ਖਸਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਖਸਮ: ਗੁਰੂ ਗ੍ਰੰਥ ਸਾਹਿਬ ਵਿਚ ‘ਖਸਮ’ ਸ਼ਬਦ ਦੀ ਵਰਤੋਂ ਪਰਮਾਤਮਾ ਦੇ ਵਾਚਕ ਰੂਪ ਵਿਚ ਹੋਈ ਹੈ। ਡਾ. ਹਜ਼ਾਰੀ ਪ੍ਰਸਾਦ ਦ੍ਵਿਵੇਦੀ (‘ਕਬੀਰ ’) ਅਨੁਸਾਰ ਇਸ ਦੀ ਸਭ ਤੋਂ ਪਹਿਲੀ ਵਰਤੋਂ ਸਿੱਧ-ਸਾਹਿਤ ਵਿਚ ਹੋਈ ਹੋਵੇਗੀ। ਉਥੇ ਇਸ ਦੀ ਸਿਰਜਨਾ ‘ਖ’ ਅਤੇਸਮ ’ ਦੇ ਮੇਲ ਨਾਲ ਹੋਈ ਦਸੀ ਗਈ ਹੈ। ‘ਖ’ ਦਾ ਅਰਥ ਹੈ ਆਕਾਸ਼ ਅਤੇ ‘ਸਮ’ ਦਾ ਅਰਥ ਹੈ ਸਮਾਨ। ਸਿੱਧ ਲੋਗ ਆਪਣੇ ‘ਸ਼ੂਨੑਯ’ (ਸੁੰਨ) ਨੂੰ ਆਕਾਸ਼ ਵਰਗਾ ਕਹਿੰਦੇ ਸਨ। ਇਸ ਲਈ ਉਨ੍ਹਾਂ ਨੇ ‘ਖਸਮ’ ਸ਼ਬਦ ਦੀ ਸਿਰਜਨਾ ਕੀਤੀ ਅਤੇ ਇਸ ਰਾਹੀਂ ਆਪਣੇ ਦ੍ਵੈਤਾਦ੍ਵੈਤ-ਵਿਲੱਖਣ ਸ਼ੂਨੑਯ ਦਾ ਵਰਣਨ ਕੀਤਾ। ਸੰਤ ਕਬੀਰ ਦੀ ਬਾਣੀ ਵਿਚ ਵੀ ਇਸ ਦੀ ਵਰਤੋਂ ਹੋਈ ਹੈ। ਕਬੀਰ ਜੀ ਨੇ ਇਹ ਸ਼ਬਦ ਨਿਕ੍ਰਿਸ਼ਟ ਪਤੀ ਲਈ ਵਰਤਿਆ ਹੈ।

            ਪੰਡਿਤ ਚੰਦ੍ਰਬਲੀ ਪਾਂਡੇਯ ਨੇ ਦਸਿਆ ਹੈ ਕਿ ਸੰਤ ਕਬੀਰ ਨੇ ਇਸ ਦੀ ਪਤੀ ਜਾਂ ਸੁਆਮੀ ਦੇ ਅਰਥਾਂ ਵਿਚ ਵਰਤੋਂ ਕੀਤੀ ਹੈ। ਡਾ. ਗੋਵਿੰਦ ਤ੍ਰਿਗੁਣਾਯਤ (‘ਕਬੀਰ ਕੀ ਵਿਚਾਰਧਾਰਾ ’) ਦੇ ਮਤ ਅਨੁਸਾਰ ਕਬੀਰ ਨੇ ਇਸ ਸ਼ਬਦ ਦੀ ਵਰਤੋਂ ਨਿਰਗੁਣ ਬ੍ਰਹਮ ਲਈ ਕੀਤੀ ਹੈ ਅਤੇ ਕਿਤੇ ਕਿਤੇ ਪਤੀ ਸੂਚਕ ਵੀ ਵਰਤਿਆ ਗਿਆ ਹੈ।

