ਕੰਪਿਊਟਰ ਦੀ ਕਾਰਜ ਵਿਧੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Working of Computer
ਕੰਪਿਊਟਰ ਦੀ ਕਾਰਜ ਵਿਧੀ (ਕੰਮ ਕਰਨ ਦਾ ਤਰੀਕਾ) ਇਨਪੁਟ-ਪ੍ਰੋਸੈਸਿੰਗ-ਆਉਟਪੁਟ (Input-Processing-Output) ਅਰਥਾਤ I-P-O ਚੱਕਰ (Cycle) 'ਤੇ ਆਧਾਰਿਤ ਹੈ। ਆਓ ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਲ ਕਰੀਏ:
ਇਨਪੁਟ (Input)
ਕੰਪਿਊਟਰ ਨੂੰ ਦਿੱਤੇ ਜਾਣ ਵਾਲੇ ਕੱਚੇ ਅੰਕੜਿਆਂ (Raw Data) ਅਤੇ ਹਦਾਇਤਾਂ (Instructions) ਆਦਿ ਨੂੰ ਇਨਪੁਟ ਕਿਹਾ ਜਾਂਦਾ ਹੈ। ਕੰਪਿਊਟਰ ਨੂੰ ਇਨਪੁਟ ਉਸ ਦੀਆਂ ਵੱਖ-ਵੱਖ ਇਨਪੁਟ ਇਕਾਈਆਂ ਰਾਹੀਂ ਭੇਜੀ ਜਾਂਦੀ ਹੈ। ਕੀਬੋਰਡ , ਮਾਊਸ , ਸਕੈਨਰ , ਜੌਆਏ ਸਟਿਕ , ਡਿਜ਼ੀਟਲ ਕੈਮਰਾ , ਮਾਈਕਰੋਫੋਨ, ਲਾਈਟ ਪੈੱਨ ਆਦਿ ਕੰਪਿਊਟਰ ਦੀਆਂ ਇਨਪੁਟ ਇਕਾਈਆਂ ਹਨ।
ਪ੍ਰੋਸੈਸਿੰਗ ਜਾਂ ਪ੍ਰਕਿਰਿਆ (Processing)
ਹਦਾਇਤਾਂ ਦੇ ਆਧਾਰ 'ਤੇ ਕੱਚੇ ਅੰਕੜਿਆਂ ਉੱਤੇ ਕੀਤੀ ਗਈ ਕਾਰਵਾਈ ਨੂੰ ਪ੍ਰੋਸੈਸਿੰਗ ਜਾਂ ਪ੍ਰਕਿਰਿਆ ਕਿਹਾ ਜਾਂਦਾ ਹੈ। ਪ੍ਰੋਸੈਸਿੰਗ ਦੀ ਬਦੌਲਤ ਇਨਪੁਟ ਤੋਂ ਆਉਟਪੁਟ ਪ੍ਰਾਪਤ ਹੁੰਦੀ ਹੈ। ਕੰਪਿਊਟਰ ਦੀ ਪ੍ਰੋਸੈਸਿੰਗ ਉਸ ਦੀ ਪ੍ਰੋਸੈਸਿੰਗ ਇਕਾਈ ਵਿੱਚ ਹੁੰਦੀ ਹੈ। ਇਸ ਇਕਾਈ ਨੂੰ ਕੰਪਿਊਟਰ ਦਾ ਦਿਮਾਗ ਕਿਹਾ ਜਾਂਦਾ ਹੈ। ਪ੍ਰੋਸੈਸਿੰਗ ਇਕਾਈ ਜਾਂ ਸੀਪੀਯੂ ਨੂੰ ਹੇਠਾਂ ਲਿਖੇ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ
· ਗਣਿਤਕ ਅਤੇ ਲੌਜਿਕ ਇਕਾਈ (ALU)
