ ਬਣਿਆ ਹੋਇਆ ਹੈ , ਆਮਦਨ ਕੋਈ ਨਹੀਂ ਹੈ.

( ੬ ) ਤਖ਼ਤ ਸਾਹਿਬ. ਕੀਰਤਪੁਰ ਦੀ ਆਬਾਦੀ ਵਿੱਚ ਹੀ ਸ਼਷੢ ਗੁਰੂ ਹਰਿਰਾਇ ਸਾਹਿਬ ਅਤੇ ਸ਼੍ਰੀ ਗੁਰੂ ਹਰਿਕ੍ਰਿ੄ਨ ਜੀ ਮਹਾਰਾਜ ਨੂੰ ਗੁਰਿਆਈ ਦੇ ਤਿਲਕ ਹੋਣ ਦੀ ਯਾਦਗਾਰ ਵਿੱਚ ਗੁਰਦ੍ਵਾਰਾ ਹੈ. ਗੁਰਦ੍ਵਾਰਾ ਸਾਧਾਰਣ ਹਾਲਤ ਵਿੱਚ ਹੈ ਕੋਈ ਸੇਵਾਦਾਰ ਨਹੀਂ ਹੈ.

( ੭ ) ਤੀਰਮੰਜੀ ਸਾਹਿਬ. ਕੀਰਤਪੁਰ ਤੋਂ ਦੱਖਣ ਦਿਸ਼ਾ ਵੱਲ ਅੱਧ ਮੀਲ ਦੇ ਕਰੀਬ ਦੇਹਰਾ ਬਾਬਾ ਗੁਰਦਿੱਤਾ ਜੀ ਦੇ ਪਾਸ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਸਥਾਨ ਹੈ. ਸਤਿਗੁਰੂ ਜੀ ਇੱਥੇ ਬੈਠਕੇ ਤੀਰ ਚਲਾਇਆ ਕਰਦੇ ਸਨ. ਕੇਵਲ ਛੋਟਾ ਜਿਹਾ ਮੰਜੀ ਸਾਹਿਬ ਬਣਿਆ ਹੋਇਆ ਹੈ. ਪੁਜਾਰੀ ਕੋਈ ਨਹੀਂ , ਨਾਂਹੀ ਕੋਈ ਆਮਦਨ ਹੈ.

( ੮ ) ਦਮਦਮਾ ਸਾਹਿਬ. ਕੀਰਤਪੁਰ ਦੇ ਵਿਚਕਾਰ ਹਰਿਮੰਦਿਰ ਦੇ ਪਾਸ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਇਸ ਥਾਂ ਦੀਵਾਨ ਸਜਾਇਆ ਕਰਦੇ ਸਨ.

ਗੁਰਦ੍ਵਾਰੇ ਨਾਲ ਦੋ ਦੁਕਾਨਾਂ ਹਨ , ਜਿਨ੍ਹਾਂ ਦਾ ਕਿਰਾਇਆ ੨੫ ) ਰੁਪਯੇ ਸਾਲ ਆਉਂਦਾ ਹੈ.

( ੯ ) ਦੇਹਰਾ ਬਾਬਾ ਗੁਰਦਿੱਤਾ ਜੀ. ਕੀਰਤਪੁਰ ਤੋਂ ਦੱਖਣ ਵੱਲ ਅੱਧ ਮੀਲ ਦੇ ਕਰੀਬ ਇਹ ਆਲੀਸ਼ਾਨ ਇਮਾਰਤ ਹੈ. ਇਸ ਥਾਂ ਬਾਬਾ ਗੁਰਦਿੱਤਾ ਜੀ ਦਾ ਸਸਕਾਰ ਹੋਇਆ ਹੈ. ਦੇਹਰੇ ਨਾਲ ਪੰਜ ਸੌ ਘੁਮਾਉਂ ਜ਼ਮੀਨ ਹੈ. ਮੇਲਾ ਹੋਲੇ ਨੂੰ ਹੁੰਦਾ ਹੈ.

( ੧੦ ) ਪਾਤਾਲਪੁਰੀ. ਕੀਰਤਪੁਰ ਤੋਂ ਦੱਖਣ ਪੱਛਮ ਦੋ ਫ਼ਰਲਾਂਗ ਦੇ ਕ਼ਰੀਬ ਸਤਲੁਜ ਕਿਨਾਰੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਦੇਹਰਾ ਹੈ.

ਸ਼੍ਰੀ ਗੁਰੂ ਹਰਿਕ੍ਰਿ੄ਨ ਜੀ ਦੀ ਵਿਭੂਤੀ ਭੀ ਦਿੱਲੀ ਤੋਂ ਲਿਆਕੇ ਇੱਥੇ ਅਸਥਾਪਨ ਕੀਤੀ ਗਈ ਹੈ.

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੀ ਗੁਰੂ ਹਰਿਕ੍ਰਿ੄ਨ ਸਾਹਿਬ ਜੀ ਦੀ ਯਾਦਗਾਰ ਵਿੱਚ ਤਾਂ ਕੇਵਲ ਮੰਜੀ ਸਾਹਿਬ ਹਨ , ਪਰ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਦੇਹਰਾ ਵਡਾ ਉੱਚਾ ਸੁਨਹਿਰੀ ਕਲਸ਼ ਵਾਲਾ ਬਣਿਆ ਹੋਇਆ ਹੈ.

ਰਿਆਸਤ ਪਟਿਆਲਾ ਵੱਲੋਂ ਸੱਠ ਰੁਪਯੇ ਸਾਲਾਨਾ ਮਿਲਦੇ ਹਨ , ਚੜ੍ਹਾਵੇ ਦੀ ਆਮਦਨ ਇਸ ਅਸਥਾਨ ਨੂੰ ਬਹੁਤ ਹੈ.

( ੧੧ ) ਬੁੱਢਣਸ਼ਾਹ ਜੀ ਦਾ ਤਕੀਆ. ਕੀਰਤਪੁਰ ਤੋਂ ਦੱਖਣ ਵੱਲ ਅੱਧ ਮੀਲ ਦੇ ਕ਼ਰੀਬ ਬਾਬਾ ਗੁਰਦਿੱਤਾ ਜੀ ਦੇ ਦਰਬਾਰ ਪਾਸ ਸਾਂਈ ਬੁੱਢਣਸ਼ਾਹ ਜੀ ਦਾ ਤਕੀਆ ਹੈ , ਜਿਸ ਥਾਂ ਗੁਰੂ ਨਾਨਕ ਦੇਵ ਅਤੇ ਬਾਬਾ ਗੁਰਦਿੱਤਾ ਜੀ ਦੇ ਚਰਣ ਪਏ ਹਨ.

ਤਕੀਆ ਪੱਕਾ ਬਣਿਆ ਹੋਇਆ ਹੈ , ਜਿਸ ਦੇ ਅੰਦਰ ਸਾਂਈ ਜੀ ਦੀ ਕਬਰ ਹੈ ਅਤੇ ਕਬਰ ਤੋਂ ਉੱਤਰ ਦਿਸ਼ਾ ਸਾਈਂ ਜੀ ਦੀਆਂ ਬਕਰੀਆਂ , ਕੁੱਤੇ ਅਤੇ ਸ਼ੇਰ ਦੀਆਂ ਮੜ੍ਹੀਆਂ ਬਣੀਆਂ ਹੋਈਆਂ ਹਨ. ਪੁਜਾਰੀ ਸਾਂਈ ਅੱਲਾਦਿੱਤਾ ਜੀ “ ਚਰਨੌਲੀ” ਵਾਲੇ ਪ੍ਰੇਮ ਨਾਲ ਸੇਵਾ ਕਰਦੇ ਹਨ.

( ੧੨ ) ਵਿਮਾਨਗੜ੍ਹ. ਕੀਰਤਪੁਰ ਦੇ ਵਿੱਚ ਹੀ ਉਹ ਅਸਥਾਨ ਹੈ , ਜਿੱਥੇ ਦਿੱਲੀ ਤੋਂ ਆਇਆ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸੀਸ ਟਿਕਾਇਆ ਗਿਆ ਸੀ , ਅਤੇ ਇਸ ਥਾਂ ਤੋਂ ਵਿਮਾਨ ਵਿੱਚ ਰੱਖਕੇ ਸ਼ਬਦ ਕੀਰਤਨ ਕਰਦੇ ਹੋਏ ਸੰਗਤਿ ਸਾਥ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦਪੁਰ ਲੈ ਗਏ ਸਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1984, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੀਰਤਪੁਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕੀਰਤਪੁਰ : ਇਹ ਸਿੱਖਾਂ ਦਾ ਇਕ ਪਵਿੱਤਰ ਨਗਰ ਹੈ ਜੋ ਪੰਜਾਬ ਰਾਜ ( ਭਾਰਤ ) ਦੇ ਜ਼ਿਲ੍ਹਾ ਰੂਪਨਗਰ ( ਰੋਪੜ ) ਦੀ ਅਨੰਦਪੁਰ ਸਾਹਿਬ ਨਾਮੀ ਤਹਿਸੀਲ ਵਿਚ , ਅਨੰਦਪੁਰ ਸਾਹਿਬ ਤੋਂ ਦੱਖਣ ਵਲ ਲਗਭਗ 10 ਕਿ. ਮੀ. ਦੂਰ , ਨੰਗਲ-ਰੋਪੜ-ਚੰਡੀਗੜ੍ਹ ਅਤੇ ਸਤਲੁਜ ਦਰਿਆ ਦੇ ਕੰਢੇ ਉਤੇ ਸਥਿੱਤ ਹੈ । ਪਹਿਲਾਂ ਇਹ ਨਗਰ ਪੰਜਾਬ ਰਾਜ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਊਨਾ ( ਜੋ ਨਵੰਬਰ 1 , 1966 ਨੂੰ ਅੰਸ਼ਕ ਰੂਪ ਵਿਚ ਪੰਜਾਬ ਰਾਜ ਦੇ ਨਵੇਂ ਜ਼ਿਲ੍ਹੇ ਰੋਪੜ ਅਤੇ ਅੰਸ਼ਕ ਰੂਪ ਵਿਚ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿਚ ਸ਼ਾਮਲ ਕਰ ਦਿੱਤੀ ਗਈ ਸੀ ) ਵਿਚ ਹੁੰਦਾ ਸੀ । ਇਹ ਨਗਰ ਸੰਮਤ 1683 ( ਸੰਨ 1626 ਈ. ) ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕਹਲੂਰ ਦੇ ਰਾਜਾ ਤਾਰਾ ਚੰਦ ਤੋਂ ਜ਼ਮੀਨ ਖਰੀਦ ਕੇ ਬਾਬਾ ਗੁਰਦਿੱਤਾਂ ਜੀ ਦੀ ਮਾਰਫਤ ਆਬਾਦ ਕਰਵਾਇਆ । ਇਸ ਦੇ ਵਸਣ ਦਾ ਵਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਦਿਤਾ ਸੀ , ਜਦੋਂ ਗੁਰੂ ਜੀ ਇਥੇ ਆਏ ਹੋਏ ‘ ਚਰਨਕਮਲ’ ਠਹਿਰੇ ਅਤੇ ਸਾਈਂ ਬੁੱਢਣਸ਼ਾਹ ਨੂੰ ਜੰਗਲ ਵਿਚ ਮਿਲੇ ਸਨ ।              

                  ਇਸ ਪਵਿੱਤਰ ਨਗਰ ਵਿਚ ਹੇ ਲਿਖੇ ਪ੍ਰਸਿੱਧ ਧਾਰਮ ਅਤੇ ਇਤਿਹਾਸਕ ਸਥਾਨ ਹਨ : – –

                  1. ਸ਼ੀਸ਼ ਮਹਿਲ– – ਸ਼ਹਿਰ ਦੇ ਵਿਚਕਾਰ ਗੁਰੂ ਸਾਹਿਬਾਨ ਦਾ ਨਿਵਾਸ ਅਸਥਾਨ , ਜਿਥੇ ਗੁਰੂ ਹਰਗੋਬਿੰਦ ਸਾਹਿਬ ਸੰਮਤ 1691 ਬਿਕਰਮੀ ( ਸੰਨ 1634 ਈ. ) ਵਿਚ ਆਏ ਸਨ ਅਤੇ ਅੰਤ ਤੀਕ ਇਥੇ ਹੀ ਰਹੇ ਸਨ । ਸ੍ਰੀ ਗੁਰੂ ਹਰਿ ਰਾਇ ਸਾਹਿਬ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਇਨ੍ਹਾਂ ਹੀ ਮਹਿਲਾਂ ਵਿਚ ਹੋਇਆ ਸੀ । ਇਨ੍ਹਾਂ ਮਹਿਲਾਂ ਤੋਂ ਉੱਤਰ ਵਲ ਗੁਰੂ ਸਾਹਿਬਾਨ ਦੇ ਇਸ਼ਨਾਨ ਕਰਨ ਦੇ ਅਸਥਾਨ ਹਨ ।