            ਅਸਲ ਵਿਚ, ਜਦ ਇਹ ਸ਼ਬਦ ਸੰਤ ਕਬੀਰ ਜੀ ਤਕ ਪਹੁੰਚਿਆ, ਤਦ ਤਕ ਇਸ ਨਾਲ ਸਮਾਨਤਾ ਰਖਦਾ ਅਰਬੀ ਮੂਲ ਦਾ ‘ਖ਼ਸਮ ’ ਸ਼ਬਦ ਵੀ ਭਾਰਤ ਦੇ ਭਾਸ਼ਾ-ਜਗਤ ਵਿਚ ਪ੍ਰਵੇਸ਼ ਕਰ ਚੁਕਿਆ ਸੀ , ਜਿਸ ਦਾ ਹੋਰਨਾਂ ਅਰਥਾਂ ਸਹਿਤ ਇਕ ਅਰਥ ਪਤੀ, ਜਾਂ ਸੁਆਮੀ ਵੀ ਸੀ। ਪਰੰਤੂ ਉਥੇ ਇਸ ਨੂੰ ਬ੍ਰਹਮ ਜਾਂ ਅੱਲ੍ਹਾ ਵਾਚਕ ਰੂਪ ਵਿਚ ਨਹੀਂ ਵਰਤਿਆ ਗਿਆ। ਇਸ ਤਰ੍ਹਾਂ ਸੰਤ ਕਬੀਰ ਜੀ ਨੂੰ ਇਹ ਸ਼ਬਦ ਦੋ ਸਰੋਤਾਂ ਤੋਂ ਪ੍ਰਾਪਤ ਹੋਇਆ ਹੈ। ਪਰ ਜੇ ਸੰਤ ਕਬੀਰ ਦੀ ਬਾਣੀ ਦੇ ਖ਼ਸਮ ਨਾਲ ਸੰਬੰਧਿਤ ਟੂਕਾਂ ਨੂੰ ਧਿਆਨ ਨਾਲ ਵਾਚੀਏ ਤਾਂ ਪ੍ਰਤੀਤ ਹੁੰਦਾ ਹੈ ਕਿ ਸੰਤ ਕਬੀਰ ਜੀ ਨੇ ਇਹ ਸ਼ਬਦ ਸਿੱਧਾਂ ਦੀ ਭਾਵ-ਭੂਮੀ ਅਨੁਰੂਪ ਵਰਤਿਆ ਹੈ।

            ਗੁਰੂ ਨਾਨਕ ਦੇਵ ਜੀ ਸੰਤ ਕਬੀਰ ਦੇ ਨਿਕਟ ਉਤਰਵਰਤੀ ਸਨ। ਇਸ ਲਈ ਉਨ੍ਹਾਂ ਨੂੰ ਵੀ ਇਹ ਸ਼ਬਦ ਦੋ ਪਰੰਪਰਾਵਾਂ ਤੋਂ ਪ੍ਰਾਪਤ ਹੋਇਆ ਮੰਨਿਆ ਜਾ ਸਕਦਾ ਹੈ। ਪਰ ਗੁਰੂ ਨਾਨਕ ਦੇਵ ਜੀ ਦੁਆਰਾ ਇਹ ਸ਼ਬਦ ਸ਼ੂਨੑਯ (ਸੁੰਨ) ਅਰਥ ਵਿਚ ਵਰਤਿਆ ਨਹੀਂ ਮਿਲਦਾ। ਇਹ ਕੇਵਲ ਪਰਮਸੱਤਾ ਦਾ ਹੀ ਵਾਚਕ ਹੈ। ਬ੍ਰਹਮ ਲਈ ਗੁਰੂ ਜੀ ਨੇ ਇਸ ਸ਼ਬਦ ਦੀ ਵਰਤੋਂ ਤਿੰਨ ਰੂਪਾਂ ਵਿਚ ਕੀਤੀ ਹੈ। ਇਕ ਜਿਥੇ ਇਹ ਸ਼ਬਦ ਸਪੱਸ਼ਟ ਰੂਪ ਵਿਚ ਨਿਰਗੁਣ ਬ੍ਰਹਮ ਦਾ ਵਾਚਕ ਹੈ, ਜਿਵੇਂ ਆਦਿ ਜੁਗਾਦੀ ਅਪਰ ਅਪਾਰੇ ਆਦਿ ਨਿਰੰਜਨ ਖਸਮ ਹਮਾਰੇ ਸਾਚੇ ਜੋਗ ਜੁਗਤਿ ਵੀਚਾਰੀ ਸਾਚੇ ਤਾੜੀ ਲਾਈ ਹੇ (ਗੁ.ਗ੍ਰੰ. 1023)।

            