ਖੁਸ਼ਵੰਤ ਸਿੰਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਖੁਸ਼ਵੰਤ ਸਿੰਘ (1915) : ਭਾਰਤੀ ਅੰਗਰੇਜ਼ੀ ਸਾਹਿਤ ਦੇ ਇਤਿਹਾਸ ਵਿੱਚ ਖੁਸ਼ਵੰਤ ਸਿੰਘ ਨੇ ਕਿਸੇ ਵੀ ਹੋਰ ਲੇਖਕ ਦੇ ਮੁਕਾਬਲੇ ਵਧੇਰੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਉਸ ਦੀਆਂ ਰਚਨਾਵਾਂ ਲੰਮੇ ਅਰਸੇ ਤੋਂ ਪੰਜਾਬ ਜਾਂ ਭਾਰਤ ਦੇ ਹੀ ਨਹੀਂ ਸਗੋਂ ਸਾਰੇ ਸੰਸਾਰ ਦੇ ਪਾਠਕਾਂ ਨੂੰ ਮੋਹ ਰਹੀਆਂ ਹਨ। ਖੁਸ਼ਵੰਤ ਸਿੰਘ ਨੇ ਇਹ ਮਿੱਥ ਤੋੜੀ ਹੈ ਕਿ ਲੇਖਕ ਕੇਵਲ ਆਪਣੀ ਮਾਤ-ਭਾਸ਼ਾ ਵਿੱਚ ਹੀ ਪ੍ਰਸਿੱਧ ਹੋ ਸਕਦਾ ਹੈ। ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ ਸਥਾਪਿਤ ਹੋ ਜਾਣ ਉਪਰੰਤ ਉਹਨਾਂ ਦੀ ਰਾਜਨੀਤਿਕ ਸ਼ਕਤੀ ਅਤੇ ਆਰਥਿਕ ਸ਼ਕਤੀ ਵਾਂਗ ਅੰਗਰੇਜ਼ੀ ਭਾਸ਼ਾ ਨੇ ਵੀ ਭਾਰਤੀਆਂ ਅਤੇ ਭਾਰਤੀ ਭਾਸ਼ਾਵਾਂ ਉੱਤੇ ਆਪਣਾ ਪ੍ਰਭਾਵ ਪਾਉਣਾ ਅਰੰਭ ਕਰ ਦਿੱਤਾ ਸੀ। ਬਹੁਤੇ ਭਾਰਤੀਆਂ ਲਈ ਅੰਗਰੇਜ਼ੀ ਹਾਕਮ ਜਮਾਤ ਦੀ ਭਾਸ਼ਾ ਸੀ ਅਤੇ ਅੰਗਰੇਜ਼ੀ ਵਿੱਚ ਮੁਹਾਰਤ ਪ੍ਰਾਪਤ ਕਰਨ ਦੇ ਅਰਥ ਇਹੀ ਸਨ ਕਿ ਕੇਵਲ ਇਸ ਢੰਗ ਨਾਲ ਹੀ ਵਿਸ਼ਵ ਪੱਧਰ ਤੇ ਵਿਚਰਿਆ ਜਾ ਸਕਦਾ ਹੈ। ਕਈ ਅਜਿਹੇ ਭਾਰਤੀ ਵੀ ਸਨ ਜਿਨ੍ਹਾਂ ਨੇ ਅੰਗਰੇਜ਼ੀ ਉੱਤੇ ਨਿਪੁੰਨਤਾ ਪ੍ਰਾਪਤ ਕਰ ਕੇ ਇਸ ਭਾਸ਼ਾ ਨੂੰ ਭਾਰਤ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਵਿਸ਼ਵ ਸਾਮ੍ਹਣੇ ਰੱਖਣ ਦਾ ਬੀੜਾ ਚੁੱਕਿਆ ਜਦੋਂ ਕਿ ਬਹੁਤਿਆਂ ਨੇ ਅੰਗਰੇਜ਼ਾਂ ਦੀ ਨਕਲ ਹੀ ਕੀਤੀ। ਖੁਸ਼ਵੰਤ ਸਿੰਘ ਨੇ ਅੰਗਰੇਜ਼ੀ ਨੂੰ ਵਰਤਿਆ ਪਰ ਆਪਣੇ ਦੇਸ਼ ਦੀ ਸੱਭਿਅਤਾ, ਇਤਿਹਾਸ ਅਤੇ ਦਰਸ਼ਨ ਦੇ ਪ੍ਰਗਟਾਵੇ ਲਈ। ਇਵੇਂ ਖੁਸ਼ਵੰਤ ਸਿੰਘ ਨੇ ਅੰਗਰੇਜ਼ੀ ਭਾਸ਼ਾ ਦੀ ਸੇਵਾ ਨਹੀਂ ਕੀਤੀ ਸਗੋਂ ਅੰਗਰੇਜ਼ੀ ਭਾਸ਼ਾ ਤੋਂ ਸੇਵਾ ਕਰਾਈ।

     ਖੁਸ਼ਵੰਤ ਸਿੰਘ ਨੇ ਇਤਿਹਾਸਿਕ ਪੁਸਤਕਾਂ ਵੀ ਲਿਖੀਆਂ, ਧਰਮ ਉੱਤੇ ਵੀ ਲਿਖਿਆ, ਨਾਵਲ ਅਤੇ ਕਹਾਣੀਆਂ, ਸੰਪਾਦਕੀ ਅਤੇ ਰੀਵਿਊ ਵੀ ਲਿਖੇ। ਅੰਗਰੇਜ਼ੀ ਵਿੱਚ ਨਾਂ-ਥਾਂ ਉਹਨਾਂ ਲੇਖਕਾਂ ਦਾ ਹੀ ਹੋਇਆ ਹੈ ਜਿਨ੍ਹਾਂ ਨੇ ਨਾਵਲ ਵੀ ਲਿਖੇ ਹਨ ਕਿਉਂਕਿ ਨਾਵਲ ਸਾਹਿਤ ਦੀ ਇੱਕ ਅਜਿਹੀ ਵਿਧਾ ਹੈ ਜਿਸ ਰਾਹੀਂ ਲੇਖਕ ਦੀ ਸਮੁੱਚੀ ਯੋਗਤਾ ਪਰਖੀ ਜਾਂਦੀ ਹੈ। ਖੁਸ਼ਵੰਤ ਸਿੰਘ ਨੇ ਆਪਣੇ-ਆਪ ਨੂੰ ਇੱਕ ਲੇਖਕ ਵਜੋਂ ਅਤੇ ਇੱਕ ਪੱਤਰਕਾਰ ਵਜੋਂ ਸਥਾਪਿਤ ਕੀਤਾ ਹੈ। ਕਿੱਤੇ ਵਜੋਂ ਉਹ ਵਕੀਲ ਸੀ ਪਰ ਖੇਤਰ ਉਸ ਨੇ ਲੇਖਣ ਦਾ ਚੁਣਿਆ।

     ਖੁਸ਼ਵੰਤ ਸਿੰਘ ਦਾ ਜਨਮ ਹਡਾਲੀ ਨਾਂ ਦੇ ਕਸਬੇ ਵਿੱਚ (ਜਿਹੜਾ ਹੁਣ ਪਾਕਿਸਤਾਨ ਵਿੱਚ ਹੈ) ਫਰਵਰੀ 1915 ਨੂੰ ਸਰਦਾਰ ਸੋਭਾ ਸਿੰਘ ਅਤੇ ਸਰਦਾਰਨੀ ਵੀਰਾਂ ਵਾਲੀ ਦੇ ਘਰ ਹੋਇਆ। ਉਸ ਨੇ ਆਪਣੀ ਸਿੱਖਿਆ ਸਰਕਾਰੀ ਕਾਲਜ ਲਾਹੌਰ ਤੋਂ ਮੁਕੰਮਲ ਕਰਨ ਉਪਰੰਤ ਕਿੰਗਜ਼ ਕਾਲਜ ਐਂਡ ਇਨਰ ਟੈਂਪਲ ਲੰਦਨ ਵਿੱਚ ਦਾਖ਼ਲਾ ਲਿਆ। ਕੁਝ ਚਿਰ ਲਈ ਉਹ ਲਾਅ ਕਾਲਜ ਲਾਹੌਰ ਵਿੱਚ ਹਿੰਦੂ ਲਾਅ ਦਾ ਵਿਸ਼ਾ ਪੜ੍ਹਾਉਂਦਾ ਰਿਹਾ। ਇਹਨੀਂ ਦਿਨੀਂ ਉਸ ਦਾ ਵਿਆਹ ਹੋ ਗਿਆ ਅਤੇ ਪੁੱਤਰ ਰਾਹੁਲ ਅਤੇ ਧੀ ਮਾਲਾ ਦਾ ਜਨਮ ਹੋਇਆ। ਮੁਲਕ ਦੀ ਵੰਡ ਉਪਰੰਤ ਉਸ ਨੇ ਵਕਾਲਤ ਦਾ ਕੰਮ ਤਿਆਗ ਦਿੱਤਾ ਅਤੇ ਕੇਂਦਰੀ ਸਰਕਾਰ ਵਿੱਚ ਸੂਚਨਾ ਅਫ਼ਸਰ ਵਜੋਂ ਕਾਰਜ ਕਰਨ ਲੱਗਾ। ਇਸ ਉਪਰੰਤ ਉਹ ਲੰਦਨ ਅਤੇ ਓਟਾਵਾ ਦੇ ਭਾਰਤੀ ਦੂਤਾਵਾਸਾਂ ਵਿੱਚ ਉੱਚੇ ਅਹੁਦਿਆਂ ਤੇ ਲੱਗਾ ਰਿਹਾ ਅਤੇ ਕੁਝ ਅਰਸੇ ਮਗਰੋਂ ਉਸ ਨੇ ਇਹ ਨੌਕਰੀ ਵੀ ਤਿਆਗ ਦਿੱਤੀ।

