ਖੇਤੀ ਬਾੜੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਖੇਤੀ-ਬਾੜੀ : ਖੇਤੀ ਦਾ ਧੰਦਾ ਓਦੋਂ ਸ਼ੁਰੂ ਹੋਇਆ ਜਦੋਂ ਮਨੁੱਖ ਨੇ ਦਰੱਖ਼ਤਾਂ ਤੋਂ ਉੱਤਰ ਕੇ, ਇੱਕ ਥਾਂ ਤੇ ਟਿੱਕ ਕੇ ਰਹਿਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਮਨੁੱਖ ਦੇ ਸਾਥੀ ਪਸ਼ੂ ਅਤੇ ਪ੍ਰਕਿਰਤਿਕ ਬਨਸਪਤੀ ਬਣੇ। ਪਸ਼ੂਆਂ ਦੇ ਚਾਰੇ ਲਈ ਘਾਹ ਦੀ ਜ਼ਰੂਰਤ ਸੀ। ਮਨੁੱਖਾਂ ਦੀ ਖ਼ੁਰਾਕ ਲਈ ਅਨਾਜ ਅਤੇ ਫਲ-ਸਬਜ਼ੀਆਂ ਆਦਿ ਦੀ ਲੋੜ ਸੀ। ਮਨੁੱਖ ਨੇ ਇਸ ਸਭ ਕੁਝ ਲਈ ਸਮਤਲ ਭੋਂ ਦੀ ਭਾਲ ਸ਼ੁਰੂ ਕੀਤੀ ਅਤੇ ਉਹ ਭੋਂ ਜਿਸ ਵਿੱਚ ਉਪਜਾਊ ਸ਼ਕਤੀ ਅਤੇ ਪਾਣੀ ਦੇ ਸ੍ਰੋਤ ਸਨ, ਉਹ ਖੇਤੀ ਦੇ ਧੰਦੇ ਦਾ ਮੁਢਲਾ ਆਧਾਰ ਬਣੇ। ਇਹ ਵੀ ਮੰਨਿਆ ਜਾਂਦਾ ਹੈ ਕਿ ਹਰ ਸੱਭਿਅਤਾ ਦੇ ਸ਼ੁਰੂ ਵਿੱਚ ਪਸ਼ੂ ਅਤੇ ਖੇਤੀ ਮਨੁੱਖ ਦੇ ਵਿਕਾਸ ਦਾ ਮੁੱਢ ਰਹੇ ਹਨ। ਪਸ਼ੂ ਖੇਤੀ ਤੇ ਨਿਰਭਰ ਹਨ ਅਤੇ ਮਨੁੱਖ ਖੇਤੀ ਕਰਨ ਲਈ ਪਸ਼ੂਆਂ ਦੇ ਮਾਸ, ਦੁੱਧ, ਖੱਲ ਅਤੇ ਉਹਨਾਂ ਰਾਹੀਂ ਜ਼ਮੀਨ ਵਾਹੁਣ, ਸਵਾਰੀ ਕਰਨ, ਰਾਖੀ ਕਰਨ ਅਤੇ ਢੋਆ-ਢੁਆਈ ਲਈ ਉਹਨਾਂ ਤੇ ਨਿਰਭਰ ਰਹਿੰਦਾ ਸੀ।

