ਗਵਾਲੀਅਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਵਾਲੀਅਰ ( 26° -10`ਉ , 78° -8`ਪੂ ) : ਪਹਿਲਾਂ ਸ਼ਾਹੀ ਰਿਆਸਤ ਦੀ ਰਾਜਧਾਨੀ ਸੀ , ਹੁਣ ਇਹ ਮੱਧ ਪ੍ਰਦੇਸ਼ ਦਾ ਜ਼ਿਲਾ ਨਗਰ ਹੈ । ਇਹ ਆਗਰੇ ਤੋਂ 120 ਕਿਲੋਮੀਟਰ ਦੱਖਣ ਵੱਲ , ਸੈਂਟਰਲ ਰੇਲਵੇ ‘ ਤੇ ਰੇਲਵੇ ਜੰਕਸ਼ਨ ਹੈ ਅਤੇ ਇਸਦਾ ਆਗਰਾ-ਮੁੰਬਈ ਰਾਸ਼ਟਰੀ ਮਾਰਗ ਦੇ ਨਾਲ ਮਹੱਤਵਪੂਰਨ ਸੜਕ ਮੇਲ ਹੈ । ਗੁਰਦੁਆਰਾਦਾਤਾ ਬੰਦੀ ਛੋੜ ਪਾਤਸ਼ਾਹੀ ਛੇਵੀਂ` , ਗੁਰੂ ਹਰਿਗੋਬਿੰਦ ਜੀ ਨੂੰ ਸਮਰਪਿਤ ਹੈ , ਜਿਹੜਾ ਰੇਲਵੇ ਸਟੇਸ਼ਨ ਤੋਂ ਤਕਰੀਬਨ 3 ਕਿਲੋਮੀਟਰ , ਗਵਾਲੀਅਰ ਦੇ ਇਤਿਹਾਸਿਕ ਕਿਲ੍ਹੇ ਦੇ ਅੰਦਰ ਸਥਿਤ ਹੈ । ਗੁਰੂ ਹਰਿਗੋਬਿੰਦ ਜੀ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਅਧੀਨ ਕੁਝ ਸਮੇਂ ਲਈ ਇਸ ਕਿਲ੍ਹੇ ਅੰਦਰ ਬੰਦੀ ਬਣਾਏ ਗਏ ਸਨ । ਗੁਰੂ ਜੀ ਦੇ ਇੱਥੇ ਬੰਦੀ ਬਣੇ ਰਹਿਣ ਦੇ ਸਹੀ ਸਮੇਂ ਬਾਰੇ ਇਤਿਹਾਸਕਾਰਾਂ ਵਿਚ ਬਹੁਤ ਜ਼ਿਆਦਾ ਭਿੰਨਤਾ ਹੈ , ਪਰੰਤੂ ਇਹ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ 1617 ਅਤੇ 1619 ਦੇ ਦਰਮਿਆਨ ਕਿਸੇ ਸਮੇਂ ਕੁਝ ਮਹੀਨਿਆਂ ਲਈ ਇਸ ਕਿਲ੍ਹੇ ਵਿਚ ਬੰਦੀ ਰਹੇ । ਸਿੱਖ ਪਰੰਪਰਾ , ਸਰਬ ਸੰਮਤੀ ਨਾਲ ਇਹ ਸਵੀਕਾਰ ਕਰਦੀ ਹੈ ਕਿ ਜਦੋਂ ਬਾਦਸ਼ਾਹ ਨੇ ਗੁਰੂ ਹਰਿਗੋਬਿੰਦ ਜੀ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਤਾਂ ਉਹਨਾਂ ਨੇ ਇਕੱਲੇ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ । ਉੱਥੇ ਉਸ ਕਿਲ੍ਹੇ ਵਿਚ ਬਵੰਜਾ ਹੋਰ ਕੈਦੀ ਸਨ , ਜਿਹਨਾਂ ਵਿਚ ਮੁੱਖੀਏ ਅਤੇ ਰਾਜਕੁਮਾਰ ਸਨ , ਜਿਨ੍ਹਾਂ ਨੂੰ ਦੇਸ ਦੇ ਵੱਖ-ਵੱਖ ਹਿੱਸਿਆਂ ‘ ਚੋਂ ਹਿਰਾਸਤ ਵਿਚ ਲਿਆ ਗਿਆ ਸੀ । ਗੁਰੂ ਹਰਿਗੋਬਿੰਦ ਜੀ ਨੇ ਇਸ ਗੱਲ ‘ ਤੇ ਬਲ ਦਿੱਤਾ ਕਿ ਉਹਨਾਂ ਨੂੰ ਵੀ ਅਜ਼ਾਦ ਕਰ ਦਿੱਤਾ ਜਾਵੇ । ਬਾਦਸ਼ਾਹ ਨੇ ਹੁਕਮ ਦਿੱਤਾ ਕਿ ਜਿੰਨੇ ਵੀ ਕੈਦੀ ਗੁਰੂ ਜੀ ਦਾ ਚੋਲਾ ਫੜ ਸਕਦੇ ਹਨ ਉਹ ਉਹਨਾਂ ( ਗੁਰੂ ਜੀ ) ਨਾਲ ਬਾਹਰ ਆ ਸਕਦੇ ਹਨ । ਇਹ ਕਿਹਾ ਗਿਆ ਹੈ ਕਿ ਗੁਰੂ ਹਰਿਗੋਬਿੰਦ ਜੀ ਨੇ ਬਵੰਜਾ ( 52 ) ਕਲੀਆਂ ਵਾਲਾ ਖ਼ਾਸ ਚੋਲਾ ਬਣਵਾਇਆ । ਸਾਰੇ ਬਵੰਜਾ ਕੈਦੀਆਂ ਨੇ ਚੋਲੇ ਦੀ ਇਕ-ਇਕ ਕਲੀ ਫੜ ਲਈ ਅਤੇ ਗੁਰੂ ਜੀ ਨਾਲ ਕਿਲ੍ਹੇ ਤੋਂ ਬਾਹਰ ਆ ਗਏ । ਉਸ ਦਿਨ ਤੋਂ ਗੁਰੂ ਹਰਿਗੋਬਿੰਦ ਜੀ ਦਾਤਾ ਬੰਦੀ ਛੋੜ ਦੇ ਨਾਂ ਵਜੋਂ ਜਾਣੇ ਜਾਣ ਲੱਗੇ । ਇਸ ਨਾਂ ‘ ਤੇ ਇੱਥੇ ਗੁਰਦੁਆਰੇ ਦੀ ਸਥਾਪਨਾ ਕਰਕੇ ਇਸ ਅਸਥਾਨ ਦੀ ਨਿਸ਼ਾਨਦੇਹੀ ਕੀਤੀ ਗਈ ਜਿੱਥੇ ਗੁਰੂ ਹਰਿਗੋਬਿੰਦ ਜੀ ਹਿਰਾਸਤ ਵਿਚ ਰਹੇ ਸਨ ।