ਦੂਜੀ ਤਰ੍ਹਾਂ ਦੀ ਵਰਤੋਂ ਪਰਮਾਤਮਾ ਰੂਪੀ ਸੁਆਮੀ ਜਾਂ ਮਾਲਿਕ ਦੇ ਅਰਥ ਵਿਚ ਹੋਈ ਹੈ। ਸਾਧਕ ਨੂੰ ਉਸ ਮਹਾਨ ਸੁਆਮੀ ਦੀ ਸੇਵਾ ਵਿਚ ਲਗਣ ਨਾਲ ਤਦ ਹੀ ਮਾਣ , ਮਰਯਾਦਾ ਅਤੇ ਪ੍ਰਤਿਸ਼ਠਾ ਪ੍ਰਾਪਤ ਹੋ ਸਕਦੀ ਹੈ ਜੇ ਉਸ ਦੀ ਸੇਵਾ ਭਾਵਨਾ ਪੂਰਣ ਨਿਸ਼ਠਾ ਨਾਲ ਕੀਤੀ ਜਾਏ। ਇਸ ਤੋਂ ਬਿਨਾ ਸਾਧਕ ਸੁਆਮੀ ਦੀ ਹਮਦਰਦੀ ਖੋਹ ਬਹਿੰਦਾ ਹੈ ਅਤੇ ਅਪਮਾਨਿਤ ਹੁੰਦਾ ਹੈ। ਸਚ ਤਾਂ ਇਹ ਹੈ ਕਿ ਖਸਮ ਨਾਲ ਹੁਕਮ ਨਹੀਂ ਚਲਦਾ, ਕੇਵਲ ਅਰਦਾਸ ਹੀ ਚਲ ਸਕਦੀ ਹੈ— ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ਨਾਨਕ ਹੁਕਮੁ ਚਲਈ ਨਾਲਿ ਖਸਮ ਚਲੈ ਅਰਦਾਸਿ (ਗੁ.ਗ੍ਰੰ.474)।

            ਤੀਜੀ ਤਰ੍ਹਾਂ ਇਸ ਸ਼ਬਦ ਦੀ ਵਰਤੋਂ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਰੂਪੀ ਪਤੀ ਲਈ ਕੀਤੀ ਹੈ। ਆਸਾ ਰਾਗ ਦੇ 26ਵੇਂ ਚਉਪਦੇ ਵਿਚ ਮਨੁੱਖ ਰੂਪੀ ਨਾਇਕਾ ਕਥਨ ਕਰਦੀ ਹੈ ਕਿ ਮੈਂ ਅਨੇਕ ਪਾਪਾਂ ਨਾਲ ਭਰਪੂਰ ਹਾਂ। ਮੇਰਾ ਪ੍ਰੀਤਮ ਜਾਗਦਾ ਰਹਿੰਦਾ ਹੈ ਅਤੇ ਮੈਂ ਆਯੂ ਰੂਪੀ ਰਾਤ ਵਿਚ ਅਗਿਆਨਤਾ ਦੀ ਨੀਂਦਰ ਵਿਚ ਸੁਤੀ ਰਹਿੰਦੀ ਹਾਂ। ਇਸ ਤਰ੍ਹਾਂ ਮੈਂ ਆਪਣੇ ਪਤੀ ਨੂੰ ਕਿਵੇਂ ਪਿਆਰੀ ਲਗ ਸਕਾਂਗੀ ? ਨ ਤਾਂ ਮੈਂ ਪ੍ਰੇਮ ਦਾ ਸੁਆਦ ਲਿਆ ਹੈ ਅਤੇ ਨ ਹੀ ਮੇਰੀ ਤ੍ਰਿਸ਼ਣਾ ਬੁਝੀ ਹੈ। ਵਿਅਰਥ ਵਿਚ ਜਵਾਨੀ ਚਲੀ ਗਈ ਹੈ ਅਤੇ ਕਿਤੋਂ ਵੀ ਕੋਈ ਸੰਤੋਸ਼ ਪ੍ਰਾਪਤ ਨਹੀਂ ਹੋਇਆ ਹੈ। ਇਸੇ ਕਰਕੇ ਉਦਾਸ ਹੋ ਗਈ ਹਾਂ। ਆਸਾ ਰਾਗ ਵਿਚ ਗੁਰੂ ਜੀ ਨੇ ਪਤੀ ਰੂਪ ਪਰਮਾਤਮਾ ਨੂੰ ਰੀਝਾਉਣ ਦੀ ਜੁਗਤ ਦਸਦਿਆਂ ਕਿਹਾ ਹੈ ਕਿ ਜਦੋਂ ਕੋਈ ਜੀਵ ਰੂਪ ਇਸਤਰੀ ਹਉਮੈ ਨੂੰ ਤਿਆਗ ਕੇ ਗੁਣਾਂ ਦਾ ਸ਼ਿੰਗਾਰ ਕਰੇ ਤਦ ਉਹ ਪਤੀ ਦਾ ਸੰਯੋਗ ਪ੍ਰਾਪਤ ਕਰ ਸਕਦੀ ਹੈ ਅਤੇ ਪਤੀ ਨੂੰ ਪਿਆਰੀ ਲਗਦੀ ਹੈ— ਹਉਮੈ ਖੋਇ ਕਰੇ ਸੀਗਾਰੁ ਤਉ ਕਾਮਣਿ ਸੇਜੈ ਰਵੈ ਭਤਾਰੁ ਤਉ ਨਾਨਕ ਕੰਤੈ ਭਾਵੈ ਛੋਡਿ ਬਡਾਈ ਅਪਣੇ ਖਸਮ ਸਮਾਵੈ (ਗੁ.