ਕੂੰਜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂੰਜ (ਨਾਂ,ਇ) ਲੰਮੀਆਂ ਲੱਤਾਂ ਅਤੇ ਲੰਮੀ ਧੌਣ ਦੀ ਦਿੱਖ ਦਾ ਦੂਰ ਦੇਸਾਂ ਵੱਲੋਂ ਉੱਡ ਕੇ ਆਉਣ ਵਾਲਾ ਕਾਸ਼ਨੀ ਰੰਗ ਦਾ ਪੰਖੇਰੂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੂੰਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂੰਜ [ਨਾਂਪੁ] ਇੱਕ ਪੰਛੀ ਜਿਸਦੀ ਧੌਣ ਅਤੇ ਟੰਗਾਂ ਲੰਬੀਆਂ ਹੁੰਦੀਆਂ ਹਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25683, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੂੰਜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂੰਜ. ਸੰ. क्रौञ्च —ਕ੍ਰੌਂਚ ਅਤੇ ਕੁਰਰੀ. ਕਾਸਨੀਰੰਗਾ ਇੱਕ ਪੰਖੇਰੂ , ਜਿਸ ਦੀ ਗਰਦਨ ਲੰਮੀ ਹੁੰਦੀ ਹੈ. ਕੂੰਜ ਖੇਤਾਂ ਦਾ ਬਹੁਤ ਨੁਕਸਾਨ ਕਰਦੀ ਹੈ. ਸਰਦੀਆਂ ਦੇ ਸ਼ੁਰੂ ਵਿੱਚ ਗਰਮ ਦੇਸ਼ਾਂ ਵਿੱਚ ਆਉਂਦੀ ਅਤੇ ਗਰਮੀਆਂ ਵਿੱਚ ਠੰਢੇ ਦੇਸ਼ਾਂ ਨੂੰ ਚਲੀ ਜਾਂਦੀ ਹੈ. “ਆਪਣੀ ਖੇਤੀ ਰਖਿਲੈ, ਕੂੰਜ ਪੜੈਗੀ ਖੇਤਿ.” (ਸ੍ਰੀ ਮ: ੩) ਇਸ ਥਾਂ ਕੂੰਜ ਤੋਂ ਭਾਵ ਮੌਤ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੂੰਜ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੂੰਜ (ਸੰ.। ਪੰਜਾਬੀ। ਸੰਸਕ੍ਰਿਤ ਕ੍ਰੌਂਚ) ਪੰਛੀ ਦਾ ਪ੍ਰਸਿੱਧ ਨਾਮ ਹੈ, ਜਿਸ ਦੀਆਂ ਲੱਤਾਂ ਲੰਮੀਆਂ ਤੇ ਪਤਲੀਆਂ, ਲੰਬੀ ਗਿੱਚੀ ਦੇ ਤਕੜੇ ਖੰਭ ਹੁੰਦੇ ਹਨ, ਬੜਾ ਉੱਚਾ ਉਡਦਾ ਹੈ। ਯਥਾ-‘ਕੂੰਜ ਪੜੈਗੀ ਖੇਤਿ’ ਇਥੇ ਕੂੰਜ ਤੋਂ ਮੁਰਾਦ ਮੌਤ ਹੈ। ਖੇਤ ਤੋਂ ਭਾਵ ਸਰੀਰ ਅਥਵਾ ਸਾਸ ਹਨ। ਅਥਵਾ ਤ੍ਰਿਸ਼ਨਾ ਰੂਪੀ ਕੂੰਜ ਸ਼ੁਭ ਗੁਣਾਂ ਰੂਪੀ ਖੇਤੀ ਵਿਚ ਪਵੇਗੀ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 