        ਇਸ ਧਰਮ ਅਸਥਾਨ ਦੀ ਦੇਖ-ਭਾਲ 1947 ਤੋਂ ਬਾਅਦ ਉਦੋਂ ਤਕ ਮੁਸਲਮਾਨ ਫ਼ਕੀਰਾਂ ਦੁਆਰਾ ਕੀਤੀ ਗਈ ਸੀ ਜਦੋਂ ਤਕ ਇਸ ਅਸਥਾਨ ‘ ਤੇ ਸਿੱਖਾਂ ਨੇ ਆਪਣਾ ਅਧਿਕਾਰ ਨਹੀਂ ਸੀ ਕੀਤਾ ਅਤੇ ਉੱਥੇ ਇਕ ਗੁਰਦੁਆਰੇ ਦੀ ਉਸਾਰੀ ਨਹੀਂ ਕਰਵਾਈ ਸੀ । ਪੁਰਾਣੇ ਮੁਢਲੇ ਧਰਮ ਅਸਥਾਨ ਦੀ ਵੀ ਸੰਗਮਰਮਰ ਦੇ ਆਇਤਾਕਾਰ ਚੌਂਤਰੇ ਦੇ ਰੂਪ ਵਿਚ ਦੇਖ-ਭਾਲ ਕੀਤੀ ਜਾ ਰਹੀ ਹੈ , ਜਿਸਦਾ ਥੱਲਾ 7 ਮੀਟਰ ਚੌਰਸ ਅਤੇ ਇਕ ਮੀਟਰ ਉੱਚਾ ਹੈ । ਇਸ ਨੂੰ ਸੁੰਦਰ ਨਕਾਸ਼ੀ ਕੀਤੇ ਸੰਗਮਰਮਰ ਦੇ ਛਤਰ ਨਾਲ ਛਾਂ ਕੀਤੀ ਗਈ ਹੈ ਅਤੇ ਇਸਦੀ ਰਾਖੀ ਇਸਦੇ ਸਾਮ੍ਹਣੇ ਬੈਠਣ ਵਾਲੇ ਅੰਦਾਜ ਵਿਚ ਬਣੇ ਦੋ ਸੰਗਮਰਮਰ ਦੇ ਸ਼ੇਰਾਂ ਦੁਆਰਾ ਕੀਤੀ ਜਾ ਰਹੀ ਹੈ ।

        ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਪੋਹ ਸੁਦੀ 7 , 2024 ਬਿਕਰਮੀ/6 ਜਨਵਰੀ 1968 ਈ. ਨੂੰ ਸੰਤ ਝੰਡਾ ਸਿੰਘ ਅਤੇ ਖਡੂਰ ਸਾਹਿਬ ਦੇ ਉੱਤਮ ਸਿੰਘ ਮੋਨੀ ਦੀ ਨਿਗਰਾਨੀ ਹੇਠ ਸ਼ੁਰੂ ਕੀਤਾ ਗਿਆ । ਪੱਥਰਾਂ ਅਤੇ ਕੰਕਰੀਟ ਦੀ ਬਣੀ ਹੋਈ ਮੁੱਖ ਇਮਾਰਤ ਛੇ ( 6 ) ਮੰਜ਼ਲੀ ਹੈ : ਇਸ ਵਿਚ ਬੇਸਮੈਂਟ ਵੀ ਸ਼ਾਮਲ ਹੈ । ਇਸਦੇ ਸਿਖਰ ‘ ਤੇ ਵਿਚਾਲੇ ਗੁੰਬਦ ਹੈ ਅਤੇ ਕਿਨਾਰਿਆਂ ‘ ਤੇ ਛੋਟੇ-ਛੋਟੇ ਸਜਾਵਟੀ ਗੁੰਬਦ ਬਣੇ ਹੋਏ ਹਨ । ਮੁੱਖ ਸਭਾ ਹਾਲ , ਵਿਚਾਲੇ ਬਣੇ ਵਿਸ਼ਾਲ ਚੌਰਸ ਥਮਲਿਆਂ ‘ ਤੇ ਉਸਾਰਿਆ ਗਿਆ ਹੈ ਜੋ ਬਹੁਤ ਵਿਸ਼ਾਲ ਹੈ । ਇਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਉੱਚਾ ਚੌਂਤਰਾ ਬਣਿਆ ਹੋਇਆ ਹੈ । ਇਕ ਵੱਖਰੇ ਵਿਹੜੇ ਵਿਚ ਗੁਰੂ ਕਾ ਲੰਗਰ ਦਾ ਪ੍ਰਬੰਧ ਹੈ ।


ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1937, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗਵਾਲੀਅਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗਵਾਲੀਅਰ : ਰਿਆਸਤ – ਇਹ ਭਾਰਤ ਦੀ ਸੈਂਟਰਲ ਇੰਡੀਆ ਏਜੰਸੀ ਦੀ ਸਭ ਤੋਂ ਵੱਡੀ ਰਿਆਸਤ ਹੁੰਦੀ ਸੀ । ਇਸ ਦਾ ਕੁੱਲ ਰੁਕਬਾ 64 , 105 ਵ. ਕਿ. ਮੀ. ( 25 , 041 ਵ. ਮੀਲ ) ਸੀ । ਇਹ ਰਿਆਸਤ ਦੋ ਹਿੱਸਿਆਂ ਗਵਾਲੀਅਰ ਜਾਂ ਉੱਤਰੀ ਹਿੱਸਾ ਅਤੇ ਮਾਲਵੇ ਵਿਚਕਾਰ ਵੰਡੀ ਹੋਈ ਸੀ । ਉੱਤਰੀ ਹਿੱਸੇ ਵਾਲਾ ਇਲਾਕਾ ਸੰਗਠਤ ਜਿਹਾ ਸੀ ਅਤੇ ਇਸ ਹਿੱਸੇ ਦਾ ਕੁੱਲ ਰਕਬਾ 43 , 572 ਵ. ਕਿ. ਮੀ. ਸੀ । ਇਸ ਦੇ ਉੱਤਰ– ਪੂਰਬ– ਉੱਤਰ ਅਤੇ ਉੱਤਰ– ਪੱਛਮ ਵੱਲ ਚੰਬਲ ਦਰਿਆ; ਪੂਰਬ ਵੱਲ ਉੱਤਰ ਪ੍ਰਦੇਸ਼ ਦੇ ਜਾਲੌਨ ਅਤੇ ਝਾਂਸੀ ਨਾਂ ਦੇ ਅੰਗਰੇਜ਼ੀ ਜ਼ਿਲ੍ਹੇ ਅਤੇ ਸੀ.ਪੀ. ਦਾ ਸਾਗਰ ਜ਼ਿਲ੍ਹਾ; ਦੱਖਣ ਵੱਲ ਭੂਪਾਲ , ਖਿਲਚੀਪੁਰ ਅਤੇ ਰਾਜਗੜ੍ਹ ਦੀਆਂ ਰਿਆਸਤਾਂ ਅਤੇ ਟਾਂਕ ਦਾ ਸਿਰੋਜ ਪਰਗਨਾ ਅਤੇ ਪੱਛਮ ਵੱਲ ਰਾਜਪੂਤਾਨਾ ਏਜੰਸੀ ਵਿਚਲੀਆਂ ਝਾਲਵਾੜ , ਟਾਂਕ ਅਤੇ ਕੋਟਾ ਰਿਆਸਤਾਂ ਲਗਦੀਆਂ ਸਨ । ਰਿਆਸਤ ਦੇ ਦੂਜੇ ਹਿੱਸੇ ( ਮਾਲਵੇ ਦਾ ਹਿੱਸਾ ) ਦਾ ਕੁੱਲ ਰਕਬਾ 20 , 533 ਵ. ਕਿ. ਮੀ. ਸੀ ਅਤੇ ਇਸ ਵਿਚ ਕਈ ਜ਼ਿਲ੍ਹਿਆਂ ਦੇ ਹਿੱਸੇ ਸ਼ਾਮਲ ਸਨ । ਇਨ੍ਹਾਂ ਜ਼ਿਲ੍ਹਿਆਂ ਦੇ ਵਿਚਾਲੇ ਹੀ ਹੋਰਨਾਂ ਰਿਆਸਤਾਂ ਦੇ ਜ਼ਿਲ੍ਹੇ ਵੀ ਆ ਜਾਂਦੇ ਸਨ ।

ਇਸ ਰਿਆਸਤ ਦਾ ਨਾਂ ਗਵਾਲੀਅਰ ਨਾਂ ਦੇ ਕਸਬੇ ਪਿੱਛੇ ਹੀ ਪਿਆ ਸੀ । ਇਹ ਨਾਂ ਗੋਪਾਦਰੀ ਜਾਂ ( ਆਜੜੀ ਦੀ ਪਹਾੜੀ ) ਦਾ ਹੀ ਵਿਗੜਿਆ ਰੂਪ ਹੈ ।

  ਸੰਨ 1956 ਵਿਚ ਇਹ ਰਿਆਸਤ ਭਾਰਤ ਦੇ ਮੱਧ ਪ੍ਰਦੇਸ਼ ਨਾਂ ਦੇ ਰਾਜ ਵਿਚ ਸ਼ਾਮਲ ਕਰ ਦਿੱਤੀ ਗਈ ।

ਹ. ਪੁ. – ਇੰਪ. ਗ. ਇੰਡ. 12 : 416


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-21, ਹਵਾਲੇ/ਟਿੱਪਣੀਆਂ: no

ਗਵਾਲੀਅਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗਵਾਲੀਅਰ : ਜ਼ਿਲ੍ਹਾ – ਮੱਧ ਪ੍ਰਦੇਸ਼ ਦੇ ਗਵਾਲੀਅਰ ਖੰਡ ਦਾ ਇਕ ਜ਼ਿਲ੍ਹਾ ਹੈ ਜਿਸ ਦੇ ਉੱਤਰ– ਪੂਰਬ ਵੱਲ ਭਿੰਡ , ਪੱਛਮ ਵੱਲ ਮੁਰੇਨਾ , ਪੂਰਬ– ਦੱਖਣ ਵੱਲ ਦੱਤੀਆਂ ਅਤੇ ਦੱਖਣ ਵੱਲ ਸ਼ਿਵਪੁਰੀ ਦੇ ਜ਼ਿਲ੍ਹੇ ਲੱਗਦੇ ਹਨ । ਜ਼ਿਲ੍ਹੇ ਦਾ ਕੁੱਲ ਖੇਤਰਫ਼ਲ 5213 ਵ. ਕਿ. ਮੀ. ਅਤੇ ਆਬਾਦੀ – 1 , 412 , 610 ( 1990 ) ਹੈ । ਇਸੇ ਹੀ ਨਾਂ ਦਾ ਸ਼ਹਿਰ ਜ਼ਿਲ੍ਹੇ ਦਾ ਸਦਰ– ਮੁਕਾਮ ਹੈ । ਇਹ ਜ਼ਿਲ੍ਹਾ ਸੰਨ 1948 ਵਿਚ ਹੋਂਦ ਵਿਚ ਆਇਆ ਸੀ । ਪਹਿਲਾਂ ਇਹ ਇਲਾਕਾ ਗਵਾਲੀਅਰ ਨਾਂ ਦੀ ਸਾਬਕਾ ਸ਼ਾਹੀ ਰਿਆਸਤ ਦਾਂ ਕੇਂਦਰੀ ਹਿੱਸਾ ਹੁੰਦਾ ਸੀ । ਸੰਨ 1956 ਵਿਚ ਜ਼ਿਲ੍ਹਾ ਮੱਧ– ਪ੍ਰਦੇਸ਼ ਵਿਚ ਸ਼ਾਮਲ ਕਰ ਦਿੱਤਾ ਗਿਆ । ਇਹ ਜ਼ਿਲ੍ਹਾ ਉਪਜਾਊ ਮਿੱਟੀ ਵਾਲਾ ਇਕ ਜਲੋਢ ਮੈਦਾਨ ਹੈ । ਹਰਸੀ ਟਿਗਰਾ ਅਤੇ ਕਕੇਤੋ ਬੰਨ੍ਹਾਂ ਤੋਂ ਕੱਢੀਆਂ ਗਈਆਂ ਨਹਿਰਾਂ ਜ਼ਿਲ੍ਹੇ ਦੀ ਸਿੰਜਾਈ ਕਰਦੀਆਂ ਹਨ । ਕਣਕ , ਚਰ੍ਹੀ , ਚੌਲ , ਫ਼ਲੀਦਾਰ ਫ਼ਸਲਾਂ ਅਤੇ ਦਾਲਾਂ ਇਥੋਂ ਦੀਆਂ ਮੁੱਖ ਫ਼ਸਲਾਂ ਹਨ । ਇਥੇ ਖਾਣਾਂ ਵਿਚੋਂ ਰੇਤ– ਪੱਥਰ ਕੱਢਿਆ ਜਾਂਦਾ ਹੈ ।

  ਹ. ਪੁ. – ਐਨ. ਬ੍ਰਿ. ਮਾ. 4 : 814.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.