ਗ੍ਰੰ.357)।

            ਗੁਰੂ ਗ੍ਰੰਥ ਸਾਹਿਬ ਵਿਚ ਖਸਮ ਦੇ ਆਦੇਸ਼ ਦੀ ਪਾਲਨਾ ਲਈ ਵੀ ਬਹੁਤ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਅਜਿਹਾ ਕਰਨ ਨਾਲ ਹੀ ਪਰਮਾਤਮਾ ਦਾ ਮਹੱਲ ਪ੍ਰਾਪਤ ਹੁੰਦਾ ਹੈ। ਮਨ-ਭਾਉਂਦੇ ਫਲ ਅਤੇ ਪ੍ਰਤਿਸ਼ਠਾ ਪ੍ਰਾਪਤ ਹੁੰਦੀ ਹੈ — ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ਤਾ ਦਰਗਹਿ ਪੈਧਾ ਜਾਇਸੀ (ਗੁ.ਗ੍ਰੰ.471)। ਖਸਮ ਨੂੰ ਭੁਲਾਉਣ ਵਾਲਿਆਂ ਨੂੰ ਗੁਰਬਾਣੀ ਵਿਚ ਨੀਚ ਕਿਹਾ ਗਿਆ ਹੈ— ਖਸਮੁ ਵਿਸਾਰਹਿ ਤੇ ਕਮਜਾਤਿ ਨਾਨਕ ਨਾਵੈ ਬਾਝੁ ਸੁਨਾਤਿ (ਗੁ.ਗ੍ਰੰ.349)।

            ਸਪੱਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਸੁੰਨ ਸੂਚਕ ‘ਖਸਮ’ ਸ਼ਬਦ ਨੂੰ ਨਹੀਂ ਅਪਣਾਇਆ ਗਿਆ। ਸਗੋਂ ਅਰਬੀ ਮੂਲ ਵਾਲੇ ‘ਖ਼ਸਮ’ ਸ਼ਬਦ ਦੇ ਸਾਧਾਰਣ ਅਰਥਾਂ ਨੂੰ ਗੌਰਵ ਅਤੇ ਗਰਿਮਾ ਪ੍ਰਦਾਨ ਕਰਕੇ ਇਸ ਦਾ ਅਰਥ-ਉਤਕਰਸ਼ ਕੀਤਾ ਗਿਆ ਹੈ ਅਤੇ ਇਸ ਨੂੰ ਨਿਰਗੁਣ ਬ੍ਰਹਮ ਵਰਗੇ ਪਰਮਾਤਮਾ ਰੂਪ ਪਤੀ ਦਾ ਵਾਚਕ ਦਰਸਾਇਆ ਗਿਆ ਹੈ। ਸਾਰਾਂਸ਼ ਇਹ ਕਿ ਸੰਤ ਕਬੀਰ ਦੇ ਉਲਟ ਗੁਰੂ ਨਾਨਕ ਦੇਵ ਜੀ ਦੇ ‘ਖ਼ਸਮ’ ਸ਼ਬਦ ਦਾ ਸਰੋਤ ਅਰਬੀ ਮੂਲ ਵਾਲਾ ਹੈ, ਨ ਕਿ ਸਿੱਧ- ਸਾਹਿਤ ਵਾਲਾ। ਉਨ੍ਹਾਂ ਨੇ ਅਰਬੀ ਦੇ ਇਸ ਸ਼ਬਦ ਦੀ ਹੀ ਵਰਤੋਂ ਨਹੀਂ ਕੀਤੀ, ਸਗੋਂ ਇਸ ਤੋਂ ਬਣਨ ਵਾਲੇ ਫ਼ਾਰਸੀ ਸ਼ਬਦ ‘ਖ਼ਸਮਾਨਾ’ ਦੀ ਵੀ ਵਰਤੋਂ ਕੀਤੀ ਹੈ। ਪਰਵਰਤੀ ਗੁਰੂਆਂ ਨੇ ਵੀ ਗੁਰੂ ਨਾਨਕ ਦੇਵ ਜੀ ਦਾ ਅਨੁਸਰਣ ਕੀਤਾ ਹੈ।

            ਸਪੱਸ਼ਟ ਹੈ ਕਿ ਗੁਰੂ ਜੀ ਨੇ ਅਰਬੀ ਭਾਸ਼ਾ ਦੇ ਮੂਲ ਵਾਲੇ ਸ਼ਬਦ ‘ਖ਼ਸਮ’ ਅਤੇ ਫ਼ਾਰਸੀ ਮੂਲ ਵਾਲੇ ਸ਼ਬਦ ‘ਖ਼ਸਮਾਨਾ’ ਦੀ ਵਰਤੋਂ ਕਰਕੇ ਆਪਣੀ ਰਹੱਸ-ਅਨੁਭੂਤੀ ਦੀ ਬੜੀ ਸੁੰਦਰ ਅਭਿਵਿਅਕਤੀ ਕੀਤੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਖਸਮ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਖਸਮ: ਗੁਰੂ ਗ੍ਰੰਥ ਸਾਹਿਬ ਵਿਚ ‘ਖਸਮ’ ਸ਼ਬਦ ਪਰਮਾਤਮਾ ਦੇ ਵਾਚਕ ਰੂਪ ਵਿਚ ਵਰਤਿਆ ਮਿਲਦਾ ਹੈ। ਇਸ ਸ਼ਬਦ ਦੇ ਭਾਸ਼ਾਗਤ ਦੋ ਸਰੋਤ ਹਨ––ਭਾਰਤੀ ਅਤੇ ਸਾਮੀ। ਭਾਰਤੀ ਪਰੰਪਰਾ ਅਨੁਸਾਰ ਇਸ ਦੀ ਸਭ ਤੋਂ ਪਹਿਲੀ ਵਰਤੋਂ ਸਿੱਧ ਸਾਹਿੱਤ ਵਿਚ ਹੋਈ ਮੰਨੀ ਜਾਂਦੀ ਹੈ। ਉੱਥੇ ਇਸ ਨੂੰ ‘ਖ’ ਅਤੇ ‘ਸਮ’ ਦਾ ਸੰਯੁਕਤ ਰੂਪ ਮਿੱਥ ਕੇ ‘ਖ’ ਦਾ ਅਰਥ ਆਕਾਸ਼ ਅਤੇ ‘ਸਮ’ ਦਾ ਅਰਥ ਸਮਾਨ ਕੀਤਾ ਜਾਂਦਾ ਹੈ। ਸਿੱਧਾਂ ਨੇ ‘ਖਸਮ’ ਸ਼ਬਦ ਰਾਹੀਂ ਆਪਣੇ ਦ੍ਵਤਾਦ੍ਵੈਤ ਵਿਲੱਖਣ ਸ਼ੂਨੑਯ ਦਾ ਵਰਣਨ ਕੀਤਾ ਹੈ। ਨਿਰਗੁਣਵਾਦੀ ਸੰਤਾਂ ਦੀ ਬਾਣੀ ਵਿਚ ਵੀ ਇਹ ਬਸ਼ਦ ਵਰਤਿਆ ਮਿਲ ਜਾਂਦਾ ਹੈ। ਸੰਬ ਕਬੀਰ ਨੇ ਨਿਰਗੁਣ ਬ੍ਰਹਮ ਅਤੇ ਕਿਤੇ ਕਿਤੇ ਪਤੀ ਅਰਥ ਵਿਚ ਇਸ ਸ਼ਬਦ ਵਰਤਿਆ ਮਿਲ ਜਾਂਦਾ ਹੈ। ਸੰਬ ਕਬੀਰ ਨੇ ਨਿਰਗੁਣ ਬ੍ਰਹਮ ਅਤੇ ਕਿਤੇ ਕਿਤੇ ਪਤੀ ਅਰਥ ਵਿਚ ਇਸ਼ ਸ਼ਬਦ ਦਾ ਪ੍ਰਯੋਗ ਕੀਤਾ ਹੈ। ਸੰਤ ਪਲਾਟੂ ਨੇ ‘ਖਸਮ ਵਿਚਾਰਾ ਮਰ ਗਯਾ ਜੋਰੂ ਗਾਵੈ ਤਾਨ’ ਕਹਿਕੇ ਖਸਮ ਦੀ ਮ੍ਰਿਤੂ ਦਾ ਅਰਥ ‘ਸ਼ੂਨੑਯ ਸੁਭਾਅ ਧਾਰਣ ਕਰਕੇ ਚਿੱਤ ਦੀ ਨਿਰਵਾਣ–ਪ੍ਰਾਪਤੀ’ ਕੀਤੀ ਹੈ। ਮੱਧ ਯੁੱਗ ਵਿਚ ਸਾਮੀ ਸਰੋਤ ਤੋਂ ਅਰਬੀ ਮੂਲ ਦਾ ‘ਖਸਮ’ ਸ਼ਬਦ ਵੀ ਭਾਰਤ ਵਿਚ ਪ੍ਰਵੇਸ਼ ਕਰ ਚੁੱਕਾ ਸੀ, ਉਸ ਦਾ ਹੋਰਨਾਂ ਅਰਥਾਂ ਤੋਂ ਇਲਾਵਾ ਇਕ ਅਰਥ ਪਤੀ, ਆਕਾ ਜਾਂ ਸੁਆਮੀ ਵੀ ਸੀ।

          ਗੁਰੂ ਨਾਨਕ ਦੇਵ ਨੇ ਅਧਿਕਤਰ ਨਿਰਗੁਣ ਬ੍ਰਹਮ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਹੈ ਜਿਵੇਂ ‘ਆਦਿ ਨਿਰੰਜਨ ਖਸਮ ਹਮਾਰੇ’ ਪਰ ਕਿਤੇ ਕਿਤੇ ਸੁਆਮੀ/ਮਾਲਿਕ ਅਤੇ ਪਤੀ/ਪ੍ਰੀਤਮ ਲਈ ਵੀ ਇਹ ਸ਼ਬਦ ਵਰਤਿਆ ਮਿਲ ਜਾਂਦਾ ਹੈ, ਜਿਸ ਦਾ ਪ੍ਰਕਾਰਾਂਤਰ ਨਾਲ ਅਰਥ ਪਰਮਾਤਮਾ ਦੇ ਨੇੜੇ ਤੇੜੇ ਹੀ ਜੀ ਬੈਠਦਾ ਹੈ, ਜਿਵੇਂ ‘ਚਾਕਰ ਲਗੇ ਚਾਕਰੀ ਜੇ ਚਲੈ ਖਸਮੈ ਭਾਇ’, ‘ਪਰ ਪਿਰ ਰਾਤੀ ਖਸੁਮ ਵਿਸਾਰਾ’। ਖਸਮ ਨੂੰ ਭੁਲਾਣ ਵਾਲੇ ਨੂੰ ਗੁਰੂ ਨਾਨਕ ਦੇਵ ਨੇ ਨੀਚ ਜਾਤ ਵਾਲਾ ਕਹਿਕੇ ਨਾਮ ਸਿਮਰਨ ਉੱਤੇ ਬਲ ਦਿੱਤਾ ਹੈ। (‘ਖਸਮ ਵਿਸਾਰਹਿ ਤੇ ਕਮਜਾਤਿ। ਨਾਨਕ ਨਾਵੈ ਬਾਝੁ ਸਨਾਤਿ’––ਆ. ਗ੍ਰ.)