ਗਵਰਨਰ ਜਨਰਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਵਰਨਰ ਜਨਰਲ [ ਨਾਂਪੁ ] ਮਹਾਂ ਰਾਜਪਾਲ , ਸਰਵਉੱਚ-ਸੂਬੇਦਾਰ , ਵੱਡਾ ਲਾਟ , ਵਾਇਸਰਾਇ , ਅੰਗਰੇਜ਼ੀ ਸਲਤਨਤ ਵੇਲ਼ੇ ਦਾ ਇੱਕ ਉੱਚਾ ਅਹੁਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਵਰਨਰ ਜਨਰਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਵਰਨਰ ਜਨਰਲ . ਅੰ. Governor General. ਸੰਗ੍ਯਾ— ਸਾਰੇ ਅਧਿਕਾਰੀਆਂ ਤੇ ਹੁਕੂਮਤ ਕਰਨ ਵਾਲਾ ਅਹੁਦੇਦਾਰ , ਜਿਸ ਦੇ ਅਧੀਨ ਸਾਰੇ ਗਵਰਨਰ ( ਹਾਕਿਮ ) ਹੋਣ. ਮੁਲਕੀ ਲਾਟ. ਹਿੰਦੁਸਤਾਨ ਦਾ ਪਹਿਲਾ ਗਵਰਨਰ ਜਨਰਲ ਸਨ ੧੭੭੩ ਵਿੱਚ ਵਾਰਨਹੇਸਟਿੰਗਸ ( Warren Hastings ) ਕਾਇਮ ਹੋਇਆ ਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਵਰਨਰ ਜਨਰਲ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Governer-General ਗਵਰਨਰ ਜਨਰਲ : ਗਵਰਨਰ-ਜਨਰਲ ਇਕ ਆਜ਼ਾਦ ਰਾਜ ਵਿਚ ਸਮਰਾਟ ਦਾ ਉਪ-ਸ਼ਾਹੀ ਵਿਅਕਤੀ ਹੁੰਦਾ ਹੈ । ਖੇਤਰ ਦੇ ਰਾਜਨੀਤਿਕ ਪ੍ਰਬੰਧ ਤੇ ਨਿਰਭਰ ਕਰਦੇ ਹੋਏ ਗਵਰਨਰ-ਜਨਰਲ ਉੱਚ ਦਰਜੇ ਦਾ ਗਵਰਨਰ ਜਾਂ ਸਾਧਾਰਣ ਗਵਰਨਰਾਂ ਤੋਂ ਉਪਰਲੇ ਦਰਜੇ ਦਾ ਪ੍ਰਮੁੱਖ ਗਵਰਨਰ ਹੋ ਸਕਦਾ ਹੈ ।