· ਨਿਯੰਤਰਣ ਇਕਾਈ (CU)
· ਮੈਮਰੀ ਜਾਂ ਯਾਦਦਾਸ਼ਤ ਇਕਾਈ (MU)
ਗਣਿਤਕ ਅਤੇ ਲੌਜਿਕ ਇਕਾਈ ਨੂੰ ਅਰਥਮੈਟਿਕ ਐਂਡ ਲੌਜ਼ਿਕ ਯੂਨਿਟ (Arithmetic & Logic Unit) ਜਾਂ ਸੰਖੇਪ ਵਿੱਚ ਏਐਲਯੂ (ALU) ਕਿਹਾ ਜਾਂਦਾ ਹੈ। ਇਸ ਇਕਾਈ ਵਿੱਚ ਅੰਕੜਿਆਂ ਉੱਤੇ ਗਣਿਤਕ ਅਤੇ ਲੌਜਿਕ (Logic) ਕਾਰਜ ਕਰਵਾਏ ਜਾਂਦੇ ਹਨ। ਦੂਸਰੇ ਸ਼ਬਦਾਂ ਵਿੱਚ ਇਸ ਖੇਤਰ ਵਿੱਚ ਅੰਕੜਿਆਂ ਉੱਤੇ ਗਣਿਤਕ ਅਤੇ ਲੌਜਿਕ ਕਾਰਜ ਕਰਵਾਉਣ ਲਈ ਭੇਜਿਆ ਜਾਂਦਾ ਹੈ ਅਤੇ ਪ੍ਰਾਪਤ ਹੋਏ ਨਤੀਜਿਆਂ ਨੂੰ ਮੈਮਰੀ (ਯਾਦਦਾਸ਼ਤ) ਵਿੱਚ ਸਟੋਰ ਕਰ ਲਿਆ ਜਾਂਦਾ ਹੈ।
ਇਸ ਇਕਾਈ ਵਿੱਚ ਜੋੜ (+), ਮਨਫ਼ੀ (-), ਜਰਬ (x), ਤਕਸੀਮ (÷), ਜਾਂ (OR), ਅਤੇ (AND), ਨਾਂਹ (NOT), ਵਾਧਾ (Increment), ਘਾਟਾ (Decrement) ਆਦਿ ਕੰਮ ਕਰਵਾਏ ਜਾਂਦੇ ਹਨ।
ਨਿਯੰਤਰਣ ਇਕਾਈ ਨੂੰ ਕੰਟਰੋਲ ਯੂਨਿਟ ਜਾਂ ਸੰਖੇਪ ਵਿੱਚ ਸੀਯੂ ਕਿਹਾ ਜਾਂਦਾ ਹੈ। ਇਹ ਇਕਾਈ ਕੰਪਿਊਟਰ ਦੀਆਂ ਸਾਰੀਆਂ ਇਕਾਈਆਂ ਉੱਤੇ ਨਿਯੰਤਰਣ ਰੱਖਦੀ ਹੈ। ਨਿਯੰਤਰਣ ਇਕਾਈ ਨੂੰ ਕੰਪਿਊਟਰ ਦਾ ਕੇਂਦਰੀ ਤੰਤੂ ਪ੍ਰਬੰਧ ਵੀ ਕਿਹਾ ਜਾਂਦਾ ਹੈ। ਇਹ ਸਮੇਂ-ਸਮੇਂ 'ਤੇ ਵੱਖ-ਵੱਖ ਇਕਾਈਆਂ ਲਈ ਨਿਯੰਤਰਣ ਸੰਕੇਤ (Control Signal) ਉਤਪੰਨ ਕਰਦੀ ਹੈ। ਇਹ ਇਕਾਈ ਯਕੀਨੀ ਬਣਾਉਂਦੀ ਹੈ ਕਿ ਦਿੱਤੀਆਂ ਹਦਾਇਤਾਂ ਮੁਤਾਬਿਕ ਅੰਕੜਿਆਂ ਉੱਤੇ ਸਹੀ ਕੰਮ ਹੋ ਰਿਹਾ ਹੈ ਜਾਂ ਨਹੀਂ ।
ਮੈਮਰੀ, ਗਣਿਤਕ, ਲੌਜਿਕ ਅਤੇ ਨਿਯੰਤਰਣ ਇਕਾਈ ਨੂੰ ਸੀਪੀਯੂ (CPU) ਅਰਥਾਤ ਕੇਂਦਰੀ ਪ੍ਰਕਿਰਿਆ ਇਕਾਈ (Central Processing Unit) ਕਿਹਾ ਜਾਂਦਾ ਹੈ।