     ਭਾਰਤੀ ਅਤੇ ਵਿਸ਼ਵ ਸੰਸਕ੍ਰਿਤੀ ਦਾ ਖੁਸ਼ਵੰਤ ਸਿੰਘ ਉੱਤੇ ਡੂੰਘਾ ਪ੍ਰਭਾਵ ਹੈ। ਉਸ ਨੇ ਆਪ ਕਿਹਾ ਹੈ ਕਿ ‘ਮੈਂ ਪੱਛਮ ਅਤੇ ਪੂਰਬ ਦੋਹਾਂ ਦੀ ਉਪਜ ਹਾਂ।’ ਉਸ ਦੀਆਂ ਰਚਨਾਵਾਂ ਵਿਗਿਆਨਿਕ ਤਰਕਵਾਦ ਅਤੇ ਉਦਾਰ ਮਾਨਵਵਾਦ ਦਾ ਸੁਮੇਲ ਪ੍ਰਗਟ ਕਰਦੀਆਂ ਹਨ। ਸਾਹਿਤਿਕ ਖੇਤਰ ਵਿੱਚ ਖੁਸ਼ਵੰਤ ਸਿੰਘ ਦਾ ਪ੍ਰਵੇਸ਼ 1950 ਵਿੱਚ ਉਸ ਦੇ ਕਹਾਣੀ ਸੰਗ੍ਰਹਿ ਦਾ ਮਾਰਕ ਆਫ਼ ਵਿਸ਼ਨੂੰ ਐਂਡ ਅਦਰ ਸਟੋਰੀਜ਼ ਨਾਲ ਹੋਇਆ। ਇਸ ਸੰਗ੍ਰਹਿ ਵਿਚਲੀਆਂ ਵਧੇਰੇ ਕਹਾਣੀਆਂ ਉਸ ਦੇ ਆਪਣੇ ਅਨੁਭਵਾਂ ਨਾਲ ਸੰਬੰਧ ਰੱਖਦੀਆਂ ਹਨ। ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਵਿਦੇਸ਼ੀ ਰਸਾਲਿਆਂ ਵਿੱਚ ਵੀ ਪ੍ਰਕਾਸ਼ਿਤ ਹੋਈਆਂ ਹਨ। ਇਹਨਾਂ ਕਹਾਣੀਆਂ ਦਾ ਅਧਿਐਨ ਦੱਸਦਾ ਹੈ ਕਿ ਖੁਸ਼ਵੰਤ ਸਿੰਘ ਇੱਕ ਨਿਪੁੰਨ ਕਹਾਣੀਕਾਰ ਹੈ ਅਤੇ ਉਸ ਵਿੱਚ ਕਹਾਣੀ ਦੇ ਸ਼ਿਲਪ, ਵੇਰਵਿਆਂ ਅਤੇ ਜੁਗਤਾਂ ਨੂੰ ਇੱਕ ਸਮੁੱਚ ਵਿੱਚ ਪੇਸ਼ ਕਰਨ ਦੀ ਯੋਗਤਾ ਹੈ। ਸਾਹਿਤ ਦੇ ਖੇਤਰ ਵਿੱਚ ਉਸ ਦਾ ਪ੍ਰਵੇਸ਼ ਉਸ ਦੇ ਨਾਵਲ ਟ੍ਰੇਨ ਟੂ ਪਾਕਿਸਤਾਨ (1956) ਵਿੱਚ ਛਪਣ ਨਾਲ ਮੰਨਿਆ ਜਾਂਦਾ ਹੈ। ਖੁਸ਼ਵੰਤ ਸਿੰਘ ਦਾ ਲੇਖਕ ਬਣਨ ਦਾ ਕਦੇ ਵੀ ਵਿਚਾਰ ਨਹੀਂ ਸੀ ਪਰ ਦੇਸ ਦੀ ਵੰਡ ਨਾਲ ਮਨੁੱਖੀ ਵਿਹਾਰ ਦੀਆਂ ਘਿਨੌਣੀਆਂ ਭਾਵਨਾਵਾਂ ਨੇ ਉਸ ਨੂੰ ਲਿਖਣ ਲਈ ਮਜਬੂਰ ਕੀਤਾ। ਦੇਸ਼ ਦੀਆਂ ਵੱਖਰੀਆਂ ਜਾਤੀਆਂ ਦੇ ਪਤਵੰਤਿਆਂ ਦੀਆਂ ਕੋਝੀਆਂ ਹਰਕਤਾਂ ਨੂੰ ਉਸ ਨੇ ਆਪਣੀਆਂ ਅੱਖਾਂ ਨਾਲ ਵੇਖਿਆ। ਦੂਜੇ ਵਿਸ਼ਵ ਯੁੱਧ ਉਪਰੰਤ ਰਚੇ ਗਏ ਭਾਰਤੀ-ਅੰਗਰੇਜ਼ੀ ਉਪਨਿਆਸ ਵਿੱਚ ਟ੍ਰੇਨ ਟੂ ਪਾਕਿਸਤਾਨ ਦਾ ਮਹੱਤਵਪੂਰਨ ਸਥਾਨ ਹੈ। ਮਗਰੋਂ ਇਸ ਨਾਵਲ ਉੱਤੇ ਫ਼ਿਲਮ ਵੀ ਬਣੀ ਸੀ। ਖੁਸ਼ਵੰਤ ਸਿੰਘ ਦਾ ਦੂਜਾ ਨਾਵਲ ਆਈ ਸ਼ੈਲ ਨਾਟ ਹੀਅਰ ਦਾ ਨਾਈਟਿੰਗੇਲ (1959) ਛਪਿਆ। ਇਸ ਨਾਵਲ ਵਿੱਚ ਉਸ ਨੇ ਸੁਤੰਤਰਤਾ ਤੋਂ ਪੰਜ ਸਾਲ ਪਹਿਲੇ ਦੇ ਸਮੇਂ ਨੂੰ ਪੇਸ਼ ਕੀਤਾ ਹੈ ਜਦੋਂ ਦੂਜੇ ਵਿਸ਼ਵ ਯੁੱਧ ਦੌਰਾਨ ਅਤੇ ਉਪਰੰਤ ਭਾਰਤ ਵਿੱਚ ਸੁਤੰਤਰਤਾ ਅੰਦੋਲਨ ਤੇਜ਼ ਹੋ ਗਿਆ ਸੀ। ਇਸ ਨਾਵਲ ਵਿੱਚ ਖੁਸ਼ਵੰਤ ਸਿੰਘ ਨੇ ਸਾਰੇ ਇਤਿਹਾਸਿਕ ਵੇਰਵੇ ਪੇਸ਼ ਨਹੀਂ ਕੀਤੇ ਜਿਵੇਂ 1942 ਦੇ ‘ਭਾਰਤ ਛੋੜੋ’ ਅੰਦੋਲਨ ਦਾ ਉਸ ਨੇ ਕੋਈ ਉਲੇਖ ਨਹੀਂ ਕੀਤਾ ਹੈ।