25439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੂੰਜ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕੂੰਜ : ਇਹ ਗਰੂਇਫਾੱਰਮੀਜ਼ ਵਰਗ ਦੀ ਗਰੂਇੱਡੀ ਕੁਲ ਦਾ ਬਗਲੇ ਵਰਗਾ ਪੰਛੀ ਹੈ। ਇਸ ਦਾ ਪ੍ਰਾਣੀ-ਵਿਗਿਆਨਕ ਨਾਂ ਐਂਥਰੋ-ਪਾੱਇਡੀਜ਼ ਵਿਰਗੋ (Anthropoides virgo) ਹੈ। ਇਸ ਨੂੰ ਡੈਮੋਜ਼ੈਲ ਕ੍ਰੇਨ ਵੀ ਕਹਿੰਦੇ ਹਨ। ਇਹ ਸਾਰਸ ਪੰਛੀਆਂ ਦੀ ਹੀ ਇਕ ਜਾਤੀ ਹੈ, ਪਰ ਆਕਾਰ ਵਿਚ ਉਨ੍ਹਾਂ ਨਾਲੋਂ ਕੁਝ ਛੋਟੀ ਹੁੰਦੀ ਹੈ। ਇਸ ਦੇ ਸੈਕੰਡਰੀ ਅਤੇ ਛਾਤੀ ਦੇ ਖੰਭ ਲੰਮੇ ਹੁੰਦੇ ਹਨ। ਅੱਖਾਂ ਦੇ ਪਿੱਛੇ ਚਿੱਟੇ ਖੰਭ ਹੁੰਦੇ ਹਨ।
ਇਹ ਪੰਛੀ ਏਸ਼ੀਆਂ, ਉੱਤਰੀ ਅਫ਼ਰੀਕਾ ਅਤੇ ਦੱਖਣ-ਪੂਰਬੀ ਯੂਰਪ ਵਿਚ ਵੱਡੀ ਗਿਣਤੀ ਵਿਚ ਮਿਲਦੇ ਹਨ। ਇਹ ਆਮ ਤੌਰ ਤੇ ਠੰਢੇ ਇਲਾਕਿਆਂ ਅਤੇ ਪਹਾੜਾਂ ਵਿਚ ਰਹਿੰਦੇ ਹਨ। ਸਰਦੀਆਂ ਵਿਚ ਇਹ ਗਰਮ ਇਲਾਕਿਆਂ ਵਿਚ ਆ ਜਾਂਦੇ ਹਨ। ਇਹ ਪੰਛੀ ਲਗਭਗ ਅਕਤੂਬਰ ਦੇ ਮਹੀਨੇ ਵਿਚ ਪੰਜਾਬ ਵਿਚ ਪਹੁੰਚਦੇ ਹਨ ਅਤੇ ਮਾਰਚ ਦੇ ਅਖ਼ੀਰ ਜਾਂ ਅਪ੍ਰੈਲ ਦੇ ਸ਼ੁਰੂ ਤਕ ਇਥੇ ਰਹਿੰਦੇ ਹਨ।
ਭਾਰਤ ਵਿਚ ਇਹ ਪੰਛੀ ਝੁੰਡਾਂ ਵਿਚ ਆਪਣੀ ਸਾਰੀ ਰਾਤ ਅਤੇ ਅੱਧਾ ਦਿਨ ਦਰਿਆਵਾਂ ਜਾਂ ਝੀਲਾਂ ਦੇ ਕੰਢਿਆਂ ਤੇ ਗੁਜ਼ਾਰਦੇ ਹਨ। ਇਨ੍ਹਾਂ ਦੀ ਚੌਕਸੀ ਬੜੀ ਪ੍ਰਸਿੱਧ ਹੈ ਤੇ ਇਹੋ ਚੌਕਸੀ ਇਨ੍ਹਾਂ ਨੂੰ ਅਚਾਨਕ ਹਮਲਿਆਂ ਤੋਂ ਬਚਾਉਂਦੀ ਹੈ। ਸਵੇਰ ਅਤੇ ਸ਼ਾਮ ਇਹ ਫ਼ਸਲਾਂ ਵਿਚ ਗੁਜ਼ਾਰਦੇ ਹਨ ਅਤੇ ਛੋਟੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਕੂੰਜਾਂ ਆਮ ਤੌਰ ਤੇ ਬੜੇ ਅਨੁਸ਼ਾਸਨ ਅਨੁਸਾਰ ਡਾਰਾਂ ਵਿਚ ਕਾਫ਼ੀ ਉਚਾਈ ਉਤੇ ਉਡਦੀਆਂ ਹਨ। ਇਕ ਕੁੰਜ ਇਨ੍ਹਾਂ ਦੀ ਅਗਵਾਈ ਕਰਦੀ ਹੈ ਅਤੇ ਬਾਕੀ ਕਤਾਰਾਂ ਵਿਚ ਇਸ ਦੀ ਪੈਰਵੀ ਕਰਦੀਆਂ ਹਨ। ਇਹ ਕਤਾਰਾਂ ਆਕਾਸ਼ ਵਿਚ ਕਈ ਸ਼ਕਲਾਂ ਜਿਹੀਆਂ ਬਣਾਉਂਦੀਆਂ ਦਿਸਦੀਆਂ ਹਨ। ਉਡਦੇ-ਉਡਦੇ ਇਨ੍ਹਾਂ ਵਿਚੋਂ ਇਕ ਕੂੰਜ ਪੰਛੀ ਤੁਰਮ ਵਰਗੀ ਆਵਾਜ਼ ਕਢਦਾ ਹੈ ਅਤੇ ਬਾਕੀ ਸਾਰੇ ਪੰਛੀ ਉਸ ਨੂੰ ਹੁੰਗਾਰਾ ਭਰਦੇ ਹਨ।
ਪੰਜਾਬੀ ਸਾਹਿਤ ਵਿਚ ਕੂੰਜ ਨੂੰ ਵਿਸ਼ੇਸ਼ ਥਾਂ ਪ੍ਰਾਪਤ ਹੈ। ਬਾਬਾ ਫਰੀਦ ਨੇ ਵੀ ਆਪਣੇ ਸਲੋਕਾਂ ਵਿਚ ਕੱਤਕ ਮਹੀਨੇ ਦੀ ਵਿਸ਼ੇਸ਼ਤਾ ‘ਕੁੰਜਾਂ’ ਨਾਲ ਹੀ ਦਰਸਾਈ ਹੈ :
“ਕੱਤਕ ਕੂੰਜਾਂ ਚੇਤ ਡਉ ਸਾਵਣ ਬਿਜਲੀਆਂ
ਸੀਆਲੇ ਸੋਹੰਦੀਆਂ ਪਿਰ ਗਲ ਬਾਹੜੀਆਂ।”
ਗੁਰਬਾਣੀ ਵਿਚ ਵੀ ਗੁਰੂ ਸਾਹਿਬਾਨ ਨੇ ਭਾਵਾਂ ਦੀ ਸਪਸ਼ਟਤਾ ਲਈ ਕੂੰਜ ਨੂੰ ਪ੍ਰਤੀਕ ਵਜੋਂ ਵਰਤਿਆ ਹੈ। ਕਿਉਂਕਿ ਕੂੰਜਾਂ ਫ਼ਸਲਾਂ ਦਾ ਬਹੁਤ ਨੁਕਸਾਨ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੰਦੀਆਂ ਹਨ, ਇਸ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਕੂੰਜ ਨੂੰ ‘ਮੌਤ’ ਦੇ ਪ੍ਰਤੀਕ ਵਜੋਂ ਵਰਤਿਆ ਹੈ :
“ਆਪਣੀ ਖੇਤੀ ਰਖਿਲੈ, ਕੂੰਜ ਪੜੈਗੀ ਖੇਤਿ।”
ਪੰਜਾਬ ਦੇ ਲੋਕ ਗੀਤਾਂ ਵਿਚ ਤਾਂ ਵੱਖ-ਵੱਖ ਪ੍ਰਸੰਗਾਂ ਵਿਚ ਕੂੰਜਾਂ ਦਾ ਵਰਣਨ ਆਇਆ ਹੈ।
ਕੂਟ ਅੱਖਰੀ : ਸ਼ਬਦ ਜਾਂ ਸ਼ਬਦ ਸਮੂੰਹ ਵਿਚ ਵਰਣ-ਸਥਾਨੰਤਰਣ, ਸਲੇਸ਼, ਸੰਖਿਆ ਆਦਿ ਦੇ ਆਧਾਰਿਤ ਅਰਥ-ਚਤੁਰਾਈ ਕਰਨ ਦੇ ਬੌਧਿਕ ਵਿਲਾਸ ਨੂੰ ਕੂਟ ਅੱਖਰੀ ਕਿਹਾ ਜਾਂਦਾ ਹੈ। ਸੰਸਕ੍ਰਿਤ ਸਾਹਿਤ ਵਿਚ ਕੂਟ ਅੱਖਰੀ ਤੇ ਆਧਾਰਿਤ ਕੂਟ ਸ਼ਲੋਕਾਂ ਦਾ ਪਹਿਲਾ ਪ੍ਰਯੋਗ ਮਹਾਭਾਰਤ ਵਿਚ ਹੋਇਆ। ਕਥਾ ਇਉ ਹੈ ਕਿ ਮਹਾਭਾਰਤ ਦੀ ਰਚਨਾ ਸਮੇਂ ਵਿਆਸ ਨੂੰ ਅਜਿਹੇ ਲਿਖਾਰੀ ਦੀ ਜ਼ਰੂਰੀ ਪਈ ਜੋ ਨਿਰੰਤਰ ਉਨ੍ਹਾਂ ਦੇ ਸ਼ਬਦਾਂ ਨੂੰ ਲਿਪੀਬਧ ਕਰ ਸਕੇ। ਇਸ ਕਾਰਜ ਨੂੰ ਗਣੇਸ਼ ਨੇ ਸਵੀਕਾਰ ਕੀਤਾ ਪਰ ਇਕ ਸ਼ਰਤ ਤੇ ਕਿ ਵਿਆਸ ਜੀ ਨਿਰੰਤਰ ਬੋਲੀ ਜਾਣਗੇ। ਮਹਾਭਾਰਤ ਜਿਹੇ ਮਹਾਕਾਵਿ ਅਤੇ ਗੰਭੀਰ ਗ੍ਰੰਥ ਦੀ ਰਚਨਾ ਵਿਚ ਵਿਆਸ ਜਿਹੇ ਮਹਾਕਵੀ ਨੂੰ ਕਦੇ-ਕਦੇ ਰੁਕ ਕੇ ਸੋਚਣ ਦੀ ਜ਼ਰੂਰਤ ਪੈ ਜਾਂਦੀ ਸੀ। ਸਮੇਂ ਦੀ ਉਸ ਹਾਨੀ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਗਣੇਸ਼ ਨੂੰ ਆਖਿਆ ਕਿ ਉਹ ਨਿਰੰਤਰ ਬੋਲੀ ਜਾਣਗੇ ਪਰ ਗਣੇਸ਼ ਕੋਈ ਗੱਲ ਵੀ ਬਿਨਾ ਸਮਝੇ ਨਹੀਂ ਲਿਖਗੇ ਜਿਸ ਨੂੰ ਉਸ ਨੇ ਸਵੀਕਾਰ ਕੀਤਾ। ਪ੍ਰਤਿਦਵੰਧ ਵਿਚ ਗਣੇਸ਼ ਤੋਂ ਹਾਰ ਹੋਣ ਦੀ ਸ਼ੰਕਾਂ ਤੋਂ ਮੁਕਤ ਰਹਿਣ ਲਈ ਉਨ੍ਹਾਂ ਨੇ ਚਿੰਤਨ ਦੇ ਵਕਫੇ ਨੂੰ ਭਰਨ ਲਈ ਕੂਟ ਸ਼ਲੋਕਾਂ ਦੀ ਰਚਨਾ ਕੀਤੀ।
ਹਿੰਦੀ ਸਾਹਿਤ ਵਿਚ ਸੂਰਦਾਸ, ਕੇਸ਼ਵਦਾਸ, ਕਬੀਰ ਜੀ ਆਦਿ ਕਵੀਆਂ ਦੇ ਕੂਟ ਪਦ ਬਹੁਤ ਪ੍ਰਸਿੱਧ ਹਨ।
ਹ. ਪੁ.––ਹਿੰ. ਵਿ. ਕੋ. 3 : 96
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 19671, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no
ਕੂੰਜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੂੰਜ, (ਪ੍ਰਾਕ੍ਰਿਤ : कुंच, कोंच<ਸੰਸਕ੍ਰਿਤ : क्रुञ्गु ਜਾਂ कीञ्च) \ ਇਸਤਰੀ ਲਿੰਗ : ਇੱਕ ਕਿਸਮ ਦਾ ਸਾਰਸ, ਇੱਕ ਪਾਣੀ ਦਾ ਪੰਛੀ ਜਿਸ ਦੀ ਧੌਣ ਤੇ ਟੰਗਾਂ ਲੰਮੀਆਂ ਹੁੰਦੀਆਂ ਹਨ
–ਕੂੰ ਜਾਂ ਕੁਰਲਾਨੀ, ਇਸਤਰੀ ਲਿੰਗ : ਵਿਛੜੀ ਤੇ ਰੋਂਦੀ ਹੋਈ ਕੂੰਜ
–ਕੂੰਜਾਂ ਡਾਰ ਦੀਆਂ, ਇਸਤਰੀ ਲਿੰਗ : ੧. ਕੱਠੀਆਂ ਉਡਣ ਵਾਲੀਆਂ ਕੂੰਜਾਂ; ੨. ਤ੍ਰਿੰਵਣ ਦੀਆਂ ਕੁੜੀਆਂ; ‘ਕੂੰ ਜੇ ਡਾਰ ਦੀਏ ਪਾ ਵਤਨਾਂ ਵਾਲ ਫੇਰਾ’
–ਸਰਵਰ ਕੂੰਜ, ਇਸਤਰੀ ਲਿੰਗ : ੧. ਤਾਲਾਬ ਦੀ ਕੂੰਜ; ੨. ਕੁੜੀਆਂ ਦੀ ਸਰਦਾਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2646, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-24-01-22-40, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First