     ਖੇਤੀ ਦਾ ਧੰਦਾ ਸਮੇਂ ਨਾਲ ਵਿਕਸਿਤ ਹੋਇਆ। ਪਹਿਲਾਂ ਖੇਤੀ ਪ੍ਰਕਿਰਤਿਕ ਸਾਧਨਾਂ ਤੇ ਨਿਰਭਰ ਸੀ, ਉਸ ਵਿੱਚ ਸਮੇਂ ਦੀ ਤੋਰ ਅਤੇ ਮਨੁੱਖਾਂ ਦੀ ਜ਼ਰੂਰਤ ਨੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ। ਇਹਨਾਂ ਤਬਦੀਲੀਆਂ ਕਾਰਨ ਮਨੁੱਖ ਕੋਲ ਵਿਗਿਆਨਿਕ ਤਰੀਕੇ ਆ ਗਏ। ਜਿੱਥੇ ਪਹਿਲਾਂ ਬਰਸਾਤ ਨਾ ਹੋਣ ਕਾਰਨ ਲੋਕ ਕਾਲ ਪੈਣ `ਤੇ ਮਰ ਜਾਂਦੇ ਸਨ, ਉੱਥੇ ਉਸ ਦੀ ਅਲਾਮਤ ਉੱਤੇ ਵਿਗਿਆਨ ਨਾਲ ਕਾਬੂ ਪਾ ਲਿਆ ਗਿਆ। ਅੱਜ ਸੰਸਾਰ ਭਰ ਦੇ ਦੇਸਾਂ ਵਿੱਚ ਖੇਤੀ ਦਾ ਧੰਦਾ ਅੰਨ ਦੇ ਕਾਲ ਤੋਂ ਉਤਨਾ ਪ੍ਰਭਾਵਿਤ ਨਹੀਂ ਹੈ। ਕੁਝ ਘੱਟ ਵਿਕਸਿਤ ਦੇਸਾਂ ਦੀ ਆਰਥਿਕਤਾ ਤਾਂ ਖੇਤੀ ਉਪਰ ਹੀ ਨਿਰਭਰ ਹੈ। ਭਾਰਤ ਵਰਗੇ ਵਿਸ਼ਾਲ ਦੇਸ ਵਿੱਚ 80 ਪ੍ਰਤਿਸ਼ਤ ਲੋਕ ਖੇਤੀ ਨਾਲ ਸੰਬੰਧਿਤ ਧੰਦਿਆਂ ਵਿੱਚ ਲੱਗੇ ਹੋਏ ਹਨ। ਭਾਵੇਂ ਬਹੁਤ ਸਾਰੇ ਵਿਕਸਿਤ ਦੇਸਾਂ ਵਿੱਚ, ਮਸ਼ੀਨੀਕਰਨ ਹੋਣ ਕਾਰਨ ਖੇਤੀ ਦੇ ਧੰਦੇ ਵਿੱਚ ਲੋਕਾਂ ਦੀ ਭਾਗੀਦਾਰੀ ਕੇਵਲ 2 ਪ੍ਰਤਿਸ਼ਤ ਤੱਕ ਹੀ ਰਹਿ ਗਈ ਹੈ।

     ਖੇਤੀ ਦੇ ਧੰਦੇ ਦਾ ਵਿਸ਼ਾਲ ਅਤੇ ਸੰਪੂਰਨ ਇਤਿਹਾਸ ਹੈ, ਜਿਸ ਵਿੱਚ ਖੇਤੀ ਦੇ ਸੰਦ, ਸਾਧਨ, ਬੀਜ ਅਤੇ ਖਾਦਾਂ ਆਦਿ ਵੱਖ-ਵੱਖ ਵਸੀਲੇ ਵਿਕਸਿਤ ਹੋਏ ਹਨ। ਸ਼ੁਰੂ ਵਿੱਚ ਅਨਾਜ ਲਈ ਰਸਦਾਰ ਦਾਣਿਆਂ ਜਾਂ ਪੱਕੇ ਫਲਾਂ ਨੂੰ ਹੀ ਵਰਤਿਆ ਜਾਂਦਾ ਸੀ। ਜਦੋਂ ਮਾਨਵ ਨੂੰ ਅੱਗ ਦੀ ਸੋਝੀ ਆਈ ਤਾਂ ਉਸ ਨੇ ਅਨਾਜ ਨੂੰ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ ਅਤੇ ਇਹ ਵੀ ਸਿਖ ਲਿਆ ਕਿ ਬੀਜਾਂ ਨੂੰ ਸੁਕਾ ਕੇ ਲੰਮੇ ਸਮੇਂ ਲਈ ਵਰਤਿਆ ਜਾ ਸਕਦਾ ਹੈ। ਸਗੋਂ ਸੁੱਕੇ ਦਾਣਿਆਂ ਦੇ ਨਵੀਂ ਫ਼ਸਲ ਲਈ ਬੀਜ ਵੀ ਰੱਖੇ ਜਾ ਸਕਦੇ ਹਨ। ਪਹਿਲਾਂ ਖੇਤੀ ਪਸ਼ੂਆਂ ਦੀ ਕਿਰਤ ਉਪਰ ਨਿਰਭਰ ਕਰਦੀ ਸੀ। ਇਸੇ ਲਈ ਭਾਰਤੀ ਸਮਾਜ ਵਿੱਚ ਖੇਤੀ ਦੇ ਧੰਦੇ ਨਾਲ ਜੁੜੇ ਪਸ਼ੂਆਂ ਦਾ ਸਤਿਕਾਰ ਕੀਤਾ ਜਾਂਦਾ ਰਿਹਾ ਹੈ। ਜਿਵੇਂ ਕਿ ਗਊ ਨੂੰ ‘ਮਾਤਾ’ ਦਾ ਦਰਜਾ ਦਿੱਤਾ ਗਿਆ ਹੈ। ਮਾਦਾ ਗਊ ਕਿਰਸਾਣ ਲਈ ਦੁੱਧ ਦਿੰਦੀ ਸੀ ਅਤੇ ਨਰ ਭੋਂ ਦੀ ਵਾਹੀ ਵਿੱਚ ਸਹਾਈ ਹੁੰਦਾ ਸੀ। ਇਸੇ ਤਰ੍ਹਾਂ ਮਾਰੂਥਲ ਦੇ ਰੇਤਲੇ ਇਲਾਕਿਆਂ ਵਿੱਚ ਊਠਾਂ ਦੀ ਵਰਤੋਂ ਹੁੰਦੀ ਸੀ ਜਿਵੇਂ ਯੂਰਪੀ ਦੇਸ਼ਾਂ ਵਿੱਚ ਖੇਤੀ ਲਈ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ।

     ਸ਼ੁਰੂ ਵਿੱਚ ਖੇਤੀ ਦੇ ਧੰਦੇ ਵਿੱਚ ਵਰਤੇ ਜਾਣ ਵਾਲੇ ਸੰਦ ਲੱਕੜੀ ਤੋਂ ਬਣੇ ਹੁੰਦੇ ਸਨ ਜਿਸ ਤੋਂ ਕਿਰਸਾਣ ਹਲ, ਪੰਜਾਲੀ, ਸੁਹਾਗਾ ਅਤੇ ਗੱਡਾ ਆਦਿ ਬਣਾਉਂਦਾ ਸੀ। ਇਹ ਸੰਦ ਜ਼ਮੀਨ ਦੀ ਵਹਾਈ ਅਤੇ ਢੋਆ-ਢੁਆਈ ਲਈ ਕੰਮ ਆਉਂਦੇ ਸਨ। ਅਨਾਜ ਦੀ ਗਹਾਈ ਲਈ ਵੀ, ਖੇਤੀ ਦੇ ਧੰਦੇ ਨਾਲ ਸੰਬੰਧਿਤ ਲੱਕੜ ਤੋਂ ਵੱਖ-ਵੱਖ ਸੰਦ ਬਣਾਏ ਜਾਂਦੇ ਸਨ। ਜਿਵੇਂ ਹਰਾ ਚਾਰਾ ਕੱਟਣ ਲਈ ਲੱਕੜੀ ਦੇ ਦਸਤੇ ਵਾਲਾ ਟੋਕਾ, ਕਣਕ ਦਾ ਲਾਂਗਾ ਚੁੱਕਣ ਲਈ ਸਲੰਘਾ, ਧੂੜ ਉਡਾਉਣ ਲਈ ਤੰਗਲੀ, ਦਾਣੇ ਇਕੱਠੇ ਕਰਨ ਲਈ ਸੱਬਰਕਤਾ ਅਤੇ ਕਣਕ ਦੀ ਗਹਾਈ ਲਈ ਫਲ੍ਹਾ ਬਣਾਇਆ ਜਾਂਦਾ ਸੀ। ਇਹ ਸਾਰੇ ਸੰਦ ਮੁਢਲੇ ਰੂਪ ਵਿੱਚ ਲੱਕੜ ਨੂੰ ਆਧਾਰ ਬਣਾ ਕੇ ਪਿੰਡ ਦੀ ਪੱਧਰ ਉਪਰ ਹੀ ਤਿਆਰ ਕੀਤੇ ਜਾਂਦੇ ਸਨ। ਖੇਤੀ ਦੀ ਭੂਮੀ ਨੂੰ ਉਪਜਾਊ ਬਣਾਉਣ ਲਈ ਪਸ਼ੂਆਂ ਦੇ ਗੋਹੇ ਨੂੰ, ਮਿੱਟੀ ਵਿੱਚ ਟੋਇਆ ਪੁੱਟ ਕੇ ਉਸ ਵਿੱਚ ਇਕੱਠਾ ਕੀਤਾ ਜਾਂਦਾ ਹੈ ਅਤੇ ਕੁਝ ਮਹੀਨਿਆਂ ਬਾਅਦ ਗਲ ਜਾਣ `ਤੇ ਉਸ ਨੂੰ ਖਾਦ (ਰੂੜ੍ਹੀ) ਦੇ ਤੌਰ ਤੇ ਵਰਤਿਆ ਜਾਂਦਾ ਹੈ।

     ਅਜੋਕੇ ਸਮੇਂ ਖੇਤੀ ਲਈ ਲੋਹੇ ਦੇ ਸੰਦ ਕਾਰਖ਼ਾਨੇ ਵਿੱਚ ਤਿਆਰ ਹੁੰਦੇ ਹਨ ਅਤੇ ਖੇਤੀ ਦਾ ਧੰਦਾ ਜੋ ਪਿੰਡ ਵਿੱਚ ਆਤਮ-ਨਿਰਭਰਤਾ ਵਾਲਾ ਸੀ, ਉਹ ਮੰਡੀ ਅਤੇ ਸ਼ਹਿਰ ਨਾਲ ਜੁੜ ਗਿਆ ਹੈ। ਬੱਲਦਾਂ ਦੀ ਥਾਂ ਟਰੈਕਟਰ ਆ ਗਏ ਹਨ। ਕਣਕ ਦੀ ਗਹਾਈ ਲਈ (ਫਲ੍ਹੇ ਦੀ ਥਾਂ) ਥਰੈਸ਼ਰ ਅਤੇ ਕੰਬਾਈਨ ਆ ਗਈ ਹੈ। ਦੇਸੀ ਰੂੜ੍ਹੀ ਦੀ ਥਾਂ ਰਸਾਇਣਿਕ ਖਾਦ ਨੇ ਲੈ ਲਈ ਹੈ। ਕਣਕ, ਚਾਵਲ, ਮੱਕੀ ਅਤੇ ਝੋਨੇ ਦੀਆਂ ਦੇਸੀ ਕਿਸਮਾਂ ਦੀ ਥਾਂ, ਸੋਧੀਆਂ ਹੋਈਆਂ ਹਾਈਬਰਿਡ ਬੀਜਾਂ ਦੀਆਂ ਕਿਸਮਾਂ ਈਜਾਦ ਹੋਈਆਂ ਹਨ ਅਤੇ ਫ਼ਸਲਾਂ ਨੂੰ ਕੁਦਰਤੀ ਕੀੜਿਆਂ- ਮਕੌੜਿਆਂ ਤੋਂ ਬਚਾਉਣ ਲਈ ਕੀਟਨਾਸ਼ਕ ਆ ਗਏ ਹਨ ਜਿਸ ਕਾਰਨ ਖੇਤੀ ਦਾ ਧੰਦਾ ਪਿੰਡ ਦੀ ਪੱਧਰ ਤੇ ਨਾ ਰਹਿ ਕੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੱਕ ਪਹੁੰਚ ਗਿਆ ਹੈ। ਖੇਤੀ ਦੇ ਧੰਦੇ ਨੂੰ ਹੋਰ ਵਿਗਿਆਨਿਕ ਬਣਾਉਣ ਲਈ ਖੇਤੀ-ਬਾੜੀ ਯੂਨੀਵਰਸਿਟੀਆਂ ਬਣ ਗਈਆਂ ਹਨ।

     ਖੇਤੀ ਦੀ ਉਪਜ ਅਤੇ ਧੰਦਾ ਸਿੱਧੇ ਰੂਪ ਵਿੱਚ ਭੋਂ ਦੀ ਕਿਸਮ `ਤੇ ਨਿਰਭਰ ਕਰਦਾ ਹੈ। ਕਿਰਸਾਣ ਜ਼ਮੀਨ ਦੀਆਂ ਵੱਖ-ਵੱਖ ਵੰਨਗੀਆਂ ਵਿੱਚ ਵੱਖ-ਵੱਖ ਫ਼ਸਲਾਂ ਦੀ ਬੀਜਾਈ ਕਰਦਾ ਹੈ। ਹਰ ਪਿੰਡ ਵਿੱਚ ਵੱਖ-ਵੱਖ ਤਰ੍ਹਾਂ ਦੀ ਭੋਂ ਹੁੰਦੀ ਹੈ ਜਿਸ ਵਿੱਚ ਮਾਰੂ, ਡਾਕਰ, ਰੋੜ੍ਹ, ਕੱਲਰ, ਲਾਲ ਅਤੇ ਕਾਲੀ ਮਿੱਟੀ ਮੁੱਖ ਹਨ। ਘੱਟ ਪਾਣੀ ਦੀ ਜ਼ਰੂਰਤ ਵਾਲੀਆਂ ਫ਼ਸਲਾਂ ਜਿਵੇਂ ਜੌਂਅ, ਛੋਲੇ, ਬਾਜਰਾ, ਗੁਆਰਾ ਆਦਿ ਫ਼ਸਲਾਂ ਨੂੰ ਮਾਰੂ (ਰੇਤਲੀ) ਜ਼ਮੀਨ ਵਿੱਚ ਬੀਜਿਆ ਜਾਂਦਾ ਹੈ। ਜਿਸ ਜ਼ਮੀਨ ਵਿੱਚ ਪਾਣੀ ਨੂੰ ਖੜ੍ਹਾ ਕੀਤਾ ਜਾ ਸਕੇ, ਉਸ ਵਿੱਚ ਚਾਵਲ/ਝੋਨੇ ਦੀ ਬੀਜਾਈ ਕੀਤੀ ਜਾਂਦੀ ਹੈ। ਲਾਲ ਮਿੱਟੀ ਵਿੱਚ ਕਣਕ ਵਧੇਰੇ ਹੁੰਦੀ ਹੈ ਅਤੇ ਕਾਲੀ ਮਿੱਟੀ, ਨਰਮੇ ਜਾਂ ਕਪਾਹ ਲਈ ਯੋਗ ਸਮਝੀ ਜਾਂਦੀ ਹੈ। ਤੇਲ ਬੀਜਾਂ ਅਤੇ ਦਾਲਾਂ ਲਈ ਰੇਤਲੀ ਅਤੇ ਨਰਮ ਜ਼ਮੀਨ ਜ਼ਿਆਦਾ ਉਪਜਾਊ ਮੰਨੀ ਜਾਂਦੀ ਹੈ। ਰੋੜੂ (ਢਾਲਵੀਂ) ਜਾਂ ਰੋੜਾਂ ਵਾਲੀ ਜ਼ਮੀਨ ਅਤੇ ਕੱਲਰ ਵਿੱਚ ਫ਼ਸਲ ਜ਼ਿਆਦਾ ਨਹੀਂ ਹੁੰਦੀ। ਇਸ ਪ੍ਰਕਾਰ ਕਿਰਸਾਣ ਦੀ ਖੇਤੀ ਦਾ ਧੰਦਾ, ਉਸ ਕੋਲ ਪ੍ਰਾਪਤ ਭੋਂ ਦੀ ਕਿਸਮ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ।

     ਖੇਤੀ ਦਾ ਧੰਦਾ ਭਾਵੇਂ ਆਤਮ ਨਿਰਭਰਤਾ ਵਾਲਾ ਬਣ ਗਿਆ ਹੈ ਫਿਰ ਵੀ ਕਾਫ਼ੀ ਹੱਦ ਤੱਕ ਪ੍ਰਕਿਰਤੀ `ਤੇ ਨਿਰਭਰ ਹੋਣ ਕਾਰਨ ਇਸਦੀ ਉਪਜ ਬਾਰੇ ਭਵਿੱਖ ਬਾਣੀਆਂ ਨਹੀਂ ਕੀਤੀਆਂ ਜਾ ਸਕਦੀਆਂ। ਫ਼ਸਲ ਦੀ ਬੀਜਾਈ ਸਮੇਂ ਤੋਂ ਕਿਰਸਾਣ ਪ੍ਰ੍ਰਕਿਰਤੀ ਨਾਲ ਜੁੜ ਜਾਂਦਾ ਹੈ। ਪਰੰਪਰਾਵਾਦੀ ਕਿਰਸਾਣ ਬੀਜ ਪਾਉਣ ਸਮੇਂ ਚਿੜੀ- ਜਨੌਰ ਦਾ ਹਿੱਸਾ ਪਹਿਲਾਂ ਹੀ ਬੀਜ ਵਿੱਚ ਵੱਧ ਪਾ ਦਿੰਦਾ ਹੈ। ਫ਼ਸਲ ਦੇ ਉੱਗਣ `ਤੇ ਕਿਰਸਾਣ ਉਸ ਦੀ ਹਰਿਆਲੀ ਤੋਂ ਝਾੜ ਦਾ ਅੰਦਾਜ਼ਾ ਲਗਾਉਂਦਾ ਹੈ ਅਤੇ ਪੱਕੀ ਫ਼ਸਲ ਦੇਖ ਕੇ ਮਾਣ ਕਰਦਾ ਹੈ। ਪਰ ਪੱਕੀ ਫ਼ਸਲ ਨੂੰ ਹੜ੍ਹ, ਝੱਖੜ ਅਤੇ ਅੱਗ ਜਿਹੀਆਂ ਪ੍ਰਕਿਰਤਿਕ ਆਫ਼ਤਾਂ ਕਈ ਬਾਰ ਬਰਬਾਦ ਕਰ ਦਿੰਦੀਆਂ ਹਨ। ਇਸੇ ਲਈ ਕਿਰਸਾਣ ਦਾ ਵੱਡੇ ਦਿਲ ਵਾਲਾ ਹੋਣਾ ਜ਼ਰੂਰੀ ਹੈ। ਖੇਤੀ ਦਾ ਧੰਦਾ ਖੁੱਲ੍ਹਦਿਲੀ ਅਤੇ ਬੇ-ਹਿਸਾਬੇਪਣ ਵਾਲਾ ਕਿੱਤਾ ਹੈ। ਅਜੋਕੇ ਸਮੇਂ ਖੇਤੀ ਦਾ ਧੰਦਾ ਵਿਗਿਆਨਿਕ ਹੋ ਗਿਆ ਹੈ। ਅਤੇ ਇਸ ਨਾਲ ਸੰਬੰਧਿਤ ਧੰਦੇ ਬਾਗ਼ਬਾਨੀ, ਮੁਰਗੀ-ਪਾਲਣ, ਡੇਅਰੀ ਅਤੇ ਮੱਛੀ ਪਾਲਣ ਵੀ ਵਿਕਸਿਤ ਹੋ ਗਏ ਹਨ। ਇਹ ਸਾਰੇ ਧੰਦੇ, ਸਭ ਕੁਝ ਦੇ ਬਾਵਜੂਦ ਮੁੱਖ ਰੂਪ ਵਿੱਚ ਪ੍ਰਕਿਰਤੀ ਤੇ ਹੀ ਨਿਰਭਰ ਹਨ। ਖੇਤੀ ਦਾ ਧੰਦਾ ਦੋ ਤਰ੍ਹਾਂ ਦੇ ਲੋਕ ਕਰਦੇ ਹਨ-ਇੱਕ ਭੋਂ ਦੀ ਮਾਲਕੀ ਵਾਲੇ ਅਤੇ ਦੂਜੇ ਭੋਂ-ਹੀਣ ਲੋਕ। ਜਿਹੜੇ ਭੋਂ ਹੀਣ ਲੋਕ ਰੁਪਏ ਪੈਸੇ ਜਾਂ ਹੋਣ ਵਾਲੀ ਫ਼ਸਲ ਵਿੱਚੋਂ ਭੋਂ ਦੇ ਮਾਲਕ ਨੂੰ ਨਿਸ਼ਚਿਤ ਕੀਤੀ ਫ਼ਸਲ ਦਾ ਹਿੱਸਾ ਦੇਣ ਦੇ ਇਵਜ਼ ਵਿੱਚ ਖੇਤੀ ਦਾ ਧੰਦਾ ਕਰਦੇ ਹਨ, ਅਜਿਹੇ ਲੋਕਾਂ ਨੂੰ ‘ਮੁਜਾਰੇ’ ਕਿਹਾ ਜਾਂਦਾ ਹੈ। ਖੇਤੀ ਦੇ ਧੰਦੇ ਲਈ ਨਿਸ਼ਚਿਤ ਰੁਪਏ ਪੈਸੇ ਦੇ ਇਵਜ਼ ਵਿੱਚ ਵਾਹੀ ਜ਼ਮੀਨ ਨੂੰ ‘ਠੇਕੇ’ ਤੇ ਲਈ ਕਿਹਾ ਜਾਂਦਾ ਹੈ ਜਦ ਕਿ ਹੋਈ ਫ਼ਸਲ ਵਿੱਚੋਂ ਫ਼ਸਲ ਦਾ ਨਿਸ਼ਚਿਤ ਹਿੱਸਾ ਲੈਣ ਦੇਣ ਵਾਲੇ ਖੇਤੀ ਦੇ ਧੰਦੇ ਨੂੰ ‘ਵਟਾਈ’ ਦਾ ਨਾਂ ਦਿੱਤਾ ਜਾਂਦਾ ਹੈ। ਖੇਤੀ ਦਾ ਧੰਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਮਾਣ ਪ੍ਰਤਿਸ਼ਠਾ ਉਸ ਦੀ ਭੌਂ ਮਾਲਕੀ ਦੀ ਪ੍ਰਭੁੱਤਾ ਤੇ ਨਿਰਭਰ ਕਰਦੀ ਹੈ। ਖੇਤੀ ਦਾ ਧੰਦਾ ਸੰਸਾਰ ਦੇ ਹਰ ਉਸ ਖਿੱਤੇ ਵਿੱਚ ਮਿਲਦਾ ਹੈ ਜਿੱਥੋਂ ਦੀ ਭੌਂ ਉਪਜਾਊ ਮਾਦੇ ਵਾਲੀ ਹੈ।


ਲੇਖਕ : ਸਤਨਾਮ ਸਿੰਘ ਸੰਧੂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.