     ਖੁਸ਼ਵੰਤ ਸਿੰਘ ਦਾ ਤੀਜਾ ਨਾਵਲ ਲਸਟ ਐਂਡ ਏ ਲੋਨਲੀ ਸਿਟੀ ਵਿਵਾਦ ਦਾ ਵਿਸ਼ਾ ਬਣਿਆ। ਇਸ ਤੋਂ ਇਲਾਵਾ ਉਸ ਦੀਆਂ ਦਿੱਲੀ (1990), ਦਾ ਕੰਪਨੀ ਆਫ਼ ਵਿਮੈਨ (2000) ਨਾਮਕ ਰਚਨਾਵਾਂ ਅਤੇ ਟਰੂਥ, ਲੱਵ ਐਂਡ ਏ ਲਿਟਲ ਮੈਲਿਸ (2002) ਨਾਮੀ ਆਤਮਕਥਾ ਛਪੀ ਹੈ।

     ਇੱਕ ਪੱਤਰਕਾਰ ਵਜੋਂ ਖੁਸ਼ਵੰਤ ਸਿੰਘ ਦਾ ਜੀਵਨ ਆਲ ਇੰਡੀਆ ਰੇਡੀਓ (1951) ਅਤੇ ਯੋਜਨਾ ਨਾਂ ਦੇ ਰਸਾਲੇ ਦੇ ਸੰਪਾਦਨ ਨਾਲ ਅਰੰਭ ਹੋਇਆ। ਯੋਜਨਾ ਰਸਾਲੇ ਦਾ ਉਸ ਨੇ 1951-53 ਵਿਚਕਾਰ ਸੰਪਾਦਨ ਕੀਤਾ। 1969 ਤੋਂ 1979 ਤੱਕ ਦਸ ਵਰ੍ਹੇ ਉਹ ਦੇਸ ਦੇ ਸਭ ਤੋਂ ਵੱਡੇ ਰਸਾਲੇ ਦਾ ਇਲੱਸਟਰੇਟਿਡ ਵੀਕਲੀ ਆਫ਼ ਇੰਡੀਆ ਦਾ ਸੰਪਾਦਕ ਰਿਹਾ। ਦੋ ਸਾਲ ਲਈ ਉਹ ਨੈਸ਼ਨਲ ਹੈਰੇਲਡ ਦਾ ਸੰਪਾਦਕ ਅਤੇ 1970-80 ਵਿਚਕਾਰ ਨਿਊ ਦੇਹਲੀ ਦਾ ਮੁੱਖ ਸੰਪਾਦਕ ਰਿਹਾ। ਇਸ ਉਪਰੰਤ ਉਹ 1980-83 ਵਿਚਕਾਰ ਹਿੰਦੁਸਤਾਨ ਟਾਈਮਜ਼ ਰੋਜ਼ਾਨਾ ਸਮਾਚਾਰ ਪੱਤਰ ਦਾ ਸੰਪਾਦਕ ਰਿਹਾ। ਖੁਸ਼ਵੰਤ ਸਿੰਘ ਨੇ ਭਾਰਤ ਅਤੇ ਵਿਸ਼ਵ ਦੇ ਸਾਰੇ ਪ੍ਰਸਿੱਧ ਰਸਾਲਿਆਂ ਵਿੱਚ ਲਿਖਿਆ ਹੈ ਅਤੇ ਅਨੇਕਾਂ ਹੀ ਟੈਲੀਵੀਜ਼ਨ ਅਤੇ ਰੇਡੀਓ ਪ੍ਰੋਗਰਾਮਾਂ ਵਿੱਚ ਭਾਗ ਲਿਆ ਹੈ। ਹੁਣ ਉਹ ਭਾਰਤ ਦਾ ਸਭ ਤੋਂ ਵੱਧ ਹਰਮਨ ਪਿਆਰਾ ਅਤੇ ਪੜ੍ਹਿਆ ਜਾਣ ਵਾਲਾ ਕਾਲਮ ਨਵੀਸ ਹੈ। ਦਾ ਇਲੱਸਟਰੇਟਿਡ ਵੀਕਲੀ ਆਫ਼ ਇੰਡੀਆ ਦੀ ਸੰਪਾਦਨਾ ਦੇ ਸਮੇਂ ਉਸ ਨੇ ਜਿਹੜੀਆਂ ਪਿਰਤਾਂ ਪਾਈਆਂ, ਉਹਨਾਂ ਨੇ ਭਾਰਤ ਦੀ ਮੈਗਜ਼ੀਨ ਪੱਤਰਕਾਰੀ ਦੀ ਨੁਹਾਰ ਬਦਲ ਦਿੱਤੀ। ਉਸ ਨੇ ਆਪਣੀ ਆਲੋਚਨਾ ਕਰਨ ਵਾਲੇ ਪੱਤਰਾਂ ਨੂੰ ਵਿਸ਼ੇਸ਼ ਮਹੱਤਵ ਦੇ ਕੇ ਛਾਪਿਆ ਅਤੇ ਵਿਅੰਗ ਦੇ ਨਵੇਂ ਮਿਆਰ ਸਥਾਪਿਤ ਕੀਤੇ। ਇਸ ਮੈਗਜ਼ੀਨ ਵਿੱਚ ਉਸ ਨੇ ਇਤਿਹਾਸਿਕ ਇਮਾਰਤਾਂ, ਪੰਛੀਆਂ, ਪੌਦਿਆਂ ਉੱਤੇ ਵਿਸ਼ੇਸ਼ ਲੇਖ ਲਿਖੇ, ਲਿਖਵਾਏ ਅਤੇ ਛਪਵਾਏ। ਖੁਸ਼ਵੰਤ ਸਿੰਘ ਨੇ ਗ਼ੈਰ-ਸਾਹਿਤਿਕ ਰਚਨਾਵਾਂ ਅਤੇ ਪੁਸਤਕਾਂ ਵੀ ਲਿਖੀਆਂ ਹਨ। ਉਸ ਨੇ ਇਤਿਹਾਸਿਕ ਪੁਸਤਕਾਂ ਵੀ ਲਿਖੀਆਂ ਹਨ।

     ਖੁਸ਼ਵੰਤ ਸਿੰਘ 1980 ਤੋਂ 1986 ਤੱਕ ਭਾਰਤ ਦੀ ਰਾਜ ਸਭਾ ਦਾ ਮੈਂਬਰ ਰਿਹਾ ਹੈ ਅਤੇ ਰਾਜ ਸਭਾ ਦੀ ਕਾਰਵਾਈ ਵਿੱਚ ਉਘੜਵਾਂ ਭਾਗ ਲੈ ਕੇ ਉਸ ਨੇ ਅਨੇਕਾਂ ਭੱਖਦੇ ਮਸਲਿਆਂ `ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟਾਏ ਹਨ। 1974 ਵਿੱਚ ਉਸ ਨੂੰ ਪਦਮ ਭੂਸ਼ਨ ਨਾਲ ਸਨਮਾਨਿਆ ਗਿਆ ਅਤੇ 1984 ਦੀ ਦਰਬਾਰ ਸਾਹਿਬ ਉੱਤੇ ਹੋਈ ਤਬਾਹੀ ਦੇ ਰੋਸ ਵਜੋਂ ਉਸ ਨੇ ਇਹ ਸਨਮਾਨ ਵਾਪਸ ਕਰ ਦਿੱਤਾ।

     ਖੁਸ਼ਵੰਤ ਸਿੰਘ 90 ਸਾਲਾਂ ਦਾ ਹੋ ਜਾਣ ਦੇ ਬਾਵਜੂਦ ਨਿਰੰਤਰ ਲਿਖ ਰਿਹਾ ਹੈ। ਖੁਸ਼ਵੰਤ ਸਿੰਘ ਦਾ ਜਿਹੜਾ ਗੁਣ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ, ਉਹ ਹੈ ਆਪਣੀ ਗੱਲ ਕਹਿਣ ਦੀ ਦਲੇਰੀ ਅਤੇ ਸੱਚ ਬੋਲਣ ਦਾ ਹੱਠ ਅਤੇ ਵਿਅੰਗ ਕਰਨ ਦਾ ਹੁਨਰ। ਨਿਰਸੰਦੇਹ ਖੁਸ਼ਵੰਤ ਸਿੰਘ ਇੱਕ ਨਿਪੁੰਨ ਲੇਖਕ ਹੈ ਅਤੇ ਉਹ ਲੇਖਣੀ ਦੇ ਹਰ ਖੇਤਰ ਵਿੱਚ ਸਫਲ ਹੋਇਆ ਹੈ। ਇਤਿਹਾਸਿਕ ਪੁਸਤਕਾਂ ਉਸ ਨੇ ਮੁੱਖ ਤੌਰ ਉੱਤੇ ਸਿੱਖ ਇਤਿਹਾਸ ਸੰਬੰਧੀ ਲਿਖੀਆਂ ਹਨ ਜਿਨ੍ਹਾਂ ਵਿੱਚੋਂ ਹਿਸਟਰੀ ਆਫ਼ ਦਾ ਸਿਖਸ ਪ੍ਰਮੁੱਖ ਹੈ।


ਲੇਖਕ : ਹਰਗੁਣਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਖੁਸ਼ਵੰਤ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੁਸ਼ਵੰਤ ਸਿੰਘ : ਖੁਸ਼ਵੰਤ ਸਿੰਘ ਭਾਰਤ ਦਾ ਪ੍ਰਸਿਧ ਵਿਦਵਾਨ, ਨਾਵਲਕਾਰ, ਸੰਪਾਦਕ ਅਤੇ ਸਿਖ ਇਤਿਹਾਸਕਾਰ ਹੈ। ਇਸ ਦਾ ਜਨਮ ਸਰ ਸੋਭਾ ਸਿੰਘ ਦੇ ਘਰ 2 ਫ਼ਰਵਰੀ, 1915 ਨੂੰ ਪਿੰਡ ਹਡਾਲੀ, ਜ਼ਿਲਾ ਸ਼ਾਹਪੁਰ (ਪਾਕਿਸਤਾਨ) ਵਿਖੇ ਹੋਇਆ। ਰੱਜੇ ਪੁੱਜੇ ਘਰ ਵਿਚ ਪੈਦਾ ਹੋਣ ਕਰਕੇ ਇਸ ਨੇ ਉੱਚੀ ਤੋਂ ਉੱਚੀ ਵਿਦਿਆ ਪ੍ਰਾਪਤ ਕੀਤੀ। ਐਮ. ਏ. (ਅੰਗਰੇਜ਼ੀ) ਕਰਨ ਮਗਰੋਂ ਇਸ ਨੇ ਲੰਡਨ ਤੋਂ ਬਾਰ-ਐਟ-ਲਾਅ ਕੀਤੀ। ਇਸ ਮਗਰੋਂ 1939 ਤੋਂ 1947 ਤੱਕ ਇਸ ਨੇ ਪੰਜਾਬ ਹਾਈ ਕੋਰਟ, ਲਾਹੌਰ (ਹੁਣ ਪਾਕਿਸਤਾਨ) ਵਿਖੇ ਵਕਾਲਤ ਕੀਤੀ। ਸੰਨ 1947 ਤੋਂ 1951 ਤੱਕ ਇਹ ਵਿਦੇਸ਼ ਮੰਤ੍ਰਾਲੇ ਵਲੋਂ ਆੱਟਾਵਾ ਅਤੇ ਲੰਡਨ ਵਿਖੇ ਲੋਕ ਸੰਪਰਕ ਅਫ਼ਸਰ ਰਿਹਾ। ਸੰਨ 1954 ਤੋਂ 56 ਤੱਕ ਇਸ ਦੀ ਨਿਯੁਕਤੀ ਯੂਨੈਸਕੋ (U.N.E.S.C.O.) ਵਿਚ ਹੋਈ। ਇਹ ਆੱਕਸਫ਼ੋਰਡ ਅਤੇ ਕਈ ਹੋਰ ਵਿਦੇਸ਼ੀ ਯੂਨੀਵਰਸਿਟੀਆਂ ਦਾ ਵਿਜ਼ਿਟਿੰਗ ਪ੍ਰੋਫ਼ੈਸਰ ਹੈ।

          ਖੁਸ਼ਵੰਤ ਸਿੰਘ ਨੇ ਦੇਸ਼ ਦੇ ਬਹੁਤ ਸਾਰੇ ਪ੍ਰਸਿੱਧ ਰੋਜ਼ਾਨਾਂ ਅਖ਼ਬਾਰਾਂ ਅਤੇ ਵਿਦੇਸ਼ੀ ਪੱਤਰਕਾਵਾਂ ਜਿਵੇਂ ਕਿ ‘ਨਿਊਯਾਰਕ ਟਾਈਮਜ਼’, ‘ਆਬਜ਼ਰਵਰ’ (ਲੰਡਨ) ‘ਨਿਊ ਸਟੇਟਸਮੈਨ’ (ਲੰਡਨ), ‘ਹਾਰਪਰਜ਼’ (ਯੂ. ਐਸ. ਏ), ਐਵਰਗ੍ਰੀਨ ਰੀਵਿਊ (ਯੂ. ਐਸ. ਏ) ਅਤੇ ‘ਲੰਡਨ ਮੈਗਜ਼ੀਨ’ ਲਈ ਬਹੁਤ ਕੁਝ ਲਿਖਿਆ ਹੈ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵਿਚ ਸ਼ਾਮਲ ਸਿੱਖ ਧਰਮ ਸਬੰਧੀ ਸਾਰੀਆਂ ਐਟਰੀਆਂ ਇਸੇ ਦੀਆਂ ਲਿਖੀਆਂ ਹੋਈਆਂ ਹਨ।

          ਸੰਨ 1969 ਤੋਂ 1978 ਤੱਕ ਖੁਸ਼ਵੰਤ ਸਿੰਘ ‘ਇਲਸਟ੍ਰੇਟਿਡ ਵੀਕਲੀ ਆੱਫ਼ ਇੰਡੀਆ’ ਦਾ ਐਡੀਟਰ, 1978-79 ਵਿਚ ‘ਨੈਸਨਲ ਹੈਰਲਡ’ ਦਾ ਐਡੀਟਰ ਇਨ-ਚੀਫ਼, 1979-80 ਵਿਚ ‘ਨਿਊ ਦਿਹਲੀ’ ਮੈਗਜ਼ੀਨ ਦਾ ਚੀਫ਼ ਐਡੀਟਰ ਅਤੇ ਫਿਰ ‘ਹਿੰਦੁਸਤਾਨ ਟਾਈਮਜ਼’ ਦਾ ਐਡੀਟਰ ਬਣਿਆ। ਸੰਨ 1980-86 ਤੱਕ ਇਹ ਰਾਜ-ਸਭਾ ਦਾ ਨਾਮਜ਼ਦ ਮੈਂਬਰ ਵੀ ਰਿਹਾ।

          ਖੁਸ਼ਵੰਤ ਸਿੰਘ ਨੇ ਆਪਣੀ ਉੱਤਮ ਲੇਖਣੀ ਲਈ ਬੇਸ਼ੁਮਾਰ ਵੱਡੇ ਵੱਡੇ ਇਨਾਮ ਵੀ ਪ੍ਰਾਪਤ ਕੀਤੇ ਹਨ। ਆਪਣੇ ਸਭ ਤੋਂ ਵਧੀਆ ਨਾਵਲ ‘ਟ੍ਰੇਨ ਟੂ ਪਾਕਿਸਤਾਨ’ ਲਈ ਇਸ ਨੇ ਗ੍ਰੇਵ ਪ੍ਰੈਸ ਅਵਾਰਡ’ ਪ੍ਰਾਪਤ ਕੀਤਾ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਸੰਨ 1969-70 ਲਈ ਇਸ ਨੂੰ ਸ਼੍ਰੋਮਣੀ ਪੱਤਰਕਾਰ ਵਜੋਂ ਸਨਮਾਨਿਤ ਕੀਤਾ ਗਿਆ।