                  2. ਹਰਿਮੰਦਰ ਸਾਹਿਬ– – ਕੀਰਤਪੁਰ ਦੀ ਆਬਾਦੀ ਵਿਚ ਹੀ ਇਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਨਿਵਾਸ-ਅਸਥਾਨ ਹੈ । ਗੁਰਦੁਆਰਾ ਸਾਹਿਬ ਦੇ ਨਾਲ ਕਰੀਬ ਪੰਜ ਘੁਮਾਉਂ ਜ਼ਮੀਨ ਹੈ ।

                  3. ਗੁਰੂ ਕਾ ਖੂਹ– ਇਹ ਖੂਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਲਗਵਾਇਆ ਹੋਇਆ ਹੈ ।

                  4. ਚਰਨ ਕਮਲ– – ਕੀਰਤਪੁਰ ਦੇ ਪਾਸ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ । ਪਹਾੜੀ ਯਾਤਰਾ ਸਮੇਂ ਗੁਰੂ ਸਾਹਿਬ ਏਧਰ ਆਏ ਸਨ ਅਤੇ ਸਾਈਂ ਬੁੱਢਣਸ਼ਾਹ ਨੂੰ ਦਰਸ਼ਨ ਅਤੇ ਉਪਦੇਸ਼ ਦਿਤਾ ਸੀ ।

                  5. ਚੁਬੱਚਾ ਸਾਹਿਬ– – ਸ਼ਹਿਰ ਦੇ ਵਿਚਕਾਰ ਹੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦੁਆਰਾ ਹੈ । ਇਥੇ ਇਕ ਵੱਡੇ ਭਾਰੀ ਚੁਬੱਚੇ ਵਿਚ ਘੋੜਿਆਂ ਲਈ ਦਾਣਾ ਭਿਉਂ ਕਿ ਸਤਿਗੁਰੂ ਜੀ ਕਈ ਵਾਰੀ ਆਪਦੇ ਹੱਥੀਂ ਵਰਤਾਉਂਦੇ ਹੁੰਦੇ ਸਨ । ਉਸ ਸਮੇਂ ਦੀ ਯਾਦਗਾਰ ਵਿਚ ਇਹ ਗੁਰ ਅਸਥਾਨ ਹੈ ।

                  6. ਤਖ਼ਤ ਸਾਹਿਬ– – ਕੀਰਤਪੁਰ ਦੀ ਆਬਾਦੀ ਵਿਚ ਸ੍ਰੀ ਗੁਰੂ ਹਰਿਰਾਇ ਸਾਹਿਬ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਗੁਰਿਆਈ ਦੇ ਤਿਲਕ ਹੋਣ ਦੀ ਯਾਦਗਾਰ ਵਿਚ ਗੁਰਦੁਆਰਾ ਹੈ ।

                  7. ਤੀਰਮੰਜੀ ਸਾਹਿਬ– – ਕੀਰਤਪੁਰ ਤੋਂ ਦੱਖਣ ਦਿਸ਼ਾ ਵਲ ਅੱਧ ਮੀਲ ਦੇ ਕਰੀਬ ਦੇਹਰਾ ਬਾਬਾ ਗੁਰਦਿੱਤਾ ਜੀ ਦੇ ਪਾਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਸਥਾਨ ਹੈ । ਸਤਿਗੁਰੂ ਜੀ ਇਥੇ ਬੈਠ ਕੇ ਤੀਰ ਚਲਾਇਆ ਕਰਦੇ ਸਨ ।

                  8. ਦਮਦਮਾ ਸਾਹਿਬ– – ਕੀਰਤਪੁਰ ਦੇ ਵਿਚਕਾਰ ਹਰਿਮੰਦਰ ਦੇ ਪਾਸ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦੁਆਰਾ ਹੈ । ਸਤਿਗੁਰੂ ਜੀ ਇਸ ਥਾਂ ਦੀਵਾਨ ਸਜਾਇਆ ਕਰਦੇ ਹਨ ।