। ਇਸ ਸ਼ਬਦ ਦੀ ਵਰਤੋਂ ਪਰਵਰਤੀ ਗੁਰੂਆਂ ਨੇ ਵੀ ਇਸ ਅਰਥ ਅਤੇ ਭਾਵ ਵਿਚ ਕੀਤੀ ਹੈ। ਗੁਰੂ ਨਾਨਕ ਦੇਵ ਨੇ ਅਰਬੀ ਦੇ ਖਸਮ ਸ਼ਬਦ ਤੋਂ ਵਿਉਂਤਪੰਨ ਫ਼ਾਰਸੀ ਸ਼ਬਦ ‘ਖਸਮਾਨਾ’ (ਆਪਣਾ ਬਣਾਉਣ ਦਾ ਭਾਵ) ਵੀ ਵਰਤਿਆ ਹੈ (‘ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ’) । ਗੁਰੂ ਅਰਜਨ ਦੇਵ ਨੇ ਵੀ ਕਿਹਾ ਹੈ––‘ਪ੍ਰਭ ਜੀਉ ਖਸਮਾਨਾ ਕਰਿ ਪਿਆਰੇ।’ ‘ਪੁਰਤਾਨ ਜਨਮਸਾਖੀ’ ਆਦਿ ਵਾਰਤਕ ਰਚਨਾਵਾਂ ਵਿਚ ਵੀ ਖਸਮ ਦੇ ਇਸੇ ਭਾਵ ਸੂਚਕ ਪ੍ਰਯੋਗ ਹੋਏ ਮਿਲ ਜਾਂਦੇ ਹਨ––‘ਜਿਸੁ ਸਾਹਿਬ ਦੀ ਮੈਂ ਕਿਰਸਾਣੀ ਵਾਹੀ ਹੈ, ਸੋ ਮੇਰਾ ਬਹੁਤੁ ਖਸਮਾਨਾ ਕਰਦਾ ਹੈ’(ਸਾਖੀ ੯) । ਗੁਰਬਾਣੀ ਦੀਆਂ ਉਪਰੋਕਤ ਟੂਕਾਂ ਤੋਂ ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਵਰਤੋਂ ਸਿੱਧਾ ਅਤੇ ਸੰਤਾਂ ਵਾਲੇ ‘ਸ਼ੂਨੑਯ’ ਅਰਥ ਵਿਚ ਹੋਈ ਪ੍ਰਤੀਤ ਨਹੀਂ ਹੁੰਦੀ , ਸਗੋਂ ਅਰਬੀ ਮੂਲ ਵਾਲੇ ਅਰਥ ਨੂੰ ਗੌਰਵ ਅਤੇ ਗਰਿਮਾ ਪ੍ਰਦਾਨ ਕਰਕੇ ਉਤਕ੍ਰਿਸ਼ਟ ਅਰਥ ਵਿਚ ਬ੍ਰਹਮ ਜਾਂ ਅਧਿਆਤਮਿਕ ਸੁਆਮੀ ਜਾਂ ਪਤੀ ਦਾ ਵਾਚਕ ਬਣਾਇਆ ਗਿਆ ਹੈ। ਇਸ ਤਰ੍ਹਾਂ ਕਬੀਰ ਆਦਿ ਸੰਤਾਂ ਦੇ ਵਿਪਰੀਤ ਗੁਰਬਾਣੀ ਵਿਚ ਵਰਤੇ ‘ਖਸਮ’ ਸ਼ਬਦ ਦਾ ਸਰੋਤ ਅਰਬੀ ਭਾਸ਼ਾ ਹੈ ਅਤੇ ਇਸ ਦੇ ਅਰਥ ਹਨ––ਬ੍ਰਹਮ, ਪਰਮਾਤਮਾ, ਸੁਆਮੀ , ਪ੍ਰੀਤਮ ਆਦਿ।

          [ਸਹਾ. ਗ੍ਰੰਥ––ਡਾ. ਹਜ਼ਾਰੀ ਪ੍ਰਸਾਦ ਦ੍ਵਿਵੇਦੀ : ‘ਕਬੀਰ’ ਅਤੇ ‘ਮੱਧਕਾਲੀਨ ਧਰਮ–ਸਾਧਨਾ’ , (ਹਿੰਦੀ);

ਡਾ. ਰਤਨ ਸਿੰਘ ਜੱਗੀ: ‘ਗੁਰੂ ਨਾਨਕ : ਵਿਅਕਤਿਤ੍ਵ, ਕ੍ਰਿਤਿਤ੍ਵ ਔਰ ਚਿੰਤਨ’, (ਹਿੰਦੀ); –ਮ.ਕੋ.] 


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.