ਕੰਪਿਊਟਰ ਨੂੰ ਜੋ ਕੁਝ ਵੀ ਦਿੱਤਾ ਜਾਂਦਾ ਹੈ, ਉਹ ਉਸਦੀ ਮੁੱਖ ਯਾਦਦਾਸ਼ਤ ਜਾਂ ਪ੍ਰਾਇਮਰੀ ਮੈਮਰੀ 'ਤੇ ਚੜ੍ਹ ਜਾਂਦਾ ਹੈ। ਇਸ ਮੈਮਰੀ ਵਿੱਚ ਅੰਕੜੇ ਅਤੇ ਸੂਚਨਾਵਾਂ ਅਸਥਾਈ ਤੌਰ 'ਤੇ ਸਟੋਰ ਕੀਤੀਆਂ ਜਾਂਦੀਆਂ ਹਨ। ਬਿਜਲੀ ਚਲੀ ਜਾਣ 'ਤੇ ਇਸ ਵਿੱਚ ਪਿਆ ਡਾਟਾ ਨਸ਼ਟ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਵੋਲੇਟਾਈਲ ਮੈਮਰੀ (Volatile Memory) ਕਿਹਾ ਜਾਂਦਾ ਹੈ।
ਦੂਸਰੀ ਪ੍ਰਕਾਰ ਦੀ ਮੈਮਰੀ ਸੈਕੰਡਰੀ ਜਾਂ ਸਥਾਈ ਮੈਮਰੀ ਹੈ। ਇਸ ਨੂੰ ਸਹਾਇਕ ਯਾਦਦਾਸ਼ਤ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਅੰਕੜਿਆਂ ਅਤੇ ਸੂਚਨਾਵਾਂ ਨੂੰ ਪੱਕੇ ਤੌਰ ਤੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਇਹ ਇਕ ਤਰ੍ਹਾਂ ਦੀ ਕੰਪਿਊਟਰ ਦੀ ਪੱਕੀ ਸਟੋਰੇਜ (Permanent Storage) ਹੁੰਦੀ ਹੈ।
ਆਉਟਪੁਟ (Output)
ਪ੍ਰਕਿਰਿਆ ਮਗਰੋਂ ਪ੍ਰਾਪਤ ਹੋਈਆਂ ਸੂਚਨਾਵਾਂ ਨੂੰ ਆਉਟਪੁਟ ਜਾਂ ਨਤੀਜਾ ਕਿਹਾ ਜਾਂਦਾ ਹੈ। ਕੰਪਿਊਟਰ ਦੀ ਆਉਟਪੁਟ ਉਸ ਦੀਆਂ ਆਉਟਪੁਟ ਇਕਾਈਆਂ ਰਾਹੀ ਪ੍ਰਾਪਤ ਕੀਤੀ ਜਾਂਦੀ ਹੈ। ਸੀਪੀਯੂ ਦੁਆਰਾ ਤਿਆਰ ਕੀਤੇ ਨਤੀਜਿਆਂ ਨੂੰ ਸਿੱਧਾ ਆਉਟਪੁਟ ਇਕਾਈਆਂ ਵੱਲ ਭੇਜਿਆ ਜਾਂਦਾ ਹੈ ਜਾਂ ਫਿਰ ਮੈਮਰੀ ਵਿੱਚ ਭੰਡਾਰ ਕਰ ਲਿਆ ਜਾਂਦਾ ਹੈ। ਮੌਨੀਟਰ , ਪ੍ਰਿੰਟਰ ਆਦਿ ਕੰਪਿਊਟਰ ਦੀਆਂ ਮੁੱਖ ਆਉਟਪੁਟ ਇਕਾਈਆਂ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First