                  9. ਦੇਹਰਾ ਬਾਬਾ ਗੁਰਦਿੱਤਾ ਜੀ– ਕੀਰਤਪੁਰ ਤੋਂ ਦੱਖਣ ਵਲ ਅੱਧ ਮੀਲ ਦੇ ਕਰੀਬ ਇਹ ਆਲੀਸ਼ਾਨ ਇਮਾਰਤ ਹੈ । ਇਸ ਥਾਂ ਬਾਬਾ ਗੁਰਦਿੱਤਾ ਜੀ ਦਾ ਸਸਕਾਰ ਹੋਇਆ ਸੀ । ਦੇਹਰੇ ਨਾਲ ਪੰਜ ਸੌ ਘੁਮਾਉਂ ਜ਼ਮੀਨ ਹੈ । ਮੇਲਾ ਹੋਲੇ ਨੂੰ ਲੱਗਦਾ ਹੈ ।

                  10. ਪਤਾਲਪੁਰੀ– – ਕੀਰਤਪੁਰ ਤੋਂ ਦੋ ਕੁ ਫਰਲਾਂਗ ਦੱਖਣ ਪੱਛਮ ਨੂੰ ਸ੍ਰੀ ਗੁਰੂ ਹਰਿਗੋਬਿੰਦ ਅਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਸਸਕਾਰ ਅਸਥਾਨ ਹਨ । ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰਕ੍ਰਿਸ਼ਲ ਜੀ ਦੀ ਯਾਦ ਵਿਚ ਮੰਜੀ ਸਾਹਿਬ ਬਣੇ ਹੋਏ ਹਨ ਅਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਦੇਹਰਾ ਵੱਡਾ ਉੱਚਾ ਸੁਨਹਿਰੀ ਵਾਲਾ ਹੈ । ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਵਿਭੂਤੀ ਵੀ ਦਿੱਲੀ ਤੋਂ ਲਿਆਕੇ ਇਸੇ ਅਸਥਾਨ ਤੇ ਰੱਖੀ ਗਈ ਸੀ ।

                  11. ਬੁੱਢਣ ਸ਼ਾਹ ਜੀ ਦਾ ਤਕੀਆ– – ਕੀਰਤਪੁਰ ਤੋਂ ਦੱਖਣ ਵਲ ਅਧ ਮੀਲ ਦੇ ਕਰੀਬ ਬਾਬਾ ਗੁਰਦਿੱਤਾ ਜੀ ਦੇ ਦਰਬਾਰ ਪਾਸ ਸਾਂਈ ਬੁੱਢਣਸ਼ਾਹ ਜੀ ਦਾ ਤਕੀਆ ਹੈ ਜਿਸ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਗੁਰਦਿੱਤਾ ਜੀ ਨੇ ਚਰਨ ਪਾਏ ਸਨ ।

                  ਤਕੀਆ ਪੱਕਾ ਬਣਿਆ ਹੋਇਆ ਹੈ , ਜਿਸ ਦੇ ਅੰਦਰ ਸਾਈਂ ਜੀ ਦੀ ਕਬਰ ਹੈ ਅਤੇ ਕਬਰ ਤੋਂ ਉੱਤਰ ਦਿਸ਼ਾ ਸਾਈਂ ਜੀ ਦੀਆਂ ਬੱਕਰੀਆਂ , ਕੁੱਤੇ ਅਤੇ ਸ਼ੇਰ ਦੀਆਂ ਮੜ੍ਹੀਆਂ ਬਣੀਆਂ ਹੋਈਆਂ ਹਨ ।

                  12. ਵਿਮਾਨਗੜ੍ਹ– – ਕੀਰਤਪੁਰ ਵਿਚ ਉਹ ਅਸਥਾਨ ਜਿਥੇ ਦਿੱਲੀ ਤੋਂ ਲਿਆਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਟਿਕਾਇਆ ਗਿਆ ਸੀ । ਇਸ ਥਾਂ ਤੋਂ ਸੀਸ ਵਿਮਾਨ ਵਿਚ ਰੱਖ ਕੇ ਸ਼ਬਦ ਕੀਰਤਨ ਕਰਦੇ ਹੋਏ ਸੰਗਤਿ ਸਾਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਲੈ ਕੇ ਗਏ ਸਨ ।

                                    ਹ. ਪੁ. – – ਮ. ਕੋ. 322


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.