          ਸੰਨ 1974 ਵਿਚ ਭਾਰਤ ਦੇ ਰਾਸ਼ਟਰਪਤੀ ਨੇ ਖੁਸ਼ਵੰਤ ਸਿਘ ਨੂੰ ‘ਪਦਮ ਭੂਸ਼ਨ’ ਨਾਲ ਸੁਸ਼ੋਭਿਤ ਕੀਤਾ ਪ੍ਰੰਤੂ ਜੂਨ, 1984 ਵਿਚ ‘ਅਪਰੇਸ਼ਨ ਬਲੂ ਸਟਾਰ’ ਦੇ ਵਿਰੁੱਧ ਰੋਸ ਪਰਗਟ ਕਰਦਿਆਂ ਇਸ ਵੱਲੋਂ ਇਹ ਸਨਮਾਨ ਵਾਪਸ ਕਰ ਦਿੱਤਾ ਗਿਆ।

          ਸਿੱਖ ਇਤਿਹਾਸ ਅਤੇ ਧਰਮ ਬਾਰੇ ਇਸ ਦੀਆਂ ਪੁਸਤਕਾਂ ਦਾ ਵੇਰਵਾ ਇਸ ਪ੍ਰਕਾਰ ਹੈ:- ‘ਏ ਹਿਸਟਰੀ ਆਫ਼ ਸਿੱਖਸ’ (ਦੋ ਜਿਲਦਾਂ); ‘ਰਣਜੀਤ ਸਿੰਘ, ਮਹਾਰਾਜਾ ਆਫ਼ ਦੀ ਪੰਜਾਬ’ (1789-1839); ‘ਸੈਕਰਿੰਡ ਰਾਈਟਿੰਗਜ਼ ਆਫ਼ ਦੀ ਸਿੱਖਸ’; ‘ਦੀ ਸਿੱਖਸ’; ‘ਫਾਲ ਆਫ਼ ਦੀ ਕਿੰਗਡਮ ਆਫ਼ ਦੀ ਪੰਜਾਬ’; ‘ਗਦਰ ਰਿਬੈਲੀਅਨ’; ‘ਸਿੱਖਸ ਟੂ ਡੇ’; ‘ਹੋਮੇਜ ਟੂ ਗੁਰੂ ਗੋਬਿੰਦ ਸਿੰਘ’; ‘ਹਿਮਜ਼ ਆਫ਼ ਨਾਨਕ, ਦੀ ਗੁਰੂ’; ‘ਸਿੱਖਇਜ਼ਮ ਥਰੂ ਦੀ ਹਿਮਜ਼ ਆਫ਼ ਦੀ ਗੁਰੂਜ਼’।

          ਗੱਲਪ ਸਾਹਿਤ ਵਿਚ ਖੁਸ਼ਵੰਤ ਸਿੰਘ ਦੀਆਂ ਰਚਨਾਵਾਂ ਨਿਮਨ ਅਨੁਸਾਰ ਹਨ :- ‘ਮਾਰਕ ਆਫ਼ ਵਿਸ਼ਨੂੰ ਐਂਡ ਅਦਰ ਸਟੋਰੀਜ਼’, ‘ਟ੍ਰੇਨ ਟੂ ਪਾਕਿਸਤਾਨ’, ‘ਆਈ ਸ਼ੈੱਲ ਨੌਟ ਹੀਅਰ ਦੀ ਨਾਈਟਿੰਗੇਲ’, ‘ਦੀ ਵਾਇਸ ਆਫ਼ ਗਾਡ ਐਂਡ ਸਟੋਰੀਜ਼’, ‘ਬਲੈਕ ਜੈਸਮਿਨ ਐਂਡ ਅਦਰਰ ਸਟੋਰੀਜ਼’ ਅਤੇ ‘ਏ ਬ੍ਰਾਈਡ ਫ਼ਾਰ ਦੀ ਸਾਹਿਬ ਐਂਡ ਅਦਰ ਸਟੋਰੀਜ਼’।

          ਇਸ ਤੋਂ ਇਲਾਵਾ ਸ੍ਰ. ਖੁਸ਼ਵੰਤ ਸਿੰਘ ਨੇ ਹੋਰ ਬਹੁਤ ਸਾਰੀਆਂ ਫੁਟਕਲ ਰਚਨਾਵਾਂ ਸਾਹਿਤ ਨੂੰ ਪ੍ਰਦਾਨ ਕੀਤੀਆਂ ਹਨ ਅਤੇ ਪੰਜਾਬੀ, ਉਰਦੂ ਆਦਿ ਭਾਸ਼ਾਵਾਂ ਦੀਆਂ ਕਈ ਉੱਤਮ ਪੁਸਤਕਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਵੀ ਕੀਤਾ ਹੈ। ਇਸ ਦੀ ਲਿਖਤ ਵਿਚ ਤਨਜ਼ ਤੇ ਵਿਅੰਗ ਹੈ, ਦਲੀਲ ਤੇ ਜੁਗਤੀ ਹੈ ਅਤੇ ਨਿਰਪੱਖਤਾ ਤੇ ਨਿਡਰਤਾ ਹੈ। ਖੁਸ਼ਵੰਤ ਸਿੰਘ ਨੂੰ ਭਾਰਤ ਵਿਚ ਅੰਗਰੇਜ਼ੀ ਦੇ ਸਭ ਤੋਂ ਉੱਤਮ ਲਿਖਾਰੀਆਂ ਵਿਚ ਗਿਣਿਆ ਜਾਂਦਾ ਹੈ।