          ਵਰਤਮਾਨ ਉਪਯੋਗ ਵਿਚ ਸ਼ਬਦ “ ਗਵਰਨਰ-ਜਨਰਲ” ਉਹਨਾਂ ਬਰਤਾਨਵੀ ਉਪਨਿਵੇਸ਼ਾਂ ਵਿਚ ਹੋਂਦ ਵਿਚ ਆਇਆ ਜੋ ਬਰਤਾਨਵੀ ਸਲਤਨਤ ਵਿਚ ਆਪਣਾ ਸ਼ਾਸਨ ਆਪ ਫਲਾਉਂਦੇ ਸਨ ਜਿਵੇਂ ਕਿ ਆਸਟ੍ਰੇਲਿਆ , ਕੈਨੇਡਾ ਅਤੇ ਨਿਊਜ਼ੀਲੈਂਡ । ਨਿਊਜ਼ੀਲੈ਼ਡ ਨੂੰ ਛੱਡਣਾ ਇਹਨਾਂ ਸੰਘੀ ਉਪਨਿਵੇਸ਼ਾਂ ਵਿਚੋਂ ਹਰੇਕ ਵਿਚ ਪਹਿਲਾਂ ਹੀ ਗਵਰਨਰ ਹੁੰਦਾ ਸੀ ਅਤੇ ਇਸ ਲਈ ਸੰਘੀ ਡੋਮੀਨੀਅਨ ਦੇ ਆਪਣੇ ਪ੍ਰਤਿਨਿਧੀ ਨੂੰ ਗਵਰਨਰ-ਜਨਰਲ ਦਾ ਨਾਂ ਦਿੱਤਾ ਗਿਆ । ਨਿਊਜ਼ੀਲੈਂਡ ਨੂੰ 1907 ਵਿਚ ਡੋਮੀਨੀਅਨ ਦਰਜਾ ਪ੍ਰਦਾਨ ਕੀਤਾ ਗਿਆ ਸੀ , ਪਰੰਤੂ ਇਹ ਕਦੇ ਵੀ ਸੰਘੀ ਰਾਜ ਨਹੀਂ ਰਿਹਾ ਸੀ ਅਤੇ ਇਸ ਲਈ ਇਸ ਰਾਜ ਵਿਚ ਗਵਰਨਰ-ਜਨਰਲ ਦੀ ਲੋੜ ਨਹੀਂ ਸੀ । ਪਰੰਤੂ 28 ਜੂਨ , 1917 ਨੂੰ ਆਰਥਰ ਫ਼ੋਲਜਾਂਬੇ , ਸੈਕਿੰਡ ਆਲ ਆਫ਼ ਨਿਵਰਪੂਣ ਨੂੰ ਪਹਿਲਾਂ ਨਿਊਜ਼ੀਲੈ਼ਡ ਦਾ ਗਵਰਨਰ-ਜਨਰਲ ਨਿਯੁਕਤ ਕੀਤਾ ਗਿਆ ।

          1980 ਦੇ ਦਹਾਕੇ ਵਿਚ ਆਜ਼ਾਦ ਰਾਸ਼ਟਰ ਸੰਘ ਦੇਸ਼ਾਂ ਵਿਚ ਸਰਬ-ਸਮਰੱਥ ਦੇ ਸਾਰੇ ਪ੍ਰਤਿਨਿਧਾਂ ਨੂੰ ਗਵਰਨਰ-ਜਨਰਲ ਦਾ ਨਾਂ ਦਿੱਤਾ ਗਿਆ ਹੈ । ਇਨ੍ਹਾਂ ਕੇਸਾਂ ਵਿਚ ਉਪਨਿਬੰਧਾਂ ਨੂੰ ਗਵਰਨਰ-ਜਨਰਲ ਦਾ ਨਾਂ ਦਿੱਤਾ ਗਿਆ ਹੈ । ਇਨ੍ਹਾਂ ਕੇਸਾਂ ਵਿਚ ਉਪਨਿਵੇਸ਼ੀ ਗਵਰਨਰ ਦੇ ਸਾਬਕਾ ਅਹੁਦੇ ਨੂੰ ਆਜ਼ਾਦੀ ਮਿਲਣ ਤੇ ਗਵਰਨਰ-ਜਨਰਲ ਦਾ ਨਾਂ ਦੇ ਦਿੱਤਾ ਗਿਆ ਕਿਉਂਕਿ ਅਹੁਦੇ ਦੀ ਕਿਸਮ ਪਹਿਲੇ ਉਪਨਿਵੇਸ਼ੀ ਸ਼ਾਸਨ ਦੇ ਪ੍ਰਤੀਕ ਦੀ ਥਾਂ ਪੂਰਵ ਰੂਪ ਵਿਚ ਆਜ਼ਾਦ ਸੰਵਿਧਾਨਕ ਪ੍ਰਤਿਨਿੱਧਾਂ ਦੀ ਹੋ ਗਈ । ਇਹਨਾਂ ਦੇਸ਼ਾਂ ਵਿਚ ਗਵਰਨਰ-ਜਨਰਲ ਸਮਰਾਟ ਦੇ ਪ੍ਰਤਿਨਿਧੀ ਵਜੋਂ ਕੰਮ ਕਰਦਾ ਹੈ ਜੋ ਰਾਜ ਦੇ ਮੁੱਖੀ ਦੇ ਰਸਮੀ ਅਤੇ ਸੰਵਿਧਾਨਕ ਕਾਰਜ ਨਿਭਾਉਂਦਾ ਹੈ । ਕੇਵਲ ਇਕੋ ਇਕ ਹੋਰ ਦੇਸ਼ ਜੋ ਗਵਰਨਰ-ਜਨਰਲ ਦੇ ਨਾਂ ਦੀ ਵਰਤੋਂ ਕਰਦਾ ਹੈ , ਉਹ ਹੈ , ਈਰਾਨ , ਜਿਸਦਾ ਬਰਤਾਨਵੀ ਬਾਦਸ਼ਾਹਤ ਅਤੇ ਰਾਸ਼ਟਰ ਸੰਘ ਨਾਲ ਕੋਈ ਸਬੰਧ ਨਹੀਂ । ਈਰਾਨ ਵਿਚ ਪ੍ਰਾਂਤਕ ਅਥਾਰਿਟੀ ਦਾ ਮੁੱਖੀ ਗਵਰਨਰ-ਜਨਰਲ ਹੁੰਦਾ ਹੈ ਜੋ ਗ੍ਰਹਿ ਮੰਤਰੀ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ ।

          1920 ਤਕ ਗਵਰਨਰ-ਜਨਰਲ ਬਰਤਾਨਵੀ ਹੁੰਦੇ ਸਨ ਜੋ ਬਰਤਾਨਵੀ ਸਰਕਾਰ ਦੀ ਸਲਾਹ ਦੁਆਰਾ ਨਿਯੁਕਤ ਕੀਤੇ ਜਾਂਦੇ ਸਨ ਜੋ ਹਰ ਡੋਮੀਨੀਅਨ ਵਿਚ ਬਰਤਾਨਵੀ ਸਰਕਾਰ ਦੇ ਏਜੰਟਾਂ ਵਜੋਂ ਕੰਮ ਕਰਦੇ ਸਨ ਅਤੇ ਸਮਰਾਟ ਦੇ ਪ੍ਰਤਿਨਿਧੀ ਵੀ ਹੁੰਦੇ ਸਨ ਅਤੇ ਇਸ ਪ੍ਰਕਾਰ ਉਹ ਸਿਧਾਂ ਤਕ ਰੂਪ ਵਿਚ ਸਮਰਾਟ ਦੀਆਂ ਵਿਸ਼ੇਸ਼ ਸ਼ਕਤੀਆਂ ਵੀ ਰੱਖਦੇ ਸਨ ਅਤੇ ਦੇਸ਼ ਦੀ ਕਾਰਜਕਾਰੀ ਸ਼ਕਤੀ ਵੀ ਉਸ ਪਾਸ ਹੁੰਦੀ ਸੀ ਜੋ ਉਹਨਾਂ ਨੂੰ ਸੌਂਪੀ ਜਾਂਦੀ ਸੀ । ਗਵਰਨਰ-ਜਨਰਲ ਨੂੰ ਉਪ ਨਿਵੇਸ਼ੀ ਸਕੱਤਰ ਦੁਆਰਾ ਉਸ ਦੀਆਂ ਕੁਝ ਸ਼ਕਤੀਆਂ ਅਤੇ ਕਰਤੱਵਾਂ ਦੀ ਵਰਤੋਂ ਬਾਰੇ ਨਿਰਦੇਸ਼ ਵੀਦਿੱਤੇ ਜਾ ਸਕਦੇ ਸਨ । ਇਤਿਹਾਸ ਤੋਂ ਬਹੁਤ ਸਾਰੇ ਗਵਰਨਰ-ਜਨਰਲਾਂ ਦੁਆਰਾ ਆਪਣੇ ਵਿਸ਼ੇਸ਼ ਅਧਿਕਾਰਾਂ ਅਤੇ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਦਾ ਪਤਾ ਚੱਲਦਾ ਹੈ । ਸਮਰਾਟ ਜਾਂ ਸਾਮਰਾਜੀ ਸਰਕਾਰ ਕਿਸੇ ਗਵਰਨਰ-ਜਨਰਲ ਦੇ ਫ਼ੈਸਲੇ ਨੂੰ ਰੱਦ ਕਰ ਸਕਦੀ ਸੀ ।

          ਗਵਰਨਰ-ਜਨਰਲ ਆਪਣੇ ਖੇਤਰ ਵਿਚ ਹਥਿਆਰ-ਬੰਦ ਫੌ਼ਜਾਂ ਦਾ ਮੁੱਖੀ ਵੀ ਹੁੰਦਾ ਸੀ ਅਤੇ ਗਵਰਨਰ-ਜਨਰਲ ਦੇ ਮਿਲਟਰੀ ਤੇ ਕੰਟਰੋਲ ਹੋਣ ਕਾਰਨ , ਆਮਸੀ ਸਿਵਲ ਨਿਯੁਕਤੀ ਵਾਂਗ ਸੈਨਿਕ ਨਿਯੁਕਤੀ ਵੀ ਸੀ । ਵੀਹਵੀਂ ਸਦੀ ਦੇ ਅਖ਼ੀਰ ਤਕ ਗਵਰਨਰ-ਜਨਰਲ ਦਾ ਸਰਕਾਰੀ ਪਰਿਸ਼ਦਾਂ ਕੋਰਟ ਡ੍ਰੈਸ , ਬਿੰਡਸਰ ਵਰਦੀ ਜਾਂ ਹੋਰ ਸੈਨਿਕ ਵਰਦੀ ਸੀ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਗਵਰਨਰ ਜਨਰਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗਵਰਨਰ – ਜਨਰਲ : ਕਿਸੇ ਵਿਸ਼ਾਲ ਸੁਤੰਤਰ ਰਾਜ– ਖੇਤਰ ਜਾਂ ਇਸ ਦੇ ਕਿਸੇ ਸੰਘੀ ਰਾਜ ਦੇ ਸਰਕਾਰੀ ਮੁਖੀ ਨੂੰ ਗਵਰਨਰ ਕਿਹਾ ਜਾਂਦਾ ਹੈ । ਰਾਜਨੀਤੀ ਦੇ ਖੇਤਰ ਵਿਚ ਗਵਰਨਰ– ਜਨਰਲ ਇਕ ਆਮ ਰੁਤਬਾ ਹੈ । ਇਕ ਗਵਰਨਰ– ਜਨਰਲ ਦੇ ਅਧੀਨ ਕਈ ਗਵਰਨਰ ਹੁੰਦੇ ਹਨ ਜਿਨ੍ਹਾਂ ਨੂੰ ਲੈਫਟੀਨੈਂਟ ਗਵਰਨਰ ਜਾਂ ਡਿਪਟੀ ਗਵਰਨਰ ਕਿਹਾ ਜਾਂਦਾ ਹੈ । ਕਈ ਵਾਰ ‘ ਗਵਰਨਰ– ਜਨਰਲ’ ਦੇ ਅਖ਼ਤਿਆਰਾਂ ਨੂੰ ਮੁੱਖ ਰਖਦਿਆਂ ਇਸਨੂੰ ‘ ਗਵਰਨਰ ਇਨ ਚੀਫ਼’ ਵੀ ਕਹਿ ਦਿੰਦੇ ਹਨ । ਬਰਤਾਨਵੀ ਸਾਮਰਾਜ ਅਧੀਨ ਬਹੁਤ ਸਾਰੀਆਂ ਵੱਖ ਵੱਖ ਪੱਧਰ ਦੀਆਂ ਰਾਜਨੀਤਕ ਇਕਾਈਆਂ ਸਨ ਜਿਸ ਕਰਕੇ ਉਥੋਂ ਦੇ ਬਾਦਸ਼ਾਹ ( ਸਰਕਾਰ ) ਨੇ ‘ ਰਾਜ– ਖੇਤਰਾਂ’ ਦੀ ਵਿਸ਼ਾਲਤਾ ਅਨੁਸਾਰ ਵੱਖ ਵੱਖ ਰਾਜਾਂ ਵਿਚ ਪ੍ਰਸ਼ਾਸਨ ਦਾ ਕੰਮ ਠੀਕ ਚਲਾਉਣ ਲਈ ਗਵਰਨਰ ਤੇ ਗਵਰਨਰ ਜਨਰਲ ਨਿਯੁਕਤ ਕੀਤੇ । ਇਹ ਸ਼ਬਦ ਸਭ ਤੋਂ ਪਹਿਲਾਂ ਬਰਤਾਨਵੀ ਸਰਕਾਰ ਨੇ ਆਬਾਦੀਆਂ ਦੇ ਸ਼ਾਸਕਾਂ ਲਈ ਵਰਤਿਆ ਸੀ । ਉਨ੍ਹਾਂ ਸਟੇਟਾਂ ਵਿਚ ਜਿਹੜੀਆਂ ਸਟੇਟਾਂ ਗਣਰਾਜਾ ਦੇ ਤੌਰ ਤੇ ਸਥਾਪਤ ਨਹੀਂ ਸਨ , ਇਹ ਗਵਰਨਰ– ਜਨਰਲ ਹੀ ਬਾਦਸ਼ਾਹ ਦੀ ਪ੍ਰਤਿਨਿਧਤਾ ਕਰਦੇ ਸਨ ।

ਬਰਤਾਨਵੀ ਸੰਵਿਧਾਨ ਅਨੁਸਾਰ ਗਵਰਨਰ– ਜਨਰਲ ਦੇ ਅਧਿਕਾਰ ਆਮ ਗਵਰਨਰਾਂ ਵਾਂਗ ਹੀ ਜਾਂ ਤਾਂ ਬਾਦਸ਼ਾਹ ਵੱਲੋਂ ਮਿਲੇ ਨਿਯੁਕਤੀ ਪੱਤਰ ਦੇ ਨਾਲ ਹੀ ਅੰਕਿਤ ਹੁੰਦੇ ਹਨ ਜਾਂ ਫਿਰ ਉਹ ਇਨ੍ਹਾਂ ਬਾਰੇ ਸਾਮਰਾਜ ਜਾਂ ਸਥਾਨਕ ਵਿਧਾਨ ਦੇ ਲਿਖਤੀ ਕਾਨੂੰਨ ਰਾਹੀਂ ਨਿਸ਼ਚਿਤ ਕੀਤੇ ਜਾਂਦੇ ਹਨ ।

  ‘ ਬਰਤਾਨਵੀ ਸਾਮਰਾਜ’ , ਵਿਕਾਸ ਉਪਰੰਤ ‘ ਕਾਮਨਵੈਲਥ ਆਫ਼ ਨੇਸ਼ਨਜ਼’ ਵਿਚ ਤਬਦੀਲ ਹੋਇਆ ਜਿਸ ਦੇ ਫਲਸਰੂਪ ਇਸ ਅਧੀਨ ਰਾਜ– ਖੇਤਰ ਤਰੱਕੀ ਕਰਦਿਆਂ ਕਰਦਿਆਂ ਸੁਤੰਤਰ ਅਤੇ ਸਵੈ– ਸ਼ਾਸਤ ਸਰਕਾਰਾਂ ਦਾ ਰੂਪ ਧਾਰਨ ਕਰ ਗਏ । ਇਸ ਦੇ ਨਾਲ ਹੀ ਗਵਰਨਰ– ਜਨਰਲ ਦੇ ਰੁਤਬੇ ਅਤੇ ਅਧਿਕਾਰਾਂ ਵਿਚ ਵੀ ਤਬਦੀਲੀ ਆਈ । ਪ੍ਰਾਰੰਭਕ ਬਰਤਾਨਵੀ ਨੌ ਆਬਾਦੀਆਂ ਵਿਚ ਇਹ ਤਬਦੀਲੀ 20ਵੀਂ ਸਦੀ ਤੱਕ ਆਈਆਂ ਤਬਦੀਲੀਆਂ ਵਾਂਗ ਹੀ ਸੀ । ਇਨ੍ਹਾਂ ਨੌ ਆਬਾਦੀਆਂ ਦੇ ਸਥਾਨਕ ਵਿਧਾਨ– ਮੰਡਲ ਨਾਮਜ਼ਦ ਅਤੇ ਸਰਕਾਰੀ ( ਅਧਿਕਾਰ ਯੁਕਤ ) ਸੰਸਥਾਵਾਂ ਤੋਂ ਚੁਣੀਆਂ ਹੋਈਆਂ ਸੰਸਥਾਵਾਂ ਵਿਚ ਬਦਲੇ ਅਤੇ ਕੁਝ ਦੇਰ ਬਾਅਦ ਇਹ ਮੰਡਲ ਪੂਰੀ ਤਰ੍ਹਾਂ ਸੁਤੰਤਰ ਹੋਏ ।

ਸੰਨ 1890 ਤੱਕ ਇਹ ਸਵੈ– ਸ਼ਾਸਤ ਨੌ ਆਬਾਦੀਆਂ ਦੀਆਂ ਸਰਕਾਰਾਂ ਬਰਤਾਨਵੀ ਸਾਮਰਾਜ ਵੱਲੋਂ ਚੁਣੇ ਗਵਰਨਰਾਂ ਨੂੰ ਪ੍ਰਵਾਨ ਕਰਦੀਆਂ ਰਹੀਆਂ ਪਰ 1922 ਵਿਚ ਆਇਰਿਸ਼ੀ ਫ੍ਰੀ ਸਟੇਟ ਦੇ ਹੋਂਦ ਵਿਚ ਆਉਣ ਨਾਲ ਗਵਰਨਰ– ਜਨਰਲ ਦੀ ਚੋਣ ‘ ਫ੍ਰੀ ਸਟੇਟ’ ਦੁਆਰਾ ਹੀ ਕੀਤੀ ਜਾਣ ਲਗੀ ਤੇ ਬਾਦਸ਼ਾਹ ਇਸਦੀ ਸਿਰਫ਼ ਪਰਵਾਨਗੀ ਹੀ ਦਿੰਦਾ ਸੀ । ਸੰਨ 1920 ਦੇ ਆਇਰਲੈਂਡ ਦੇ ਐਕਟ ਅਨੁਸਾਰ ਉਥੋਂ ਹੀ ਸਰਕਾਰ ਨੇ ਬਰਤਾਨਵੀ ਸਰਕਾਰ ਦੇ ਵਾਇਸਰਾਇ ਦੇ ਅਹੁਦੇ ਨੂੰ ਆਇਰਲੈਂਡ ਸਟੇਟ ਲਈ ਗਵਰਨਰ ਜਨਰਲ ਅਤੇ ਉੱਤਰੀ ਆਇਰਲੈਂਡ ਵਾਸਤੇ ‘ ਗਵਰਨਰ’ ਦੇ ਅਹੁਦੇ ਵਿਚ ਤਬਦੀਲ ਕਰ ਦਿੱਤਾ ।

ਸੰਨ 1926 ਦੌਰਾਨ ਕੈਨੇਡਾ ਵਿਚ ਵਾਪਰੀਆਂ ਘਟਨਾਵਾਂ ਦੇ ਫਲਸਰੂਪ ਗਵਰਨਰ– ਜਨਰਲ ਦੇ ਕਾਰਜ ਬਰਤਾਨਵੀ ਬਾਦਸ਼ਾਹਤ ਦੀ ਸਿਰਫ਼ ਪ੍ਰਤਿਨਿਧਤਾ ਤਕ ਹੀ ਸੀਮਤ ਕਰ ਦਿੱਤੇ ਗਏ ਅਤੇ ਨਿਰਣਾ ਲਿਆ ਗਿਆ ਕਿ ਗਵਰਨਰ– ਜਨਰਲ ਉਸ ਰਾਜ ਖੇਤਰ ਦੀ ਇੱਛਾ ਬਗ਼ੈਰ ਬਰਤਾਨਵੀ ਸਰਕਾਰ ਦੇ ਨਾਂ ਤੇ ਕੋਈ ਵਾਧੂ ਕਾਰਜ ਨਹੀਂ ਕਰੇਗਾ । ਸੰਨ 1930 ਵਿਚ ਇੰਪੀਰੀਅਲ ਕਾਨਫ਼ਰੰਸ ਨੇ ਕਾਮਨ ਵੈਲਥ ਦੇਸ਼ਾਂ ਨੂੰ ਆਪਣੇ ਗਵਰਨਰ ਜਨਰਲ ਦੀ ਨਿਯੁਕਤੀ ਕਰਨ ਦੇ ਅਧਿਕਾਰ ਦਾ ਐਲਾਨ ਕੀਤਾ । ਇਸ ਤੇ ਕਈ ਕਾਮਨ ਵੈਲਥ ਦੇਸ਼ਾਂ ਨੇ ਆਪਣੇ ਹੀ ਨਾਗਰਿਕਾਂ ਨੂੰ ਇਸ ਅਹੁਦੇ ਤੇ ਨਿਯੁਕਤ ਕਰ ਦਿੱਤਾ । ਇਸ ਪ੍ਰਕਾਰ ਗਵਰਨਰ ਜਨਰਲ ਦੀ ਨਵੀਂ ਸਥਿਤੀ ਅਨੁਸਾਰ ਉਸਦੀ ਨਿਯੁਕਤੀ ਬਾਦਸ਼ਾਹ ਤੇ ਸਬੰਧਤ ਰਾਜ– ਖੇਤਰ ਰਾਹੀਂ ਹੋਣੀ ਸ਼ੁਰੂ ਹੋਈ । ਸੰਵਿਧਾਨ ਅਨੁਸਾਰ ਇਹ ਨਿਯੁਕਤੀ ਬਾਦਸ਼ਾਹ ਆਪਣੀ ਕੌਸ਼ਲ ਦੇ ਜਿੰਮੇਵਾਰ ਮੰਤਰੀਆਂ ਦੀ ਸਲਾਹ ਨਾਲ ਕਰਦਾ ਸੀ ਪਰ ਹੁਣ ਇਹ ਜ਼ਿੰਮੇਵਾਰ ਮੰਤਰੀ ਸਿਰਫ਼ ਸਬੰਧਤ ਰਾਜ ਖੇਤਰ ਵਿਚੋਂ ਚੁਣੇ ਗਏ ਵਜ਼ੀਰਾਂ ਵਿਚੋਂ ਹੀ ਲਏ ਜਾਂਦੇ ਸਨ । ਇਹ ਲੋਕ ਗਵਰਨਰ ਜਨਰਲ ਦੀ ਨਿਯੁਕਤੀ ਸਬੰਧੀ ਬਾਦਸ਼ਾਹ ਨਾਲ ਸਿੱਧਾਂ ਵਿਚਾਰ– ਵਟਾਂਦਰਾ ਕਰਨ ਪਿਛੋਂ ਇਸ ਲਈ ਕਾਗਜ਼ੀ ਕਾਰਵਾਈ ਕਰਦੇ ਸਨ ।

  ਭਾਰਤ ਵਿਚ ਗਵਰਨਰ– ਜਨਰਲ ਦੇ ਅਹੁਦੇ ਦਾ ਵਿਕਾਸ ਕੁਝ ਵੱਖਰੇ ਢੰਗ ਨਾਲ ਹੋਇਆ । ਸੰਨ 1773 ਦੇ ਰੈਗੂਲੇਟਿੰਗ ਐਕਟ ਅਨੁਸਾਰ ਵਾਰਨ ਹੇਸਟਿੰਗ ਭਾਰਤ ਵਿਚ ਪਹਿਲਾ ਗਵਰਨਰ– ਜਨਰਲ ਸੀ । ਈਸਟ ਇੰਡੀਆ ਕੰਪਨੀ ਦੀ ਹਕੂਮਤ ਦੇ ਖ਼ਾਤਮੇ ਦੇ ਨਾਲ ਹੀ ਭਾਰਤੀ ਸਾਮਰਾਜ ਹੋਂਦ ਵਿਚ ਆਇਆ ਤੇ ਸਾਮਰਾਜੀ ਹਕੂਮਤ ਵੱਲੋਂ ਲਾਰਡ ਕੈਨਿੰਗ ਨੂੰ ਵਾਇਸਰਾਇ ਦੇ ਖ਼ਿਤਾਬ ਨਾਲ ਜਾਣਿਆ ਜਾਂਦਾ ਰਿਹਾ । ਇਸ ਉਪਰੰਤ ਭਾਰਤ ਅਤੇ ਪਾਕਿਸਤਾਨ ਲਈ ਵੱਖਰੇ ਵੱਖਰੇ ਗਵਰਨਰ– ਜਨਰਲ ਸਥਾਪਤ ਹੋਏ । ਇਹ ਨਿਯੁਕਤੀਆਂ ਸਾਧਾਰਨ ਨਾਲੋਂ ਕੁਝ ਵੱਖਰੇ ਢੰਗ ਦੀਆਂ ਸਨ ਕਿਉਂਕਿ ਇਸ ਸਮੇਂ ਬਾਦਸ਼ਾਹ ਨੂੰ ਸਲਾਹ ਦੇਣ ਲਈ ਭਾਰਤ ਜਾਂ ਪਾਕਿਸਤਾਨ ਵਲੋਂ ਕੋਈ ਮੰਤਰੀ ਨਹੀਂ ਸਨ ਚੁਣੇ ਜਾ ਸਕਦੇ ਕਿਉਂ ਜੋ ਗਵਰਨਰ– ਜਨਰਲ ਤੋਂ ਪਹਿਲਾਂ ਮੰਤਰੀਆਂ ਦੀ ਚੋਣ ਨਾ ਮੁਮਕਿਨ ਸੀ । ਅਜਿਹੇ ਹਾਲਾਤ ਵਿਚ ਕਾਂਗਰਸ ਪਾਰਟੀ ਤੇ ਮੁਸਲਿਮ ਲੀਗ ਦੇ ਮੋਢੀਆਂ ਨੂੰ ਮਸ਼ਵਰੇ ਲਈ ਸ਼ਾਮਲ ਕੀਤਾ ਗਿਆ ਤੇ ਬਰਤਾਨੀਆ ਸਰਕਾਰ ਨੇ ਇਸ ਸਬੰਧੀ ਬਾਦਸ਼ਾਹ ਨਾਲ ਗੱਲਬਾਤ ਕੀਤੀ । ਰਾਜ ਗੋਪਾਲ ਆਚਾਰੀਆ ਭਾਰਤ ਦਾ ਅਖ਼ੀਰਲਾ ਗਵਰਨਰ ਜਨਰਲ ਸੀ । ਇਸੇ ਤਰ੍ਹਾਂ 1948 ਵਿਚ ਸ੍ਰੀ ਲੰਕਾ ਅਤੇ 1957 ਵਿਚ ਘਾਨਾ ਦੇਸ਼ਾਂ ਦੇ ਮਾਮਲੇ ਵਿਚ ਹੋਇਆ ।

  ਕਾਮਨ ਵੈਲਥ ਦੇਸ਼ਾਂ ਨੇ ਗਣਰਾਜਾਂ ਦਾ ਰੂਪ ਧਾਰਨ ਕਰਨ ਉਪਰੰਤ ਬਾਦਸ਼ਾਹ ਨੂੰ ਕਾਮਨ ਵੈਲਥ ਦਾ ਮੁਖੀ ਪਰਵਾਨ ਕਰ ਲਿਆ ਜਿਸ ਨਾਲ ਗਵਰਨਰ ਜਨਰਲ ਦੀ ਪਦਵੀ ਦੀ ਕੋਈ ਮਹੱਤਤਾ ਨਾ ਰਹੀ ਤੇ ਇਸ ਦੀ ਥਾਂ ਰਾਸ਼ਟਰਪਤੀ ਦਾ ਅਹੁਦਾ ਸਥਾਪਿਤ ਹੋਇਆ ।

  ਹ. ਪੁ. – ਐਨ. ਬ੍ਰਿ. 10 : 643; ਹਿੰ. ਵਿ. ਕੋ. 3 : 399; ਡਿ. ਪੁ. ਸਾ. 1


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 839, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.