          ਹ. ਪੁ.– ਬਾਇਉਡੇਟਾ- ਸ. ਖੁਸ਼ਵੰਤ ਸਿੰਘ; ਪੰ. ਲਿੰ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਖੁਸ਼ਵੰਤ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਖੁਸ਼ਵੰਤ ਸਿੰਘ : ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਇਸ ਪੱਤਰਕਾਰ, ਲੇਖਕ ਅਤੇ ਇਤਿਹਾਸਕਾਰ ਦਾ ਜਨਮ ਜ਼ਿਲ੍ਹਾ ਸ਼ਾਹਪੁਰ (ਪਾਕਿਸਤਾਨ) ਦੇ ਪਿੰਡ ਹਦਾਲੀ ਵਿਖੇ ਸ. ਸੋਭਾ ਸਿੰਘ ਦੇ ਘਰ 2 ਫ਼ਰਵਰੀ, 1915 ਨੂੰ ਹੋਇਆ। ਦਿੱਲੀ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚੋਂ ਵਿਦਿਆ ਪ੍ਰਾਪਤ ਕਰਨ ਪਿੱਛੋਂ ਇਸ ਨੇ ਆੱਕਸਫੋਰਡ ਯੂਨੀਵਰਸਿਟੀ ਤੋਂ ਬੈਰਿਸਟਰੀ ਕੀਤੀ। ਸੰਨ 1947 ਵਿਚ ਪੰਜਾਬ ਯੂਨੀਵਰਸਿਟੀ, ਲਾਹੌਰ ਵਿਚ ਕਾਨੂੰਨ ਦਾ ਅਧਿਆਪਕ ਰਿਹਾ ਤੇ ਨਾਲ ਵਕਾਲਤ ਵੀ ਕਰਦਾ ਰਿਹਾ। ਸੰਨ 1952 ਤਕ ਕੇਂਦਰ ਸਰਕਾਰ ਵੱਲੋਂ ਓਟਾਵਾ ਅਤੇ ਲੰਦਨ ਵਿਚ ਪ੍ਰੈੱਸ ਸਹਾਇਕ ਦੇ ਤੌਰ ਤੇ ਕੰਮ ਕਰਦਾ ਰਿਹਾ। ਸੰਨ 1954 ਤਕ ਇਹ ਆਲ ਇੰਡੀਆ ਰੇਡੀਓ ਦੀਆਂ ਬਾਹਰਮੁਖੀ ਸੇਵਾਵਾਂ (ਅੰਗਰੇਜ਼ੀ) ਦਾ ਇੰਚਾਰਜ ਰਿਹਾ। ਫਿਰ 1956 ਈ. ਵਿਚ ਇਹ ਯੂਨੈਸਕੋ (ਪੈਰਿਸ) ਦੇ ਸਮੂਹਿਕ ਪ੍ਰਸਾਰ ਦੇ ਮਹਿਕਮੇ ਵਿਚ ਚਲਾ ਗਿਆ। ਸੰਨ 1956-58 ਤਕ ਇਹ ਕੇਂਦਰੀ ਸਰਕਾਰ ਦੇ ਪੱਤਰ ‘ਯੋਜਨਾ’ ਦਾ ਸੰਪਾਦਕ ਰਿਹਾ। ਸੰਨ 1969-78 ਤਕ ਇਸ ਨੇ ‘ਇਲਸਟਰੇਟਿਡ ਵੀਕਲੀ’ ਦਾ ਸੰਪਾਦਨ ਕੀਤਾ। ਸੰਨ 1978-79 ਵਿਚ ‘ਨੇਸ਼ਨਲ ਹੇਰਾਲਡ’, 1979-80 ਈ. ਵਿਚ ‘ਨਿਊ ਦੇਹਲੀ’ ਮੈਗਜ਼ੀਨ ਅਤੇ ਸੰਨ 1980-83 ਵਿਚ ‘ਹਿੰਦੁਸਤਾਨ ਟਾਈਮਜ਼’ ਦਾ ਮੁੱਖ ਸੰਪਾਦਕ ਰਿਹਾ। ਸੰਨ 1980-86 ਤਕ ਇਹ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਗਲਪ ਦੀ ਸਰਵੋਤਮ ਪੁਸਤਕ ਲਈ ਇਸ ਨੂੰ ਗੌਰਵ ਪ੍ਰੈੱਸ ਐਵਾਰਡ ਪ੍ਰਾਪਤ ਹੋਇਆ। ਸੰਨ 1972 ਵਿਚ ਇਸ ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੱਤਰਕਾਰ ਵੱਜੋਂ ਸਨਮਾਨਿਆ ਗਿਆ। ਸੰਨ 1974 ਵਿਚ ਇਸ ਨੂੰ ਪਦਮ ਭੂਸ਼ਨ ਦਾ ਸਨਮਾਨ ਪ੍ਰਾਪਤ ਹੋਇਆ।

ਇਸ ਨੇ ਲਗਭਗ ਢਾਈ ਦਰਜਨ ਪੁਸਤਕਾਂ ਲਿਖੀਆਂ ਜਿਨ੍ਹਾਂ ਵਿਚ ਨਿਮਨਲਿਖਤ ਬਹੁਤ ਪ੍ਰਸਿੱਧ ਹਨ :- A Train to Pakistan; History of Sikhs, (2 vol.); The Sikhs, Iqbalis Dialogue with Allah; Ranjit Singh Maharaja of the Punjab, Delhi.

ਪੰਜਾਬੀ ਵਿਚ ਇਸ ਦੀਆਂ ਕਹਾਣੀਆਂ ਦੀ ਇਕੋ ਇਕ ਪੁਸਤਕ ‘ਨਾਂ ਵਿਚ ਕੀ ਪਿਆ ਹੈ’ ਮਿਲਦੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-11-31-50, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲਿ. ਕੋ. ; ਖੁਸ਼ਵੰਤ ਸਿੰਘ–ਭਾ. ਵਿ. ਪੰ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.